ETV Bharat / state

Gurudwara Somasar Sahib: ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਪ੍ਰਗਟ ਕੀਤਾ ਪਾਣੀ ਦਾ ਸੋਮਾ ਅੱਜ ਵੀ ਮੌਜੂਦ, ਜਾਣੋ ਇਤਿਹਾਸ

author img

By

Published : Jun 11, 2023, 12:31 PM IST

ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਇੱਕ ਤੀਰ ਨੇ ਪਿੰਡ ਟਿੱਬਾ ਵਿੱਚ ਪਾਣੀ ਦਾ ਸੋਮਾ ਪ੍ਰਗਟ ਕੀਤਾ ਸੀ। ਇਲਾਕੇ ਵਿੱਚ ਉਸ ਸਮੇਂ ਪਾਣੀ ਦੀ ਵੱਡੀ ਕਮੀ ਸੀ। ਹੁਣ ਇਸ ਥਾਂ ਉੱਤੇ ਗੁਰਦੁਆਰਾ ਸੋਮਾਸਰ ਸਾਹਿਬ ਸੁਸ਼ੋਭਿਤ ਹੈ, ਜਿੱਥੇ ਅੱਜ ਵੀ ਪਵਿੱਤਰ ਸਥਾਨ ਉੱਤੇ ਜਲ ਪ੍ਰਗਟ ਹੁੰਦਾ ਰਹਿੰਦਾ ਹੈ।

History Of Gurudwara Sri Somasar Sahib, Ludhiana, Village Tibba
History Of Gurudwara Sri Somasar Sahib

ਕਰੋ ਦਰਸ਼ਨ, ਇਤਿਹਾਸਿਕ ਗੁਰਦੁਆਰਾ ਸੋਮਾਸਰ ਸਾਹਿਬ ਦੇ

ਲੁਧਿਆਣਾ: ਪੰਜਾਬ ਜਾਂ ਪੰਜਾਬ ਤੋਂ ਬਾਹਰ ਜਿੱਥੇ ਵੀ ਇਤਿਹਾਸਿਕ ਗੁਰਦੁਆਰਾ ਸੁਸ਼ੋਭਿਤ ਹੈ, ਉਹ ਗੁਰਦੁਆਰਾ ਸਾਹਿਬ ਕਿਸੇ ਨਾ ਕਿਸੇ ਇਤਿਹਾਸ ਨਾਲ ਜੁੜਿਆ ਹੈ। ਜਿੱਥੇ-ਜਿੱਥੇ ਵੀ ਸਿੱਖਾਂ ਦੇ ਦੱਸਾਂ ਗੁਰੂਆਂ ਨੇ ਅਪਣੇ ਚਰਨ ਪਾਏ, ਉੱਥੇ ਹੀ ਇਤਿਹਾਸ ਸਿਰਜਿਆ ਗਿਆ ਹੈ। ਇਨ੍ਹਾਂ ਇਤਿਹਾਸ ਨੂੰ ਬਿਆਨ ਕਰਦੇ ਹਨ, ਉਥੇ ਸੁਸ਼ੋਭਿਤ ਗੁਰਦੁਆਰਾ ਸਾਹਿਬ। ਅੱਜ ਗੱਲ ਕਰਾਂਗੇ ਪਿੰਡ ਟਿੱਬਾ ਦੇ ਇਤਿਹਾਸਿਕ ਗੁਰਦੁਆਰਾ ਸੋਮਾਸਰ ਸਾਹਿਬ ਬਾਰੇ, ਜਿਨ੍ਹਾਂ ਦੇ ਇਤਿਹਾਸ ਬਾਰੇ ਗੁਰਦੁਆਰਾ ਸਾਹਿਬ ਦੇ ਸੇਵਾਦਾਰ ਬਾਬਾ ਬਲਵਿੰਦਰ ਸਿੰਘ ਉਰਫ ਭਾਉ ਨੇ ਈਟੀਵੀ ਆਰਤ ਦੀ ਟੀਮ ਨਾਲ ਸਾਂਝਾ ਕੀਤਾ।

ਗੁਰਦੁਆਰਾ ਸੋਮਾਸਰ ਸਾਹਿਬ ਦਾ ਇਤਿਹਾਸ: ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ 1704 ਈ. ਵਿੱਚ ੳੱਚ ਦੇ ਪੀਰ ਬਣਕੇ ਮਾਛੀਵਾੜੇ ਦੇ ਜੰਗਲਾਂ ਤੋਂ ਚੱਲਦੇ ਹੋਏ ਸੰਘਣੇ ਟਿੱਬਿਆਂ ਵਿੱਚ ਆ ਕੇ ਆਸਣ ਲਾਏ ਸਨ। ਉਸ ਸਮੇਂ ਉਨ੍ਹਾਂ ਦੇ ਨਾਲ ਨਬੀ ਖਾਂ ਗਨੀ ਖਾਂ, ਭਾਈ ਦਇਆ ਸਿੰਘ ਜੀ, ਭਾਈ ਮਾਨ ਸਿੰਘ ਜੀ ਅਤੇ ਭਾਈ ਧਰਮ ਸਿੰਘ ਜੀ ਵੀ ਮੌਜੂਦ ਸਨ। ਉਸ ਸਮੇਂ ਭੇਡਾਂ ਬੱਕਰੀਆਂ ਨੂੰ ਚਾਰ ਰਹੇ ਆਜੜੀ ਤੋਂ ਗੁਰੂ ਸਾਹਿਬ ਨੇ ਜਲ ਦੀ ਮੰਗ ਕੀਤੀ, ਤਾਂ ਆਜੜੀ ਨੇ ਉੱਚੀ-ਉੱਚੀ ਬਾਂਹ ਉਲਾਰ ਕੇ ਰੌਲਾ ਪਉਣਾ ਸ਼ੁਰੂ ਕਰ ਦਿੱਤਾ ਕਿ ਗੁਰੂ ਸਾਹਿਬ, ਇੱਥੇ ਆ ਗਏ ਹਨ, ਜਦਕਿ ਉਸ ਸਮੇਂ ਦੇ ਹਾਲ ਇਸ ਤਰਾਂ ਦੇ ਸਨ ਕਿ ਰੌਲਾ ਪਾਉਣਾ ਠੀਕ ਨਹੀ ਸੀ, ਕਿਉਂਕਿ ਪਿੱਛੇ ਸ਼ਾਹੀ ਮੁਗ਼ਲ ਫੋਜਾਂ ਗੁਰੂ ਸਾਹਿਬ ਦੀ ਭਾਲ ਵਿੱਚ ਲੱਗੀਆਂ ਹੋਈਆਂ ਸੀ, ਪਰ ਫਿਰ ਵੀ ਆਜੜੀ ਨੇ ਰੌਲਾ ਪਾ ਦਿਤਾ। ਹਾਲਾਂਕਿ, ਇਹ ਤਾਂ ਉਸ ਸਮੇਂ ਹਾਲਾਤ ਹੀ ਜਾਣਦੇ ਹਨ ਕਿ ਆਜੜੀ ਨੇ ਉਸ ਸਮੇਂ ਹਾਲਾਤਾਂ ਤੋਂ ਡਰਦੇ ਹੋਏ ਜਾਂ ਖੁਸ਼ੀ ਵਿੱਚ ਰੌਲਾ ਪਾਇਆ ਸੀ। ਉਸ ਸਮੇਂ ਗੁਰੂ ਸਾਹਿਬ ਨੇ ਉੱਥੋਂ ਜਲ ਨਾ ਛੱਕਿਆ, ਤਾਂ ਗੁਰੂ ਸਾਹਿਬ ਨੇ ਉਸ ਨੂੰ 'ਭੁਕਾਹਾ' ਸ਼ਬਦ ਉਲਾਪਿਆ।

ਜਲ ਦਾ ਸੋਮਾ ਕੀਤਾ ਪ੍ਰਗਟ: ਫਿਰ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਮੁਬਾਰਕ ਹੱਥਾ ਨਾਲ ਤੀਰ ਦੀ ਨੋਕ ਨਾਲ ਜਲ ਦਾ ਸੋਮਾ ਪ੍ਰਗਟ ਕੀਤਾ। ਉਹ ਅੱਜ ਵੀ ਉਸੇ ਤਰ੍ਹਾਂ ਜਲ ਦਾ ਸੋਮਾ ਉਸ ਥਾਂ ਉੱਤੇ ਮੌਜੂਦ ਹੈ। ਇਸ ਥਾਂ ਉੱਤੇ ਗੁਰਦੁਆਰਾ ਸੋਮਾਸਰ ਸਾਹਿਬ ਸੁਸ਼ੋਭਿਤ ਹੈ। ਇਸ ਪਾਵਨ ਅਸਥਾਨ ਦੀ ਕਾਰ ਸੇਵਾ ਸੰਪ੍ਰਦਾਇ ਸ੍ਰੀ ਹਜੂਰ ਸਾਹਿਬ ਵਾਲੇ ਮਹਾਪੁਰਖ ਸੰਤ ਬਾਬਾ ਨਰਿੰਦਰ ਸਿੰਘ ਜੀ, ਸੰਤ ਬਾਬਾ ਬਲਵਿੰਦਰ ਸਿੰਘ ਜੀ ਤੇ ਜਥੇਦਾਰ ਬਾਬਾ ਮੇਜਰ ਸਿੰਘ ਜੀ ਕਰਵਾ ਰਹੇ ਹਨ।

History Of Gurudwara Sri Somasar Sahib, Ludhiana, Village Tibba
ਇਤਿਹਾਸਿਕ ਗੁਰਦੁਆਰਾ ਸੋਮਾਸਰ ਸਾਹਿਬ ਦਾ ਇਤਿਹਾਸ

ਇਲਾਕੇ ਵਿੱਚ ਪਾਣੀ ਦੀ ਸੀ ਸਮੱਸਿਆ: ਪਿੰਡ ਟਿੱਬਾ ਦੇ ਵਿੱਚ ਅੱਜ ਤੋਂ ਸੈਂਕੜੇ ਸਾਲ ਪਹਿਲਾਂ ਪਾਣੀ ਦੀ ਵੱਡੀ ਸਮੱਸਿਆ ਸੀ। ਉਸ ਵੇਲ੍ਹੇ ਵੀ ਇੱਥੇ ਪਾਣੀ ਕਾਫੀ ਡੂੰਘਾ ਹੁੰਦਾ ਸੀ, ਕਿਉਂਕਿ ਜ਼ਿਆਦਾਤਰ ਇੱਥੇ ਟਿੱਬੇ ਹੀ ਸਨ। ਇਲਾਕੇ ਵਿੱਚ ਪਾਣੀ ਨਹੀਂ ਸੀ ਅਤੇ ਗੁਰੂ ਸਾਹਿਬ ਇਸ ਤੋਂ ਭਲੀ ਭਾਂਤੀ ਵਾਕਿਫ਼ ਸਨ। ਇਸ ਕਰਕੇ ਹੀ, ਉਨ੍ਹਾਂ ਵੱਲੋਂ ਆਪਣੇ ਤੀਰ ਨਾਲ ਇਲਾਕੇ ਵਿੱਚ ਪਾਣੀ ਦੀ ਸਮੱਸਿਆ ਨੂੰ ਦੂਰ ਕਰਦਿਆ ਜਲ ਦਾ ਸੋਮਾ ਪ੍ਰਗਟ ਕੀਤਾ। ਅੱਜ ਵੀ ਭਾਵੇਂ ਗੁਰਦੁਆਰਾ ਸਾਹਿਬ ਵਿਚ ਕਾਰ ਸੇਵਾ ਨਿਰੰਤਰ ਜਾਰੀ ਹੈ, ਪਰ ਉਸ ਜਲ ਦੇ ਸੋਮੇ ਵਿਚੋਂ ਅੱਜ ਵੀ ਭਰਪੂਰ ਜਲ ਆਉਂਦਾ ਹੈ।

ਮਹਿਜ਼ 10 ਫੁੱਟ ਤੋਂ ਵੀ ਘੱਟ ਡੂੰਘੇ ਥਾਂ ਤੋਂ ਪਾਣੀ ਆ ਰਿਹੈ: ਸਾਡੀ ਟੀਮ ਵੱਲੋਂ ਮੌਕੇ ਉੱਤੇ ਜਾ ਕੇ ਸੇਵਾਦਾਰਾਂ ਨਾਲ ਗੱਲਬਾਤ ਕੀਤੀ ਗਈ, ਤਾਂ ਸੇਵਾਦਾਰਾਂ ਵੱਲੋਂ ਜਲ ਦੇ ਸੋਮੇ ਵਿਚੋਂ ਬਾਲਟੀ ਭਰ ਕੇ ਪਾਣੀ ਵੀ ਕੱਢਿਆ ਗਿਆ ਅਤੇ ਵਿਖਾਇਆ ਗਿਆ ਕੇ ਮਹਿਜ਼ 10 ਫੁੱਟ ਤੋਂ ਵੀ ਘੱਟ ਡੂੰਘੇ ਸਥਾਨ ਤੋਂ ਇਹ ਪਾਣੀ ਪ੍ਰਗਟ ਹੋ ਰਿਹਾ ਹੈ, ਜਦਕਿ ਇਲਾਕੇ ਵਿੱਚ ਹੋਰਨਾਂ ਥਾਵਾਂ ਦੀ ਗੱਲ ਕੀਤੀ ਜਾਵੇ, ਤਾਂ 100 ਫੁੱਟ ਤੋਂ ਹੇਠਾਂ ਹੀ ਪਾਣੀ ਉਪਲੱਬਧ ਹੈ।

ਗੁਰਦੁਆਰਾ ਸਾਹਿਬ ਦੀ ਮਾਨਤਾ: ਅਜੋਕੇ ਸਮੇਂ ਵਿੱਚ ਵੀ ਪਿੰਡ ਦੇ ਲੋਕ ਅਤੇ ਨੇੜੇ-ਤੇੜੇ ਦੇ ਇਲਾਕੇ ਦੇ ਲੋਕ ਇਸ ਗੁਰਦੁਆਰਾ ਸਾਹਿਬ ਵਿੱਚ ਵੱਡੀ ਗਿਣਤੀ ਅੰਦਰ ਨਤਮਸਤਕ ਹੁੰਦੇ ਹਨ। ਵਿਸ਼ੇਸ਼ ਤੌਰ ਉੱਤੇ ਇਸ ਜਲ ਦੇ ਸੋਮੇ ਨੂੰ ਵੇਖਣ ਲਈ ਦੂਰ-ਦੁਰਾਡੇ ਤੋਂ ਸੰਗਤਾਂ ਆਉਂਦੀਆਂ ਹਨ। ਗੁਰਦੁਆਰਾ ਸਾਹਿਬ ਦੀ ਸੁੰਦਰ ਇਮਾਰਤ ਦੇ ਨਾਲ ਸਰੋਵਰ ਸਾਹਿਬ ਵੀ ਸੁਸ਼ੋਭਿਤ ਹੈ ਜਿਸ ਦੀ ਫਿਲਹਾਲ ਸਫ਼ਾਈ ਦਾ ਕੰਮ ਚੱਲ ਰਿਹਾ ਹੈ। ਗੁਰਦੁਆਰਾ ਸਾਹਿਬ ਦੀ ਮਾਨਤਾ ਹੈ ਕਿ ਇੱਥੇ ਸੱਚੇ ਮਨ ਨਾਲ ਜੋ ਕੋਈ ਵੀ ਅਰਦਾਸ ਕਰਦਾ ਹੈ, ਉਸ ਦੀ ਅਰਦਾਸ ਪ੍ਰਵਾਨ ਹੁੰਦੀ ਹੈ। ਪਰ, ਉਸ ਸ਼ਖ਼ਸ਼ ਦਾ ਵਿਸ਼ਵਾਸ਼ ਗੁਰੂ ਸਾਹਿਬ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਉੱਤੇ ਹੋਣਾ ਚਾਹੀਦਾ ਹੈ।

ਗੁਰਦੁਆਰਾ ਸਾਹਿਬ ਵਿੱਚ ਅਟੁੱਟ ਗੁਰੂ ਕਾ ਲੰਗਰ ਵੀ ਚੱਲਦਾ ਹੈ। ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਵੱਲੋਂ ਇਹ ਸੰਦੇਸ਼ ਵੀ ਦਿੱਤਾ ਗਿਆ ਹੈ ਕਿ ਨੌਜਵਾਨ ਪੀੜ੍ਹੀ ਆਪਣੇ ਇਤਿਹਾਸ ਤੇ ਆਪਣੇ ਗੁਰੂਆਂ ਦੇ ਇਤਿਹਾਸ ਨੂੰ ਜ਼ਰੂਰ ਯਾਦ ਰੱਖਣ ਅਤੇ ਅਜਿਹੇ ਗੁਰਦੁਆਰਾ ਸਾਹਿਬਾਨਾਂ ਦੀ ਯਾਤਰਾ ਕਰਨ, ਤਾਂ ਜੋ ਨਵੀਂ ਪੀੜ੍ਹੀ ਨੂੰ ਵੀ ਆਪਣੇ ਵਿਲੱਖਣ ਇਤਿਹਾਸ ਬਾਰੇ ਜਾਣਕਾਰੀ ਮਿਲ ਸਕੇ।

ETV Bharat Logo

Copyright © 2024 Ushodaya Enterprises Pvt. Ltd., All Rights Reserved.