ETV Bharat / state

ਪੰਜਾਬ ਸਰਕਾਰ ਨੇ 18 ਜ਼ਿਲ੍ਹਿਆਂ ਵਿੱਚ ਹੀਮੋਫੀਲੀਆ ਦਾ ਮੁਫ਼ਤ ਇਲਾਜ ਸ਼ੁਰੂ ਕੀਤਾ: ਬਲਬੀਰ ਸਿੱਧੂ

author img

By

Published : Jun 21, 2020, 10:30 PM IST

ਕੈਬਿਨੇਟ ਮੰਤਰੀ ਬਲਬੀਰ ਸਿੱਧੂ ਨੇ ਦੱਸਿਆ ਕਿ ਸਰਕਾਰ ਨੇ ਸੂਬੇ ਦੇ 18 ਜ਼ਿਲ੍ਹਿਆਂ ਵਿੱਚ ਇੰਟੀਗਰੇਟਿਡ ਕੇਅਰ ਸੈਂਟਰ ਫਾਰ ਹੀਮੋਗਲੋਬੀਨੋਪੈਥੀਸ ਤੇ ਹੀਮੋਫੀਲੀਆ ਖੋਲ੍ਹੇ ਹਨ। ਇਨ੍ਹਾਂ ਵਿੱਚ 3 ਮੈਡੀਕਲ ਕਾਲਜਾਂ ਤੋਂ ਇਲਾਵਾ 15 ਹੋਰ ਜ਼ਿਲ੍ਹਿਆਂ ਵਿੱਚ ਸ਼ੁਰੂਆਤ ਕੀਤੀ ਜਾ ਚੁੱਕੀ ਹੈ।

ਬਲਬੀਰ ਸਿੱਧੂ
ਬਲਬੀਰ ਸਿੱਧੂ

ਚੰਡੀਗੜ੍ਹ: ਹੀਮੋਫੀਲੀਆ ਦੇ ਮਰੀਜ਼ਾਂ ਨੂੰ ਵੱਡੀ ਰਾਹਤ ਪ੍ਰਦਾਨ ਕਰਦਿਆਂ ਪੰਜਾਬ ਸਰਕਾਰ ਨੇ ਸੂਬੇ ਭਰ ਦੇ 18 ਇੰਟੀਗਰੇਟਿਡ ਕੇਅਰ ਸੈਂਟਰਾਂ ਵਿੱਚ ਹੀਮੋਫੀਲੀਆ ਦੇ ਮਰੀਜ਼ਾਂ ਦਾ ਐਂਟੀ ਹੀਮੋਫੀਲੀਆ ਫੈਕਟਰ ਉਪਲਬੱਧ ਕਰਵਾ ਕੇ ਇਲਾਜ ਸ਼ੁਰੂ ਕਰ ਦਿੱਤਾ ਗਿਆ ਹੈ।

ਇਸ ਸਬੰਧੀ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਬਲਬੀਰ ਸਿੱਧੂ ਨੇ ਦੱਸਿਆ ਕਿ ਹੀਮੋਫੀਲਆ ਦਾ ਇਲਾਜ ਉਪਲਬੱਧ ਕਰਵਾਉਣ ਲਈ ਕੈਪਟਨ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਸੂਬੇ ਦੇ 18 ਜ਼ਿਲ੍ਹਿਆਂ ਵਿੱਚ ਇੰਟੀਗਰੇਟਿਡ ਕੇਅਰ ਸੈਂਟਰ ਫਾਰ ਹੀਮੋਗਲੋਬੀਨੋਪੈਥੀਸ ਤੇ ਹੀਮੋਫੀਲੀਆ ਖੋਲ੍ਹੇ ਗਏ ਹਨ। ਇਨ੍ਹਾਂ ਵਿੱਚ 3 ਮੈਡੀਕਲ ਕਾਲਜਾਂ ਤੋਂ ਇਲਾਵਾ 15 ਹੋਰ ਜ਼ਿਲ੍ਹਿਆਂ ਵਿੱਚ ਸ਼ੁਰੂਆਤ ਕੀਤੀ ਜਾ ਚੁੱਕੀ ਹੈ। ਬਾਕੀ 4 ਜ਼ਿਲ੍ਹਿਆਂ ਵਿੱਚ ਵੀ ਜਲਦੀ ਹੀ ਸ਼ੁਰੂਆਤ ਕਰ ਦਿੱਤੀ ਜਾਵੇਗੀ। ਇਨ੍ਹਾਂ ਸੈਂਟਰਾਂ ਵਿੱਚ ਹੋਮੀਫੀਲੀਆ ਦੇ ਮਰੀਜ਼ਾਂ ਨੂੰ ਐਂਟੀ ਹੀਮੋਫੀਲਆ ਫੈਕਟਰ 8, 9, 7 ਏ ਅਤੇ ਐਫ.ਈ.ਆਈ.ਬੀ.ਏ ਮੁਫ਼ਤ ਉਪਲਬੱਧ ਕਰਵਾਏ ਗਏ ਹਨ ਅਤੇ ਇਨ੍ਹਾਂ ਸੈਂਟਰਾਂ ਵਿੱਚ 24*7 ਸੁਵਿਧਾ ਉਪਲਬੱਧ ਕਰਵਾਈ ਗਈ ਹੈ ਤਾਂ ਜੋ ਮਰੀਜ਼ਾਂ ਨੂੰ ਕਿਸੇ ਵੀ ਸਮੇਂ ਐਮਰਜੈਂਸੀ ਦੌਰਾਨ ਇਲਾਜ ਮੁਹੱਈਆ ਕਰਵਾਇਆ ਜਾ ਸਕੇ।

ਸਿਹਤ ਮੰਤਰੀ ਨੇ ਕਿਹਾ ਕਿ ਇਸ ਤੋਂ ਪਹਿਲਾਂ ਹੀਮੋਫੀਲੀਆ ਦੇ ਇਲਾਜ ਲਈ ਮਰੀਜ਼ਾਂ ਨੂੰ ਲਗਭਗ 18 ਤੋਂ 80 ਲੱਖ ਰੁਪਏ ਤੱਕ ਸਲਾਨਾ ਖਰਚ ਕਰਨਾ ਪੈਂਦਾ ਸੀ। ਇਹ ਸਾਰਾ ਖਰਚ ਹੁਣ ਪੰਜਾਬ ਸਰਕਾਰ ਵੱਲੋਂ ਕੀਤਾ ਜਾਵੇਗਾ, ਜਿਸ ਦੇ ਲਈ ਮਰੀਜ਼ਾਂ ਦੀ ਰਜਿਸਟਰੇਸ਼ਨ ਕੀਤੀ ਜਾ ਰਹੀ ਹੈ।

ਸਿੱਧੂ ਨੇ ਦੱਸਿਆ ਕਿ ਐਂਟੀ ਹੀਮੋਫੀਲੀਆ ਫੈਕਟਰ ਦੇ ਨਾਲ ਇਲਾਜ ਕਰਨ ਲਈ ਸਟਾਫ ਦੀ ਵਿਸ਼ੇਸ਼ ਟਰੇਨਿੰਗ ਪੀਜੀਆਈ, ਚੰਡੀਗੜ੍ਹ ਦੇ ਮਾਹਿਰ ਡਾਕਟਰਾਂ ਅਤੇ ਵੈਬੀਨਾਰ ਜ਼ਰੀਏ ਮਾਹਿਰਾਂ ਵੱਲੋਂ ਕੀਤੀ ਗਈ ਹੈ। ਪੰਜਾਬ ਦੇ ਬੱਚਿਆਂ ਦੇ ਮਾਹਿਰ ਡਾਕਟਰਾਂ, ਮੈਡੀਕਲ ਸਪੈਸ਼ਲਿਸਟ, ਸਟਾਫ ਨਰਸ ਤੇ ਲੈਬ ਟੈਕਨੀਸ਼ੀਅਨ ਦੀ ਟਰੇਨਿੰਗ ਪੂਰੀ ਹੋ ਚੁੱਕੀ ਹੈ ਤਾਂ ਜੋ ਮਰੀਜ਼ਾਂ ਦਾ ਤਸੱਲੀਬਖਸ਼ ਇਲਾਜ ਕੀਤਾ ਜਾ ਸਕੇ।

ਸਿਹਤ ਮੰਤਰੀ ਨੇ ਦੱਸਿਆ ਕਿ ਮੋਹਾਲੀ ਜ਼ਿਲ੍ਹੇ ਵਿੱਚ ਪਹਿਲੇ ਮਰੀਜ਼ ਦਾ ਇਲਾਜ ਕੀਤਾ ਗਿਆ ਹੈ ਜੋ ਜ਼ਿਲ੍ਹਾ ਹਸਪਤਾਲ ਮੋਹਾਲੀ ਵਿੱਚ ਸਥਾਪਿਤ ਇੰਟੀਗਰੇਟਿਡ ਕੇਅਰ ਸੈਂਟਰ ਫਾਰ ਹੀਮੋਗਲੋਬੀਨੋਪੈਥੀਸ ਤੇ ਹੀਮੋਫੀਲੀਆ ਵਿੱਚ ਐਂਟੀ ਹੀਮੋਫੀਲਿਕ ਫੈਕਟਰ-8 ਨਾਲ ਇਲਾਜ ਕੀਤਾ ਗਿਆ।

ਇਸ ਸਬੰਧੀ ਅਡੀਸ਼ਨਲ ਪ੍ਰੋਜੈਕਟ ਡਾਇਰੈਕਟਰ ਪੰਜਾਬ ਸਟੇਟ ਏਡਜ ਕੰਟਰੋਲ ਸੁਸਾਇਟੀ ਤੇ ਹੀਮੋਫੀਲੀਆ ਤੇ ਥੈਲਾਸੀਮੀਆ ਦੇ ਸਟੇਟ ਨੋਡਲ ਅਫਸਰ ਡਾ. ਮਨਪ੍ਰੀਤ ਛਤਵਾਲ ਨੇ ਦੱਸਿਆ ਕਿ ਹੀਮੋਫੀਲੀਆ ਦੇ ਮਰੀਜ਼ ਦੇ ਖੂਨ ਨਿਕਲਣ ਤੇ ਇਹ ਫੈਕਟਰ ਦਿੱਤਾ ਜਾਂਦਾ ਹੈ। ਇਹ ਫੈਕਟਰ ਨਾ ਮਿਲਣ ਕਰਕੇ ਮਰੀਜ਼ ਦੇ ਬਲੀਡਿੰਗ ਜਿਆਦਾ ਹੋ ਜਾਂਦੀ ਹੈ, ਜਿਸ ਕਾਰਨ ਕਈ ਵਾਰ ਮਰੀਜ਼ ਨੂੰ ਅਪੰਗਤਾ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਮੌਤ ਦਾ ਵੀ ਖਤਰਾ ਰਹਿੰਦਾ ਹੈ। ਇਸ ਲਈ ਮਰੀਜ਼ਾਂ ਦੇ ਇਲਾਜ ਲਈ ਐਂਟੀ ਹੀਮੋਫੀਲੀਆ ਫੈਕਟਰ ਉਪਲਬੱਧ ਕਰਵਾਏ ਗਏ ਹਨ ਤਾਂ ਜੋ ਮਰੀਜ਼ਾਂ ਦਾ ਸਮੇਂ ਸਿਰ ਤੇ ਸਹੀ ਇਲਾਜ ਕੀਤਾ ਜਾ ਸਕੇ।

ETV Bharat Logo

Copyright © 2024 Ushodaya Enterprises Pvt. Ltd., All Rights Reserved.