ETV Bharat / state

ਫ਼ਰੀਦਕੋਟ 'ਚ ਜਨਤਕ ਪਖਾਨਿਆਂ ਨੂੰ ਲੱਗੇ ਤਾਲੇ, ਲੋਕਾਂ 'ਚ ਰੋਸ

author img

By

Published : Mar 18, 2020, 11:12 AM IST

ਐਮਪੀਲੈਡ ਸਕੀਮ ਤਹਿਤ ਬਣੇ ਜਨਤਕ ਪਖਾਨੇ ਨਗਰ ਕੌਂਸਲ ਵਲੋਂ ਬੰਦ ਕੀਤੇ ਜਾਣ ਦੇ ਵਿਰੋਧ ਵਿੱਚ ਫ਼ਰੀਦਕੋਟ ਤੋਂ ਸਾਬਕਾ ਮੈਂਬਰ ਪਾਰਲੀਮੈਂਟ ਪ੍ਰੋਫੈਸਰ ਸਾਧੂ ਸਿੰਘ ਨੇ ਸਾਥੀਆਂ ਸਣੇ ਫਰੀਦਕੋਟ ਦੇ ਭਾਈ ਘਨੱਈਆ ਜੀ ਚੌਂਕ ਵਿਚ ਬਣੇ ਜਨਤਕ ਪਖਾਨਿਆਂ ਦੇ ਬਾਹਰ ਧਰਨਾ ਦਿੱਤਾ।

ਫ਼ੋਟੋ।
ਫ਼ੋਟੋ।

ਫਰੀਦਕੋਟ: ਨਗਰ ਕੌਂਸਲ ਫਰੀਦਕੋਟ ਵਲੋਂ ਐਮਪੀਲੈਡ ਸਕੀਮ ਤਹਿਤ ਸ਼ਹਿਰ ਅੰਦਰ 5 ਜਨਤਕ ਥਾਵਾਂ ਉੱਤੇ ਖੋਲ੍ਹੇ ਗਏ ਪਖਾਨੇ ਬੰਦ ਕੀਤੇ ਜਾਣ ਦੇ ਵਿਰੋਧ ਵਿਚ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਸਾਬਕਾ ਸੰਸਦ ਮੈਂਬਰ ਪ੍ਰੋ: ਸਾਧੂ ਸਿੰਘ ਨੇ ਆਪਣੇ ਸਾਥੀਆਂ ਸਮੇਤ ਇਨ੍ਹਾਂ ਬੰਦ ਪਏ ਜਨਤਕ ਪਖਾਨਿਆਂ ਦੇ ਬਾਹਰ ਧਰਨਾਂ ਦੇ ਕੇ ਇਨ੍ਹਾਂ ਨੂੰ ਆਮ ਪਬਲਿਕ ਲਈ ਖੋਲ੍ਹਣ ਦੀ ਮੰਗ ਕੀਤੀ। ਉਨ੍ਹਾਂ ਮੌਕੇ ਉੱਤੇ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਨੂੰ ਫੋਨ ਕਰਕੇ ਇਨ੍ਹਾਂ ਪਖਾਨਿਆਂ ਨੂੰ ਖੁਲਵਾਏ ਜਾਣ ਲਈ ਗੁਜ਼ਾਰਿਸ਼ ਕੀਤੀ।

ਵੇਖੋ ਵੀਡੀਓ

ਇਸ ਮੌਕੇ ਗੱਲਬਾਤ ਕਰਦਿਆਂ ਆਮ ਆਦਮੀਂ ਪਾਰਟੀ ਦੇ ਆਗੂ ਗੁਰਦਿੱਤ ਸਿੰਘ ਨੇ ਦੱਸਿਆ ਕਿ ਫਰੀਦਕੋਟ ਵਿਚ ਆਪਣੀ ਟਰਮ ਦੌਰਾਨ ਸਾਬਕਾ ਸੰਸਦ ਮੈਂਬਰ ਪ੍ਰੋ: ਸਾਧੂ ਸਿੰਘ ਨੇ ਸ਼ਹਿਰ ਵਿਚ ਆਉਣ ਵਾਲੇ ਲੋਕਾਂ, ਖ਼ਾਸ ਕਰਕੇ ਔਰਤਾਂ ਅਤੇ ਬੱਚਿਆਂ ਦੀਆਂ ਲੋੜਾਂ ਨੂੰ ਮੁੱਖ ਰੱਖਦੇ ਹੋਏ ਸ਼ਹਿਰ ਦੇ 5 ਜਨਤਕ ਥਾਵਾਂ ਉੱਤੇ ਪਖਾਨਿਆਂ ਦੀ ਉਸਾਰੀ ਕਰਵਾਈ ਸੀ ਤਾਂ ਜੋ ਲੋਕਾਂ ਨੂੰ ਸਹੂਲਤ ਮਿਲ ਸਕੇ ਪਰ ਬੀਤੇ ਕੁਝ ਸਮੇਂ ਤੋਂ ਇਹ ਪਖਾਨੇ ਬੰਦ ਪਏ ਹਨ।

ਉਨ੍ਹਾਂ ਦੱਸਿਆ ਕਿ ਇਨ੍ਹਾਂ ਪਖਾਨਿਆਂ ਨੂੰ ਚਾਲੂ ਕਰਵਾਉਣ ਲਈ ਉਨ੍ਹਾਂ ਕਈ ਵਾਰ ਜਿਲ੍ਹਾ ਪ੍ਰਸ਼ਾਸ਼ਨ ਅਤੇ ਨਗਰ ਕੌਂਸਲ ਪ੍ਰਸ਼ਾਸ਼ਨ ਨੂੰ ਕਿਹਾ ਪਰ ਹਾਲੇ ਤੱਕ ਇਹ ਪਖਾਨੇ ਖੋਲ੍ਹੇ ਨਹੀਂ ਗਏ ਜਿਸ ਕਾਰਨ ਪ੍ਰੋ: ਸਾਧੂ ਸਿੰਘ ਦੇ ਅਗਵਾਈ ਹੇਠ ਧਰਨਾ ਲਗਾਇਆ ਗਿਆ ਹੈ ਤਾਂ ਜੋ ਲੋਕਾਂ ਨੂੰ ਦਿੱਤੀ ਗਈ ਸਹੂਲਤ ਦੁਬਾਰਾ ਮਿਲ ਸਕੇ।

ਸਾਬਕਾ ਸੰਸਦ ਮੈਂਬਰ ਪ੍ਰੋ: ਸਾਧੂ ਸਿੰਘ ਨੇ ਕਿਹਾ ਕਿ ਸਰਕਾਰਾਂ ਧਰਨਿਆਂ ਨਾਲ ਚਲਦੀਆਂ ਹਨ, ਜਦ ਤਕ ਧਰਨਾਂ ਨਹੀਂ ਲਗਾਇਆ ਜਾਂਦਾ ਸਰਕਾਰਾਂ ਕੋਈ ਕੰਮ ਨਹੀਂ ਕਰਦੀਆਂ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਆਪਣੀ ਟਰਮ ਦੌਰਾਨ ਲੋਕਾਂ ਦੀ ਮੰਗ ਉੱਤੇ ਸ਼ਹਿਰ ਅੰਦਰ ਜਨਤਕ ਪਖਾਨੇ ਬਣਵਾਏ ਸਨ ਤਾਂ ਜੋ ਔਰਤਾਂ ਅਤੇ ਬੱਚਿਆਂ ਨੂੰ ਸਹੂਲਤ ਮਿਲ ਸਕੇ ਪਰ ਨਗਰ ਕੌਂਸਲ ਨੇ ਇਨ੍ਹਾਂ ਨੂੰ ਬੰਦ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਜਦੋਂ ਤਕ ਇਹ ਜਨਤਕ ਪਖਾਨੇ ਚਾਲੂ ਨਹੀਂ ਕੀਤੇ ਜਾਂਦੇ ਉਨ੍ਹਾਂ ਦਾ ਸੰਘਰਸ਼ ਜਾਰੀ ਰਹੇਗਾ।

ETV Bharat Logo

Copyright © 2024 Ushodaya Enterprises Pvt. Ltd., All Rights Reserved.