ETV Bharat / state

ਨਜਾਇਜ਼ ਕਬਜ਼ਾ ਛੁਡਵਾਉਣ ਪਹੁੰਚੇ ਮੰਤਰੀ ਲਾਲਜੀਤ ਭੁੱਲਰ ਦੀ ਬਾਦਲ ਵਲੋਂ ਮੰਗੀ ਮੁਆਫੀ 'ਤੇ ਪ੍ਰਤੀਕਿਰਿਆ, ਕਿਹਾ- ਗ਼ਲਤੀਆਂ ਕੀਤੀਆਂ, ਤਾਂ ਹੀ ਮੁਆਫੀ ਮੰਗ ਰਹੇ

author img

By ETV Bharat Punjabi Team

Published : Dec 15, 2023, 9:26 AM IST

Reaction On Sukhbir Badal Apologize
Reaction On Sukhbir Badal Apologize

ਲੁਧਿਆਣਾ ਦੇ ਪਿੰਡ ਬਲੋਕੇ 'ਚ ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ਨਜਾਇਜ਼ ਕਬਜ਼ਾ ਛੁਡਵਾਉਣ ਲਈ ਪਹੁੰਚੇ। ਇਸ ਮੌਕੇ ਉਨ੍ਹਾਂ ਨੇ ਸੁਖਬੀਰ ਬਾਦਲ ਵਲੋਂ ਬੇਅਦਬੀਆਂ ਮਾਮਲੇ ਵਿੱਚ ਮੁਆਫੀ ਮੰਗਣ ਉੱਤੇ ਕਿਹਾ ਕਿ ਗ਼ਲਤੀਆਂ ਕੀਤੀਆਂ, ਤਾਂ ਹੀ ਮੁਆਫੀ ਮੰਗ ਰਹੇ ਅਤੇ ਕਤਲ ਦੀ ਸਜ਼ਾ ਉਮਰ ਕੈਦ ਦੀ ਹੁੰਦੀ ਹੈ।

ਨਜਾਇਜ਼ ਕਬਜ਼ਾ ਛੁਡਵਾਉਣ ਪਹੁੰਚੇ ਮੰਤਰੀ ਲਾਲਜੀਤ ਭੁੱਲਰ ਦੀ ਬਾਦਲ ਵਲੋਂ ਮੰਗੀ ਮੁਆਫੀ 'ਤੇ ਪ੍ਰਤੀਕਿਰਿਆ

ਲੁਧਿਆਣਾ: ਬਲੋਕੇ ਪਿੰਡ ਦੀ ਪੰਚਾਇਤੀ ਜ਼ਮੀਨ 'ਤੇ ਕਬਜ਼ਾ ਛੁੜਾਉਣ ਲਈ ਪੰਜਾਬ ਦੇ ਪੰਚਾਇਤ ਮੰਤਰੀ ਲਾਲਜੀਤ ਸਿੰਘ ਭੁੱਲਰ ਪਹੁੰਚੇ। ਇਸ ਦੌਰਾਨ ਪ੍ਰਾਪਟੀ ਡੀਲਰ ਦੇ ਨਾਲ ਕਾਫੀ ਦੇਰ ਤੱਕ ਬਹਿਸਬਾਜ਼ੀ ਕਰਨ ਤੋਂ ਬਾਅਦ ਮੰਤਰੀ ਭੁੱਲਰ ਨੇ ਮਸ਼ੀਨਾਂ ਚਲਾਉਣ ਵਾਲਿਆਂ ਨੂੰ ਨਾਜਾਇਜ਼ ਕਬਜ਼ੇ 'ਤੇ ਬਣੀਆਂ ਤੇ ਦੁਕਾਨਾਂ ਤੋੜਨ ਲਈ ਕਿਹਾ ਗਿਆ। ਇਸ ਤੋਂ ਬਾਅਦ ਦੁਕਾਨਾਂ ਤੋੜ ਦਿੱਤੀਆਂ ਗਈਆਂ। ਇਸ ਦੌਰਾਨ ਕੈਬਿਨਟ ਮੰਤਰੀ ਨੇ ਕਿਹਾ ਕਿ ਨਜਾਇਜ਼ ਕਬਜ਼ੇ ਕਿਸੇ ਵੀ ਸੂਰਤ ਦੇ ਵਿੱਚ ਨਹੀਂ ਹੋਣ ਦਿੱਤੇ ਜਾਣਗੇ।

ਕੀ ਹੈ ਜ਼ਮੀਨ ਦਾ ਮਾਮਲਾ: ਮੰਤਰੀ ਲਾਲਜੀਤ ਭੁੱਲਰ ਨੇ ਕਿਹਾ ਕਿ ਇਹ ਪ੍ਰਾਪਟੀ ਡੀਲਰ ਪਹਿਲਾਂ ਹਾਈਕੋਰਟ ਗਿਆ ਸੀ ਜਿਸ ਤੋਂ ਬਾਅਦ ਹਾਈਕੋਰਟ ਨੇ ਏਡੀਸੀ ਨੂੰ ਇਸ ਸਬੰਧੀ ਮਾਮਲਾ ਨਿਪਟਾਉਣ ਦੇ ਦੋ ਮਹੀਨੇ ਵਿੱਚ ਨਿਰਦੇਸ਼ ਜਾਰੀ ਕੀਤੇ ਅਤੇ ਹੁਣ ਏਡੀਸੀ ਨੇ ਵੀ ਪਾਇਆ ਕਿ ਇਹ ਥਾਂ ਗ਼ਲਤ ਹੈ ਜਿਸ ਕਰਕੇ ਇਹ ਕਬਜ਼ਾ ਛੁਡਾਉਣ ਲਈ ਪਹੁੰਚੇ ਹਨ।

ਹਾਲਾਂਕਿ, ਦੂਜੇ ਪਾਸੇ ਪ੍ਰਾਪਟੀ ਡੀਲਰ ਨੇ ਕਿਹਾ ਕਿ ਉਹ ਪਹਿਲਾਂ ਹੀ ਹਾਈਕੋਰਟ ਤੋਂ ਸਟੇ ਲੈ ਚੁੱਕੇ ਹਨ। ਅੱਜ ਵੀ ਉਨ੍ਹਾਂ ਦੇ ਵਕੀਲ ਨੇ ਹਾਈਕੋਰਟ ਤੋਂ ਸਟੇ ਲਿਆ ਹੈ। ਉਨ੍ਹਾਂ ਨੇ ਕਿਹਾ ਮੰਤਰੀ ਸਾਹਿਬ ਨੂੰ ਵੀ ਇਸ ਬਾਰੇ ਜਾਣਕਾਰੀ ਦਿੱਤੀ ਸੀ। ਉਨ੍ਹਾਂ ਕਿਹਾ ਇਸ ਦੇ ਬਾਵਜੂਦ ਮੇਰੀ ਗੱਲ ਨਹੀਂ ਸੁਣੀ ਗਈ।

ਸਾਰੇ ਅਫ਼ਸਰ ਭ੍ਰਿਸ਼ਟਾਚਾਰ ਵਿੱਚ ਲਿਪਤ: ਇਸ ਮੌਕੇ ਕੈਬਨਿਟ ਮੰਤਰੀ ਲਾਲਜੀਤ ਭੁੱਲਰ ਨੇ ਕਿਹਾ ਕਿ ਪਿੰਡ ਦੇ ਲੋਕ ਹੀ ਚਾਹ ਰਹੇ ਸਨ ਕਿ ਇੱਥੋਂ ਦੇ ਨਜਾਇਜ਼ ਕਬਜ਼ੇ ਛੁੜਾਏ ਜਾਣ। ਉਨ੍ਹਾਂ ਕਿਹਾ ਕਿ ਇਹ ਪ੍ਰਾਪਟੀ ਡੀਲਰ ਨੇ ਪੰਚਾਇਤੀ ਜ਼ਮੀਨ 'ਤੇ ਕਬਜ਼ਾ ਕੀਤਾ ਹੋਇਆ। ਉਨ੍ਹਾਂ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਸਾਫ ਨਿਰਦੇਸ਼ ਜਾਰੀ ਕੀਤੇ ਹਨ ਕਿ ਪਿਛਲੀਆਂ ਸਰਕਾਰਾਂ ਦੇ ਵਿੱਚ ਜਿੰਨੇ ਵੀ ਨਜਾਇਜ਼ ਕਬਜ਼ੇ ਕੀਤੇ ਗਏ ਹਨ, ਪੰਚਾਇਤੀ ਜ਼ਮੀਨਾਂ 'ਤੇ ਉਹ ਸਾਰੇ ਹੀ ਛੁਡਵਾਏ ਜਾਣਗੇ। ਹਾਲਾਂਕਿ, ਜਦੋਂ ਇਹ ਕਾਲੋਨੀ ਬਣਾਈ ਜਾ ਰਹੀ ਸੀ, ਉਸ ਵੇਲੇ ਕਿਉਂ ਨਹੀਂ ਵਿਭਾਗੀ ਕਾਰਵਾਈ ਹੋਈ। ਇਸ ਉੱਤੇ ਉਨ੍ਹਾਂ ਕਿਹਾ ਕਿ ਅਸੀਂ ਇਹ ਨਹੀਂ ਕਹਿੰਦੇ ਕਿ ਸਾਰੇ ਅਫਸਰ ਭ੍ਰਿਸ਼ਟਾਚਾਰ ਵਿੱਚ ਲਿਪਤ ਹਨ, ਪਰ ਕੁਝ ਜ਼ਰੂਰ ਹਨ, ਜਿਨ੍ਹਾਂ ਦੀ ਜਾਂਚ ਕਰਵਾਈ ਜਾਵੇਗੀ।

ਅਕਾਲੀ ਦਲ ਉੱਤੇ ਨਿਸ਼ਾਨਾ: ਇਸ ਦੌਰਾਨ ਲਾਲਜੀਤ ਭੁੱਲਰ ਨੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਆਪਣੇ ਕਾਰਜਕਾਲ ਦੇ ਦੌਰਾਨ ਹੋਈਆਂ ਬੇਅਦਬੀਆਂ ਕਰਨ ਵਾਲੇ ਦੋਸ਼ੀਆਂ ਉੱਤੇ ਕਾਰਵਾਈ ਨਾ ਕਰਨ ਸਬੰਧੀ ਮੰਗੀ ਮੁਆਫੀ ਉੱਤੇ ਬੋਲਦਿਆਂ ਕਿਹਾ ਕਿ ਕਤਲ ਦੀ ਸਜ਼ਾ ਉਮਰ ਕੈਦ ਦੀ ਹੁੰਦੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਹਰਸਿਮਰਤ ਕੌਰ ਬਾਦਲ ਨੇ 2022 ਦੀਆਂ ਵਿਧਾਨ ਸਭਾ ਚੋਣਾਂ 'ਚ ਕਿਹਾ ਸੀ ਕਿ ਜਿਨ੍ਹਾਂ ਨੇ ਵੀ ਬੇਅਦਬੀ ਕਰਵਾਈ ਹੋਵੇਗੀ, ਉਨ੍ਹਾਂ ਦਾ ਕੱਖ ਵੀ ਨਾ ਰਹੇ। ਉਨ੍ਹਾਂ ਕਿਹਾ ਕਿ ਇਹੀ ਕਾਰਨ ਹੈ ਕਿ ਅਕਾਲੀ ਦਲ ਨੂੰ ਲੋਕਾਂ ਨੇ ਬੁਰੀ ਤਰ੍ਹਾਂ ਨਕਾਰ ਦਿੱਤਾ ਅਤੇ ਉਨ੍ਹਾਂ ਨੂੰ ਕੋਈ ਵੀ ਸੀਟ ਨਹੀਂ ਆਈ।

ETV Bharat Logo

Copyright © 2024 Ushodaya Enterprises Pvt. Ltd., All Rights Reserved.