ETV Bharat / state

ਜਿਸ ਕਿਰਦਾਰ 'ਤੇ ਬਣੀ ਫਿਲਮ ‘ਸੈਮ ਬਹਾਦਰ’, ਉਸ ਦੀ ਜਾਨ ਬਚਾਉਣ ਵਾਲੇ ਮਿਹਰ ਸਿੰਘ ਦੀ ਬਹਾਦਰੀ ਦੇ ਕਿੱਸੇ 90 ਸਾਲ ਦੀ ਧੀ ਨੇ ਕੀਤੇ ਸਾਂਝੇ

author img

By ETV Bharat Punjabi Team

Published : Dec 6, 2023, 6:03 PM IST

Sam Bahadur: ਵਿੱਕੀ ਕੌਸ਼ਲ ਆਪਣੀ ਨਵੀਂ ਫਿਲਮ ਸੈਮ ਬਹਾਦਰ ਕਾਰਨ ਸੁਰਖਿਆਂ 'ਚ ਹਨ, ਜਿਸ ਸੈਮ ਦੇ ਕਿਰਦਾਰ ਨੂੰ ਵਿੱਕੀ ਨੇ ਨਿਭਾਇਆ ਹੈ ਉਸ ਦਾ ਖਾਸ ਸਬੰਧ ਪੰਜਾਬ ਨਾਲ ਸੀ। ਇਸੇ 'ਤੇ ਅਧਾਰਿਤ ਵੇਖੋ ਈਟੀਵੀ ਭਾਰਤ ਦੀ ਖਾਸ ਰਿਪੋਰਟ...

sam-bahadur and mehar singh real story
ਜਿਸ ਕਿਰਦਾਰ 'ਤੇ ਬਣੀ ਫਿਲਮ ਸੈਮ ਬਹਾਦਰ, ਉਸ ਦੀ ਜਾਨ ਬਚਾਉਣ ਵਾਲੇ ਮਿਹਰ ਸਿੰਘ ਦੀ ਬਹਾਦਰੀ ਦੇ ਕਿੱਸੇ 90 ਸਾਲ ਦੀ ਧੀ ਨੇ ਕੀਤੇ ਸਾਂਝੇ

ਮਿਹਰ ਸਿੰਘ ਦੀ ਧੀ ਨਾਲ ਖਾਸ ਗੱਲਬਾਤ

ਲੁਧਿਆਣਾ: ਵਿੱਕੀ ਕੌਸ਼ਲ ਦੀ ਫਿਲਮ ਸੈਮ ਬਹਾਦਰ ਇੰਨੀਂ ਦਿਨੀਂ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਵਿੱਕੀ ਕੌਸ਼ਲ ਨੇ ਫਿਲਮ 'ਚ ਜਿਸ ਦਾ ਕਿਰਦਾਰ ਨਿਭਾਇਆ ਉਹ ਇਕਲੌਤੇ ਜਨਰਲ ਰਹੇ ਨੇ ਜਿਨ੍ਹਾਂ ਨੇ ਤਿੰਨ ਫੌਜਾਂ ਦੇ ਮੁਖੀ ਹੋਣ ਦਾ ਮਾਣ ਹਾਸਿਲ ਕੀਤਾ। ਸੈਮ ਮਾਨੇਕਸ਼ਾਹ ਨੇ 1971 ਦੀ ਜੰਗ ਨੂੰ ਮਹਿਜ਼ 13 ਦਿਨ ਦੇ ਵਿੱਚ ਜਿੱਤ ਲਿਆ ਸੀ। ਜਨਰਲ ਸੈਮ ਮਾਨੇਕਸ਼ਾਹ ਨੇ ਆਪਣੀ ਜੀਵਨੀ 'ਚ ਮਿਹਰ ਸਿੰਘ ਦਾ ਜ਼ਿਕਰ ਕੀਤਾ ਹੈ। ਉਨ੍ਹਾਂ ਨੇ ਕਿਹਾ ਸੀ ਕਿ ਜੇਕਰ ਮਿਹਰ ਸਿੰਘ ਨਾ ਹੁੰਦਾ ਤਾਂ ਸ਼ਾਇਦ ਮੈਂ ਅੱਜ ਜਿਉਂਦਾ ਨਾ ਹੁੰਦਾ। ਮਿਹਰ ਸਿੰਘ ਨੇ ਹੀ 1942 ਦੇ ਦੂਜੇ ਵਿਸ਼ਵ ਯੁੱਧ ਦੌਰਾਨ ਬਰਮਾ 'ਚ ਸੈਮ ਮਾਨੇਕਸ਼ਾਹ ਦੀ ਜਾਨ ਬਚਾਈ ਸੀ ਜੋ ਕਿ ਲੁਧਿਆਣਾ ਦੇ ਦੁਗਰੀ ਇਲਾਕੇ ਦੇ ਵਸਨੀਕ ਸਨ।

ਕੌਣ ਸੀ ਮਿਹਰ ਸਿੰਘ: ਮਿਹਰ ਸਿੰਘ ਭਰਤੀ ਬਰਤਾਨੀ ਫੌਜ 'ਚ ਬਤੌਰ ਹੌਲਦਾਰ ਸੇਵਾਮੁਕਤ ਹੋਏ ਸਨ। ਉਨ੍ਹਾਂ ਨੇ 16 ਸਾਲ ਮਾਨੇਕਸ਼ਾ ਦੇ ਨਾਲ ਇਕੱਠੇ ਬਿਤਾਏ ਸਨ। ਮਿਹਰ ਸਿੰਘ ਨੇ ਸੈਮ ਦੀ ਜਾਨ ਬਚਾਈ ਸੀ, ਜਿਸ ਦਾ ਜ਼ਿਕਰ ਸੈਮ ਬਹਾਦਰ ਫਿਲਮ 'ਚ ਵੀ ਆਇਆ ਹੈ। ਮਿਹਰ ਸਿੰਘ ਦੀ ਇਕਲੌਤੀ ਬੇਟੀ ਹਰਪਾਲ ਕੌਰ ਅੱਜ ਵੀ ਜਿਉਂਦੀ ਹੈ ਅਤੇ ਉਨ੍ਹਾਂ ਦੀ ਉਮਰ 90 ਸਾਲ ਦੇ ਕਰੀਬ ਹੈ। ਹਰਪਾਲ ਕੌਰ ਲੁਧਿਆਣਾ ਦੇ ਦੁਗਰੀ ਇਲਾਕੇ ਦੇ ਵਿੱਚ ਰਹਿੰਦੀ ਹੈ। ਉਹਨਾਂ ਨੇ ਦੱਸਿਆ ਕਿ ਉਹਨ੍ਹਾਂ ਦੇ ਪਿਤਾ ਮਿਹਰ ਸਿੰਘ ਨੇ ਸੈਮ ਮਾਨੇਕਸ਼ਾਹ ਦੀ ਜਾਨ 1942 ਦੇ ਦੂਜੇ ਵਿਸ਼ਵ ਯੁੱਧ ਦੌਰਾਨ ਬਚਾਈ ਸੀ, ਜਦੋਂ ਜਪਾਨ ਦੀਆਂ ਫੌਜਾਂ ਨੇ ਹਵਾਈ ਹਮਲੇ ਦੌਰਾਨ ਮਾਨੇਕਸ਼ਾ ਨੂੰ ਗੋਲੀਆਂ ਮਾਰ ਦਿੱਤੀਆਂ ਸਨ।

ਕਿਵੇਂ ਬਚਾਈ ਸੀ ਮਿਹਰ ਸਿੰਘ ਨੇ ਸੈਮ ਦੀ ਜਾਨ: ਮਿਹਰ ਸਿੰਘ ਦੀ ਬੇਟੀ ਬੀਬੀ ਹਰਪਾਲ ਕੌਰ ਨੇ ਦੱਸਿਆ ਕਿ ਇਹ ਗੱਲ 1942 ਦੀ ਦੂਜੇ ਵਿਸ਼ਵ ਯੁੱਧ ਦੀ ਹੈ ਅਤੇ ਸੈਮ ਸੀਗਾਰ (ਸੁੱਕੇ ਅਤੇ ਖਮੀਰ ਕੀਤੇ ਤੰਬਾਕੂ ਦਾ ਇੱਕ ਕੱਸਿਆ ਹੋਇਆ ਬੰਡਲ) ਪੀਣ ਦੇ ਸੌਂਕੀਨ ਸਨ। ਮੋਰਚੇ ਦੌਰਾਨ ਮਿਹਰ ਸਿੰਘ ਅਤੇ ਸੈਮ ਇਕੱਠੇ ਸਨ। ਸੈਮ ਨੇ ਜਦੋਂ ਸੀਗਾਰ ਪੀਣ ਦੀ ਇੱਛਾ ਜ਼ਾਹਿਰ ਕੀਤੀ ਤਾਂ ਮਿਹਰ ਸਿੰਘ ਨੇ ਮਨ੍ਹਾ ਕੀਤਾ ਪਰ ਉਹ ਨਹੀਂ ਮੰਨੇ। ਉਸ ਵੇਲੇ ਸੈਮ ਅਤੇ ਮਿਹਰ ਸਿੰਘ ਬਰਮਾ 'ਚ ਸਨ ਅਤੇ ਜਪਾਨੀ ਫੌਜਾਂ ਦਾ ਸਾਹਮਣਾ ਕਰ ਰਹੇ ਸੀ, ਜਿਵੇਂ ਹੀ ਸੈਮ ਨੇ ਸੀਗਾਰ ਜਲਾਇਆ ਜਪਾਨੀ ਟਰੂਪਸ ਨੇ ਹਮਲਾ ਕੀਤਾ ਅਤੇ ਸੈਮ ਦੀਆਂ ਬਖੀ 'ਚ 4 ਫਾਇਰ ਵੱਜੇ। ਜਿਸ ਕਾਰਨ ਉਹ ਖੂਨ ਨਾਲ ਲਥਪਥ ਹੋ ਕੇ ਬੁਰੀ ਤਰ੍ਹਾਂ ਜ਼ਖਮੀ ਹੋ ਗਏ ਅਤੇ ਮਿਹਰ ਸਿੰਘ ਨੇ ਸੈਮ ਨੂੰ ਆਪਣੇ ਮੋਢੇ 'ਤੇ ਚੁੱਕ ਕੇ 12 ਮੀਲ ਤੱਕ ਜੰਗ ਦੇ ਮੈਦਾਨ ਤੋਂ ਸੈਮ ਮਾਨੇਕਸ਼ਾਹ ਨੂੰ ਹਸਪਤਾਲ ਪਹੁੰਚਾਇਆ ਅਤੇ ਉਹਨਾਂ ਦੀ ਜਾਨ ਬਚਾਈ।

ਮਿਹਰ ਸਿੰਘ ਦੀ ਮੌਤ: ਮਿਹਰ ਸਿੰਘ ਸੀ ਮੌਤ 1947 ਦੇ ਵਿੱਚ ਵੰਡ ਦੌਰਾਨ ਹੀ ਲੁਧਿਆਣਾ ਦੇ ਦੁੱਗਰੀ 'ਚ ਹੋ ਗਈ ਸੀ। ਉਨ੍ਹਾਂ 'ਤੇ ਕੁੱਝ ਫਿਕਰੂਵਾਦੀਆਂ ਨੇ ਗੋਲੀ ਚਲਾ ਦਿੱਤੀ ਸੀ ਜਦੋਂ ਉਹ ਆਪਣੀ ਪੈਨਸ਼ਨ ਲੈਣ ਜਾ ਰਹੇ ਸਨ। ਉਹਨਾਂ ਦੀ ਬੇਟੀ ਹਰਪਾਲ ਕੌਰ ਨੇ ਜਾਣਕਾਰੀ ਦਿੱਤੀ ਅਤੇ ਕਿਹਾ ਕਿ ਸੈਮ ਮਾਨੇਕਸ਼ਾਹ ਉਨ੍ਹਾਂ ਨੂੰ ਚੰਗੀ ਤਰ੍ਹਾਂ ਜਾਣਦੇ ਸਨ। 1971 ਦੀ ਜੰਗ ਜਿੱਤਣ ਤੋਂ ਬਾਅਦ ਜਦੋਂ ਉਹ 1972 'ਚ ਲੁਧਿਆਣਾ ਫੇਰੀ 'ਤੇ ਆਏ ਸਨ ਤਾਂ ਉਹਨਾਂ ਨੇ ਹਰਪਾਲ ਕੌਰ ਨੂੰ ਵੇਖਦਿਆਂ ਹੀ ਪਹਿਚਾਣ ਲਿਆ ਅਤੇ ਉਹਨਾਂ ਨੂੰ ਸਟੇਜ 'ਤੇ ਲੈ ਕੇ ਗਏ ਅਤੇ ਸਭ ਦੇ ਸਾਹਮਣੇ ਉਹਨਾਂ ਦਾ ਜ਼ਿਕਰ ਕੀਤਾ। ਹਰਪਾਲ ਕੌਰ ਨੇ ਦੱਸਿਆ ਕਿ ਸਿਆਲਕੋਟ ਅਤੇ ਕੋਟਾ ਦੇ ਵਿੱਚ ਉਹਨਾਂ ਦਾ ਪਰਿਵਾਰ ਅਤੇ ਜਨਰਲ ਦਾ ਪਰਿਵਾਰ ਇਕੱਠੇ ਹੀ ਰਹਿੰਦੇ ਸਨ ਅਤੇ ਉਹਨਾਂ ਦੀ ਬੇਟੀ ਸ਼ੈਲੀ ਉਹਨਾਂ ਦੇ ਨਾਲ ਹੀ ਪੜ੍ਹਦੀ ਸੀ।

16 ਸਾਲ ਇਕੱਠੇ ਰਹੇ ਦੋਵੇਂ ਪਰਿਵਾਰ: ਬੀਬੀ ਹਰਪਾਲ ਕੌਰ ਨੇ ਦੱਸਿਆ ਕਿ ਕੋਟਾ ਅਤੇ ਸਿਆਲਕੋਟ 'ਚ ਲਗਭਗ 16 ਸਾਲ ਉਨ੍ਹਾਂ ਦਾ ਪਰਿਵਾਰ ਸੈਮ ਦੇ ਪਰਿਵਾਰ ਦੇ ਨਾਲ ਰਿਹਾ। ਉਹਨਾਂ ਦੱਸਿਆ ਕਿ ਸੈਮ ਦਾ ਉਨ੍ਹਾਂ ਘਰ ਬਹੁਤ ਆਉਣਾ ਜਾਣਾ ਸੀ। ਇੰਨ੍ਹਾਂ ਹੀ ਨਹੀਂ ਸੈਮ ਅਕਸਰ ਹੀ ਸਾਗ ਖਾਣ ਲਈ ਸਾਡੇ ਘਰ ਆਉਂਦੇ ਸਨ। ਉਹਨਾਂ ਨੇ ਆਪਣੀਆਂ ਪੁਰਾਣੀਆਂ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਅਤੇ ਦੱਸਿਆ ਕਿ ਉਹਨਾਂ ਦੇ ਪਰਿਵਾਰ ਦੇ ਕਿਸ ਤਰ੍ਹਾਂ ਸੈਮ ਬਹਾਦਰ ਦੇ ਨਾਲ ਸੰਬੰਧ ਸਨ। ਬੀਬੀ ਹਰਪਾਲ ਕੌਰ ਨੇ ਕਿਹਾ ਕਿ ਜਦੋਂ ਉਹਨਾਂ ਦੇ ਪਿਤਾ ਮਿਹਰ ਸਿੰਘ ਨੇ ਫੋਜ ਦੀ ਨੌਕਰੀ ਛੱਡਣੀ ਸੀ ਤਾਂ ਸੈਮ ਨੇ ਉਹਨਾਂ ਨੂੰ ਬਹੁਤ ਜ਼ੋਰ ਲਗਾਇਆ ਕਿ ਉਹ ਨੌਕਰੀ ਨਾ ਛੱਡੇ ਕਿਉਂਕਿ ਉਹਨਾਂ ਦੀ ਵੀ ਇੱਕੋ ਹੀ ਧੀ ਸੀ ਅਤੇ ਮੈਂ ਵੀ ਆਪਣੇ ਪਿਤਾ ਦੀ ਇਕਲੌਤੀ ਹੀ ਧੀ ਸੀ। ਸੈਮ ਦੀ ਬੇਟੀ ਸ਼ੈਰੀ ਅਤੇ ਹਰਪਾਲ ਕੌਰ ਦੋਵੇਂ ਇਕੱਠੇ ਹੀ ਇਕੋ ਸਕੂਲ 'ਚ ਪੜਦੀਆਂ ਸਨ। ਉਹਨਾਂ ਕਿਹਾ ਕਿ ਸੈਮ ਨਾਲ ਮੇਰਾ ਵੀ ਬਹੁਤ ਪਿਆਰ ਸੀ ਜਦੋਂ ਉਹ ਲੁਧਿਆਣਾ ਆਏ ਸਨ ਤਾਂ ਉਹਨਾਂ ਨੇ ਮੈਨੂੰ ਦੂਰੋਂ ਹੀ ਪਹਿਚਾਣ ਲਿਆ ਸੀ ਅਤੇ ਮੈਨੂੰ ਬਹੁਤ ਗਰਮ ਜੋਸ਼ੀ ਦੇ ਨਾਲ ਮਿਲੇ। ਬਾਪੂ ਜੀ ਦੀ ਮੌਤ ਬਾਰੇ ਸੁਣ ਕੇ ਸੈਮ ਨੂੰ ਕਾਫੀ ਸਦਮਾ ਪਹੁੰਚਿਆ ਸੀ। ਉਹਨਾਂ ਨੇ ਦੁੱਖ ਵੀ ਜਾਹਿਰ ਕੀਤਾ। ਜਿਸ ਤੋਂ ਬਾਅਦ ਉਹ ਕਈ ਵਾਰ ਉਹਨਾਂ ਨੂੰ ਮਿਲੀ ਉਹਨਾਂ ਨੂੰ ਦਿੱਲੀ ਦੇ ਵਿੱਚ ਵੀ ਹਰਪਾਲ ਕੌਰ ਮਿਲੀ ਸੀ।

1971 ਦੀ ਜੰਗ ਦੇ ਹੀਰੋ: ਸੈਮ ਮਾਨੇਕਸ਼ਾਹ 1971 ਜੰਗ ਦੇ ਹੀਰੋ ਵਜੋਂ ਜਾਣੇ ਜਾਂਦੇ ਨੇ, ਜਿਸ 'ਚ ਉਨ੍ਹਾਂ ਦਾ ਬਹੁਤ ਅਹਿਮ ਰੋਲ ਰਿਹਾ ਸੀ। ਸੈਮ 1947 ਤੋਂ ਪਹਿਲਾਂ 10 ਗੋਰਖਾ ਰੈਜੀਮੈਂਟ ਦੇ ਕਮਾਂਡਰ ਸਨ। ਉਸ ਵੇਲੇ ਸਿਰਫ ਅੰਗਰੇਜ਼ਾਂ ਨੂੰ ਹੀ ਕਿਸੇ ਵੀ ਬਟਾਲੀਅਨ ਦਾ ਕਮਾਂਡਰ ਦਾ ਅਹੁਦਾ ਦਿੱਤਾ ਜਾਂਦਾ ਸੀ। 1947 'ਚ ਦੇਸ਼ ਦੀ ਅਜ਼ਾਦੀ ਤੋਂ ਬਾਅਦ ਸੈਮ ਪਹਿਲੇ ਭਾਰਤੀ ਬਣੇ ਸਨ ਜੋ ਕਿ ਗੋਰਖਾ ਰੈਜੀਮੈਂਟ ਦੇ ਮੁਖੀ ਬਣੇ। ਸੈਮ ਦੇ ਹੱਥ 8 ਗੋਰਖਾ ਰਾਇਫਲ ਦੀ ਕਮਾਂਡ ਸੀ। 1971 ਦੀ ਜੰਗ ਤੋਂ ਬਾਅਦ ਬੰਗਲਾਦੇਸ਼ ਹੋਂਦ 'ਚ ਆਇਆ ਸੀ ਅਤੇ ਸੈਮ ਦੀ ਅਗਵਾਈ 'ਚ 14 ਦਿਨ ਅੰਦਰ ਪਾਕਿਸਤਾਨੀ ਫੌਜਾਂ ਨੇ ਭਾਰਤੀ ਫੌਜ ਅੱਗੇ ਗੋਡੇ ਟੇਕ ਦਿੱਤੇ ਸਨ। ਸੈਮ ਦਾ ਜਨਮ ਗੁਰੂ ਦੀ ਨਗਰੀ ਅੰਮ੍ਰਿਤਸਰ ਵਿਖੇ 3 ਅਪ੍ਰੈਲ 1914 ਵਿੱਚ ਹੋਇਆ ਅਤੇ ਉਹ 1 ਅਕਤੂਬਰ 1932 'ਚ ਇੰਡੀਅਨ ਮਿਲਟਰੀ ਅਕੈਡਮੀ ਦੇਹਰਾਦੂਨ ਤੋਂ ਪਾਸ ਆਊਟ ਹੋਏ, 1934 ਦਸੰਬਰ 'ਚ ਉਹ ਆਈ ਐਮ ਏ ਤੋਂ ਪਾਸ ਹੋਏ। ਇਹ ਕਹਾਣੀ ਹੈ ਬਹਾਦਰ ਸੈਮ ਅਤੇ ਮਿਹਰ ਸਿੰਘ ਦੀ ਜਿੰਨ੍ਹਾਂ ਨੇ ਆਪਣੀ ਯਾਰੀ ਵੀ ਨਿਭਾਈ ਅਤੇ ਦੇਸ਼ ਦੀ ਰਾਖੀ ਵੀ ਕੀਤੀ।

ETV Bharat Logo

Copyright © 2024 Ushodaya Enterprises Pvt. Ltd., All Rights Reserved.