ETV Bharat / state

ਖ਼ਾਲਸਾ ਏਡ ਦੇ ਦਫਤਰ 'ਤੇ ਰੇਡ ਦਾ ਸੁਨੀਲ ਜਾਖੜ ਨੇ ਜਤਾਇਆ ਵਿਰੋਧ, ਜਾਣੋ ਕੀ-ਕੀ ਕੰਮ ਕਰਦੀ ਹੈ ਖ਼ਾਲਸਾ ਏਡ...

author img

By

Published : Aug 3, 2023, 12:09 PM IST

NIA ਵਲੋਂ ਖ਼ਾਲਸਾ ਏਡ ਦੇ ਪੰਜਾਬ ਵਿਚਲੇ ਦਫ਼ਤਰਾਂ 'ਚ ਛਾਪੇਮਾਰੀ ਕੀਤੀ ਗਈ, ਜਿਸ ਤੋਂ ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਨਾਖੁਸ਼ ਨਜ਼ਰ ਆਏ ਹਨ। ਜਿਸ ਦੇ ਚੱਲਦੇ ਉਨ੍ਹਾਂ ਇਸ ਰੇਡ ਨੂੰ ਲੈਕੇ ਸਵਾਲ ਚੁੱਕੇ ਹਨ।

NIA raid on Khalsa Aid office
NIA raid on Khalsa Aid office

ਚੰਡੀਗੜ੍ਹ : ਪੰਜਾਬ ਵਿੱਚ ਬੀਤੇ ਦਿਨੀਂ ਖ਼ਾਲਸਾ ਏਡ ਦੇ ਦਫਤਰ 'ਤੇ NIA ਵੱਲੋਂ ਰੇਡ ਕੀਤੀ ਗਈ, ਜਿਸ ਨੂੰ ਲੈਕੇ ਜਿਥੇ ਲੋਕਾਂ ਦੇ ਮਨਾਂ 'ਚ ਇਸ ਦਾ ਰੋਸ ਹੈ ਤਾਂ ਉਥੇ ਹੀ ਸਿਆਸੀ ਗਲਿਆਰਿਆਂ 'ਚ ਵੀ ਇਸ ਰੇਡ ਖਿਲਾਫ਼ ਆਵਾਜ਼ ਉਠੀ ਹੈ। ਉਧਰ ਪੰਜਾਬ ਭਾਜਪਾ ਦੇ ਨਵੇਂ ਬਣੇ ਪ੍ਰਧਾਨ ਸੁਨੀਲ ਜਾਖੜ ਨੇ ਵੀ ਪੰਜਾਬ 'ਚ ਖ਼ਾਲਸਾ ਏਡ ਦੇ ਦਫ਼ਤਰ 'ਚ NIA ਦੇ ਛਾਪਿਆਂ 'ਤੇ ਇਤਰਾਜ਼ ਜ਼ਾਹਿਰ ਕੀਤਾ ਹੈ।

ਸੁਨੀਲ ਜਾਖੜ ਨੇ ਕੀਤਾ ਵਿਰੋਧ: ਇਸ 'ਚ ਸੂਤਰਾਂ ਤੋਂ ਗੱਲ ਸਾਹਮਣੇ ਆ ਰਹੀ ਹੈ ਕਿ ਸੁਨੀਲ ਜਾਖੜ ਨੇ ਇਸ ਰੇਡ ਦਾ ਵਿਰੋਧ ਕਰਦਿਆਂ ਕਿਹਾ ਕਿ ਖ਼ਾਲਸਾ ਏਡ ਸਮਾਜ ਦੀ ਭਲਾਈ ਲਈ ਕੰਮ ਕਰਨ ਵਾਲੀ ਸੰਸਥਾ ਹੈ ਅਤੇ ਦੇਸ਼-ਵਿਦੇਸ਼ 'ਚ ਜਦੋਂ ਵੀ ਕੋਈ ਆਫ਼ਤ ਆਉਂਦੀ ਹੈ ਤਾਂ ਸਭ ਤੋਂ ਪਹਿਲਾਂ ਖ਼ਾਲਸਾ ਏਡ ਉੱਥੇ ਪਹੁੰਚਦੀ ਹੈ। ਇਸ ਲਈ ਖ਼ਾਲਸਾ ਏਡ ਦੇ ਦਫ਼ਤਰ 'ਤੇ NIA ਵੱਲੋਂ ਛਾਪੇਮਾਰੀ ਕਰਨਾ ਗਲਤ ਹੈ। ਇਸ ਦੇ ਨਾਲ ਹੀ ਇਹ ਗੱਲ ਵੀ ਸਾਹਮਣੇ ਆਈ ਹੈ ਕਿ ਸੁਨੀਲ ਜਾਖੜ ਵਲੋਂ ਬੀਤੇ ਦਿਨ ਦਿੱਲੀ ਦੇ ਸੰਸਦ ਭਵਨ 'ਚ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਵੀ ਕੀਤੀ ਗਈ ਸੀ।

ਖ਼ਾਲਸਾ ਏਡ ਪੰਜਾਬ ਇਕਾਈ ਦੇ ਆਗੂ ਦੇ ਘਰ ਰੇਡ: ਦੱਸ ਦੇਈਏ ਕਿ ਐੱਨ.ਆਈ.ਏ. ਦੀ ਟੀਮ ਨੇ ਖ਼ਾਲਸਾ ਏਡ ਦੇ ਮੁੱਖ ਦਫ਼ਤਰ ਵਿਖੇ ਛਾਪੇਮਾਰੀ ਕਰਕੇ ਕਈ ਘੰਟੇ ਜਾਂਚ ਕੀਤੀ। ਇਸ ਦੌਰਾਨ ਐੱਨ.ਆਈ.ਏ. ਦੀ ਟੀਮ ਵੱਲੋਂ ਖ਼ਾਲਸਾ ਏਡ ਪੰਜਾਬ ਇਕਾਈ ਦੇ ਆਗੂ ਅਮਰਪ੍ਰੀਤ ਸਿੰਘ ਦੇ ਘਰ 'ਚ ਵੀ ਛਾਪੇਮਾਰੀ ਕਰਕੇ ਕਈ ਘੰਟੇ ਪੁੱਛਗਿੱਛ ਕੀਤੀ ਸੀ। ਜਿਸ ਤੋਂ ਬਾਅਦ ਖ਼ਾਲਸਾ ਏਡ ਦੇ ਮੁਖੀ ਰਵੀ ਸਿੰਘ ਖਾਲਸਾ ਦਾ ਬਿਆਨ ਵੀ ਸਾਹਮਣੇ ਆਇਆ ਸੀ। ਜਿਸ 'ਚ ਉਨ੍ਹਾਂ ਦਾ ਕਹਿਣਾ ਸੀ ਕਿ ਉਹ ਤੁਰਕੀ ਵਿੱਚ ਸਨ ਜਦੋਂ ਉਨ੍ਹਾਂ ਨੂੰ ਪਤਾ ਲੱਗਿਆ ਕਿ ਐਨਆਈਏ ਵੱਲੋਂ ਖ਼ਾਲਸਾ ਏਡ ਦੇ ਦਫ਼ਤਰਾਂ ਸਮੇਤ ਪੰਜਾਬ ਵਿੱਚ ਕਈ ਥਾਵਾਂ ’ਤੇ ਛਾਪੇਮਾਰੀ ਕੀਤੀ ਹੈ।

ਰਵੀ ਸਿੰਘ ਖਾਲਸਾ ਨੇ ਚੁੱਕੇ ਸੀ ਸਵਾਲ: ਇਸ ਦੇ ਨਾਲ ਹੀ ਖ਼ਾਲਸਾ ਏਡ ਦੇ ਮੁਖੀ ਰਵੀ ਸਿੰਘ ਖਾਲਸਾ ਨੇ ਕਿਹਾ ਕਿ ਇੱਕ ਪਾਸੇ ਐਨਆਈਏ ਵੱਲੋਂ ਕਿਹਾ ਗਿਆ ਕਿ ਉਹ ਕਾਗਜ਼ੀ ਕਾਰਵਾਈਆਂ ਦੀ ਜਾਂਚ ਕਰ ਰਹੇ ਹਨ ਅਤੇ ਦੂਜੇ ਪਾਸੇ ਏਜੰਸੀ ਦੀ ਟੀਮ ਵੱਲੋਂ ਅਮਰਪ੍ਰੀਤ ਸਿੰਘ ਦੇ ਘਰ ਜਾ ਕੇ ਘਰ ਦੇ ਇੱਕ-ਇੱਕ ਕਮਰੇ ਦੀ ਤਲਾਸ਼ੀ ਲਈ ਗਈ ਤੇ ਪ੍ਰੇਸ਼ਾਨ ਕੀਤਾ ਗਿਆ। ਉਨ੍ਹਾਂ ਕਿਹਾ ਕਿ 10-15 ਤੋਂ ਅਫਸਰ ਤੇ ਪੁਲਿਸ ਅਧਿਕਾਰੀ ਜੇਕਰ ਸਵੇਰੇ 5 ਵਜੇ ਤੁਹਾਡਾ ਦਰਵਾਜ਼ਾ ਖੜਕਾਉਣ ਅਤੇ ਤੁਹਾਡੇ ਘਰ ਦੀ ਤਲਾਸ਼ੀ ਲੈਣ ਅਤੇ ਤੁਹਾਡੇ ਘਰ ਦੇ ਹਰੇਕ ਮੈਂਬਰ ਤੋਂ ਪੁੱਛਗਿੱਛ ਕਰਨ, ਤਾਂ ਤਸੁੀਂ ਕਿਵੇਂ ਦਾ ਮਹਿਸੂਸ ਕਰੋਗੇ? ਉਨ੍ਹਾਂ ਕਿਹਾ ਕਿ ਸਾਰੇ ਘਰ ਦੀ ਤਲਾਸ਼ੀ ਲੈਣ ਦੀ ਕੀ ਲੋੜ ਸੀ? ਰਵੀ ਸਿੰਘ ਖਾਲਸਾ ਨੇ ਕਿਹਾ ਕਿ ਇਹ ਸਿਰਫ਼ ਪੰਜਾਬ ਹੀ ਨਹੀਂ ਜਿੱਥੇ ਖ਼ਾਲਸਾ ਏਡ ਦੇ ਦਫਤਰਾਂ 'ਤੇ ਛਾਪੇਮਾਰੀ ਕੀਤੀ ਗਈ ਹੈ, ਸਗੋਂ ਕਈ ਹੋਰ ਥਾਵਾਂ 'ਤੇ ਵੀ ਛਾਪੇਮਾਰੀ ਕੀਤੀ ਗਈ ਹੈ।

ਰੇਡ ਨੂੰ ਲੈਕੇ NIA ਦਾ ਜਵਾਬ: ਦੱਸ ਦਈਏ ਕਿ NIA ਦਾ ਕਹਿਣਾ ਸੀ ਕਿ ਉਨ੍ਹਾਂ ਵੱਲੋਂ ਮੰਗਲਵਾਰ ਨੂੰ ਲੰਡਨ ਸਥਿਤ ਭਾਰਤੀ ਹਾਈ ਕਮਿਸ਼ਨ 'ਤੇ 19 ਮਾਰਚ ਨੂੰ ਹੋਏ ਹਮਲੇ ਦੇ ਪਿੱਛੇ ਦੀ ਸਾਜ਼ਿਸ਼ ਦਾ ਪਰਦਾਫਾਸ਼ ਕਰਨ ਅਤੇ ਵੱਖ-ਵੱਖ ਹਮਲਾਵਰਾਂ ਨੂੰ ਫੜਨ ਲਈ ਪੰਜਾਬ ਅਤੇ ਹਰਿਆਣਾ 'ਚ 31 ਟਿਕਾਣਿਆਂ 'ਤੇ ਛਾਪੇਮਾਰੀ ਕੀਤੀ ਗਈ ਸੀ। ਜਿਸ 'ਚ ਪੰਜਾਬ ਦੇ ਮੋਗਾ, ਬਰਨਾਲਾ, ਕਪੂਰਥਲਾ, ਜਲੰਧਰ, ਹੁਸ਼ਿਆਰਪੁਰ, ਤਰਨਤਾਰਨ, ਲੁਧਿਆਣਾ, ਗੁਰਦਾਸਪੁਰ, ਨਵਾਂਸ਼ਹਿਰ, ਅੰਮ੍ਰਿਤਸਰ, ਸ੍ਰੀ ਮੁਕਤਸਰ ਸਾਹਿਬ, ਸੰਗਰੂਰ, ਪਟਿਆਲਾ ਅਤੇ ਮੁਹਾਲੀ ਜ਼ਿਲ੍ਹੇ ਅਤੇ ਹਰਿਆਣਾ ਦੇ ਸਿਰਸਾ ਵਿੱਚ ਇਹ ਰੇਡ ਕੀਤੀ ਗਈ ਸੀ।

ਖ਼ਾਲਸਾ ਏਡ ਦੇ ਕੰਮ: ਜ਼ਿਕਰਯੋਗ ਹੈ ਕਿ ਖ਼ਾਲਸਾ ਏਡ ਪੂਰੇ ਵਿਸ਼ਵ ਭਰ 'ਚ ਸਮਾਜ ਭਲਾਈ ਦੇ ਕੰਮ ਕਰਦੀ ਹੈ। ਜਿਸ 'ਚ ਕਦੇ ਵੀ ਕਿਸੇ 'ਤੇ ਕੋਈ ਕੁਦਰਤੀ ਆਫ਼ਤ ਆਉਂਦੀ ਹੈ ਤਾਂ ਸਰਾਕਰਾਂ ਤੋਂ ਵੀ ਪਹਿਲਾਂ ਖ਼ਾਲਸਾ ਏਡ ਉਥੇ ਮਦਦ ਲਈ ਪਹੁੰਚ ਜਾਂਦੀ ਹੈ, ਉਹ ਭਾਵੇਂ ਕੋਈ ਵੀ ਦੇਸ਼ ਕਿਉਂ ਨਾ ਹੋਵੇ। ਇਸ 'ਚ ਖਾਸ ਗੱਲ ਹੈ ਕਿ ਖ਼ਾਲਸਾ ਏਡ ਵਲੋਂ ਬਿਨਾਂ ਕਿਸੇ ਭੇਦਭਾਵ ਤੇ ਰੰਗ ਨਸਲ ਦੇ ਹਰ ਇੱਕ ਵਿਅਕਤੀ ਦੀ ਬਰਾਬਰ ਮਦਦ ਕੀਤੀ ਜਾਂਦੀ ਹੈ। ਜਿਸ ਕਾਰਨ ਉਨ੍ਹਾਂ ਦੇ ਸਮਾਜ ਭਲਾਈ ਦੇ ਕੰਮਾਂ ਦਾ ਹਰ ਕੋਈ ਦੀਵਾਨਾ ਹੈ, ਪਰ NIA ਵਲੋਂ ਪੰਜਾਬ ਪੁਲਿਸ ਨੂੰ ਨਾਲ ਲੈਕੇ ਇਸ ਤਰਾਂ ਉਨ੍ਹਾਂ ਦੇ ਦਫ਼ਤਰਾਂ 'ਚ ਚੈਕਿੰਗ ਕਰਨਾ ਕਈ ਸਵਾਲ ਖੜੇ ਕਰਦਾ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.