ETV Bharat / state

ਸਿਖਲਾਈ ਲਈ ਭੇਜੇ ਖਿਡਾਰੀਆਂ ਨੇ ਖੇਡ ਮੰਤਰੀ ਨਾਲ ਸਾਂਝੇ ਕੀਤੇ ਤਜ਼ਰਬੇ, ਕਿਹਾ- ਬੈਡਮਿੰਟਨ ਦੀ ਦੁਨੀਆਂ ਵਿੱਚ ਸਿਖਰ ਉਤੇ ਪਹੁੰਚਣਾ ਹੈ ਟੀਚਾ

author img

By

Published : Jul 19, 2023, 5:44 PM IST

ਪੰਜਾਬ ਸਰਕਾਰ ਵਲੋਂ 34 ਬੱਚਿਆਂ ਨੂੰ ਹੈਦਰਾਬਾਦ ਵਿਖੇ ਜਵਾਲਾ ਗੁੱਟਾ ਬੈਡਮਿੰਟਨ ਅਕੈਡਮੀ ਵਿੱਚ ਇਕ ਮਹੀਨੇ ਦੀ ਸਿਖਲਾਈ ਹਾਸਲ ਕਰਨ ਲਈ ਭੇਜਿਆ ਗਿਆ ਸੀ, ਜਿਨ੍ਹਾਂ ਨੇ ਵਾਪਿਸ ਆ ਕੇ ਖੇਡ ਮੰਤਰੀ ਮੀਤ ਹੇਅਰ ਨਾਲ ਅਪਣੇ ਤਜ਼ਰਬੇ ਸਾਂਝੇ ਕੀਤੇ।

Sports Minister Meet Hayer in Chandigarh
Sports Minister Meet Hayer in Chandigarh

ਸਿਖਲਾਈ ਲਈ ਭੇਜੇ ਖਿਡਾਰੀਆਂ ਨੇ ਖੇਡ ਮੰਤਰੀ ਨਾਲ ਸਾਂਝੇ ਕੀਤੇ ਤਜ਼ਰਬੇ

ਚੰਡੀਗੜ੍ਹ: ਹੈਦਰਾਬਾਦ ਵਿਖੇ ਜਵਾਲਾ ਗੁੱਟਾ ਬੈਡਮਿੰਟਨ ਅਕੈਡਮੀ ਵਿੱਚ ਇਕ ਮਹੀਨੇ ਦੀ ਸਿਖਲਾਈ ਹਾਸਲ ਕਰਨ ਤੋਂ ਬਾਅਦ ਪੰਜਾਬ ਪਰਤੇ ਖਿਡਾਰੀਆਂ ਦੇ ਚਿਹਰਿਆਂ ਉਤੇ ਉਤਸ਼ਾਹ ਤੇ ਜਲੌਅ ਦੇਖਣ ਵਾਲਾ ਸੀ। ਗੱਲਬਾਤ ਵਿੱਚ ਅੱਠ ਵਰ੍ਹਿਆਂ ਦੇ ਯੁਵਾਨ ਬਾਂਸਲ, 10 ਵਰ੍ਹਿਆਂ ਦੀ ਕਾਮਿਲ ਸੱਭਰਵਾਲ, 13 ਵਰ੍ਹਿਆਂ ਦੇ ਸ਼ੀਵਾਨ ਢੀਂਗਰਾ ਤੇ 14 ਵਰ੍ਹਿਆਂ ਦੀ ਆਰੁਸ਼ੀ ਮਹਿਤਾ ਆਤਮ ਵਿਸ਼ਵਾਸ ਨਾਲ ਲਬਰੇਜ਼ ਸਨ। ਨਵੀਂ ਉਮਰ ਦੇ ਇਨ੍ਹਾਂ ਖਿਡਾਰੀਆਂ ਦਾ ਨਿਸ਼ਾਨਾ ਹੁਣ ਪੁਲੇਲਾ ਗੋਪੀਚੰਦ, ਸਾਇਨਾ ਨੇਹਵਾਲ, ਪੀ.ਵੀ.ਸਿੰਧੂ, ਜਵਾਲਾ ਗੁੱਟਾ, ਲਕਸ਼ੇ ਸੇਨ ਵਾਂਗ ਬੈਡਮਿੰਟਨ ਦੀ ਦੁਨੀਆਂ ਵਿੱਚ ਸਿਖਰ ਉਤੇ ਪਹੁੰਚਣਾ ਹੈ।

ਖੇਡ ਵਿਭਾਗ ਵੱਲੋਂ ਆਪਣੇ ਖ਼ਰਚੇ ਉੱਤੇ ਸਿਖਲਾਈ ਲਈ ਭੇਜੇ ਬੱਚੇ: ਅਜਿਹਾ ਆਤਮ ਵਿਸ਼ਵਾਸ ਸਾਰੇ 34 ਖਿਡਾਰੀਆਂ ਵਿੱਚ ਦੇਖਣ ਨੂੰ ਮਿਲਿਆ, ਜਦੋਂ ਉਹ ਆਪਣੀ ਸਿਖਲਾਈ ਦੇ ਤਜ਼ਰਬੇ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨਾਲ ਸਾਂਝੇ ਕਰ ਰਹੇ ਸਨ। ਪੰਜਾਬ ਭਵਨ ਚੰਡੀਗੜ੍ਹ ਦਾ ਚੌਗਿਰਦਾ ਇਨ੍ਹਾਂ ਉਭਰਦੇ ਖਿਡਾਰੀਆਂ ਦੇ ਜੋਸ਼ ਅਤੇ ਉਤਸ਼ਾਹ ਨਾਲ ਭਰਿਆ ਹੋਇਆ ਸੀ। ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪੰਜਾਬ ਨੂੰ ਖੇਡਾਂ ਵਿੱਚ ਦੇਸ਼ ਦਾ ਨੰਬਰ ਇਕ ਸੂਬਾ ਬਣਾਉਣ ਦਾ ਸੁਫਨਾ ਇਹ ਖਿਡਾਰੀ ਹੁਣ ਆਪਣੀ ਲਗਨ ਤੇ ਮਿਹਨਤ ਨਾਲ ਪੂਰਾ ਕਰਨਗੇ। ਪੰਜਾਬ ਦੇ ਖੇਡ ਵਿਭਾਗ ਵੱਲੋਂ ਆਪਣੇ ਖ਼ਰਚੇ ਉਤੇ ਹੈਦਰਾਬਾਦ ਸਿਖਲਾਈ ਲਈ ਭੇਜੇ 34 ਖਿਡਾਰੀ ਇਕ ਮਹੀਨੇ ਦੌਰਾਨ ਦਰੋਣਾਚਾਰੀਆ ਐਵਾਰਡੀ ਤੇ ਸਾਬਕਾ ਭਾਰਤੀ ਬੈਡਮਿੰਟਨ ਕੋਚ ਐਸ.ਐਮ.ਆਰਿਫ ਕੋਲੋਂ ਸਿੱਖੇ ਗੁਰਾਂ ਅਤੇ ਤਕਨੀਕਾਂ ਤੋਂ ਆਪਣੇ ਰੋਜ਼ਾਨਾ ਦੇ ਅਭਿਆਸ ਦੌਰਾਨ ਸੇਧ ਲੈਂਦੇ ਰਹਿਣਗੇ। ਭਾਰਤੀ ਬੈਡਮਿੰਟਨ ਸਟਾਰ ਜਵਾਲਾ ਗੁੱਟਾ ਵੱਲੋਂ ਕੈਂਪ ਦੌਰਾਨ ਖਿਡਾਰੀਆਂ ਨਾਲ ਕੀਤੀ ਮੁਲਾਕਾਤ ਤੋਂ ਬਾਅਦ ਹਰ ਖਿਡਾਰੀ ਵਿੱਚ ਉਸ ਵਰਗਾ ਬਣਨ ਦੀ ਦ੍ਰਿੜਤਾ ਪੈਦਾ ਹੋਈ।



Sports Minister Meet Hayer in Chandigarh
ਬੈਡਮਿੰਟਨ ਦੀ ਦੁਨੀਆਂ ਵਿੱਚ ਸਿਖਰ ਉਤੇ ਪਹੁੰਚਣਾ ਹੈ ਟੀਚਾ

ਖਿਡਾਰੀਆਂ ਨੇ ਭੇਂਟ ਕੀਤਾ ਸਨਮਾਨ ਚਿੰਨ੍ਹ: ਖੇਡ ਮੰਤਰੀ ਮੀਤ ਹੇਅਰ ਨਾਲ ਮੁਲਾਕਾਤ ਦੌਰਾਨ ਖਿਡਾਰੀਆਂ ਨੇ ਇਕ ਮਹੀਨੇ ਦੌਰਾਨ ਹੋਏ ਤਜ਼ਰਬੇ ਵੀ ਸਾਂਝੇ ਕੀਤੇ। ਕੋਰਟ ਵਿੱਚ ਖੇਡਣ ਦੀਆਂ ਨਵੀਆਂ ਤਕਨੀਕਾਂ ਅਤੇ ਸਟਰੈਚਿੰਗ ਦੀ ਵਿਧੀ ਖਿਡਾਰੀਆਂ ਨੂੰ ਸਭ ਤੋਂ ਵੱਧ ਪਸੰਦ ਆਈ। ਮੀਤ ਹੇਅਰ ਨੇ ਖਿਡਾਰੀਆਂ ਨੂੰ ਵਿਸ਼ਵਾਸ ਦਿਵਾਇਆ ਕਿ ਸੂਬਾ ਸਰਕਾਰ ਪੰਜਾਬ ਦੇ ਖਿਡਾਰੀਆਂ ਨੂੰ ਖੇਡਾਂ ਦੇ ਕੌਮਾਂਤਰੀ ਮੰਚ ਤੱਕ ਪਹੁੰਚਾਉਣ ਲਈ ਹਰ ਸੰਭਵ ਯਤਨ ਕੀਤੇ ਜਾ ਰਹੇ ਹਨ ਅਤੇ ਨਵੀਂ ਖੇਡ ਨੀਤੀ ਸੂਬੇ ਦੀਆਂ ਖੇਡਾਂ ਤੇ ਖਿਡਾਰੀਆਂ ਨੂੰ ਨਵੀਂ ਦਿਸ਼ਾ ਦੇਵੇਗੀ। ਇਸ ਮੌਕੇ ਖਿਡਾਰੀਆਂ ਨੇ ਪੰਜਾਬ ਦੇ ਖੇਡ ਮੰਤਰੀ ਮੀਤ ਹੇਅਰ ਨੂੰ ਸਨਮਾਨ ਚਿੰਨ੍ਹ ਵੀ ਭੇਂਟ ਕੀਤਾ, ਜੋ ਜਵਾਲਾ ਗੁੱਟਾ ਅਕੈਡਮੀ ਵੱਲੋਂ ਖੇਡ ਮੰਤਰੀ ਲਈ ਵਿਸ਼ੇਸ਼ ਤੌਰ ਉਤੇ ਭੇਜਿਆ ਗਿਆ ਸੀ।


ਖੇਡ ਵਿਭਾਗ ਦੇ ਡਾਇਰੈਕਟਰ ਹਰਪ੍ਰੀਤ ਸਿੰਘ ਸੂਦਨ ਨੇ ਦੱਸਿਆ ਕਿ 8 ਸਾਲ ਤੋਂ 15 ਸਾਲ ਤੱਕ ਉਮਰ ਵਰਗ ਦੇ ਕੁੱਲ 34 ਬੈਡਮਿੰਟਨ ਖਿਡਾਰੀਆਂ ਨੇ ਹੈਦਰਾਬਾਦ ਵਿਖੇ ਇਕ ਮਹੀਨਾ ਸਿਖਲਾਈ ਹਾਸਿਲ ਕੀਤੀ। ਇਨ੍ਹਾਂ ਵਿੱਚ 18 ਕੁੜੀਆਂ ਤੇ 16 ਮੁੰਡੇ ਸਨ। ਇਨ੍ਹਾਂ ਖਿਡਾਰੀਆਂ ਨਾਲ ਵਰੁਣ ਕੁਮਾਰ ਤੇ ਸਹਿਨਾਜ਼ ਖਾਨ ਕੋਚ ਵੀ ਗਏ ਸਨ। ਕੈਂਪ ਦੀ ਸਮਾਪਤੀ ਉਤੇ ਪੰਜਾਬ ਦੇ ਖਿਡਾਰੀਆਂ ਵੱਲੋਂ ਪੇਸ਼ ਕੀਤੀ ਭੰਗੜੇ ਦੀ ਪੇਸ਼ਕਾਰੀ ਨੇ ਜਵਾਲਾ ਗੁੱਟਾ ਅਕੈਡਮੀਆਂ ਦੇ ਸਾਰੇ ਖਿਡਾਰੀਆਂ ਦਾ ਮਨ ਮੋਹ ਲਿਆ।

ETV Bharat Logo

Copyright © 2024 Ushodaya Enterprises Pvt. Ltd., All Rights Reserved.