ETV Bharat / state

ਮਾਛੀਵਾੜਾ ਸਾਹਿਬ 'ਚ ਬਰਸਾਤੀ ਪਾਣੀ ਨਾਲ ਘਰ 'ਚ ਵੜਿਆ ਜ਼ਹਿਰੀਲਾ ਸੱਪ, ਵਿਅਕਤੀ ਨੂੰ ਡੰਗਿਆ, ਮੌਤ

author img

By

Published : Jul 12, 2023, 10:00 PM IST

A person died due to snake bite in Machiwara Sahib
ਮਾਛੀਵਾੜਾ ਸਾਹਿਬ 'ਚ ਬਰਸਾਤੀ ਪਾਣੀ ਨਾਲ ਘਰ 'ਚ ਵੜਿਆ ਜ਼ਹਿਰੀਲਾ ਸੱਪ, ਵਿਅਕਤੀ ਨੂੰ ਡੰਗਿਆ, ਮੌਤ

ਮਾਛੀਵਾੜਾ ਵਿੱਚ ਮੀਂਹ ਦੇ ਪਾਣੀ ਵਿੱਚ ਆਏ ਸੱਪ ਨੇ ਇਕ ਵਿਅਕਤੀ ਨੂੰ ਡੰਗ ਲਿਆ ਹੈ। ਇਸ ਤੋਂ ਬਾਅਦ ਵਿਅਕਤੀ ਦੀ ਮੌਤ ਹੋ ਗਈ ਹੈ। ਪਰਿਵਾਰ ਮੁਤਾਬਿਕ ਸੜਕ ਟੁੱਟੀ ਹੋਣ ਕਾਰਨ ਹਸਪਤਾਲ ਪਹੁੰਚਣ ਵਿੱਚ ਦੇਰ ਹੋ ਗਈ।

ਮ੍ਰਿਤਕ ਵਿਅਕਤੀ ਦਾ ਭਰਾ ਜਾਣਕਾਰੀ ਦਿੰਦਾ ਹੋਇਆ।

ਲੁਧਿਆਣਾ : ਹੜ੍ਹਾਂ ਵਰਗੀ ਸਥਿਤੀ ਵਿੱਚ ਬਰਸਾਤ ਦੇ ਪਾਣੀ ਦੇ ਨਾਲ-ਨਾਲ ਕਈ ਜ਼ਹਿਰੀਲੇ ਜਾਨਵਰ ਵੀ ਘਰਾਂ ਅੰਦਰ ਵੜ ਗਏ ਹਨ। ਲੋਕਾਂ ਨੂੰ ਇਨ੍ਹਾਂ ਜਾਨਵਰਾਂ ਤੋਂ ਖਤਰਾ ਹੈ। ਮਾਛੀਵਾੜਾ ਸਾਹਿਬ ਦੀ ਇੰਦਰਾ ਕਲੋਨੀ 'ਚ ਬਰਸਾਤੀ ਪਾਣੀ ਨਾਲ ਘਰ 'ਚ ਵੜ ਕੇ ਇਕ ਵਿਅਕਤੀ ਨੂੰ ਜ਼ਹਿਰੀਲੇ ਸੱਪ ਨੇ ਡੰਗ ਲਿਆ, ਜਿਸ ਕਾਰਨ ਬਚਨ ਸਿੰਘ ਨਾਮਕ ਵਿਅਕਤੀ ਦੀ ਮੌਤ ਹੋ ਗਈ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਨ੍ਹਾਂ ਦਾ ਘਰ ਖੇਤਾਂ ਦੇ ਨਾਲ ਲੱਗਦਾ ਹੈ। ਡੈਮ ਦਾ ਪਾਣੀ ਛੱਡਣ ਤੋਂ ਬਾਅਦ ਮੀਂਹ ਦਾ ਪਾਣੀ ਘਰਾਂ ਵਿੱਚ ਵੜ ਗਿਆ। ਰਾਤ ਨੂੰ ਜਦੋਂ ਪਰਿਵਾਰ ਸੌਂ ਰਿਹਾ ਸੀ ਤਾਂ ਬਚਨ ਸਿੰਘ ਦੇ ਮੰਜੇ 'ਤੇ ਸੱਪ ਆ ਗਿਆ। ਬਚਨ ਸਿੰਘ ਨੂੰ ਸੱਪ ਨੇ ਡੰਗ ਲਿਆ। ਉੱਠ ਕੇ ਬਚਨ ਸਿੰਘ ਨੇ ਮੰਜੇ 'ਤੇ ਸੱਪ ਦੇਖਿਆ ਅਤੇ ਉਸ ਨੂੰ ਫੜਨ ਦੀ ਕੋਸ਼ਿਸ਼ ਕੀਤੀ। ਇਸੇ ਦੌਰਾਨ ਸੱਪ ਨੇ ਉਸਨੂੰ ਦੂਜੀ ਵਾਰ ਡੰਗਿਆ। ਇਸਤੋਂ ਬਾਅਦ ਜਦੋਂ ਤੱਕ ਬਚਨ ਸਿੰਘ ਨੂੰ ਹਸਪਤਾਲ ਲਿਆਂਦਾ ਗਿਆ, ਉਦੋਂ ਤੱਕ ਉਸਦੀ ਮੌਤ ਹੋ ਚੁੱਕੀ ਸੀ।

ਡਰਾਇਵਰ ਸੀ ਮ੍ਰਿਤਕ : ਪਰਿਵਾਰ ਦੇ ਦੱਸੇ ਮੁਤਾਬਿਕ ਬਚਨ ਸਿੰਘ ਡਰਾਈਵਰੀ ਕਰਦਾ ਸੀ ਅਤੇ ਇਕੱਲਾ ਹੀ ਪਰਿਵਾਰ ਨੂੰ ਚਲਾਉਣ ਵਾਲਾ ਸੀ। ਉਸਦੀ ਮੌਤ ਮਗਰੋਂ ਪਰਿਵਾਰ ਦਾ ਇੱਕ ਮਾਤਰ ਸਹਾਰਾ ਟੁੱਟ ਗਿਆ। ਪਰਿਵਾਰ ਨੇ ਕਿਹਾ ਕਿ ਬਰਸਾਤੀ ਪਾਣੀ ਦੇ ਨਾਲ ਜ਼ਹਿਰੀਲਾ ਸੱਪ ਘਰ ਅੰਦਰ ਆਇਆ ਹੈ। ਪਰਿਵਾਰ ਨੇ ਕਿਹਾ ਕਿ ਹੋਰ ਲੋਕਾਂ ਨੂੰ ਵੀ ਨੁਕਸਾਨ ਹੋ ਸਕਦਾ ਹੈ, ਇਸ ਲਈ ਸਰਕਾਰ ਨੂੰ ਮਦਦ ਕਰਨੀ ਚਾਹੀਦੀ ਹੈ।


ਟੁੱਟੀਆਂ ਸੜਕਾਂ ਕਾਰਨ ਹਸਪਤਾਲ ਜਾਣ 'ਚ ਦੇਰੀ : ਬਰਸਾਤ ਦੇ ਪਾਣੀ ਕਾਰਨ ਇਲਾਕੇ ਦੀਆਂ ਸੜਕਾਂ ਟੁੱਟ ਗਈਆਂ ਹਨ। ਇਹੀ ਕਾਰਨ ਹੈ ਕਿ ਸੱਪ ਦੇ ਡੰਗੇ ਬਚਨ ਸਿੰਘ ਦਾ ਸਮੇਂ ਸਿਰ ਇਲਾਜ ਨਹੀਂ ਹੋ ਸਕਿਆ। ਪਰਿਵਾਰਕ ਮੈਂਬਰ ਬਚਨ ਸਿੰਘ ਨੂੰ ਹਸਪਤਾਲ ਲਿਜਾ ਰਹੇ ਸਨ। ਸੜਕਾਂ ਟੁੱਟੀਆਂ ਹੋਈਆਂ ਹਨ। ਇਸ ਲਈ 20 ਤੋਂ 25 ਮਿੰਟ ਲੱਗੇ। ਉਦੋਂ ਤੱਕ ਉਸਦੀ ਮੌਤ ਹੋ ਚੁੱਕੀ ਸੀ। ਡਾਕਟਰਾਂ ਨੇ ਉਸਨੂੰ ਸਿਰਫ ਇੰਨਾ ਹੀ ਕਿਹਾ ਕਿ ਤੁਸੀਂ ਲੇਟ ਹੋ। ਬਚਨ ਸਿੰਘ ਸਾਹ ਨਹੀਂ ਲੈ ਰਿਹਾ ਸੀ ਅਤੇ ਜੇਕਰ ਥੋੜ੍ਹਾ ਪਹਿਲਾਂ ਆ ਜਾਂਦੇ ਤਾਂ ਸ਼ਾਇਦ ਬਚ ਜਾਂਦਾ। ਪੁਲਿਸ ਨੇ ਇਸ ਸਬੰਧੀ ਧਾਰਾ 174 ਤਹਿਤ ਕਾਰਵਾਈ ਕਰਦਿਆਂ ਪੋਸਟਮਾਰਟਮ ਤੋਂ ਬਾਅਦ ਲਾਸ਼ ਵਾਰਸਾਂ ਦੇ ਹਵਾਲੇ ਕਰ ਦਿੱਤੀ।

ETV Bharat Logo

Copyright © 2024 Ushodaya Enterprises Pvt. Ltd., All Rights Reserved.