ETV Bharat / state

ਵਿਕਰਮਜੀਤ ਸਾਹਨੀ ਨੇ ਚੁੱਕਿਆ ਬੰਦੀ ਸਿੰਘਾਂ ਦਾ ਮੁੱਦਾ,ਕਿਹਾ-ਰਿਹਾਈ ਨਾ ਹੋਣਾ ਭਾਰਤ ਦੀ ਕਾਨੂੰਨ ਵਿਵਸਥਾ 'ਤੇ ਵੱਡਾ ਸਵਾਲ,ਪੀਐੱਮ ਅਤੇ ਗ੍ਰਹਿ ਮੰਤਰੀ ਦੇਣ ਧਿਆਨ

author img

By ETV Bharat Punjabi Team

Published : Dec 9, 2023, 9:13 AM IST

ਸੰਸਦ ਭਵਨ ਵਿੱਚ ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਵਿਕਰਮਜੀਤ ਸਿੰਘ ਸਾਹਨੀ (Rajya Sabha member Vikramjit Singh Sahni) ਨੇ ਬੰਦੀ ਸਿੰਘਾਂ ਦੀ ਰਿਹਾਈ ਦਾ ਮੁੱਦਾ ਚੁੱਕਿਆ। ਉਨ੍ਹਾਂ ਕਿਹਾ ਕਿ ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਨੂੰ ਰਿਹਾਈ ਨਾ ਮਿਲਣਾ ਭਾਰਤ ਦੀ ਕਾਨੂੰਨ ਵਿਵਸਥਾ ਉੱਤੇ ਵੱਡੇ ਸ਼ੰਕੇ ਖੜ੍ਹੇ ਕਰਦਾ ਹੈ।

The Rajya Sabha member of AAP raised the issue of release of Bandi Singhs in Parliament
ਵਿਕਰਮਜੀਤ ਸਾਹਨੀ ਨੇ ਚੁੱਕਿਆ ਬੰਦੀ ਸਿੰਘਾਂ ਦਾ ਮੁੱਦਾ,ਕਿਹਾ-ਰਿਹਾਈ ਨਾ ਹੋਣਾ ਭਾਰਤ ਦੀ ਕਾਨੂੰਨ ਵਿਵਸਥਾ 'ਤੇ ਵੱਡਾ ਸਵਾਲ,ਪੀਐੱਮ ਅਤੇ ਗ੍ਰਹਿ ਮੰਤਰੀ ਦੇਣ ਧਿਆਨ

'ਭਾਰਤ ਦੀ ਕਾਨੂੰਨ ਵਿਵਸਥਾ 'ਤੇ ਵੱਡਾ ਸਵਾਲ'

ਚੰਡੀਗੜ੍ਹ: ਪੰਜਾਬ ਵਿੱਚ ਲੰਮੇਂ ਸਮੇਂ ਤੋਂ ਧਾਰਮਿਕ ਅਤੇ ਸਿਆਸੀ ਮੁੱਦਾ ਬਣੇ ਬੰਦੀ ਸਿੰਘਾਂ ਦੀ ਰਿਹਾਈ (Release of captive Singhs) ਦੇ ਮਸਲੇ ਦੀ ਗੂੰਜ ਹੁਣ ਸੰਸਦ ਭਵਨ ਵਿੱਚ ਸੁਣਾਈ ਦਿੱਤੀ ਹੈ। ਦਰਅਸਲ ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਵਿਕਰਮਜੀਤ ਸਿੰਘ ਸਾਹਨੀ ਨੇ ਸੰਸਦ ਵਿੱਚ ਕਿਹਾ ਕਿ ਜੇਕਰ ਕੋਈ ਸ਼ਖ਼ਸ ਆਪਣੀ ਬਣਦੀ ਸਜ਼ਾ ਪੂਰੀ ਕਰ ਚੁੱਕਿਆ ਹੈ ਤਾਂ ਉਸ ਨੂੰ ਜੇਲ੍ਹ ਵਿੱਚ ਡੱਕ ਕੇ ਰੱਖਣਾ ਮਨੁੱਖੀ ਅਧਿਕਾਰਾਂ ਦਾ ਸ਼ਰੇਆਮ ਘਾਣ ਹੈ ਅਤੇ ਅਜਿਹਾ ਹੀ ਬੰਦੀ ਸਿੰਘਾਂ ਨਾਲ ਹੋ ਰਿਹਾ ਹੈ।

ਕੋਝੇ ਅਪਰਾਧੀਆਂ ਨੂੰ ਮਿਲ ਰਹੀ ਹੈ ਜ਼ਮਾਨਤ ਅਤੇ ਪੈਰੋਲ: ਵਿਕਰਮਜੀਤ ਸਾਹਨੀ ਨੇ ਕਿਹਾ ਕਿ ਘਿਨਾਉਣੇ ਅਪਰਾਧ ਕਰਨ ਵਾਲਿਆਂ ਨੂੰ ਵੀ ਸਮੇਂ-ਸਮੇਂ 'ਤੇ ਪੈਰੋਲ ਦਿੱਤੀ ਜਾਂਦੀ ਹੈ। ਨਿਮਰਤਾ ਸਹਿਤ ਬੇਨਤੀ ਹੈ ਕਿ ਇਸ ਮਾਮਲੇ ਵਿੱਚ ਕੌਮੀ ਪੈਰਾਮੀਟਰ ਨੀਤੀ (National parameters policy) ਹੋਣੀ ਚਾਹੀਦੀ ਹੈ। ਭਾਰਤ ਵੱਖ-ਵੱਖ ਸੂਬਿਆਂ ਦਾ ਬਣਿਆ ਦੇਸ਼ ਹੈ, ਅਜਿਹੇ 'ਚ ਸੂਬਿਆਂ 'ਚ ਵੱਖ-ਵੱਖ ਨੀਤੀਆਂ ਨਹੀਂ ਹੋ ਸਕਦੀਆਂ ਕਿ ਕੋਈ ਵੀ ਘਿਨੌਣਾ ਅਪਰਾਧ ਕਰਨ 'ਤੇ 15 ਸਾਲ ਦੇ ਅੰਦਰ ਅਦਾਲਤ 'ਚ ਸਜ਼ਾ ਮੁਆਫ਼ ਹੋ ਜਾਵੇ। ਪ੍ਰੀ-ਮੈਚਿਓਰ ਰੀਲੀਜ਼ ਬਾਰੇ ਫੈਸਲਾ ਕਰਦੇ ਸਮੇਂ ਸਹਿ-ਸਮਾਨਤਾ ਬਣਾਈ ਰੱਖਣਾ ਮਹੱਤਵਪੂਰਨ ਹੈ। ਉਨ੍ਹਾਂ ਕਿਹਾ ਕਿ ਬਿਲਕਿਸ ਬਾਨੋ ਨਾਲ ਜ਼ਬਰ-ਜਨਾਹ ਕਰਨ ਵਾਲੇ ਮੁਲਜ਼ਮਾਂ ਨੂੰ ਰਿਹਾਈ ਦੇ ਦਿੱਤੀ ਗਈ ਅਤੇ ਰਾਜੀਵ ਗਾਂਧੀ ਦੇ ਕਾਤਲਾਂ ਨੂੰ ਵੀ ਛੱਡ ਦਿੱਤਾ ਗਿਆ ਪਰ ਬੰਦੀ ਸਿੰਘਾਂ ਦੇ ਸਮੇਂ ਪੱਖਪਾਤ ਕੀਤਾ ਜਾ ਰਿਹਾ ਹੈ।

ਖਰਾਬ ਮਾਨਸਿਕ ਸਹਿਤ ਦਾ ਦਿੱਤਾ ਹਵਾਲਾ: ਸਾਹਨੀ ਨੇ ਅੱਗੇ ਕਿਹਾ ਕਿ ਲਗਭਗ ਤਿੰਨ ਦਹਾਕਿਆਂ ਤੋਂ ਦੇਸ਼ ਦੀਆਂ ਵੱਖ-ਵੱਖ ਜੇਲ੍ਹਾਂ ਵਿੱਚ ਬੰਦ (Balwant Singh Rajoana) ਬਲਵੰਤ ਸਿੰਘ ਰਾਜੋਆਣਾ,ਪ੍ਰੋਫੈਸਰ ਭੁੱਲਰ,ਜਗਤਾਰ ਸਿੰਘ ਤਾਰਾ ਅਤੇ ਗੁਰਦੀਪ ਸਿੰਘ ਖੈਰਾ ਵਰਗੇ ਬੰਦੀ ਸਿੰਘ ਉਮਰਦਰਾਸ ਹੋਣ ਦੇ ਨਾਲ-ਨਾਲ ਮਾਨਸਿਕ ਤੌਰ ਉੱਤੇ ਵੀ ਬਿਮਾਰ ਹੋ ਚੁੱਕੇ ਹਨ। ਇਸ ਲਈ ਹੁਣ ਸਹੀ ਵਕਤ ਹੈ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਇਸ ਮਸਲੇ ਵੱਲ ਧਿਆਨ ਦੇਣ ਅਤੇ ਉਚੇਚੇ ਤੌਰ ਉੱਤੇ ਮਾਮਲੇ ਦੇ ਹੱਲ ਲਈ ਹਾਈ ਪਾਵਰ ਕਮੇਟੀ ਬਣਾ ਕੇ ਬੰਦੀ ਸਿੰਘਾਂ ਨੂੰ ਰਿਹਾਅ ਕਰਨ ਤਾਂ ਜੋ ਦੇਸ਼ ਦੀ ਵੱਡੀ ਅਬਾਦੀ ਦਾ ਭਾਰਤੀ ਸੰਵਿਧਾਨ ਅਤੇ ਕਾਨੂੰਨ ਵਿੱਚ ਵਿਸ਼ਵਾਸ ਕਾਇਮ ਰਹਿ ਸਕੇ।

ਸਾਹਨੀ ਮੁਤਬਿਕ ਬੰਦੀ ਸਿੱਖਾਂ ਨੂੰ ਲੈ ਕੇ ਪੰਜਾਬ ਵਿੱਚ ਅੰਦੋਲਨ ਚੱਲ ਰਿਹਾ ਹੈ। ਪੰਜਾਬ ਦੀ ਸ਼ਾਂਤੀ ਅਤੇ ਸਦਭਾਵਨਾ ਲਈ ਜ਼ਰੂਰੀ ਹੈ ਕਿ 30-32 ਸਾਲ ਜੇਲ੍ਹਾਂ ਵਿੱਚ ਕੱਟ ਚੁੱਕੇ ਸਿੱਖ ਕੈਦੀਆਂ ਬਾਰੇ ਵਿਚਾਰ ਕੀਤਾ ਜਾਵੇ। ਜਦੋਂ ਕਿ ਇਨ੍ਹਾਂ ਵਿੱਚੋਂ ਬਹੁਤੇ ਮਾਨਸਿਕ ਅਤੇ ਸਰੀਰਕ ਬਿਮਾਰੀਆਂ ਦਾ ਸ਼ਿਕਾਰ ਹੋ ਚੁੱਕੇ ਹਨ। ਅਜਿਹੀ ਸਥਿਤੀ ਵਿੱਚ ਪੰਜਾਬ ਦੇ ਜ਼ਖਮਾਂ ਨੂੰ ਭਰਨ ਲਈ ਬੰਦੀ ਸਿੱਖਾਂ ਦੀ ਰਿਹਾਈ ਜ਼ਰੂਰੀ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.