ETV Bharat / state

FIR on Sidhu Moosewala fan: ਮੂਸੇਵਾਲਾ ਨੂੰ ਇਨਸਾਫ਼ ਦਿਵਾਉਣ ਲਈ ਜਲੰਧਰ 'ਚ ਵਕੀਲ ਨੇ ਨਹਿਰ 'ਚ ਸੁੱਟੀ ਸੀ ਥਾਰ, ਮਾਮਲਾ ਦਰਜ

author img

By ETV Bharat Punjabi Team

Published : Sep 5, 2023, 4:20 PM IST

Sidhu Moosewala
Sidhu Moosewala

ਬੀਤੇ ਦਿਨ ਜਲੰਧਰ ਦੇ ਬਸਤੀ ਬਾਵਾ ਖੇਲ ਨਹਿਰ 'ਚ ਇੱਕ ਵਕੀਲ ਵਲੋਂ ਆਪਣੀ ਥਾਰ ਗੱਡੀ ਸੁੱਟੀ ਗਈ ਸੀ। ਜਿਸ 'ਚ ਉਸ ਦਾ ਕਹਿਣਾ ਸੀ ਕਿ ਮੂਸੇਵਾਲਾ ਨੂੰ ਇਨਸਾਫ਼ ਦਿਵਾਉਣ ਲਈ ਇੱਕ ਸੰਦੇਸ਼ ਦੇਣ ਦੀ ਕੋਸ਼ਿਸ਼ ਉਸ ਨੇ ਕੀਤੀ ਹੈ। ਉਧਰ ਪੁਲਿਸ ਵਲੋਂ ਉਸ ਦੀ ਗੱਡੀ ਕਬਜ਼ੇ 'ਚ ਲੈਣ ਤੋਂ ਬਾਅਦ ਵਕੀਲ 'ਤੇ ਮਾਮਲਾ ਦਰਜ ਕਰ ਲਿਆ ਹੈ। (FIR on Sidhu Moosewala fan)

ਜਲੰਧਰ: ਬੀਤੇ ਦਿਨੀਂ ਇੱਕ ਸ਼ਖ਼ਸ ਵਲੋਂ ਆਪਣੀ ਥਾਰ ਗੱਡੀ ਨੂੰ ਨਹਿਰ 'ਚ ਸੁੱਟ ਦਿੱਤਾ ਗਿਆ ਸੀ। ਜਿਸ 'ਚ ਥਾਰ ਨੂੰ ਜਲੰਧਰ ਦੀ ਬਸਤੀ ਬਾਵਾ ਖੇਲ ਨਹਿਰ ਵਿੱਚ ਸੁੱਟਣ ਵਾਲੇ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਫੈਨ ਐਡਵੋਕੇਟ ਖ਼ਿਲਾਫ਼ ਪੁਲਿਸ ਨੇ ਕੇਸ ਦਰਜ (FIR on Sidhu Moosewala fan) ਕਰ ਲਿਆ ਹੈ। ਐਡਵੋਕੇਟ ਖਿਲਾਫ ਡਰੇਨ ਐਕਟ ਦੀ ਧਾਰਾ 283 ਅਤੇ 287 ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ। ਬੀਤੇ ਕੱਲ੍ਹ ਯਾਨੀ ਸੋਮਵਾਰ ਨੂੰ ਐਡਵੋਕੇਟ ਨੇ ਸਿੱਧੂ ਮੂਸੇਵਾਲਾ ਕਤਲ ਕੇਸ ਵਿੱਚ ਇਨਸਾਫ ਨਾ ਮਿਲਣ ਕਾਰਨ ਗੁੱਸੇ ਵਿੱਚ ਆ ਕੇ ਥਾਰ ਗੱਡੀ ਨੂੰ ਨਹਿਰ ਵਿੱਚ ਸੁੱਟ ਦਿੱਤਾ ਸੀ।

ਘਟਨਾ ਸਮੇਂ ਨਹਿਰ 'ਚ ਨਹਾ ਰਹੇ ਸੀ ਬੱਚੇ: ਇਸ ਘਟਨਾ ਸਮੇਂ ਨਹਿਰ ਵਿੱਚ ਨਹਾ ਰਹੇ ਬੱਚੇ ਵਾਲ-ਵਾਲ ਬਚ ਗਏ। ਥਾਰ ਗੱਡੀ ਨੂੰ ਆਪਣੇ ਵੱਲ ਆਉਂਦਾ ਦੇਖ ਕੇ ਬੱਚੇ ਬਾਹਰ ਆ ਕੇ ਭੱਜ ਗਏ। ਇਸ ਤੋਂ ਬਾਅਦ ਵਿਅਕਤੀ ਨੇ ਕਾਰ ਨੂੰ ਨਹਿਰ ਵਿੱਚ ਬਣੀਆਂ ਪੌੜੀਆਂ ਦੀ ਢਲਾਨ ਤੋਂ ਨਹਿਰ ਵਿੱਚ ਸੁੱਟ ਦਿੱਤਾ। ਇਸ ਦੌਰਾਨ ਮੌਕੇ 'ਤੇ ਲੋਕਾਂ ਦਾ ਇਕੱਠ ਹੋ ਗਿਆ ਅਤੇ ਹੰਗਾਮਾ ਹੋ ਗਿਆ। ਲੋਕਾਂ ਨੇ ਤੁਰੰਤ ਮਾਮਲੇ ਦੀ ਸੂਚਨਾ ਪੁਲਿਸ ਨੂੰ ਦਿੱਤੀ, ਜਿਸ ਤੋਂ ਬਾਅਦ ਪੁਲਿਸ ਮੁਲਾਜ਼ਮਾਂ ਨੇ ਮੌਕੇ 'ਤੇ ਪਹੁੰਚ ਕੇ ਕਰੇਨ ਦੀ ਮਦਦ ਨਾਲ ਥਾਰ ਗੱਡੀ ਨੂੰ ਨਹਿਰ 'ਚੋਂ ਬਾਹਰ ਕੱਢਿਆ।

ਪੁਲਿਸ ਨੇ ਕਬਜ਼ੇ ਵਿੱਚ ਲਈ ਗੱਡੀ: ਇਸ ਤੋਂ ਬਾਅਦ ਪੁਲਿਸ ਨੇ ਥਾਰ ਨੂੰ ਨਹਿਰ ਵਿੱਚੋਂ ਕੱਢ ਕੇ ਆਪਣੇ ਕਬਜ਼ੇ ਵਿੱਚ ਲੈ ਲਿਆ। ਫਿਰ ਗੱਡੀ ਚਲਾ ਰਹੇ ਵਕੀਲ ਅਤੇ ਉਸ ਵਿੱਚ ਸਵਾਰ ਹੋਰ ਨੌਜਵਾਨਾਂ ਨੂੰ ਥਾਣਾ ਬਾਵਾ ਬਸਤੀ ਖੇਲ ਵਿੱਚ ਲਿਜਾਇਆ ਗਿਆ। ਇਸ ਤੋਂ ਬਾਅਦ ਉਸ ਦੇ ਪਰਿਵਾਰਕ ਮੈਂਬਰਾਂ ਤੋਂ ਪੁੱਛਗਿੱਛ ਕੀਤੀ ਗਈ। ਇਸ ਸਬੰਧੀ ਥਾਣਾ ਸਦਰ ਦੇ ਉੱਚ ਅਧਿਕਾਰੀਆਂ ਨੂੰ ਵੀ ਸੂਚਿਤ ਕੀਤਾ ਗਿਆ ਸੀ।

ਐਡਵੋਕੇਟ ਹਰਪ੍ਰੀਤ ਦੀ ਦਲੀਲ -ਸੰਦੇਸ਼ ਦੇਣ ਦੀ ਕੋਸ਼ਿਸ਼: ਥਾਰ ਨੂੰ ਨਹਿਰ ਵਿੱਚ ਸੁੱਟਣ ਵਾਲੇ ਐਡਵੋਕੇਟ ਹਰਪ੍ਰੀਤ ਸਿੰਘ ਨੇ ਕਿਹਾ ਕਿ ਸਿੱਧੂ ਮੂਸੇਵਾਲਾ ਨੂੰ ਇਨਸਾਫ਼ ਨਹੀਂ ਮਿਲ ਰਿਹਾ। ਉਸ ਦੇ ਮਾਪੇ ਕਾਤਲਾਂ ਬਾਰੇ ਦੱਸ ਰਹੇ ਹਨ, ਪਰ ਫੜੇ ਨਹੀਂ ਜਾ ਰਹੇ। ਉਨ੍ਹਾਂ ਕਿਹਾ ਕਿ ਸਿੱਧੂ ਮੂਸੇਵਾਲਾ ਨੂੰ ਇਨਸਾਫ਼ ਦਿਵਾਉਣ ਲਈ ਉਨ੍ਹਾਂ ਨੇ ਥਾਰ ਗੱਡੀ ਨੂੰ ਨਹਿਰ ਵਿੱਚ ਸੁੱਟ ਦਿੱਤਾ ਅਤੇ ਕਿਹਾ ਕਿ ਇਸ ਰਾਹੀਂ ਉਸ ਨੇ ਇੱਕ ਸੁਨੇਹਾ ਦੇਣ ਦੀ ਕੋਸ਼ਿਸ਼ ਕੀਤੀ ਹੈ। ਕਿਸੇ ਦਾ ਨੁਕਸਾਨ ਹੋਣ ਦੇ ਸਵਾਲ 'ਤੇ ਮੁਲਜ਼ਮ ਨੇ ਕਿਹਾ ਕਿ ਸਾਰੇ ਸੁਰੱਖਿਅਤ ਹਨ।

ਮਈ 2022 'ਚ ਹੋਇਆ ਮੂਸੇਵਾਲਾ ਦਾ ਕਤਲ: ਦੱਸ ਦਈਏ ਕਿ ਮਾਨਸਾ ਦੇ ਪਿੰਡ ਜਵਾਹਰਕੇ 'ਚ 29 ਮਈ 2022 ਨੂੰ ਗੈਂਗਸਟਰਾਂ ਵਲੋਂ ਮਰਹੂੰ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਕਤਲ ਕਰ ਦਿੱਤਾ ਗਿਆ ਸੀ। ਜਿਸ 'ਚ ਗੈਂਗਸਟਰਾਂ ਵਲੋਂ ਅੰਨ੍ਹੇਵਾਹ ਗੋਲੀਆਂ ਚਲਾਈਆਂ ਸੀ, ਜਿੰਨ੍ਹਾਂ 'ਚ ਸੱਤ ਗੋਲੀਆਂ ਮੂਸੇਵਾਲਾ ਨੂੰ ਲੱਗੀਆਂ ਸੀ ਤੇ ਉਸ ਦੀ ਮੌਤ ਹੋ ਗਈ ਸੀ। ਉਧਰ ਪੁੱਤ ਦੇ ਕਤਲ ਦਾ ਪਰਿਵਾਰ ਇਨਸਾਫ਼ ਮੰਗ ਰਿਹਾ ਹੈ ਤਾਂ ਪੁਲਿਸ ਵਲੋਂ 29 ਦੇ ਕਰੀਬ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ, ਜਦਕਿ 2 ਮੁਲਜ਼ਮ ਪੁਲਿਸ ਮੁਕਾਬਲੇ 'ਚ ਮਾਰੇ ਗਏ ਸੀ। ਇਸ ਦੇ ਨਾਲ ਹੀ ਗੋਲਡੀ ਬਰਾੜ ਨੂੰ ਭਾਰਤ ਲਿਆਉਣ ਲਈ ਪੁਲਿਸ ਵਲੋਂ ਯਤਨ ਕੀਤੇ ਜਾ ਰਹੇ ਹਨ।

ETV Bharat Logo

Copyright © 2024 Ushodaya Enterprises Pvt. Ltd., All Rights Reserved.