ETV Bharat / state

UP ਵਿੱਚ ਗੈਂਗਸਟਰਾਂ ਅੰਦਰ ਸਰਕਾਰ ਦਾ ਖੌਫ਼ ਤਾਂ ਪੰਜਾਬ ਅੰਦਰ ਕਿਉਂ ਬੇਖ਼ੌਫ ਹੋਏ ਗੈਂਗਸਟਰ ?

author img

By

Published : Jun 10, 2022, 8:24 PM IST

Updated : Jun 10, 2022, 8:36 PM IST

ਪੰਜਾਬ ਵਿੱਚ ਗੈਂਗਟਰਵਾਦ ਦਿਨ-ਬ-ਦਿਨ ਵਧਦਾ ਜਾ ਰਿਹਾ ਹੈ ਇਸਦੇ ਮੁਕਾਬਲੇ ਜੇਕਰ ਅੱਜ ਦੇ ਸਮੇਂ ਦੀ ਗੱਲ ਕੀਤੀ ਜਾਵੇ ਤਾਂ ਯੂਪੀ ਵਿੱਚ ਗੈਂਗਸਟਰਵਾਦ ਲਗਾਤਾਰ ਘਟ ਰਿਹਾ ਹੈ ਪਰ ਇਸਦੇ ਮੁਕਾਬਲੇ ਪੰਜਾਬ ਵਿੱਚ ਗੈਂਗਸਟਰਵਾਦ ਵਧਣ ਲੱਗਿਆ ਹੈ। ਆਖਿਰ ਅਜਿਹਾ ਹੋਣ ਪਿੱਛੇ ਕਿਹੜੇ ਹਨ ਉਹ ਵੱਡੇ ਕਾਰਨ ਕਿ ਪੰਜਾਬ ਵਿੱਚ ਗੈਂਗਸਟਰ ਬੇਖੌਫ ਹੋ ਰਹੇ ਹਨ ਅਤੇ ਦਿਨ-ਦਿਹਾੜੇ ਸੜਕਾਂ ਉੱਪਰ ਕਤਲ ਕੀਤੇ ਜਾ ਰਹੇ ਹਨ ਜਦਕਿ ਯੂਪੀ ਜੋ ਗੈਂਗਸਟਰਾਂ ਦਾ ਗੜ੍ਹ ਮੰਨਿਆਂ ਜਾਂਦਾ ਸੀ ਅੱਜ ਉੱਥੇ ਗੈਂਗਸਟਰਵਾਦ ਪਿਛਲੇ ਸਮੇਂ ਨਾਲੋਂ ਘਟਿਆ ਹੈ...ਵੇਖੋ ਇਸ ਖਾਸ ਰਿਪੋਰਟ ’ਚ...

ਪੰਜਾਬ ਅੰਦਰ ਕਿਉਂ ਬੇਖ਼ੌਫ ਹੋਏ ਗੈਂਗਸਟਰ
ਪੰਜਾਬ ਅੰਦਰ ਕਿਉਂ ਬੇਖ਼ੌਫ ਹੋਏ ਗੈਂਗਸਟਰ

ਜਲੰਧਰ: ਇੱਕ ਸਮਾਂ ਸੀ ਜਦੋਂ ਪੰਜਾਬ ਵਿੱਚ ਗੈਂਗਸਟਰਵਾਦ ਦਾ ਕੋਈ ਨਾਮ ਨਹੀਂ ਹੁੰਦਾ ਸੀ ਅਤੇ ਉਸ ਸਮੇਂ ਉੱਤਰ ਪ੍ਰਦੇਸ਼ ਦੇਸ਼ ਦਾ ਇੱਕ ਅਜਿਹਾ ਸੂਬਾ ਮੰਨਿਆ ਜਾਂਦਾ ਸੀ ਜਿੱਥੇ ਸਭ ਤੋਂ ਜ਼ਿਆਦਾ ਗੈਂਗਸਟਰਵਾਦ ਛਾਇਆ ਹੋਇਆ ਸੀ। ਪਰ ਅੱਜ ਹਾਲਾਤ ਇਸ ਤੋਂ ਉਲਟੇ ਹੋ ਗਏ ਹਨ।

ਅੱਜ ਯੂ ਪੀ ਵਿੱਚ ਯੋਗੀ ਸਰਕਾਰ ਵੱਲੋਂ ਗੈਂਗਸਟਰਾਂ ਨੂੰ ਪੂਰੀ ਤਰ੍ਹਾਂ ਖਤਮ ਕਰ ਦਿੱਤਾ ਗਿਆ ਹੈ ਅਤੇ ਅੱਜ ਕੋਈ ਵੀ ਗੈਂਗਸਟਰ ਯੂਪੀ ਵਿੱਚ ਕਿਸੇ ਵਾਰਦਾਤ ਨੂੰ ਕਰਨ ਤੋਂ ਪਹਿਲਾਂ ਕਈ ਵਾਰ ਸੋਚਦਾ ਹੈ ਪਰ ਉਹਦੇ ਦੂਸਰੇ ਪਾਸੇ ਜੇਕਰ ਪੰਜਾਬ ਦੀ ਕਰੀਏ ਪੰਜਾਬ ਵਿੱਚ ਅੱਜ ਵੱਡੇ-ਵੱਡੇ ਗੈਂਗਸਟਰਾਂ ਦੇ ਗਰੁੱਪ ਬਣ ਚੁੱਕੇ ਹਨ ਜੋ ਨਾ ਸਿਰਫ ਪੰਜਾਬ, ਦੇਸ਼ ਦੇ ਅਲੱਗ-ਅਲੱਗ ਸੂਬਿਆਂ ਬਲਕਿ ਵਿਦੇਸ਼ਾਂ ਤੋਂ ਵੀ ਵੱਡੀਆਂ-ਵੱਡੀਆਂ ਵਾਰਦਾਤਾਂ ਨੂੰ ਅੰਜ਼ਾਮ ਦੇ ਰਹੇ ਹਨ। ਇੱਕ ਪਾਸੇ ਯੂ ਪੀ ਵਿੱਚ ਸਰਕਾਰ ਵੱਲੋਂ ਅਰਬਾਂ ਰੁਪਏ ਦੀ ਮੁਲਜ਼ਮਾਂ ਦੀ ਜਾਇਦਾਦ ਨੂੰ ਖ਼ਤਮ ਕੀਤਾ ਗਿਆ ਹੈ। ਇਸ ਦੇ ਨਾਲ ਹੀ ਸੈਂਕੜਿਆਂ ਦੀ ਗਿਣਤੀ ਵਿੱਚ ਅਪਰਾਧੀਆਂ ਉੱਤੇ ਮਾਮਲੇ ਦਰਜ ਕਰ ਉਨ੍ਹਾਂ ਨੂੰ ਹਿਰਾਸਤ ਵਿੱਚ ਵੀ ਲਿਆ ਗਿਆ ਹੈ।

ਪੰਜਾਬ ਵਿੱਚ ਬੇਖੌਫ਼ ਗੈਂਗਸਟਰ : ਪੰਜਾਬ ਦੇਸ਼ ਦਾ ਉਹ ਸੂਬਾ ਬਣ ਚੁੱਕਿਆ ਹੈ ਜਿਥੇ ਅੱਜ ਸਭ ਤੋਂ ਜ਼ਿਆਦਾ ਗੈਂਗਸਟਰਵਾਦ ਹੈ। ਆਏ ਦਿਨ ਇਹ ਗੈਂਗਸਟਰ ਨਾ ਸਿਰਫ਼ ਆਪਸ ਵਿੱਚ ਭਿੜਦੇ ਹਨ ਬਲਕਿ ਵੱਡੀਆਂ-ਵੱਡੀਆਂ ਕਤਲ ਦੀਆਂ ਵਾਰਦਾਤਾਂ ਨੂੰ ਅੰਜ਼ਾਮ ਵੀ ਦਿੰਦੇ ਹਨ। ਉਨ੍ਹਾਂ ਵੱਲੋਂ ਨਾਮੀ ਸ਼ਖ਼ਸੀਅਤਾਂ, ਖਿਡਾਰੀਆਂ ਅਤੇ ਕਲਾਕਾਰਾਂ ਤੱਕ ਨੂੰ ਨਹੀ ਬਖਸ਼ਿਆ ਜਾ ਰਿਹਾ। ਇਹ ਗੈਂਗਸਟਰ ਅੱਜ ਪੰਜਾਬ ਵਿੱਚ ਇੰਨੇ ਕੁ ਬੇਖੌਫ ਹੋ ਚੁੱਕੇ ਹਨ ਕਿ ਇਨ੍ਹਾਂ ਨੂੰ ਪੁਲਿਸ ਦਾ ਵੀ ਡਰ ਨਹੀਂ ਰਿਹਾ ਅਤੇ ਨਾ ਹੀ ਕਾਨੂੰਨ ਦਾ ਕੋਈ ਭੈਅ। ਇਹ ਸ਼ਰ੍ਹੇਆਮ ਸੜਕਾਂ ਉੱਤੇ ਗੋਲੀਆਂ ਚਲਾ ਕੇ ਕਿਸੇ ਦਾ ਕਤਲ ਕਰ ਦੇਣਾ ਇੰਨ੍ਹਾਂ ਵਾਸਤੇ ਆਮ ਗੱਲ ਹੋ ਗਈ ਹੈ।

ਇਸ ਦੇ ਤਾਜ਼ਾ ਉਦਾਹਰਣ ਨੇ ਜਲੰਧਰ ਦੇ ਸ਼ਾਹਕੋਟ ਇਲਾਕੇ ਨੇੜੇ ਪਿੰਡ ਮੱਲੀਆਂ ਵਿੱਚ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੀਆਂ ਦਾ ਕਤਲ ਅਤੇ ਦੂਸਰੇ ਪਾਸੇ ਪੰਜਾਬ ਦੇ ਮੰਨੇ ਪ੍ਰਮੰਨੇ ਗਾਇਕ ਸਿੱਧੂ ਮੂਸੇਵਾਲਾ ਦਾ ਸ਼ਰੇਆਮ ਗੋਲੀਆਂ ਮਾਰ ਕੇ ਕਤਲ ਕੀਤਾ ਗਿਆ ਹੈ। ਹਰ ਮਾਮਲੇ ਵਿੱਚ ਇਹ ਗੈਂਗਸਟਰ ਆਪਣੀ ਵਾਰਦਾਤ ਨੂੰ ਅੰਜਾਮ ਦੇ ਕੇ ਨਾ ਸਿਰਫ ਪੰਜਾਬ ਵਿੱਚ ਇੱਕ ਵੱਡਾ ਕ੍ਰਾਈਮ ਕਰਦੇ ਹਨ ਬਲਕਿ ਬਕਾਇਦਾ ਸੋਸ਼ਲ ਮੀਡੀਆ ਉੱਪਰ ਇਸ ਦੀ ਜ਼ਿੰਮੇਵਾਰੀ ਵੀ ਲੈਂਦੇ ਹਨ। ਸੰਦੀਪ ਅੰਬੀਆਂ ਦਾ ਕਤਲ ਹੋਵੇ ਜਾਂ ਫਿਰ ਸਿੱਧੂ ਮੂਸੇਵਾਲਾ ਦੋਨਾਂ ਦੇ ਕਤਲ ਤੋਂ ਬਾਅਦ ਅਲੱਗ-ਅਲੱਗ ਗੈਂਗ ਵੱਲੋਂ ਇਨ੍ਹਾਂ ਕਤਲਾਂ ਦੀ ਜ਼ਿੰਮੇਵਾਰੀ ਲਈ ਗਈ।

ਆਖਿਰ ਪੰਜਾਬ ’ਚ ਕਿਉਂ ਵਧ ਰਿਹਾ ਗੈਂਗਸਟਰਵਾਦ?: ਹਾਲਾਤ ਇੱਥੋਂ ਤੱਕ ਪਹੁੰਚ ਗਏ ਜਦੋਂ ਪੁਲੀਸ ਨੇ ਸੰਦੀਪ ਨੰਗਲ ਅੰਬੀਆਂ ਦੇ ਕਤਲ ਨੂੰ ਟਰੇਸ ਕੀਤਾ ਤਾਂ ਇਸ ਦੇ ਜ਼ਿਆਦਾਤਰ ਮੁਲਜ਼ਮ ਪੰਜਾਬ ਦੇ ਬਾਹਰੋਂ ਇਸ ਵਾਰਦਾਤ ਨੂੰ ਅੰਜ਼ਾਮ ਦੇਣ ਲਈ ਆਏ ਸੀ ਅਤੇ ਜੋ ਹਥਿਆਰ ਇਸ ਕਤਲ ਵਿੱਚ ਇਸਤੇਮਾਲ ਹੋਏ ਉਹ ਵੀ ਬਾਹਰੀ ਸੂਬਿਆਂ ਵਿੱਚੋਂ ਹੀ ਪੰਜਾਬ ਵਿੱਚ ਲਿਆਂਦੇ ਗਏ ਸਨ। ਜੇਕਰ ਪੰਜਾਬ ਵਿੱਚ ਅਪਰਾਧਿਕ ਮਾਮਲਿਆਂ ਦੀ ਗੱਲ ਕੀਤੀ ਜਾਵੇ ਤਾਂ ਸਿਰਫ਼ ਹਰ ਮਹੀਨੇ ਪੰਜਾਹ ਤੋਂ ਉੱਪਰ ਕਤਲ ਦੀਆਂ ਵੱਡੀਆਂ ਵਾਰਦਾਤਾਂ ਪੰਜਾਬ ਵਿੱਚ ਹੋ ਰਹੀਆਂ ਹਨ।

ਪੰਜਾਬ ਅੰਦਰ ਕਿਉਂ ਬੇਖ਼ੌਫ ਹੋਏ ਗੈਂਗਸਟਰ

ਅੱਜ ਪੰਜਾਬ ਅੰਦਰ ਪ੍ਰੇਮਾ ਲਾਹੌਰੀਆ ,ਸੁੱਖਾਂ ਕਾਹਲਵਾਂ, ਵਿੱਕੀ ਗੌਂਡਰ , ਜੈਪਾਲ ਭੁੱਲਰ, ਰੌਕੀ ਵਰਗਿਆਂ ਦੀ ਮੌਤ ਤੋਂ ਬਾਅਦ ਵੀ ਇਨ੍ਹਾਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ। ਅੱਜ ਪੰਜਾਬ ਵਿੱਚ ਗੈਂਗਸਟਰਾਂ ਦੇ ਕਰੀਬ ਗਿਆਰਾਂ ਖੂੰਖਾਰ ਗਿਰੋਹ ਮੌਜੂਦ ਹਨ। ਜੋ ਯੂ ਪੀ ਤੋਂ ਲੈ ਕੇ ਰਾਜਸਥਾਨ ਤੱਕ ਆਪਣਾ ਨੈੱਟਵਰਕ ਫੈਲਾਏ ਹੋਏ ਬੈਠੇ ਹਨ। ਇਕ ਪਾਸੇ ਜਿਥੇ ਨੰਗਲ ਤੋਂ ਮੁਹਾਲੀ ਤੱਕ ਬਚਿੱਤਰ ਮੱਲ੍ਹੀ ਗੈਂਗ ਦਾ ਆਤੰਕ ਹੈ , ਉਹਦੇ ਦੂਸਰੇ ਪਾਸੇ ਇਸ ਵਿੱਚ ਇੱਕ ਵੱਡਾ ਨਾਮ ਲਾਰੈਂਸ ਬਿਸ਼ਨੋਈ ਗੈਂਗ ਦਾ ਵੀ ਹੈ , ਇਹੀ ਨਹੀਂ ਇਸ ਦੇ ਨਾਲ ਨਾਲ ਜੱਗੂ ਭਗਵਾਨਪੁਰੀਆ, ਦਵਿੰਦਰ ਬੰਬੀਹਾ ਵਰਗੇ ਜਿਨ੍ਹਾਂ ਦੇ ਸਰਪ੍ਰਸਤ ਦੇ ਮਾਰੇ ਜਾਣ ਤੋਂ ਬਾਅਦ ਵੀ ਇਹ ਗੇਟ ਅੱਜ ਵੀ ਪੂਰੀ ਤਰ੍ਹਾਂ ਸਰਗਰਮ ਹਨ।

ਗੈਂਗਸਟਰ ਪੰਜਾਬ ਤੋਂ ਹੀ ਨਹੀਂ ਬਲਕਿ ਵਿਦੇਸ਼ਾਂ ਤੋਂ ਵੀ ਕਰਵਾਉਂਦੇ ਨੇ ਵਾਰਦਾਤਾਂ: ਪੰਜਾਬ ਅੰਦਰ ਗੈਂਗਸਟਰਾਂ ਵੱਲੋਂ ਕੀਤੀਆਂ ਗਈਆਂ ਵਾਰਦਾਤਾਂ ਵਿਚ ਬਹੁਤ ਸਾਰੀਆਂ ਅਜਿਹੀਆਂ ਹਨ ਜਿੰਨ੍ਹਾਂ ਵਿੱਚ ਵਿਦੇਸ਼ਾਂ ਵਿੱਚ ਬੈਠੇ ਗੈਂਗਸਟਰਾਂ ਨੇ ਇਨ੍ਹਾਂ ਦੀਆਂ ਜ਼ਿੰਮੇਵਾਰੀਆਂ ਲਈਆਂ ਹਨ। ਫਿਰ ਇਹ ਲੋਕ ਚਾਹੇ ਪੰਜਾਬ ਵਿੱਚੋਂ ਅਪਰਾਧੀਆਂ ਨੂੰ ਇਕੱਠਾ ਕਰ ਵਾਰਦਾਤ ਨੂੰ ਅੰਜ਼ਾਮ ਦਿੰਦੇ ਹਨ ਜਾਂ ਫਿਰ ਪੰਜਾਬ ਦੇ ਬਾਹਰੀ ਸੂਬਿਆਂ ਤੋਂ ਇੰਨ੍ਹਾਂ ਅਪਰਾਧੀਆਂ ਨੂੰ ਅਪਰਾਧ ਕਰਨ ਲਈ ਹਾਇਰ ਕੀਤਾ ਜਾਂਦਾ ਹੈ।

ਵਿਦੇਸ਼ਾਂ ਵਿੱਚ ਬੈਠੇ ਇਹ ਬੇਖੌਫ ਗੈਂਗਸਟਰ ਅੱਜ ਪੰਜਾਬ ਅੰਦਰ ਖੁੱਲ੍ਹੇਆਮ ਅਪਰਾਧਿਕ ਘਟਨਾ ਨੂੰ ਅੰਜ਼ਾਮ ਦਿੰਦੇ ਹੋਏ ਸਰਕਾਰ ਨੂੰ ਠੇਂਗਾ ਦਿਖਾਉਂਦੇ ਹੋਏ ਨਜ਼ਰ ਆਉਂਦੇ ਹਨ। ਕੁਝ ਦਿਨ ਪਹਿਲੇ ਹੋਏ ਸਿੱਧੂ ਮੂਸੇਵਾਲਾ ਦੇ ਕਤਲ ਵਿਚ ਵੀ ਕੈਨੇਡਾ ਵਿਚ ਬੈਠੇ ਗੋਲਡੀ ਬਰਾੜ ਨਾਮ ਦੇ ਇੱਕ ਗੈਂਗਸਟਰ ਨੇ ਇਸ ਦੀ ਜ਼ਿੰਮੇਵਾਰੀ ਲਈ ਹੈ। ਪੰਜਾਬ ਦਾ ਇਹ ਗੈਂਗਸਟਰਵਾਦ ਯੂ ਪੀ ਤੋਂ ਅਲੱਗ ਹੈ ਕਿਉਂਕਿ ਯੂ ਪੀ ਦੇ ਅੰਦਰ ਕਿਸੇ ਸਮੇਂ ਗੈਂਗਸਟਰਾਂ ਦਾ ਨਾ ਸਿਰਫ਼ ਸਮਾਜ ਬਲਕਿ ਸਰਕਾਰਾਂ ਉੱਪਰ ਵੀ ਪੂਰਾ ਦਬਦਬਾ ਹੁੰਦਾ ਸੀ ਪਰ ਪੰਜਾਬ ਅੰਦਰ ਇਨ੍ਹਾਂ ਦੇ ਤਾਰ ਵਿਦੇਸ਼ਾਂ ਤੱਕ ਜੁੜੇ ਹੋਏ ਹਨ।

ਉੱਤਰ ਪ੍ਰਦੇਸ਼ ਵਿੱਚ ਆਖਿਰ ਕਿਉਂ ਹੈ ਗੈਂਗਸਟਰਾਂ ਨੂੰ ਸਰਕਾਰ ਦਾ ਡਰ: ਇੱਕ ਪਾਸੇ ਜਿੱਥੇ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ਤੋਂ ਬਾਅਦ ਕਾਨੂੰਨ ਵਿਵਸਥਾ ਦਿਨ ਬ ਦਿਨ ਵਿਗੜਦੀ ਜਾ ਰਹੀ ਹੈ ਅਤੇ ਹਾਲਾਤ ਕੁਝ ਸਰਕਾਰ ਕੋਲੋਂ ਵੀ ਬੇਕਾਬੂ ਹੁੰਦੇ ਹੋਏ ਨਜ਼ਰ ਆ ਰਹੇ ਹਨ ਉਹਦੇ ਦੂਸਰੇ ਪਾਸੇ ਤਕਰੀਬਨ ਇੰਨੇ ਸਮੇਂ ਵਿੱਚ ਹੀ ਉੱਤਰ ਪ੍ਰਦੇਸ਼ ਦੇ ਅੰਦਰ ਸਰਕਾਰ ਵੱਲੋਂ 661 ਕਰੋੜਾਂ ਦੀ ਸੰਪਤੀ ਅਪਰਾਧੀਆਂ ਦੀ ਕੁਰਕ ਕੀਤੀ ਗਈ ਹੈ। ਇਹੀ ਨਹੀਂ ਇਸ ਸਮੇਂ ਦੌਰਾਨ ਉੱਤਰ ਪ੍ਰਦੇਸ਼ ਪੁਲਿਸ ਨੇ 788 ਅਪਰਾਧੀਆਂ ਦੇ ਖ਼ਿਲਾਫ਼ ਬਣਦੀ ਕਾਰਵਾਈ ਵੀ ਕੀਤੀ ਹੈ ਜੋ ਉੱਤਰ ਪ੍ਰਦੇਸ਼ ਵਿਚ ਵੱਡੇ ਅਪਰਾਧਾਂ ਵਿੱਚ ਸ਼ਾਮਲ ਸਨ। ਇਸ ਤੋਂ ਇਲਾਵਾ ਕਈ ਅਜਿਹੇ ਅਪਰਾਧੀਆਂ ਉੱਤੇ ਵੀ ਪੁਲਿਸ ਵੱਲੋਂ ਸ਼ਿਕੰਜਾ ਕੱਸਿਆ ਗਿਆ ਜਿੰਨ੍ਹਾਂ ਉੱਪਰ ਹਜ਼ਾਰਾਂ ਲੱਖਾਂ ਦਾ ਇਨਾਮ ਰੱਖਿਆ ਗਿਆ ਸੀ।

ਯੂਪੀ ’ਚ ਅਪਰਾਧੀਆਂ ’ਤੇ ਪੁਲਿਸ ਦਾ ਡੰਡਾ !: ਜੇਕਰ ਅੱਜ ਤੋਂ ਇੱਕ ਡੇਢ ਸਾਲ ਪਹਿਲਾਂ ਦੀ ਗੱਲ ਕਰੀਏ ਤਾਂ ਯੂਪੀ ਪੁਲਿਸ ਕੋਲ ਇੰਨ੍ਹਾਂ ਅਪਰਾਧੀਆਂ ਦੀ ਇੱਕ ਲੰਮੀ ਲਿਸਟ ਸੀ ਜਿਸ ਵਿੱਚ ਮੁੱਖ ਨਾਮ ਢਾਈ ਲੱਖ ਰੁਪਏ ਦੇ ਇਨਾਮੀ ਮੋਸਟ ਵਾਂਟੇਡ ਭਗਤ ਸਿੰਘ ਵਧੋ ਦਾ ਸੀ। ਇਸ ਤੋਂ ਇਲਾਵਾ ਗਾਜ਼ੀਪੁਰ ਦਾ ਰਹਿਣ ਵਾਲਾ ਇਹ ਇਨਾਮੀ ਬਦਮਾਸ਼ ਸ਼ਹਾਬੂਦੀਨ ਵੀ ਇਸ ਲਿਸਟ ਵਿੱਚ ਸ਼ਾਮਿਲ ਸੀ। ਸੀਬੀਆਈ ਵੱਲੋਂ ਇਸ ’ਤੇ ਦੋ ਲੱਖ ਰੁਪਏ ਦੇ ਇਨਾਮ ਦੀ ਘੋਸ਼ਣਾ ਕੀਤੀ ਹੋਈ ਸੀ। ਇਸ ਤੋਂ ਇਲਾਵਾ ਇਸ ਲਿਸਟ ਵਿਚ ਨਾਮੀ ਅਪਰਾਧੀ ਬਾਬੂ ਉਰਫ਼ ਸਿਕੰਦਰ ਦਾ ਵੀ ਨਾਮ ਸ਼ਾਮਲ ਸੀ ਜਿਸ ਉੱਪਰ ਦੋ ਲੱਖ ਦਾ ਇਨਾਮ ਰੱਖਿਆ ਗਿਆ ਸੀ। ਯੂਪੀ ਪੁਲਿਸ ਦੀ ਇਹ ਲਿਸਟ ਕਿਸੇ ਸਮੇਂ ਇੰਨੀ ਲੰਮੀ ਹੁੰਦੀ ਸੀ ਕਿ ਯੂ ਪੀ ਵਿੱਚ ਗੈਂਗਸਟਰਾਂ ਦੀ ਪੂਰੀ ਦਹਿਸ਼ਤ ਹੁੰਦੀ ਸੀ।

ਅੱਜ ਯੂਪੀ ਵਿੱਚ ਥਰ-ਥਰ ਕੰਬਦੇ ਗੈਂਗਸਟਰ: ਯੂਪੀ ਵਿਚ ਦੂਸਰੀ ਵਾਰ ਯੋਗੀ ਆਦਿੱਤਿਆਨਾਥ ਦੀ ਸਰਕਾਰ ਬਣਨ ਤੋਂ ਬਾਅਦ ਬੁਲਡੋਜ਼ਰ ਦਾ ਖੌਫ਼ ਅਪਰਾਧੀਆਂ ਦੇ ਸਿਰ ਚੜ੍ਹ ਕੇ ਬੋਲ ਰਿਹਾ ਹੈ। ਅੱਜ ਯੂ ਪੀ ਵਿੱਚ ਅਜਿਹੇ ਹਾਲਾਤ ਹੋ ਗਏ ਨੇ ਕਿ ਮੁਲਜ਼ਮ ਖ਼ੁਦ ਆ ਕੇ ਆਤਮ ਸਮਰਪਣ ਕਰਨ ਨੂੰ ਮਜ਼ਬੂਰ ਹੋ ਚੁੱਕੇ ਹਨ। ਫਿਰ ਚਾਹੇ ਇਸ ਨੂੰ ਯੂਪੀ ਪੁਲਿਸ ਦੇ ਡੰਡੇ ਦਾ ਖੌਫ ਕਹਿ ਲਓ ਜਾਂ ਫਿਰ ਯੋਗੀ ਸਰਕਾਰ ਦੀ ਦਹਿਸ਼ਤ। ਯੋਗੀ ਦੀ ਇਸ ਵਾਰ ਵੀ ਸਰਕਾਰ ਦੇ ਵਿੱਚ ਅਪਰਾਧੀਆਂ ਉੱਪਰ ਸਰਕਾਰ ਦੀ ਇੰਨੀ ਕੁ ਦਹਿਸ਼ਤ ਹੈ ਕਿ ਅਪਰਾਧੀ ਖੁਦ ਥਾਣਿਆਂ ਵਿੱਚ ਜਾ ਕੇ ਆਪਣੇ ਆਪ ਨੂੰ ਸਰੰਡਰ ਕਰਨ ਲਈ ਮਜਬੂਰ ਹਨ।

ਯੂਪੀ ਵਿਚ ਅਜਿਹਾ ਹੀ ਇੱਕ ਮਾਮਲਾ ਗੋਂਡਾ ਜ਼ਿਲ੍ਹੇ ਦੇ ਛਪਿਆ ਥਾਣੇ ਵਿਚ ਦੇਖਣ ਨੂੰ ਮਿਲਿਆ ਜਿਥੇ ਇਕ ਨਾਮੀ ਬਦਮਾਸ਼ ਗੌਤਮ ਸਿੰਘ ਵੱਲੋਂ ਆਤਮ ਸਮਰਪਣ ਕਰ ਦਿੱਤਾ ਗਿਆ ਅਤੇ ਇਸ ਤੋਂ ਬਾਅਦ ਹੀ ਸਹਾਰਨਪੁਰ ਦੇ ਚਿਲਕਾਨਾ ਥਾਣੇ ਵਿਚ ਤੇਈ ਅਪਰਾਧੀਆਂ ਨੇ ਅਪਰਾਧ ਤੋਂ ਤੌਬਾ ਕਰ ਲਈ। ਇਹ ਅਪਰਾਧੀ ਆਪਣੇ ਗਲੇ ਵਿੱਚ ਤਖ਼ਤੀਆਂ ਬੰਨ੍ਹ ਕੇ ਥਾਣੇ ਪਹੁੰਚੇ ਅਤੇ ਥਾਣੇ ਦੇ ਅੰਦਰ ਸਰੰਡਰ ਕਰ ਦਿੱਤਾ। ਅਪਰਾਧੀਆਂ ਵੱਲੋਂ ਇਸ ਸਾਰੀ ਕਾਰਵਾਈ ਪੁਲਿਸ ਐਨਕਾਊਂਟਰ ਜਾਂ ਫੇਰ ਘਰ ਉਪਰ ਬੁਲਡੋਜ਼ਰ ਚੱਲਣ ਦੇ ਡਰ ਤੋਂ ਕੀਤੀ ਗਈ। ਬਹੁਤ ਸਾਰੇ ਮਾਮਲੇ ਉੱਤਰ ਪ੍ਰਦੇਸ਼ ਦੇ ਹੋਰ ਕਈ ਸ਼ਹਿਰਾਂ ਵਿੱਚ ਵੀ ਦੇਖਣ ਨੂੰ ਮਿਲੇ ਜਿੱਥੇ ਗੈਂਗਸਟਰਾਂ ਨੇ ਆਤਮ ਸਮਰਪਣ ਕੀਤਾ।

ਗੈਂਗਸਟਰਾਂ ਨੂੰ ਲੈਕੇ ਕਾਂਗਰਸ ਦੇ ਪੰਜਾਬ ’ਤੇ ਸਵਾਲ : ਜਲੰਧਰ ਵਿੱਚ ਕਾਂਗਰਸ ਦੇ ਸੀਨੀਅਰ ਆਗੂ ਬਲਰਾਜ ਠਾਕੁਰ ਦਾ ਕਹਿਣਾ ਹੈ ਕਿ ਪੰਜਾਬ ਵਿੱਚ ਸਰਕਾਰ ਦਾ ਧਿਆਨ ਪੰਜਾਬ ਦੇ ਮੁੱਦਿਆਂ ਵਿੱਚ ਹੈ ਹੀ ਨਹੀਂ ਬਲਕਿ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨਾਲ ਮਿਲ ਕੇ ਹਿਮਾਚਲ ਅਤੇ ਗੁਜਰਾਤ ਵਰਗੇ ਸੂਬਿਆਂ ਅੰਦਰ ਚੋਣਾਂ ਲਈ ਆਪਣੀ ਤਿਆਰੀ ਵਿੱਚ ਲੱਗੇ ਹੋਏ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੇ ਅੰਦਰ ਅਪਰਾਧਿਕ ਮਾਮਲਿਆਂ ਦੇ ਵਧਣ ਬਾਰੇ ਉਨ੍ਹਾਂ ਦਾ ਕਹਿਣਾ ਹੈ ਕਿ ਪੰਜਾਬ ਵਿੱਚ ਨਾ ਕਿ ਕਿਸੇ ਨੂੰ ਸਰਕਾਰ ਦਾ ਡਰ ਹੈ ਅਤੇ ਨਾ ਹੀ ਪੁਲਿਸ ਦਾ ਖੌਫ। ਉਨ੍ਹਾਂ ਮੁਤਾਬਕ ਸਰਕਾਰ ਸਿਰਫ਼ ਆਪਣੀ ਮਸ਼ਹੂਰੀ ਕਰਨ ਵਿਚ ਲੱਗੀ ਹੋਈ ਹੈ।

ਗੈਂਗਸਟਰਵਾਦ ’ਤੇ ਆਪ ਦਾ ਪ੍ਰਤੀਕਰਮ: ਪੰਜਾਬ ਦੇ ਸਾਬਕਾ ਆਈਜੀ ਪੁਲਿਸ ਅਤੇ ਆਮ ਆਦਮੀ ਪਾਰਟੀ ਆਗੂ ਸੁਰਿੰਦਰ ਸਿੰਘ ਸੋਢੀ ਦਾ ਕਹਿਣਾ ਹੈ ਕਿ ਪੰਜਾਬ ਦੇ ਅੰਦਰ ਗੈਂਗਸਟਰ ਕੋਈ ਅੱਜ ਪਹਿਲੀ ਵਾਰ ਨਹੀਂ ਆਏ। ਇਨ੍ਹਾਂ ਦਾ ਨੈੱਟਵਰਕ ਅਕਾਲੀ ਭਾਜਪਾ ਅਤੇ ਕਾਂਗਰਸ ਸਰਕਾਰ ਵੇਲੇ ਵੀ ਪੂਰਾ ਐਕਟਿਵ ਸੀ ਪਰ ਸਰਕਾਰਾਂ ਵੱਲੋਂ ਇੰਨ੍ਹਾਂ ਨੂੰ ਖ਼ਤਮ ਕਰਨ ਦੀ ਬਜਾਏ ਇਨ੍ਹਾਂ ਨੂੰ ਸ਼ਹਿ ਦਿੱਤੀ ਗਈ। ਉਨ੍ਹਾਂ ਦਾ ਕਹਿਣਾ ਹੈ ਕਿ ਅੱਜ ਆਮ ਆਦਮੀ ਪਾਰਟੀ ਦੀ ਕਾਰਵਾਈ ਸਭ ਤੋਂ ਜ਼ਿਆਦਾ ਜੇਲ੍ਹਾਂ ਦੇ ਅੰਦਰ ਹੋ ਰਹੀ ਹੈ ਤਾਂ ਕਿ ਇਨ੍ਹਾਂ ਦੇ ਨੈੱਟਵਰਕ ਨੂੰ ਖ਼ਤਮ ਕੀਤਾ ਜਾ ਸਕੇ। ਸੁਰਿੰਦਰ ਸਿੰਘ ਸੋਢੀ ਮੁਤਾਬਕ ਪੰਜਾਬ ਵਿੱਚ ਪੁਲਿਸ ਆਪਣਾ ਕੰਮ ਕਰ ਰਹੀ ਹੈ।

ਭਾਜਪਾ ਦੇ ਆਪ ’ਤੇ ਸਵਾਲ: ਜਲੰਧਰ ਵਿਖੇ ਭਾਰਤੀ ਜਨਤਾ ਪਾਰਟੀ ਦੀ ਆਗੂ ਕਿੱਟੂ ਗਰੇਵਾਲ ਦਾ ਕਹਿਣਾ ਹੈ ਕਿ ਪੰਜਾਬ ਵਿੱਚ ਗੈਂਗਸਟਰਵਾਦ ਇਸ ਕਰਕੇ ਵਧ ਰਿਹਾ ਹੈ ਕਿਉਂਕਿ ਪੰਜਾਬ ਦੀ ਸਰਕਾਰ ਯੂ ਪੀ ਸਰਕਾਰ ਦੀ ਤਰ੍ਹਾਂ ਇੰਨ੍ਹਾਂ ਉਪਰ ਪੂਰੀ ਸਖ਼ਤੀ ਨਹੀਂ ਕਰ ਪਾ ਰਹੀ। ਉਨ੍ਹਾਂ ਦਾ ਕਹਿਣਾ ਹੈ ਕਿ ਅੱਜ ਪੰਜਾਬ ਵਿੱਚ ਜੇਲ੍ਹਾਂ ਦੇ ਅੰਦਰੋਂ ਗੈਂਗਸਟਰ ਆਪਣੇ ਨੈੱਟਵਰਕ ਨੂੰ ਆਪਰੇਟ ਕਰ ਰਹੇ ਹਨ ਜਦਕਿ ਜੇ ਪੰਜਾਬ ਸਰਕਾਰ ਜਿੰਨ੍ਹਾਂ ’ਤੇ ਸਹੀ ਸਖ਼ਤੀ ਕਰੇ ਤਾਂ ਅੱਧੇ ਨਾਲੋਂ ਜ਼ਿਆਦਾ ਕੰਮ ਇੱਥੇ ਹੀ ਖ਼ਤਮ ਹੋ ਸਕਦਾ ਹੈ ਪਰ ਜੇਲ੍ਹਾਂ ਵਿੱਚ ਗੈਂਗਸਟਰ ਸ਼ਰ੍ਹੇਆਮ ਮੋਬਾਇਲਾਂ ’ਤੇ ਨਾ ਸਿਰਫ ਪੰਜਾਬ ਬਲਕਿ ਵਿਦੇਸ਼ਾਂ ਵਿੱਚ ਬੈਠੇ ਆਪਣੇ ਸਾਥੀਆਂ ਨਾਲ ਗੱਲਾਂ ਕਰਦਿਆਂ ਪਲਾਨਿੰਗ ਕਰਦੇ ਹੋਏ ਨਜ਼ਰ ਆਉਂਦੇ ਹਨ। ਉਨ੍ਹਾਂ ਕਿਹਾ ਕਿ ਗੈਂਗਸਟਰ ਕੋਈ ਜਨਮ ਤੋਂ ਹੀ ਨਹੀਂ ਬਣਦਾ ਬਲਕਿ ਸਮਾਜ ਉਸ ਨੂੰ ਇਹ ਕੰਮ ਕਰਨ ’ਤੇ ਮਜਬੂਰ ਕਰਦਾ ਹੈ। ਇਸ ਲਈ ਜ਼ਰੂਰੀ ਹੈ ਕਿ ਸਰਕਾਰ ਨੌਜਵਾਨਾਂ ਦੀ ਸੇਧ ਦੇ ਕੇ ਉਨ੍ਹਾਂ ਨੂੰ ਨੌਕਰੀਆਂ ਦਿੱਤੀਆਂ ਜਾਣ।

ਇਹ ਵੀ ਪੜ੍ਹੋ: ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਅਸਲਾ ਐਕਟ ਮਾਮਲੇ 'ਚ ਪਟਿਆਲਾ ਹਾਊਸ ਕੋਰਟ 'ਚ ਕੀਤਾ ਗਿਆ ਪੇਸ਼

Last Updated :Jun 10, 2022, 8:36 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.