ETV Bharat / state

ਜਲੰਧਰ 'ਚ ਬੰਦ ਦੌਰਾਨ ਹਥਿਆਰ ਲੈ ਸਕੂਲ ਵਿੱਚ ਦਾਖ਼ਲ ਹੋਏ ਨੌਜਵਾਨ, ਪ੍ਰਿੰਸੀਪਲ ਉੱਤੇ ਕੀਤਾ ਜਾਨਲੇਵਾ ਹਮਲਾ

author img

By

Published : Aug 10, 2023, 4:59 PM IST

ਪੰਜਾਬ ਬੰਦ ਦੌਰਾਨ ਜਲੰਧਰ ਵਿੱਚ ਗੁੰਡਾਗਰਦੀ ਦੇਖਣ ਨੂੰ ਮਿਲੀ, ਜਿਥੇ ਹਥਿਆਰ ਲੈ ਸਕੂਲ 'ਚ ਦਾਖ਼ਲ ਹੋਏ ਨੌਜਵਾਨਾਂ ਵਲੋਂ ਸਕੂਲ ਪ੍ਰਿੰਸੀਪਲ ਉੱਤੇ ਹਮਲਾ ਕਰ ਦਿੱਤਾ। ਜਿਸ ਕਾਰਨ ਉਹ ਗੰਭੀਰ ਜ਼ਖਮੀ ਹੋ ਗਿਆ।

ਜਲੰਧਰ 'ਚ ਬੰਦ ਦੌਰਾਨ ਹਥਿਆਰ ਲੈ ਸਕੂਲ ਵਿੱਚ ਦਾਖ਼ਲ ਹੋਏ ਨੌਜਵਾਨ
ਜਲੰਧਰ 'ਚ ਬੰਦ ਦੌਰਾਨ ਹਥਿਆਰ ਲੈ ਸਕੂਲ ਵਿੱਚ ਦਾਖ਼ਲ ਹੋਏ ਨੌਜਵਾਨ

ਜਲੰਧਰ: ਬੀਤੇ ਦਿਨੀਂ ਪੰਜਾਬ 'ਚ ਕਈ ਜਥੇਬੰਦੀਆਂ ਵਲੋਂ ਸਾਂਝੇ ਤੌਰ 'ਤੇ ਬੰਦ ਦਾ ਸੱਦਾ ਦਿੱਤਾ ਗਿਆ ਸੀ। ਜਿਥੇ ਪੰਜਾਬ 'ਚ ਸ਼ਾਂਤਮਈ ਬੰਦ ਦੇ ਦਾਅਵੇ ਕੀਤੇ ਜਾ ਰਹੇ ਸੀ ਤਾਂ ਉਥੇ ਹੀ ਇਸ ਦੌਰਾਨ ਕਈ ਹਿੰਸਕ ਘਟਨਾਵਾਂ ਵੀ ਹੋਈਆਂ। ਇੱਕ ਥਾਂ ਜਿਥੇ ਵਿਅਕਤੀ ਨੂੰ ਗੋਲੀ ਮਾਰਨ ਦੀ ਘਟਨਾ ਸਾਹਮਣੇ ਆਈ ਸੀ ਤਾਂ ਉਥੇ ਹੀ ਜਲੰਧਰ ਦੀ ਵਾਇਰਲ ਹੋ ਰਹੀ ਗੁੰਡਾਗਰਦੀ ਦੀ ਇੱਕ ਵੀਡੀਓ ਨੇ ਦਾਅਵਿਆਂ ਦੀ ਫੂਕ ਕੱਢ ਦਿੱਤੀ ਹੈ। ਸ਼ਹਿਰ ਵਿੱਚ ਬੰਦ ਦੌਰਾਨ ਸ਼ਰਾਰਤੀ ਅਨਸਰ ਹੱਥਾਂ ਵਿੱਚ ਤੇਜ਼ਧਾਰ ਹਥਿਆਰ ਲੈ ਕੇ ਗੁੰਡਾਗਰਦੀ ਦਾ ਨਾਚ ਦਿਖਾਉਂਦੇ ਹੋਏ ਸਭ ਤੋਂ ਪਹਿਲਾਂ ਅਵਤਾਰ ਨਗਰ ਦੇ ਸਰਕਾਰੀ ਸਕੂਲ ਵਿੱਚ ਪੁੱਜੇ। ਉਸ ਤੋਂ ਬਾਅਦ ਗੁੰਡਾਗਰਦੀ ਕਰਦੇ ਹੋਏ ਖੁੱਲ੍ਹੀਆਂ ਦੁਕਾਨਾਂ 'ਚ ਵੜ ਗਏ।

ਪ੍ਰਿੰਸੀਪਲ 'ਤੇ ਜਾਨਲੇਵਾ ਹਮਲਾ: ਸ਼ਹਿਰ ਦੇ ਅਬਾਦਪੁਰਾ ਦੇ ਇੱਕ ਨਿੱਜੀ ਸਕੂਲ ਵਿੱਚ ਸ਼ਰਾਰਤੀ ਅਨਸਰ ਤੇਜ਼ਧਾਰ ਹਥਿਆਰਾਂ ਨਾਲ ਦਾਖਲ ਹੋਏ। ਭਾਵੇਂ ਸਕੂਲ ਵਿੱਚ ਬੱਚੇ ਨਹੀਂ ਸਨ ਪਰ ਦਫ਼ਤਰ ਵਿੱਚ ਕੰਮ ਨਿਪਟਾਉਣ ਆਏ ਪ੍ਰਿੰਸੀਪਲ ਐਸ.ਆਰ.ਕਟਾਰੀਆ ’ਤੇ ਹਮਲਾ ਕਰ ਦਿੱਤਾ ਗਿਆ। ਜਿੰਨ੍ਹਾਂ ਦੇ ਸਿਰ-ਗਰਦਨ ਅਤੇ ਬਾਹਾਂ 'ਤੇ ਬੁਰੀ ਤਰ੍ਹਾਂ ਕੱਟ ਦਿੱਤਾ ਗਿਆ। ਪ੍ਰਿੰਸੀਪਲ ਕਟਾਰੀਆ ਦੀ ਗਰਦਨ ’ਤੇ ਡੂੰਘਾ ਜ਼ਖ਼ਮ ਹੈ। ਉਨ੍ਹਾਂ ਨੂੰ ਇੱਕ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ।

ਗਰਦਨ 'ਤੇ ਜ਼ਖ਼ਮ ਕਾਰਨ ਬੋਲਣ 'ਚ ਮੁਸ਼ਕਿਲ: ਉਨ੍ਹਾਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਪੁਲੀਸ ਪ੍ਰਿੰਸੀਪਲ ਕਟਾਰੀਆ ਦੇ ਬਿਆਨ ਦਰਜ ਕਰਨ ਲਈ ਨਿੱਜੀ ਹਸਪਤਾਲ ਗਈ ਸੀ ਪਰ ਡਾਕਟਰਾਂ ਨੇ ਬਿਆਨ ਦਰਜ ਕਰਨ ਤੋਂ ਇਨਕਾਰ ਕਰ ਦਿੱਤਾ। ਡਾਕਟਰਾਂ ਦਾ ਕਹਿਣਾ ਹੈ ਕਿ ਪ੍ਰਿੰਸੀਪਲ ਕਟਾਰੀਆ ਦੀ ਗਰਦਨ ’ਤੇ ਡੂੰਘਾ ਜ਼ਖ਼ਮ ਹੈ। ਉਨ੍ਹਾਂ ਨੂੰ ਬੋਲਣ ਦੀ ਮਨਾਹੀ ਹੈ ਕਿਉਂਕਿ ਬੋਲਣ ਵਿੱਚ ਉਨ੍ਹਾਂ ਨੂੰ ਮੁਸ਼ਕਲ ਹੋ ਸਕਦੀ ਹੈ।

ਪੁਲਿਸ ਦੇ ਨੱਕ ਹੇਠ ਗੁੰਡਾਗਰਦੀ: ਸ਼ਹਿਰ 'ਚ ਬੰਦ ਦੌਰਾਨ ਹੋਈ ਇਸ ਗੁੰਡਾਗਰਦੀ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀ ਹੈ। ਜਿਨ੍ਹਾਂ ਨੌਜਵਾਨਾਂ ਦੇ ਹੱਥਾਂ ਵਿੱਚ ਤੇਜ਼ਧਾਰ ਹਥਿਆਰ ਸਨ, ਉਹ ਸਾਰੇ ਨੌਜਵਾਨ ਛੋਟੀ ਉਮਰ ਦੇ ਹਨ ਅਤੇ ਅਜੇ ਸਕੂਲ ਜਾਂ ਕਾਲਜ ਜਾਂਦੇ ਹੋ ਸਕਦੇ ਹਨ। ਹੈਰਾਨੀ ਦੀ ਗੱਲ ਇਹ ਹੈ ਕਿ ਪੰਜਾਬ ਬੰਦ ਨੂੰ ਲੈ ਕੇ ਸ਼ਹਿਰ ਵਿੱਚ ਥਾਂ-ਥਾਂ ਪੁਲਿਸ ਤਾਇਨਾਤ ਸੀ ਪਰ ਇਸ ਦੇ ਬਾਵਜੂਦ ਗੁੰਡਾਗਰਦੀ ਬਿਲਕੁਲ ਖਾਕੀ ਦੇ ਨੱਕ ਹੇਠ ਹੋਈ।

ਵੀਡੀਓ 'ਚ ਸਕੂਲ ਬੰਦ ਕਰਨ ਦੀ ਦੇ ਰਹੇ ਧਮਕੀ: ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਵੀਡੀਓ 'ਚ ਹਥਿਆਰ ਲੈ ਕੇ ਸਕੂਲ 'ਚ ਦਾਖਲ ਹੋਏ ਸ਼ਰਾਰਤੀ ਅਨਸਰ ਸਕੂਲ ਦੇ ਅਧਿਆਪਕਾਂ ਨੂੰ ਸਕੂਲ ਬੰਦ ਕਰਨ ਦੀਆਂ ਧਮਕੀਆਂ ਦਿੰਦੇ ਸੁਣੇ ਜਾ ਰਹੇ ਹਨ। ਕਲਾਸ ਰੂਮ ਵਿੱਚ ਜਾ ਕੇ ਬੱਚਿਆਂ ਨੂੰ ਸਕੂਲ ਤੋਂ ਘਰ ਜਾਣ ਲਈ ਕਹਿ ਕੇ ਸਕੂਲ ਖਾਲੀ ਕਰਨ ਲਈ ਕਿਹਾ। ਦੱਸ ਦੇਈਏ ਕਿ ਪੰਜਾਬ ਬੰਦ ਦੌਰਾਨ ਜਿੱਥੇ ਨਿੱਜੀ ਅਦਾਰੇ ਬੰਦ ਰਹੇ, ਉੱਥੇ ਹੀ ਸਰਕਾਰੀ ਵਿੱਦਿਅਕ-ਸਿਖਲਾਈ ਅਦਾਰੇ ਹੋਰਨਾਂ ਦਿਨਾਂ ਵਾਂਗ ਖੁੱਲ੍ਹੇ ਰਹੇ।

ਪੁਲਿਸ ਦਾ ਨਹੀਂ ਆਇਆ ਕੋਈ ਬਿਆਨ: ਹਮਲੇ ਤੋਂ ਬਾਅਦ ਹਮਲਾਵਰ ਮੌਕੇ ਤੋਂ ਫਰਾਰ ਹੋ ਗਏ। ਜਦੋਂ ਮਹਿਲਾ ਨੇ ਪ੍ਰਿੰਸੀਪਲ ਨੂੰ ਜ਼ਖਮੀ ਹਾਲਤ 'ਚ ਦੇਖਿਆ ਤਾਂ ਉਸ ਨੇ ਇਲਾਕੇ ਦੇ ਲੋਕਾਂ ਨੂੰ ਬੁਲਾਇਆ। ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ 6 ਦੀ ਪੁਲਿਸ ਮੌਕੇ 'ਤੇ ਪਹੁੰਚ ਗਈ ਅਤੇ ਜਾਂਚ ਸ਼ੁਰੂ ਕਰ ਦਿੱਤੀ। ਪੁਲਿਸ ਨੇ ਇਸ ਮਾਮਲੇ ਵਿੱਚ ਦੋ ਲੋਕਾਂ ਨੂੰ ਹਿਰਾਸਤ ਵਿੱਚ ਵੀ ਲਿਆ ਹੈ, ਪਰ ਅਜੇ ਤੱਕ ਇਸਦੀ ਪੁਸ਼ਟੀ ਨਹੀਂ ਹੋਈ ਹੈ। ਡਾਕਟਰ ਨੇ ਪ੍ਰਿੰਸੀਪਲ ਨੂੰ ਬਿਆਨ ਦੇਣ ਲਈ ਅਯੋਗ ਕਰਾਰ ਦੇ ਦਿੱਤਾ, ਜਿਸ ਕਾਰਨ ਉਸ ਦਾ ਬਿਆਨ ਦਰਜ ਨਹੀਂ ਹੋ ਸਕਿਆ।

ETV Bharat Logo

Copyright © 2024 Ushodaya Enterprises Pvt. Ltd., All Rights Reserved.