ETV Bharat / state

Punjab Floods: 18 ਜ਼ਿਲ੍ਹਿਆਂ ਦੇ 1422 ਪਿੰਡ ਹੜ੍ਹ ਤੋਂ ਹੋਏ ਪ੍ਰਭਾਵਿਤ, 35 ਲੋਕਾਂ ਦੀ ਮੌਤ, 15 ਜ਼ਖਮੀ

author img

By

Published : Jul 17, 2023, 8:28 PM IST

Updated : Jul 18, 2023, 2:57 PM IST

ਪੰਜਾਬ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚੋਂ ਹੁਣ ਤਕ 26 ਹਜ਼ਾਰ ਤੋਂ ਵੱਧ ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਪਹੁੰਚਾਇਆ ਗਿਆ ਹੈ। ਉਥੇ ਹੀ ਹੜ੍ਹ ਪ੍ਰਭਾਵਿਤ ਇਲਾਕਿਆਂ 'ਚ 168 ਰਾਹਤ ਕੈਂਪ ਸਰਗਰਮ ਹਨ ਤੇ ਇਹਨਾਂ ਹੜ੍ਹਾਂ ਨੇ 18 ਜ਼ਿਲ੍ਹਿਆਂ ਦੇ 1422 ਪਿੰਡ ਪ੍ਰਭਾਵਿਤ ਹੋਏ ਹਨ। ਪੰਜਾਬ ਵਿੱਚ ਹੁਣ ਤਕ ਹੜ੍ਹ ਕਾਰਨ 35 ਲੋਕਾਂ ਦੀ ਮੌਤ ਹੋ ਚੁੱਕੀ ਹੈ ਤੇ 15 ਜ਼ਖਮੀ ਹੋਏ ਹਨ।

Punjab Flood
Punjab Flood

ਚੰਡੀਗੜ੍ਹ: ਸੂਬੇ ਵਿੱਚ ਰਾਹਤ ਕਾਰਜਾਂ ਨੂੰ ਤੇਜ਼ ਕਰਦਿਆਂ ਅਤੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਿਰਦੇਸ਼ਾਂ ਅਨੁਸਾਰ 26250 ਵਿਅਕਤੀਆਂ ਨੂੰ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚੋਂ ਕੱਢ ਕੇ ਸੁਰੱਖਿਅਤ ਥਾਵਾਂ 'ਤੇ ਪਹੁੰਚਾਇਆ ਗਿਆ ਹੈ। ਪਟਿਆਲਾ ਵਿੱਚੋਂ 14296, ਰੂਪਨਗਰ ਵਿੱਚੋਂ 2200, ਮੋਗਾ ਵਿੱਚੋਂ 250, ਲੁਧਿਆਣਾ ਵਿੱਚੋਂ 300, ਮੁਹਾਲੀ ਵਿੱਚੋਂ 1400, ਐਸ.ਬੀ.ਐਸ. ਨਗਰ ਵਿੱਚੋਂ 200, ਫ਼ਤਿਹਗੜ੍ਹ ਸਾਹਿਬ ਵਿੱਚੋਂ 600, ਤਰਨਤਾਰਨ ਵਿੱਚੋਂ 241, ਜਲੰਧਰ ਵਿੱਚੋਂ 670, ਕਪੂਰਥਲਾ ਵਿੱਚੋਂ 380, ਫਿਰੋਜ਼ਪੁਰ ਵਿੱਚੋਂ 5400, ਸੰਗਰੂਰ ਵਿੱਚੋਂ 263, ਫਾਜ਼ਿਲਕਾ ਵਿੱਚੋਂ 17 ਅਤੇ ਮਾਨਸਾ ਜ਼ਿਲ੍ਹੇ ਦੇ 33 ਵਿਅਕਤੀਆਂ ਨੂੰ ਹੜ੍ਹ ਪ੍ਰਭਾਵਿਤ ਇਲਾਕਿਆਂ ਤੋਂ ਬਚਾ ਕੇ ਸੁਰੱਖਿਅਤ ਥਾਵਾਂ 'ਤੇ ਪਹੁੰਚਾਇਆ ਗਿਆ ਹੈ।

18 ਜ਼ਿਲ੍ਹਿਆਂ ਦੇ 1422 ਪਿੰਡ ਹੜ੍ਹ ਤੋਂ ਹੋਏ ਪ੍ਰਭਾਵਿਤ: ਇੱਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ 17 ਜੁਲਾਈ ਨੂੰ ਸਵੇਰੇ 8 ਵਜੇ ਤੱਕ 1422 ਪਿੰਡ ਹੜ੍ਹ ਤੋਂ ਪ੍ਰਭਾਵਿਤ ਹੋਏ ਹਨ। ਸੂਬੇ ਵਿੱਚ ਕੁੱਲ 168 ਰਾਹਤ ਕੈਂਪ ਸਥਾਪਿਤ ਕੀਤੇ ਗਏ ਹਨ, ਜਿਨ੍ਹਾਂ ਵਿੱਚੋਂ 16 ਕੈਂਪ ਪਟਿਆਲਾ, 16 ਰੂਪਨਗਰ ਅਤੇ 7 ਮੋਗਾ ਵਿੱਚ ਚੱਲ ਰਹੇ ਹਨ। ਇਸੇ ਤਰ੍ਹਾਂ ਲੁਧਿਆਣਾ ਵਿੱਚ 3, ਮੁਹਾਲੀ ਵਿੱਚ 1, ਐਸ.ਬੀ.ਐਸ. ਨਗਰ ਵਿੱਚ 2, ਸੰਗਰੂਰ ਵਿੱਚ 27, ਫਿਰੋਜ਼ਪੁਰ ਵਿੱਚ 18, ਹੁਸ਼ਿਆਰਪੁਰ ਵਿੱਚ 3, ਤਰਨਤਾਰਨ ਵਿੱਚ 7, ਜਲੰਧਰ ਵਿੱਚ 38, ਕਪੂਰਥਲਾ ਵਿੱਚ 8, ਫਾਜ਼ਿਲਕਾ ਵਿੱਚ 2 ਅਤੇ ਮਾਨਸਾ ਵਿਖੇ 20 ਰਾਹਤ ਕੈਂਪ ਲਗਾਏ ਗਏ ਹਨ।

ਜ਼ਿਕਰਯੋਗ ਹੈ ਕਿ ਤਰਨਤਾਰਨ, ਫਿਰੋਜ਼ਪੁਰ, ਫ਼ਤਿਹਗੜ੍ਹ ਸਾਹਿਬ, ਫ਼ਰੀਦਕੋਟ, ਹੁਸ਼ਿਆਰਪੁਰ, ਰੂਪਨਗਰ, ਕਪੂਰਥਲਾ, ਪਟਿਆਲਾ, ਮੋਗਾ, ਲੁਧਿਆਣਾ, ਐਸ.ਏ.ਐਸ. ਨਗਰ, ਜਲੰਧਰ, ਸੰਗਰੂਰ, ਐਸ.ਬੀ.ਐਸ. ਨਗਰ, ਫਾਜ਼ਿਲਕਾ, ਗੁਰਦਾਸਪੁਰ, ਮਾਨਸਾ ਅਤੇ ਪਠਾਨਕੋਟ ਸਮੇਤ 18 ਜ਼ਿਲ੍ਹੇ ਹੜ੍ਹਾਂ ਤੋਂ ਪ੍ਰਭਾਵਿਤ ਹੋਏ ਹਨ।

35 ਲੋਕਾਂ ਦੀ ਮੌਤ, 15 ਜ਼ਖਮੀ: ਮਾਲ ਵਿਭਾਗ ਵੱਲੋਂ ਵੱਖ-ਵੱਖ ਜ਼ਿਲ੍ਹਿਆਂ ਤੋਂ ਪ੍ਰਾਪਤ ਰਿਪੋਰਟਾਂ ਅਨੁਸਾਰ ਸੂਬੇ ਵਿੱਚ ਹੜ੍ਹਾਂ ਕਾਰਨ ਕੁੱਲ 35 ਲੋਕਾਂ ਦੀ ਜਾਨ ਗਈ ਹੈ ਅਤੇ 15 ਜ਼ਖ਼ਮੀ ਹੋਏ ਹਨ ਜਦਕਿ 3 ਅਜੇ ਵੀ ਲਾਪਤਾ ਹਨ। ਪਸ਼ੂ ਪਾਲਣ ਵਿਭਾਗ ਤੋਂ ਮਿਲੀ ਜਾਣਕਾਰੀ ਅਨੁਸਾਰ ਸੂਬੇ ਵਿੱਚ ਕੁੱਲ 1728 ਪਸ਼ੂਆਂ ਦਾ ਇਲਾਜ ਕੀਤਾ ਗਿਆ ਅਤੇ 4283 ਪਸ਼ੂਆਂ ਦਾ ਟੀਕਾਕਰਨ ਕੀਤਾ ਗਿਆ ਹੈ। ਵਿਭਾਗ ਦੀਆਂ ਬਚਾਅ ਟੀਮਾਂ ਲੋੜਵੰਦ ਪਸ਼ੂਆਂ ਦੇ ਇਲਾਜ, ਫੀਡ ਸਪਲਾਈ, ਚਾਰਾ ਅਤੇ ਸਿਲੇਜ ਮੁਹੱਈਆ ਕਰਵਾਉਣ ਲਈ ਦਿਨ-ਰਾਤ ਕੰਮ ਕਰ ਰਹੀਆਂ ਹਨ।

ਸਿਹਤ ਵਿਭਾਗ ਦੀਆਂ ਟੀਮਾਂ ਪੂਰੀ ਤਨਦੇਹੀ ਨਾਲ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਕੰਮ ਕਰ ਰਹੀਆਂ ਹਨ। ਬੁਲਾਰੇ ਅਨੁਸਾਰ 437 ਰੈਪਿਡ ਰਿਸਪਾਂਸ ਟੀਮਾਂ ਹੜ੍ਹ ਪ੍ਰਭਾਵਿਤ ਖੇਤਰਾਂ ਵਿੱਚ ਕੰਮ ਕਰ ਰਹੀਆਂ ਹਨ। ਸਿਹਤ ਵਿਭਾਗ ਨੇ ਪ੍ਰਭਾਵਿਤ ਖੇਤਰਾਂ ਵਿੱਚ 243 ਮੈਡੀਕਲ ਕੈਂਪ ਲਗਾਏ ਹਨ ਅਤੇ ਓ.ਪੀ.ਡੀਜ਼. ਦੀ ਕੁੱਲ ਗਿਣਤੀ 7551 ਹੈ। ਉਨ੍ਹਾਂ ਅੱਗੇ ਦੱਸਿਆ ਕਿ ਹੜ੍ਹ ਪ੍ਰਭਾਵਿਤ ਖੇਤਰਾਂ ਵਿੱਚ ਲਗਾਤਾਰ ਡਰਾਈ ਫੂਡ ਦੇ ਪੈਕੇਟ ਵੰਡੇ ਜਾ ਰਹੇ ਹਨ। ਰੂਪਨਗਰ ਵਿੱਚ 21,420, ਪਟਿਆਲਾ ਵਿੱਚ 64,000 ਅਤੇ ਐਸ.ਏ.ਐਸ. ਨਗਰ ਵਿੱਚ 3800 ਪੈਕੇਟ ਵੰਡੇ ਗਏ ਹਨ। (ਪ੍ਰੈੱਸ ਨੋਟ)

ਲੁਧਿਆਣਾ ਵਿੱਚ ਰਾਹਤ ਕੈਂਪਾਂ ਦੀ ਨਹੀਂ ਪਈ ਲੋੜ: ਲੁਧਿਆਣਾ ਜ਼ਿਲ੍ਹੇ ਵਿੱਚ ਵੀ ਪ੍ਰਸ਼ਾਸਨ ਵੱਲੋਂ ਲੋਕਾਂ ਦੀ ਮਦਦ ਦੇ ਲਈ ਕੈਂਪ ਵੀ ਤਿਆਰ ਕੀਤੇ ਗਏ ਸਨ, ਪਰ ਸਰਕਾਰੀ ਅਧਿਕਾਰੀਆਂ ਦੇ ਮੁਤਾਬਕ ਉਨ੍ਹਾਂ ਦੀ ਲੋੜ ਹੀ ਨਹੀਂ ਪਈ, ਕਿਉਂਕਿ ਹੜ੍ਹ ਤੋਂ ਪਹਿਲਾਂ ਸਕੂਲਾਂ ਵਿੱਚ ਰਾਹਤ ਕੈਂਪ ਬਣਾਉਣ ਦਾ ਫੈਸਲਾ ਕੀਤਾ ਗਿਆ ਸੀ। ਲੁਧਿਆਣਾ ਵਿੱਚ ਤਿੰਨ ਕੈਂਪ ਬਣਾਏ ਜਾਣੇ ਸਨ, ਤਾਜਪੁਰ ਰੋਡ ਉਤੇ ਬੁੱਢੇ ਨਾਲੇ ਦਾ ਪਾਣੀ ਓਵਰਫਲੋ ਹੋਣ ਤੋਂ ਬਾਅਦ ਕਈ ਝੁੱਗੀਆਂ ਲਪੇਟ ਵਿੱਚ ਆ ਗਈਆਂ ਸਨ, ਜਿਨ੍ਹਾਂ ਦੇ ਵਾਸੀਆਂ ਵੱਲੋਂ ਕੈਂਪ ਦੇ ਅੰਦਰ ਇੱਕ ਦਿਨ ਰਹਿਣ ਤੋਂ ਬਾਅਦ ਕੈਂਪ ਦੀ ਜ਼ਿਆਦਾ ਲੋੜ ਨਹੀਂ ਪਈ।

ਰੋਪੜ ਵੀ ਪੀੜਤਾਂ ਦੀ ਮਦਦ ਜਾਰੀ: ਦੱਸ ਦਈਏ ਕਿ ਪਹਾੜੀ ਖੇਤਰ ਦੇ ਨਾਲ ਲੱਗਦੇ ਜ਼ਿਲ੍ਹੇ ਰੋਪੜ ਵਿੱਚ ਵੀ ਰਾਹਤ ਕੈਂਪ ਬਣਾਏ ਹਨ, ਕਿਉਂਕਿ ਰੋਪੜ ਵਿੱਚ ਪਾਣੀ ਦੇ ਜਿਆਦਾ ਮਾਰ ਕੀਤੀ ਸੀ। ਇਹਨਾਂ ਰਾਹਤ ਕੈਂਪਾਂ ਵਿੱਚ ਲੋਕ ਆ ਕੇ ਰੁਕੇ ਸਨ, ਪਰ ਜਿਵੇਂ-ਜਿਵੇਂ ਪਾਣੀ ਘਟਿਆ ਤਾਂ ਲੋਕ ਆਪਣੇ ਘਰਾਂ ਨੂੰ ਪਰਤ ਗਏ।

ਹੁਸ਼ਿਆਰਪੁਰ ਵਿੱਚ ਪਾਣੀ ਨੇ ਨਹੀਂ ਕੀਤੀ ਮਾਰ: ਹੁਸ਼ਿਆਰਪੁਰ ਪ੍ਰਸ਼ਾਸਨ ਵੱਲੋਂ ਵੀ ਰਾਹਤ ਕੈਂਪ ਲਈ ਥਾਂ ਅਲਾਟ ਕੀਤੀ ਗਈ ਸੀ, ਪਰ ਹੁਸ਼ਿਆਰਪੁਰ ਵਿੱਚ ਹੜ੍ਹ ਤੋਂ ਬਚਾਅ ਰਿਹਾ, ਜਿਸ ਕਾਰਨ ਰਾਹਤ ਕੈਂਪਾਂ ਦੀ ਲੋੜ ਨਹੀਂ ਪਈ।

Last Updated :Jul 18, 2023, 2:57 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.