ETV Bharat / state

AIDS in Punjab: ਪੰਜਾਬ ਵਿੱਚ ਕਿਥੋਂ ਆਇਆ ਏਡਜ਼ ? 10 ਹਜ਼ਾਰ ਤੋਂ ਜ਼ਿਆਦਾ ਪੰਜਾਬੀ ਪੀੜਤ, ਖ਼ਾਸ ਰਿਪੋਰਟ

author img

By

Published : Mar 21, 2023, 8:14 AM IST

ਪੰਜਾਬ 'ਚ ਏਡਜ ਦੀ ਸਮੱਸਿਆ ਵਧ ਰਹੀ ਹੈ। ਮਾਹਰ ਨੇ ਇਸ ਦੇ ਮੁੱਖ ਕਾਰਨ ਦੱਸੇ ਹਨ ਇਸ ਦੇ ਨਾਲ ਹੀ ਉਨ੍ਹਾਂ ਏਡਜ਼ ਦੇ ਮਰੀਜ਼ਾ ਬਾਰੇ ਹੈਰਾਨ ਕਰਨ ਵਾਲੇ ਖੁਲਾਸੇ ਕਰੇ ਹਨ। ਉਨ੍ਹਾ ਦੱਸਿਆ ਕਿ ਏਡਜ਼ ਦਾ ਇਲਾਜ ਸੰਭਵ ਹੈ...

ਪੰਜਾਬ ਵਿਚ ਕਿਥੋਂ ਆਇਆ ਏਡਜ਼
AIDS in Punjab

ਪੰਜਾਬ ਵਿੱਚ ਕਿਥੋਂ ਆਇਆ ਏਡਜ਼

ਚੰਡੀਗੜ੍ਹ: ਏਡਜ਼ ਅਜਿਹੀ ਬਿਮਾਰੀ ਹੈ ਜਿਸ ਦੀ ਜਾਗਰੂਕਤਾ ਲਈ ਹੁਣ ਤੱਕ ਸਭ ਤੋਂ ਜ਼ਿਆਦਾ ਜਾਗਰੂਕਤਾ ਅਭਿਆਨ ਚਲਾਏ ਗਏ। ਸਕੂਲਾਂ ਦੇ ਵਿਦਿਆਰਥੀਆਂ ਤੋਂ ਲੈ ਕੇ ਕਾਲਜਾਂ ਤੱਕ ਸਭ ਨੂੰ ਜਾਗਰੂਕ ਕੀਤਾ ਜਾਂਦਾ ਰਿਹਾ ਹੈ। ਅਜਿਹੀ ਸਥਿਤੀ ਵਿਚ ਵੀ ਪੰਜਾਬ ਵਿਚ ਏਡਜ਼ ਦੇ ਮਰੀਜ਼ ਲਗਾਤਾਰ ਵੱਧ ਰਹੇ ਹਨ। ਪੰਜਾਬ ਦੇ ਸਿਹਤ ਮੰਤਰੀ ਡਾਕਟਰ ਬਲਬੀਰ ਵੱਲੋਂ ਵਿਧਾਨ ਸਭਾ ਵਿਚ ਖੁਦ ਇਹ ਅੰਕੜੇ ਸਾਂਝੇ ਕੀਤੇ ਗਏ। ਜਿਹਨਾਂ ਨੂੰ ਸੁਣਕੇ ਸਭ ਹੱਕੇ ਬੱਕੇ ਰਹਿ ਗਏ।

ਪੰਜਾਬ ਨੂੰ ਇਸ ਸਮੇਂ ਕਈ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜਿਹਨਾਂ ਵਿਚੋਂ ਇਕ ਏਡਜ਼ ਵੀ ਹੁਣ ਪੰਜਾਬ ਲਈ ਇਕ ਵੱਡੀ ਚੁਣੌਤੀ ਬਣਕੇ ਉੱਭਰ ਰਿਹਾ ਹੈ। ਪੰਜਾਬ ਵਿਚੋਂ ਏਡਜ਼ ਦੇ ਜੋ ਅੰਕੜੇ ਸਾਹਮਣੇ ਆ ਰਹੇ ਹਨ ਉਹ ਹੈਰਾਨ ਅਤੇ ਪ੍ਰੇਸ਼ਾਨ ਕਰਨ ਵਾਲੇ ਹਨ। ਪਿਛਲੇ 1 ਸਾਲ ਦੌਰਾਨ ਪੰਜਾਬ ਵਿਚ 10 ਹਜ਼ਾਰ ਤੋਂ ਜ਼ਿਆਦਾ ਏਡਜ਼ ਦੇ ਮਾਮਲੇ ਸਾਹਮਣੇ ਆਏ ਜਿਹਨਾਂ ਵਿਚੋਂ 88 ਮਰੀਜ਼ ਉਹ ਹਨ ਜਿਹਨਾਂ ਦੀ ਉਮਰ 15 ਸਾਲ ਤੋਂ ਵੀ ਘੱਟ ਹੈ। ਏਡਜ਼ ਅਜਿਹੀ ਬਿਮਾਰੀ ਹੈ।

ਪੰਜਾਬ ਵਿਚ ਏਡਜ਼ ਦੇ ਕੁੱਲ ਮਰੀਜ਼ 10,109: ਜ਼ਰਾ ਅੰਕੜਿਆਂ 'ਤੇ ਝਾਤ ਮਾਰੀਏ ਤਾਂ ਪੰਜਾਬ ਦਾ ਮਾਨਚੈਸਟਰ ਕਹੇ ਜਾਣ ਵਾਲੇ ਸ਼ਹਿਰ ਲੁਧਿਆਣਾ ਵਿਚ ਸਭ ਤੋਂ ਜ਼ਿਆਦਾ ਏਡਜ਼ ਦੇ ਮਰੀਜ਼ ਹਨ। ਜਿਹਨਾਂ ਦੀ ਗਿਣਤੀ 1800 ਦੇ ਕਰੀਬ ਹੈ। ਦੂਜਾ ਨੰਬਰ ਆਉਂਦਾ ਹੈ ਝੀਲਾਂ ਦੇ ਸ਼ਹਿਰ ਬਠਿੰਡੇ ਦਾ ਜਿਥੇ 1544 ਏਡਜ਼ ਦੇ ਮਰੀਜ਼ ਰਿਪੋਰਟ ਕੀਤੇ ਗਏ। ਗੁਰੂ ਕੀ ਨਗਰੀ ਕਿਹਾ ਜਾਣ ਵਾਲਾ ਧਾਰਮਿਕ ਸ਼ਹਿਰ ਅੰਮ੍ਰਿਤਸਰ ਵੀ ਏਡਜ਼ ਦੀ ਚਪੇਟ ਵਿਚ ਆਉਣ ਤੋਂ ਵਾਂਝਾ ਨਹੀਂ ਰਹਿ ਸਕਿਆ। ਅੰਮ੍ਰਿਤਸਰ ਵਿਚ 836 ਏਡਜ਼ ਦੇ ਪਾਜੀਟਿਵ ਮਰੀਜ਼ ਮਿਲੇ। ਇਸਦੇ ਨਾਲ ਹੀ ਫਰੀਦਕੋਟ 'ਚ 708, ਪਟਿਆਲਾ ਵਿਚ ਵੀ ਏਡਜ਼ ਦੇ 795 ਕੇਸ ਅਤੇ ਤਰਨਤਾਰਨ ਵਿਚ 520 ਏਡਜ਼ ਦੇ ਮਰੀਜ਼ ਹਨ।

15 ਸਾਲ ਤੋ ਘੱਟ ਉਮਰ ਦੇ ਮਰੀਜ : ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਇਹਨਾਂ ਵਿਚੋਂ 88 ਬੱਚੇ ਵੀ ਏਡਜ਼ ਦੇ ਮਰੀਜ਼ ਹਨ। ਜੋ ਅੰਕੜੇ ਪੰਜਾਬ ਦੇ ਸਿਹਤ ਵਿਭਾਗ ਵੱਲੋਂ ਸਾਂਝੇ ਕੀਤੇ ਗਏ ਉਹਨਾਂ ਅਨੁਸਾਰ ਇਕੱਲੇ ਮਰਦ ਹੀ ਏਡਜ਼ ਦਾ ਸ਼ਿਕਾਰ ਨਹੀਂ ਬਲਕਿ 10 ਹਜ਼ਾਰ ਵਿਚੋਂ 1847 ਔਰਤਾਂ ਅਜਿਹੀਆਂ ਹਨ ਜੋ ਏਡਜ਼ ਦਾ ਸ਼ਿਕਾਰ ਹਨ। 88 ਬੱਚੇ ਜਿਹਨਾਂ ਨੂੰ ਏਡਜ਼ ਹੈ ਉਹਨਾਂ ਵਿਚ 58 ਲੜਕੇ ਅਤੇ 32 ਲੜਕੀਆਂ ਹਨ ਜਿਹਨਾਂ ਦੀ ਉਮਰ 15 ਸਾਲ ਤੋਂ ਘੱਟ ਹੈ। ਇਹ ਅੰਕੜੇ ਸਾਲ 2022 ਤੋਂ ਜਨਵਰੀ 2023 ਤੱਕ ਦੇ ਹਨ।

ਪੰਜਾਬ ਵਿਚ ਏਡਜ਼ ਪਸਾਰ ਰਿਹਾ ਪੈਰ? ਪੰਜਾਬ 'ਚ ਏਡਜ਼ ਦੇ ਜੋ ਹਲਾਤ ਹਨ ਉਹ ਅੰਕੜੇ ਤਾਂ ਸਭ ਦੇ ਸਾਹਮਣੇ ਆ ਗਏ ਹੁਣ ਸਵਾਲ ਇਹ ਹੈ ਕਿ ਏਡਜ਼ ਦੀ ਅਲਾਮਤ ਨੇ ਆਖਿਰ ਪੰਜਾਬੀਆਂ ਨੂੰ ਕਿਵੇਂ ਜਕੜਿਆ? ਤਾਂ ਮਾਹਿਰ ਇੰਡਸ ਹਸਪਤਾਲ ਮੁਹਾਲੀ ਦੇ ਡਾਕਟਰ ਪੰਕਜ ਕੁਮਾਰ ਦੱਸਦੇ ਹਨ ਕਿ ਵੈਸੇ ਤਾਂ ਏਡਜ਼ ਫੈਲਣ ਦੇ ਕਈ ਕਾਰਨ ਹਨ ਪਰ ਸਭ ਤੋਂ ਵੱਡਾ ਕਾਰਨ ਹੈ ਨਸ਼ੇ ਲਈ ਇਕੋ ਸਰਿੰਜ ਨੂੰ ਕਈ ਵਿਅਕਤੀਆਂ ਵੱਲੋਂ ਇਸਤੇਮਾਲ ਕੀਤਾ ਜਾਣਾ। ਦੂਜਾ ਕਾਰਨ ਇਕ ਤੋਂ ਜ਼ਿਆਦਾ ਵਿਅਕਤੀਆਂ ਨਾਲ ਬਿਨ੍ਹਾਂ ਸੁਰੱਖਿਆ ਤੋਂ ਸਰੀਰਕ ਸਬੰਧ ਬਣਾਉਣਾ, ਗਰਭ ਅਵਸਥਾ ਦੌਰਾਨ ਮਾਂ ਤੋਂ ਬੱਚੇ ਨੂੰ ਏਡਜ਼ ਹੋਣਾ ਇਹ ਮੁੱਖ ਕਾਰਨ ਹਨ।

ਨਸ਼ਿਆਂ ਕਾਰਨ ਫੈਲਿਆ ਏਡਜ਼: ਪੰਜਾਬ ਵਿਚ ਏਡਜ਼ ਦੇ ਕੇਸਾਂ ਦੇ ਜੋ ਅੰਕੜੇ ਸਾਹਮਣੇ ਆਏ ਇਹਨਾਂ ਨੂੰ ਨਸ਼ਿਆਂ ਨਾਲ ਪੈਦਾ ਹੋਈ ਅਲਾਮਤ ਵਜੋਂ ਵੀ ਵੇਖਿਆ ਜਾ ਸਕਦਾ ਹੈ। ਕਿਉਂਕਿ ਨਸ਼ਿਆਂ ਨਾਲ ਇਸਦਾ ਸਿੱਧਾ ਸਬੰਧ ਵੀ ਜੋੜਿਆ ਜਾ ਸਕਦਾ ਹੈ। ਪੰਜਾਬ ਵਿਚ ਨਸ਼ਾ ਵੱਡੀ ਸਮੱਸਿਆ ਹੈ ਅਤੇ ਨਸ਼ਿਆਂ ਲਈ ਇਕ ਸਰਿੰਜ ਨੂੰ ਵਾਰ ਵਾਰ ਇਸਤੇਮਾਲ ਕਰਨਾ ਇਸਦਾ ਵੱਡਾ ਕਾਰਨ ਮੰਨਿਆ ਜਾ ਸਕਦਾ ਹੈ। ਤ੍ਰਾਸਦੀ ਤਾਂ ਇਹ ਵੀ ਹੈ ਕਿ ਛੋਟੀ ਉਮਰ ਦੇ ਬੱਚੇ ਵੀ ਨਸ਼ਿਆਂ ਦਾ ਸ਼ਿਕਾਰ ਹਨ।

ਹੁਣ ਏਡਜ਼ ਦਾ ਇਲਾਜ ਸੰਭਵ ਹੈ: ਡਾ. ਪੰਕਜ ਕੁਮਾਰ ਦਾ ਦਾਅਵਾ ਹੈ ਕਿ ਪਹਿਲਾਂ ਏਡਜ਼ ਨੂੰ ਲਾ ਇਲਾਜ ਬਿਮਾਰੀ ਮੰਨਿਆਂ ਜਾਂਦਾ ਸੀ ਪਰ ਹੁਣ ਏਆਰਟੀ ਤਕਨੀਕ ਦੇ ਨਾਲ ਇਸਦਾ ਇਲਾਜ ਕੀਤਾ ਜਾ ਸਕਦਾ ਹੈ। ਨਵ ਜੰਮੇ ਬੱਚੇ ਨੂੰ 6 ਹਫ਼ਤਿਆਂ ਤੱਕ ਏਡਜ਼ ਮੁਕਤ ਰੱਖਣ ਲਈ ਡੋਜ਼ ਦਿੱਤੀ ਜਾਂਦੀ ਹੈ। ਨਸ਼ਿਆਂ ਤੋਂ ਇਲਾਵਾ ਹੋਰ ਵੀ ਕਈ ਕਾਰਨਾਂ ਕਰਕੇ ਏਡਜ਼ ਹੋ ਸਕਦੀ ਹੈ ਜਿਵੇਂ ਏਡਜ਼ ਨਾਲ ਪੀੜਤ ਵਿਅਕਤੀ ਦਾ ਖੂਨ ਚੜਾਉਣਾ,ਪੰਜਾਬ ਵਿਚ ਏਡਜ਼ ਦੇ ਕਈ ਕੇਸ ਇਹਨਾਂ ਕਾਰਨਾਂ ਕਰਕੇ ਵੀ ਆਏ ਹੋ ਸਕਦੇ ਹਨ। ਬੱਚਿਆਂ ਦੇ ਮਾਮਲੇ ਵਿਚ ਕਈ ਕੇਸ ਅਜਿਹੇ ਵੀ ਹੋ ਸਕਦੇ ਹਨ ਜਿਹਨਾਂ ਨੂੰ ਮਾਂ ਦੀ ਗਰਭ ਅਵਸਥਾ ਦੌਰਾਨ ਏਡਜ਼ ਹੋਈ ਹੋਵੇ।

ਇਹ ਵੀ ਪੜ੍ਹੋ:- Bali Case Bathinda: ਮਾਸੂਮ ਭੈਣ ਭਰਾ ਦੀ ਬਲੀ ਦੇਣ ਵਾਲੇ 7 ਲੋਕਾਂ ਨੂੰ ਅਦਾਲਤ ਨੇ ਦਿੱਤਾ ਦੋਸ਼ੀ ਕਰਾਰ, ਇਨਸਾਫ ਲਈ ਕਮੇਟੀ ਕੀਤੀ ਇਹ ਮੰਗ

ETV Bharat Logo

Copyright © 2024 Ushodaya Enterprises Pvt. Ltd., All Rights Reserved.