ETV Bharat / state

ਮਜ਼ਦੂਰ ਤੋਂ ਰਿਸ਼ਵਤ ਲੈਂਦਾ ਏਐੱਸਆਈ ਵਿਜੀਲੈਂਸ ਨੇ ਕੀਤਾ ਕਾਬੂ, ਮਜ਼ਦੂਰ ਤੋਂ ਲੈ ਚੁੱਕਾ ਸੀ 25 ਹਜ਼ਾਰ ਰੁਪਏ

author img

By

Published : Jun 21, 2023, 5:33 PM IST

ਲੁਧਿਆਣਾ ਵਿਜੀਲੈਂਸ ਬਿਊਰੋ ਨੇ ਮਜ਼ਦੂਰ ਤੋਂ ਰਿਸ਼ਵਤ ਲੈਣ ਵਾਲੇ ਏਐੱਸਆਈ ਕਾਬੂ ਕੀਤਾ ਹੈ। ਜਾਣਕਾਰੀ ਮੁਤਾਬਿਕ ਮੁਲਜ਼ਮ ਮਜ਼ਦੂਰ ਕੋਲੋਂ ਪਹਿਲਾਂ ਹੀ 25 ਹਜ਼ਾਰ ਰੁਪਏ ਦੀ ਰਿਸ਼ਵਤ ਲੈ ਚੁੱਕਾ ਸੀ।

ASI caught taking bribe from laborer in Ludhiana
ਮਜ਼ਦੂਰ ਤੋਂ ਰਿਸ਼ਵਤ ਲੈਂਦਾ ਏਐੱਸਆਈ ਵਿਜੀਲੈਂਸ ਨੇ ਕੀਤਾ ਕਾਬੂ, ਮਜ਼ਦੂਰ ਤੋਂ ਲੈ ਚੁੱਕਾ ਸੀ 25 ਹਜ਼ਾਰ ਰੁਪਏ

ਰਿਸ਼ਵਤ ਲੈਂਦਿਆਂ ਫੜੇ ਗਏ ਏਐੱਸਆਈ ਸਬੰਧੀ ਜਾਣਕਾਰੀ ਦਿੰਦੇ ਹੋਏ ਵਿਜੀਲੈਂਸ ਅਧਿਕਾਰੀ।

ਲੁਧਿਆਣਾ : ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਸੂਬੇ ਵਿੱਚ ਭ੍ਰਿਸ਼ਟਾਚਾਰ ਖ਼ਿਲਾਫ਼ ਵਿੱਢੀ ਮੁਹਿੰਮ ਤਹਿਤ ਅੱਜ ਥਾਣਾ ਮੇਹਰਬਾਨ ਵਿਖੇ ਤੈਨਾਤ ਸਹਾਇਕ ਸਬ ਇੰਸਪੈਕਟਰ ਅਰੁਣ ਕੁਮਾਰ ਨੂੰ ਇੱਕ ਮਜ਼ਦੂਰ ਤੋਂ 6,000 ਰੁਪਏ ਰਿਸ਼ਵਤ ਲੈਣ ਦੇ ਇਲਜ਼ਾਮ ਹੇਠ ਕਾਬੂ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਜੀਲੈਂਸ ਦੇ ਐਸਐਸਪੀ ਆਰ ਪੀ ਐੱਸ ਸੰਧੂ ਨੇ ਦੱਸਿਆ ਕਿ ਉਕਤ ਏਐਸਆਈ ਨੂੰ ਮਜ਼ਦੂਰ ਕਿਰਪਾ ਸ਼ੰਕਰ ਵਾਸੀ ਪੰਜਾਬੀ ਬਾਗ, ਲੁਧਿਆਣਾ ਦੀ ਸ਼ਿਕਾਇਤ 'ਤੇ ਗ੍ਰਿਫ਼ਤਾਰ ਕੀਤਾ ਗਿਆ ਹੈ।

ਏਐੱਸਆਈ ਉੱਤੇ ਗੰਭੀਰ ਇਲਜ਼ਾਮ : ਖ਼ਬਰ ਮੁਤਾਬਿਕ ਸ਼ਿਕਾਇਤਕਰਤਾ ਨੇ ਵਿਜੀਲੈਂਸ ਕੋਲ ਸ਼ਿਕਾਇਤ ਕੀਤੀ ਸੀ ਕਿ ਪੁਲਿਸ ਮੁਲਾਜ਼ਮ ਪਿਛਲੇ ਕੁਝ ਮਹੀਨਿਆਂ ਤੋਂ ਉਸ ਨੂੰ ਵਾਰ-ਵਾਰ ਰਿਸ਼ਵਤ ਦੀ ਮੰਗ ਕਰਕੇ ਪਰੇਸ਼ਾਨ ਕਰ ਰਿਹਾ ਹੈ। ਉਸਨੇ ਦੱਸਿਆ ਕਿ ਏ.ਐਸ.ਆਈ. ਉਸ ਖ਼ਿਲਾਫ਼ ਥਾਣਾ ਮੇਹਰਬਾਨ ਵਿਖੇ ਆਈ.ਪੀ.ਸੀ. ਦੀਆਂ ਧਾਰਾਵਾਂ 365,323/34 ਤਹਿਤ ਦਰਜ ਐਫ.ਆਈ.ਆਰ. ਨੰਬਰ 163/2020 ਵਿੱਚ ਉਸਦੀ ਜ਼ਮਾਨਤ ਰੱਦ ਕਰਵਾਉਣ ਦੀਆਂ ਧਮਕੀਆਂ ਦੇ ਕੇ ਉਸ ਕੋਲੋਂ ਕਿਸ਼ਤਾਂ ਵਿੱਚ ਰਿਸ਼ਵਤ ਵਜੋਂ 25,000 ਰੁਪਏ ਪਹਿਲਾਂ ਹੀ ਲੈ ਚੁੱਕਾ ਹੈ। ਏਐਸਆਈ ਅਰੁਣ ਕੁਮਾਰ ਇਸ ਕੇਸ ਦਾ ਤਫਤੀਸ਼ ਅਫ਼ਸਰ ਸੀ। ਸ਼ਿਕਾਇਤਕਰਤਾ ਨੂੰ ਉਕਤ ਕੇਸ ਵਿੱਚ 09/02/2021 ਨੂੰ ਅਗਾਊਂ ਜ਼ਮਾਨਤ ਮਿਲ ਗਈ ਸੀ।


ਜਾਣਕਾਰੀ ਮੁਤਾਬਿਕ ਏ.ਐਸ.ਆਈ ਨੇ 19 ਜੂਨ 2023 ਨੂੰ ਇਸ ਮਜ਼ਦੂਰ ਕੋਲੋਂ 1500 ਰੁਪਏ ਰਿਸ਼ਵਤ ਲਈ ਸੀ ਅਤੇ ਉਹ 10,000 ਰੁਪਏ ਹੋਰ ਮੰਗ ਰਿਹਾ ਸੀ ਪਰ ਸ਼ਿਕਾਇਤਕਰਤਾ ਦੇ ਵਾਰ-ਵਾਰ ਬੇਨਤੀ ਕਰਨ 'ਤੇ ਉਹ 8000 ਰੁਪਏ ਲੈਣ ਲਈ ਰਾਜ਼ੀ ਹੋ ਗਿਆ ਅਤੇ ਉਕਤ ਰਕਮ ਵਿੱਚੋਂ ਮੁਲਜ਼ਮ ਏ.ਐਸ.ਆਈ. 20 ਜੂਨ, 2023 ਨੂੰ 2000 ਰੁਪਏ ਲੈ ਚੁੱਕਾ ਹੈ ਅਤੇ ਹੁਣ ਉਹ ਬਾਕੀ 6000 ਰੁਪਏ ਦੀ ਮੰਗ ਕਰ ਰਿਹਾ ਸੀ। ਸ਼ਿਕਾਇਤ ਦੀ ਮੁੱਢਲੀ ਜਾਂਚ ਉਪਰੰਤ ਵਿਜੀਲੈਂਸ ਲੁਧਿਆਣਾ ਰੇਂਜ ਦੀ ਟੀਮ ਨੇ ਜਾਲ ਵਿਛਾਇਆ ਅਤੇ ਉਕਤ ਪੁਲਿਸ ਮੁਲਾਜ਼ਮ ਨੂੰ ਕੋਰਟ ਕੰਪਲੈਕਸ ਲੁਧਿਆਣਾ ਨੇੜਿਓਂ ਦੋ ਸਰਕਾਰੀ ਗਵਾਹਾਂ ਦੀ ਮੌਜੂਦਗੀ ਵਿੱਚ ਸ਼ਿਕਾਇਤਕਰਤਾ ਤੋਂ 6,000 ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕਰ ਲਿਆ। ਇਸ ਸਬੰਧੀ ਏ.ਐਸ.ਆਈ. ਖ਼ਿਲਾਫ਼ ਭ੍ਰਿਸ਼ਟਾਚਾਰ ਰੋਕੂ ਐਕਟ ਤਹਿਤ ਕੇਸ ਦਰਜ ਕੀਤਾ ਗਿਆ ਹੈ। ਇਸ ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ ਅਤੇ ਮੁਲਜ਼ਮ ਨੂੰ ਭਲਕੇ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।

ETV Bharat Logo

Copyright © 2024 Ushodaya Enterprises Pvt. Ltd., All Rights Reserved.