ETV Bharat / state

ਪੰਜਾਬ ਵਿਧਾਨ ਸਭਾ ਸਪੀਕਰ ਸੰਧਵਾਂ ਨੇ ਥਾਪੜੀ ਚਾਂਦੀ ਤਗ਼ਮਾ ਜੇਤੂ ਵੇਟਲਿਫਟਰ ਦੀ ਪਿੱਠ, ਸ਼ਾਨਦਾਰ ਪ੍ਰਾਪਤੀ ਲਈ ਕੀਤੀ ਸ਼ਲਾਘਾ

author img

By

Published : Jul 19, 2023, 10:24 PM IST

ਕੁਲਤਾਰ ਸਿੰਘ ਸੰਧਵਾਂ ਨੇ ਕਾਮਨਵੈਲਥ ਵੇਟਲਿਫਟਿੰਗ ਚੈਂਪੀਅਨਸ਼ਿਪ-2023 ਵਿੱਚ ਨਾਮਣਾ ਖੱਟਣ ਲਈ ਅਮਰਜੀਤ ਗੁਰੂ ਦੀ ਪਿੱਠ ਥਾਪੜੀ। ਕੁਲਤਾਰ ਸਿੰਘ ਸੰਧਵਾਂ ਅਤੇ ਅਮਰਜੀਤ ਗੁਰੂ ਨੇ ਮੁਲਾਕਾਤ ਕੀਤੀ।

Punjab Vidhan Sabha Speaker Kultar Singh Sandhwa
Punjab Vidhan Sabha Speaker Kultar Singh Sandhwa

ਚੰਡੀਗੜ੍ਹ : ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਅੱਜ ਹਾਲ ਹੀ ਵਿੱਚ ਨੋਇਡਾ ਵਿਖੇ ਹੋਈ ਕਾਮਨਵੈਲਥ ਵੇਟਲਿਫਟਿੰਗ ਚੈਂਪੀਅਨਸ਼ਿਪ-2023 ਦੌਰਾਨ ਵੇਟਲਿਫਟਿੰਗ ’ਚ ਚਾਂਦੀ ਦਾ ਤਗ਼ਮਾ ਜਿੱਤਣ ਵਾਲੇ ਬੇਮਿਸਾਲ ਵੇਟਲਿਫਟਰ ਅਮਰਜੀਤ ਗੁਰੂ ਨਾਲ ਮੁਲਾਕਾਤ ਕੀਤੀ। ਪਿੰਡ ਗੁਣਾਚੌਰ (ਐਸ.ਬੀ.ਐਸ. ਨਗਰ) ਦੇ ਰਹਿਣ ਵਾਲੇ ਰਾਜ ਕੁਮਾਰ ਦੇ ਪੁੱਤਰ ਅਮਰਜੀਤ ਗੁਰੂ ਨੇ ਪਿਛਲੇ 13 ਸਾਲਾਂ ਤੋਂ ਵੇਟਲਿਫਟਿੰਗ ਦੇ ਖੇਤਰ ਵਿੱਚ ਪੂਰੀ ਲਗਨ ਤੇ ਹੁਨਰ ਸਦਕਾ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਆਪਣੀ ਸਖ਼ਤ ਮਿਹਨਤ ਅਤੇ ਕਾਮਯਾਬੀ ਦੇ ਨਵੇਂ ਦਿਸਹੱਦੇ ਛੋਹਣ ਦੀ ਨਿਰੰਤਰ ਕੋਸ਼ਿਸ਼ ਸਦਕਾ ਉਹ ਦੇਸ਼ ਦੇ ਸਿਖ਼ਰਲੇ ਵੇਟਲਿਫਟਰਾਂ ਵਿੱਚ ਇੱਕ ਮਾਣਮੱਤਾ ਸਥਾਨ ਪ੍ਰਾਪਤ ਕਰਨ ਵਿੱਚ ਸਫਲ ਰਿਹਾ ਹੈ।

ਸ਼ਾਨਦਾਰ ਪ੍ਰਾਪਤੀ ਲਈ ਸ਼ਲਾਘਾ ਕੀਤੀ: ਇੱਥੇ ਪੰਜਾਬ ਵਿਧਾਨ ਸਭਾ ਸਕੱਤਰੇਤ ਵਿਖੇ ਹੋਈ ਮੀਟਿੰਗ ਦੌਰਾਨ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਅਮਰਜੀਤ ਗੁਰੂ ਦੀ ਕਾਮਨਵੈਲਥ ਵੇਟਲਿਫਟਿੰਗ ਚੈਂਪੀਅਨਸ਼ਿਪ ਵਿੱਚ ਸ਼ਾਨਦਾਰ ਪ੍ਰਾਪਤੀ ਲਈ ਸ਼ਲਾਘਾ ਕੀਤੀ। ਉਨ੍ਹਾਂ ਅਮਰਜੀਤ ਗੁਰੂ ਦੀ ਖੇਡ ਪ੍ਰਤੀ ਵਚਨਬੱਧਤਾ ਦੀ ਸ਼ਲਾਘਾ ਕੀਤੀ ਅਤੇ ਪੰਜਾਬ ਦੇ ਇੱਕ ਮਿਹਨਤੀ ਨੌਜਵਾਨ ਅਥਲੀਟ ਨੂੰ ਰਾਸ਼ਟਰੀ ਪੱਧਰ ’ਤੇ ਚਮਕਦਾ ਦੇਖ ਕੇ ਮਾਣ ਪ੍ਰਗਟ ਕੀਤਾ।

ਗੱਲਬਾਤ ਦੌਰਾਨ ਸੰਧਵਾਂ ਨੇ ਅਮਰਜੀਤ ਗੁਰੂ ਨੂੰ ਉਸਦੇ ਭਵਿੱਖੀ ਯਤਨਾਂ ਲਈ ਪੂਰਨ ਸਮਰਥਨ ਅਤੇ ਹੱਲਾਸ਼ੇਰੀ ਦੇਣ ਦਾ ਭਰੋਸਾ ਦਿੱਤਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਅਮਰਜੀਤ ਗੁਰੂ ਵਰਗੇ ਪ੍ਰਤਿਭਾਸ਼ਾਲੀ ਅਥਲੀਟਾਂ ਨੂੰ ਉਤਸ਼ਾਹਿਤ ਕਰਨ ਅਤੇ ਉਨ੍ਹਾਂ ਨੂੰ ਅੰਤਰਰਾਸ਼ਟਰੀ ਪੱਧਰ ’ਤੇ ਉੱਭਰਨ ਲਈ ਲੋੜੀਂਦੇ ਸਰੋਤ ਮੁਹੱਈਆ ਕਰਵਾਉਣ ਲਈ ਵਚਨਬੱਧ ਹੈ।


ਇਸ ਮੌਕੇ ਨਵਾਂਸ਼ਹਿਰ ਦੇ ਵਿਧਾਇਕ ਨਛੱਤਰ ਪਾਲ ਵੀ ਹਾਜ਼ਰ ਸਨ। ਉਨ੍ਹਾਂ ਅਮਰਜੀਤ ਗੁਰੂ ਨੂੰ ਹਾਰਦਿਕ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਖਿਡਾਰੀ ਦੀ ਸ਼ਾਨਦਾਰ ਪ੍ਰਾਪਤੀ ਨੇ ਨਾ ਸਿਰਫ਼ ਉਸ ਦੇ ਪਰਿਵਾਰ ਅਤੇ ਜੱਦੀ ਸ਼ਹਿਰ ਦਾ ਨਾਂ ਰੌਸ਼ਨ ਕੀਤਾ ਹੈ ਸਗੋਂ ਸੂਬੇ ਭਰ ਦੇ ਨਵੇਂ ਖਿਡਾਰੀਆਂ ਲਈ ਪ੍ਰੇਰਨਾ ਸਰੋਤ ਵੀ ਹੈ। (ਪ੍ਰੈਸ ਨੋਟ)

ETV Bharat Logo

Copyright © 2024 Ushodaya Enterprises Pvt. Ltd., All Rights Reserved.