ETV Bharat / state

ਮਾਸੂਮ ਨਾਲ ਦਰਿੰਦਗੀ ਕਰ ਕਤਲ ਕਰਨ ਵਾਲਾ ਪੁਲਿਸ ਨੇ ਐਲਾਨਿਆ ਭਗੌੜਾ, ਰੱਖਿਆ ਦੋ ਲੱਖ ਇਨਾਮ

author img

By ETV Bharat Punjabi Team

Published : Jan 12, 2024, 7:03 AM IST

Most Wanted Rape Acoused: ਪਿਛਲੇ ਦਿਨੀਂ ਚਾਰ ਸਾਲਾ ਮਾਸੂਮ ਨਾਲ ਦਰਿੰਦਗੀ ਕਰਕੇ ਉਸ ਦੀ ਲਾਸ਼ ਨੂੰ ਬੈਡ 'ਚ ਲੁਕਾਉਣ ਵਾਲੇ ਮੁਲਜ਼ਮ ਨੂੰ ਪੁਲਿਸ ਨੇ ਭਗੌੜਾ ਐਲਾਨ ਕਰਦਿਆਂ ਸੂਚਨਾ ਦੇਣ ਵਾਲੇ ਲਈ ਦੋ ਲੱਖ ਇਨਾਮ ਰੱਖਿਆ ਹੈ।

ਭਗੌੜੇ 'ਤੇ ਇਨਾਮ
ਭਗੌੜੇ 'ਤੇ ਇਨਾਮ

ਪੁਲਿਸ ਅਧਿਕਾਰੀ ਜਾਣਕਾਰੀ ਦਿੰਦਾ ਹੋਇਆ

ਲੁਧਿਆਣਾ: ਸ਼ਹਿਰ ਦੇ ਆਜ਼ਾਦ ਨਗਰ ਦੇ ਵਿੱਚ ਚਾਰ ਸਾਲ ਦੀ ਬੱਚੀ ਦੇ ਨਾਲ ਬਲਾਤਕਾਰ ਕਰਕੇ ਉਸਦੀ ਲਾਸ਼ ਨੂੰ ਬੈਡ ਦੇ ਵਿੱਚ ਲੁਕਾਉਣ ਵਾਲੇ ਮੁਲਜ਼ਮ ਸੋਨੂੰ ਦੀ ਭਾਲ ਪੁਲਿਸ ਵੱਲੋਂ ਕੀਤੀ ਜਾ ਰਹੀ ਹੈ ਪਰ ਹਾਲੇ ਤੱਕ ਉਸ ਦਾ ਕੁਝ ਪਤਾ ਨਹੀਂ ਲੱਗ ਸਕਿਆ ਹੈ। ਬੀਤੇ ਦਿਨੀਂ ਲੁਧਿਆਣਾ ਪੁਲਿਸ ਨੇ ਕੁਝ ਸਮਾਜ ਸੇਵੀਆਂ ਦੀ ਮਦਦ ਦੇ ਨਾਲ ਮੁਲਜ਼ਮ ਸੋਨੂੰ ਦੇ ਭਗੌੜੇ ਹੋਣ ਦੇ ਪੋਸਟਰ ਸ਼ਹਿਰ ਭਰ ਦੇ ਵਿੱਚ ਲਗਵਾਏ ਹਨ ਅਤੇ ਇਸ਼ਤਿਹਾਰ ਦਿੱਤੇ ਹਨ ਕਿ ਜੇਕਰ ਕੋਈ ਵੀ ਉਸ ਬਾਰੇ ਜਾਣਕਾਰੀ ਸਾਂਝੀ ਕਰੇਗਾ ਤਾਂ ਉਸ ਨੂੰ 2 ਲੱਖ ਰੁਪਏ ਦਾ ਇਨਾਮ ਦਿੱਤਾ ਜਾਵੇਗਾ। ਲੁਧਿਆਣਾ ਪੁਲਿਸ ਵੱਲੋਂ ਬਕਾਇਦਾ ਮੁਲਜ਼ਮ ਦੀ ਫੋਟੋ ਵੀ ਇਸ਼ਤਿਹਾਰ 'ਤੇ ਛਾਪੀ ਗਈ ਹੈ। ਮਾਮਲਾ 28 ਦਸੰਬਰ ਦਾ ਰਾਤ ਦਾ ਦੱਸਿਆ ਜਾ ਰਿਹਾ ਹੈ। ਹਾਲੇ ਤੱਕ ਪੁਲਿਸ ਦੇ ਹੱਥ ਇਸ ਮਾਮਲੇ ਦੇ ਵਿੱਚ ਖਾਲੀ ਹਨ।

ਭਗੌੜੇ 'ਤੇ ਇਨਾਮ
ਭਗੌੜੇ 'ਤੇ ਇਨਾਮ

ਸਮਾਜ ਸੇਵੀ ਕਰ ਰਹੇ ਪੁਲਿਸ ਦੀ ਮਦਦ: ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਏਸੀਪੀ ਸੰਦੀਪ ਵਢੇਰਾ ਨੇ ਦੱਸਿਆ ਹੈ ਕਿ ਮੁਲਜ਼ਮ ਦੀ ਫੋਟੋ ਵਾਲਾ ਪੋਸਟਰ ਰਿਲੀਜ਼ ਕੀਤਾ ਗਿਆ ਹੈ। ਉਹਨਾਂ ਕਿਹਾ ਕਿ ਪੁਲਿਸ ਵੱਲੋਂ ਟੀਮਾਂ ਵੀ ਬਣਾਈਆਂ ਗਈਆਂ ਹਨ ਜੋ ਲਗਾਤਾਰ ਮੁਲਜ਼ਮ ਦੀ ਭਾਲ ਕਰ ਰਹੀਆਂ ਹਨ। ਇਸ ਕਰਕੇ ਲਗਾਤਾਰ ਸਮਾਜ ਸੇਵੀ ਸੰਸਥਾਵਾਂ ਵੱਲੋਂ ਉਪਰਾਲਾ ਕਰਦਿਆਂ ਇਸ ਘਿਨੌਣੇ ਅਪਰਾਧ ਨੂੰ ਅੰਜ਼ਾਮ ਦੇਣ ਵਾਲੇ ਮੁਲਜ਼ਮ ਨੂੰ ਗ੍ਰਿਫਤਾਰ ਕਰਨ ਲਈ ਪੁਲਿਸ ਨਾਲ ਮਿਲ ਕੇ 2 ਲੱਖ ਰੁਪਏ ਦਾ ਇਨਾਮ ਰੱਖਿਆ ਗਿਆ ਹੈ ਅਤੇ ਨਾਲ ਹੀ ਸੂਚਨਾ ਦੇਣ ਵਾਲੇ ਦਾ ਨਾਮ ਅਤੇ ਪਤਾ ਗੁਪਤ ਰੱਖਣ ਦੀ ਗੱਲ ਕਹੀ ਗਈ ਹੈ। ਮੁਲਜ਼ਮ ਲਈ ਪੋਸਟਰ 'ਤੇ ਮੋਸਟ ਵਾਂਟਿਡ ਲਿਖਿਆ ਗਿਆ ਹੈ। ਪੁਲਿਸ ਵੱਲੋਂ ਉਸ 'ਤੇ ਐਫ ਆਈਆਰ ਨੰਬਰ 110/23 ਦਰਜ ਕੀਤੀ ਹੋਈ ਹੈ, ਜਿਸ ਦੇ ਵਿੱਚ ਧਾਰਾ 302 ਅਤੇ 376 ਏ ਆਈਪੀਸੀ ਪੋਕਸੋ ਲਗਾਇਆ ਗਿਆ ਹੈ।

ਭਗੌੜੇ 'ਤੇ ਰੱਖਿਆ ਦੋ ਲੱਖ ਇਨਾਮ: ਏਸੀਪੀ ਸੰਦੀਪ ਵਢੇਰਾ ਨੇ ਦੱਸਿਆ ਕਿ ਇਸ ਵਾਰਦਾਤ ਨੂੰ ਅੰਜ਼ਾਮ ਦੇਣ ਤੋਂ ਬਾਅਦ ਮੁਲਜ਼ਮ ਫਰਾਰ ਹੋ ਗਿਆ ਸੀ। ਜਿਸ ਤੋਂ ਬਾਅਦ ਪੁਲਿਸ ਲਗਾਤਾਰ ਟੀਮਾਂ ਬਣਾ ਕੇ ਉਸ ਦੀ ਭਾਲ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਨੂੰ ਇਸ ਸਬੰਧੀ ਕੋਈ ਜਾਣਕਾਰੀ ਮਿਲਦੀ ਹੈ ਤਾਂ ਤੁਰੰਤ ਪੁਲਿਸ ਨੂੰ 7837018519, 7837018625 ਅਤੇ 7837918928 'ਤੇ ਸੰਪਰਕ ਕਰ ਸਕਦਾ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.