ETV Bharat / state

Punjab government and Conflict: ਭਾਜਪਾ ਦੇ ਆਖੇ ਗਵਰਨਰ ਨੇ ਪੰਜਾਬ 'ਚ ਚੁੱਕਿਆ ਨਸ਼ਿਆਂ ਖਿਲਾਫ਼ ਝੰਡਾ! ਪੰਜਾਬ ਸਰਕਾਰ ਅਤੇ ਰਾਜਪਾਲ ਦੀ ਤਕਰਾਰ ਦੇ ਕੀ ਨੇ ਸਿਆਸੀ ਮਾਇਨੇ ?

author img

By

Published : Feb 3, 2023, 6:12 PM IST

Updated : Feb 3, 2023, 6:46 PM IST

ਪੰਜਾਬ ਦੇ ਗਵਰਨਰ ਬਨਵਾਰੀ ਲਾਲ ਪੁਰੋਹਿਤ ਦਾ ਪੰਜਾਬ ਦੇ ਸਰਹੱਦੀ ਖੇਤਰਾਂ ਵਿਚ ਦੌਰਾ ਸਰਕਾਰ ਦੀਆਂ ਅੱਖਾਂ ਵਿੱਚ ਰੜਕ ਰਿਹਾ ਹੈ, ਜਿਸ ਵਿੱਚ ਸਰਹੱਦੀ ਖੇਤਰਾਂ ਵਿੱਚ ਨਸ਼ੇ ਦੇ ਵੱਧਦੇ ਘੇਰੇ 'ਤੇ ਸਿਆਸੀ ਘਮਾਸਾਣ ਸ਼ੁਰੂ ਹੋ ਗਿਆ। ਪੰਜਾਬ ਦੇ ਗਵਰਨਰ ਅਤੇ ਪੰਜਾਬ ਸਰਕਾਰ ਵਿਚਾਲੇ ਇਕ ਵਾਰ ਫਿਰ ਤੋਂ ਟਕਰਾਅ ਵਾਲੀ ਸਥਿਤੀ ਪੈਦਾ ਹੋ ਗਈ, ਜਿਸ ਨਾਲ ਪੰਜਾਬ ਵਿਚ ਸਿਆਸਤ ਵੀ ਖੂਬ ਗਰਮ ਹੈ।

political significance of the conflict between the Punjab government and the governor
ਭਾਜਪਾ ਦੇ ਆਖੇ ਗਵਰਨਰ ਨੇ ਪੰਜਾਬ 'ਚ ਚੁੱਕਿਆ ਨਸ਼ਿਆਂ ਖਿਲਾਫ਼ ਝੰਡਾ! ਪੰਜਾਬ ਸਰਕਾਰ ਅਤੇ ਰਾਜਪਾਲ ਦੀ ਤਕਰਾਰ ਦੇ ਕੀ ਨੇ ਸਿਆਸੀ ਮਾਇਨੇ ?

ਭਾਜਪਾ ਦੇ ਆਖੇ ਗਵਰਨਰ ਨੇ ਪੰਜਾਬ 'ਚ ਚੁੱਕਿਆ ਨਸ਼ਿਆਂ ਖਿਲਾਫ਼ ਝੰਡਾ! ਪੰਜਾਬ ਸਰਕਾਰ ਅਤੇ ਰਾਜਪਾਲ ਦੀ ਤਕਰਾਰ ਦੇ ਕੀ ਨੇ ਸਿਆਸੀ ਮਾਇਨੇ ?

ਚੰਡੀਗੜ੍ਹ: ਪੰਜਾਬ ਦੇ ਗਵਰਨਰ ਬਨਵਾਰੀ ਲਾਲ ਪੁਰੋਹਿਤ ਦੇ ਸਰਹੱਦੀ ਖੇਤਰਾਂ ਦੌਰੇ ਤੋਂ ਬਾਅਦ ਪੰਜਾਬ ਵਿੱਚ ਸਿਆਸਤ ਖੂਬ ਗਰਮ ਹੈ। ਇਸ ਦੌਰੇ ਅਤੇ ਦੌਰੇ ਦੌਰਾਨ ਬਨਵਾਰੀ ਲਾਲ ਦੇ ਬਿਆਨ ਅਤੇ ਪ੍ਰੈੱਸ ਕਾਨਫਰੰਸ ਕਰਕੇ ਕਹੀਆਂ ਕੁੱਝ ਗੱਲਾਂ ਨਾਲ ਸਿਆਸਤ ਭਖ ਰਹੀ ਹੈ। ਇਸਦੇ ਕਈ ਮਾਇਨੇ ਨਿਕਲ ਰਹੇ ਹਨ। ਸਿਆਸੀ ਲੋਕ ਵੀ ਕਈ ਤਰ੍ਹਾਂ ਦੀਆਂ ਟਿੱਪਣੀਆਂ ਕਰ ਰਹੇ ਹਨ। ਹਾਲਾਤ ਇਹ ਹਨ ਕਿ ਸਰਕਾਰ ਅਤੇ ਰਾਜਪਾਲ ਵਿਚਾਲੇ ਇਕ ਵਾਰ ਫਿਰ ਟਕਰਾਅ ਵਾਲੀ ਸਥਿਤੀ ਹੈ। ਅਖਿਰ ਇਸ ਦੇ ਪਿੱਛੇ ਕੀ ਕਾਰਣ ਹਨ ਅਤੇ ਰਾਜਪਾਲ ਦੇ ਅਚਾਨਕ ਦੌਰਿਆਂ ਦੀ ਤਾਰ ਕਿੱਥੇ ਜੁੜ ਰਹੀ ਹੈ...ਪੜ੍ਹੋ ਇਹ ਰਿਪੋਰਟ...

ਗਵਰਨਰ ਭਾਜਪਾ ਲਈ ਨਸ਼ਿਆਂ ਦਾ ਮੁੱਦਾ ਕਰ ਰਹੇ ਸਰਗਰਮ: ਸੀਨੀਅਰ ਪੱਤਰਕਾਰ ਅਤੇ ਸਿਆਸੀ ਮਾਹਿਰ ਹਮੀਰ ਸਿੰਘ ਕਹਿੰਦੇ ਹਨ ਕਿ ਗਵਰਨਰ ਦੇ ਜ਼ਰੀਏ ਭਾਜਪਾ ਪੰਜਾਬ ਵਿਚ ਨਸ਼ੇ ਦਾ ਮੁੱਦਾ ਉਭਾਰਣਾ ਚਾਹੁੰਦੀ ਹੈ। ਦਰਅਸਲ ਭਾਜਪਾ ਸੂਬਾ ਕਾਰਜਕਾਰਨੀ ਦੀ ਮੀਟਿੰਗ ਵਿਚ ਇਕ ਵਿਸ਼ੇਸ਼ ਰਣਨੀਤੀ ਬਣਾਈ ਗਈ, ਜਿਸ ਵਿਚ ਇਹ ਤੈਅ ਹੋਇਆ ਕਿ ਮਾਰਚ ਮਹੀਨੇ ਵਿਚ ਭਾਜਪਾ ਵੱਲੋਂ ਨਸ਼ਿਆਂ ਖਿਲਾਫ਼ ਪੰਜਾਬ ਵਿਚ ਮਾਰਚ ਕੱਢਣ ਜਾ ਰਹੀ ਹੈ, ਜਿਸਦੀ ਅਗਵਾਈ ਅਮਿਤ ਸ਼ਾਹ ਕਰਨਗੇ। ਹੁਣ ਮੰਨਿਆ ਇਹ ਜਾ ਰਿਹਾ ਹੈ ਕਿ ਗਵਰਨਰ ਭਾਜਪਾ ਲਈ ਨਸ਼ਿਆਂ ਦਾ ਮੁੱਦਾ ਪੰਜਾਬ ਵਿਚ ਸਰਗਰਮ ਕਰ ਰਹੇ ਹਨ।ਬਤੌਰ ਕੇਂਦਰ ਸਰਕਾਰ ਦੇ ਨੁਮਾਇੰਦੇ ਬਨਵਾਰੀ ਲਾਲ ਪੁਰੋਹਿਤ ਪੰਜਾਬ ਵਿਚ ਹਵਾ ਬਣਾ ਰਹੇ ਹਨ ਅਤੇ ਵਿਵਾਦ ਦਾ ਮੁੱਦਾ ਖੜਾ ਕਰ ਰਹੇ ਹਨ।ਕਿਉਂਕਿ ਭਾਜਪਾ ਦੀ ਮੰਸ਼ਾ ਹੈ ਕਿ ਉਹ ਵੱਡੀ ਪਾਰਟੀ ਦੇ ਤੌਰ ਤੇ ਪੰਜਾਬ ਵਿਚ ਉਭਰੇ।

ਸੂਬੇ ਦਾ ਦੌਰਾ ਗਵਰਨਰ ਦਾ ਸੰਵਿਧਾਨਕ ਹੱਕ ਨਹੀਂ: ਈਟੀਵੀ ਭਾਰਤ ਨਾਲ ਗੱਲ ਕਰਦਿਆਂ ਹਮੀਰ ਸਿੰਘ ਨੇ ਕਿਹਾ ਕਿ ਇਸਦੇ ਵਿਚ ਕੋਈ ਸ਼ੱਕ ਨਹੀਂ ਕਿ ਪੰਜਾਬ ਵਿਚ ਨਸ਼ਾ ਗੰਭੀਰ ਸਮੱਸਿਆ ਹੈ। 2014 ਦੀਆਂ ਲੋਕ ਸਭਾ ਚੋਣਾਂ, 2017 ਦੀਆਂ ਵਿਧਾਨ ਸਭਾ ਚੋਣਾਂ ਅਤੇ 2022 ਦੀਆਂ ਚੋਣਾਂ ਵੀ ਨਸ਼ੇ ਦੇ ਮੁੱਦੇ ਨੂੰ ਆਧਾਰ ਬਣਾ ਕੇ ਲੜੀਆਂ ਗਈਆਂ। ਇਸੇ ਲਈ ਹੁਣ ਭਾਜਪਾ ਵੀ ਨਸ਼ਿਆਂ ਦਾ ਰੌਲਾ ਪਾਉਣ ਦੀ ਨੀਤੀ ਤੇ ਕੰਮ ਕਰ ਰਹੀ ਹੈ। ਜਦਕਿ ਸੰਵਿਧਾਨਕ ਤੌਰ 'ਤੇ ਕਿਸੇ ਵੀ ਗਵਰਨਰ ਨੂੰ ਇਹ ਹੱਕ ਨਹੀਂ ਕਿ ਉਹ ਕਿਸੇ ਸੂਬੇ ਦਾ ਆਪ ਜਾ ਕੇ ਨਿਰੀਖਣ ਕਰੇ, ਸਿੱਧਾ ਲੋਕਾਂ ਨਾਲ ਰਾਬਤਾ ਕਰੇ ਅਤੇ ਸਿੱਧੀਆਂ ਬਿਆਨਬਾਜ਼ੀਆਂ ਕਰੇ। ਗਵਰਨਰ ਦੇ ਧਿਆਨ ਵਿਚ ਜੇਕਰ ਕੋਈ ਮਾਮਲਾ ਆਉਂਦਾ ਹੈ ਤਾਂ ਉਹਨਾਂ ਦਾ ਕੰਮ ਸਰਕਾਰ ਦੇ ਅੱਗੇ ਸਮੱਸਿਆ ਰੱਖਣਾ ਹੈ।

ਪੰਜਾਬ ਸਰਕਾਰ ਨੇ ਮੌਕਾ ਦਿੱਤਾ : ਸੀਨੀਅਰ ਪੱਤਰਕਾਰ ਹਮੀਰ ਸਿੰਘ ਦਾ ਮੰਨਣਾ ਹੈ ਕਿ ਪੰਜਾਬ ਸਰਕਾਰ ਨੇ ਗਵਰਨਰ ਨੂੰ ਅਜਿਹਾ ਕਰਨ ਦਾ ਮੌਕਾ ਦਿੱਤਾ ਹੈ। ਸਰਕਾਰ ਉਸ ਤਰੀਕੇ ਨਾਲ ਗਵਰਨਰ ਦਾ ਵਿਰੋਧ ਨਹੀਂ ਕਰ ਰਹੀ ਜਿਸ ਤਰੀਕੇ ਨਾਲ ਕਰਨਾ ਚਾਹੀਦਾ ਹੈ।ਇਹ ਸੂਬੇ ਦੇ ਫੈਡਰਲ ਢਾਂਚੇ ਤੇ ਹਮਲਾ ਹੈ ਜਿਸਦਾ ਸਰਕਾਰ ਅਤੇ ਪੰਜਾਬ ਨਾਲ ਸਿੱਧਾ ਸਰੋਕਾਰ ਹੈ। ਪੰਜਾਬ ਸਰਕਾਰ ਦੀ ਕਾਰਗੁਜ਼ਾਰੀ ਨੇ ਹੀ ਗਵਰਨਰ ਨੂੰ ਸਰਕਾਰ ਨਾਲ ਸਿੱਧਾ ਟਕਰਾਅ ਪੈਦਾ ਕਰਨ ਦਾ ਮੌਕਾ ਦਿੱਤਾ, ਜਿਸਦਾ ਪੰਜਾਬ ਦੀ ਸਿਆਸੀ ਸਿਹਤ ਤੇ ਮਾੜਾ ਅਸਰ ਪੈ ਸਕਦਾ ਹੈ।ਸਰਕਾਰ ਦਾ ਬੁਨਿਆਦੀ ਮੁੱਦਿਆਂ 'ਤੇ ਧਿਆਨ ਕੇਂਦਰਿਤ ਨਾ ਹੋਣ ਕਰਕੇ ਅਜਿਹੇ ਹਾਲਾਤ ਪੈਦਾ ਹੋਏ।

ਗਵਰਨਰ ਦੇ ਬਿਆਨਾਂ ਨਾਲ ਹੋਈ ਸਿਆਸੀ ਹਲਚਲ: ਪੰਜਾਬ ਸਰਕਾਰ ਅਤੇ ਗਵਰਨਰ ਵਿਚਾਲੇ ਤਕਰਾਰ ਅੱਜ ਦੀ ਨਹੀਂ ਬਲਕਿ ਕਈ ਮਹੀਨਿਆਂ ਤੋਂ ਚੱਲਦੀ ਆ ਰਹੀ ਹੈ।ਹੁਣ ਇਹ ਨਵਾਂ ਵਿਵਾਦ ਪੰਜਾਬ ਵਿਚ ਨਸ਼ੇ ਦੇ ਲਗਾਤਾਰ ਵੱਧ ਰਹੇ ਮਾਮਲਿਆਂ ਤੇ ਸ਼ੁਰੂ ਹੋਇਆ। ਦਰਅਸਲ ਬਨਵਾਰੀ ਲਾਲ ਪੁਰੋਹਿਤ ਪੰਜਾਬ ਦੇ 6 ਸਰਹੱਦੀ ਇਲਾਕਿਆਂ ਦੇ ਦੌਰੇ 'ਤੇ ਹਨ। ਜਿਥੇ ਫਾਜ਼ਿਲਕਾ ਅਤੇ ਫਿਰੋਜ਼ਪੁਰ ਦੌਰੇ ਦੌਰਾਨ 54 ਪਿੰਡਾਂ ਦੇ ਸਰਪੰਚਾਂ ਨਾਲ ਸਿੱਧਾ ਸੰਵਾਦ ਕੀਤਾ ਅਤੇ ਪੰਜਾਬ ਵਿਚ ਨਸ਼ੇ ਦੀ ਸਮੱਸਿਆ ਲਈ ਪੰਜਾਬ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਇਆ'। ਗਵਰਨਰ ਨੇ ਕਿਹਾ ਕਿ ਪੰਜਾਬ ਪੁਲਿਸ ਨੂੰ ਪਤਾ ਵੀ ਨਹੀਂ ਕਿ ਪੰਜਾਬ ਵਿਚ ਨਸ਼ਾ ਟੂਥਪੇਸਟ ਦੀ ਤਰ੍ਹਾਂ ਵਿੱਕ ਰਿਹਾ ਹੈ। ਅਜਿਹਾ ਵੀ ਪਹਿਲੀ ਵਾਰ ਹੋਇਆ ਜਦੋਂ ਬਨਵਾਰੀ ਲਾਲ ਪੁਰੋਹਿਤ ਖਾਲਿਸਤਾਨ ਅਤੇ ਦੇਸ਼ ਵਿਰੋਧੀ ਤਾਕਤਾਂ ਦਾ ਜ਼ਿਕਰ ਕੀਤਾ ਹੋਵੇ।ਉਹਨਾਂ ਫਿਰੋਜ਼ਪੁਰ ਵਿਚ ਇਕ ਵੱਡਾ ਬਿਆਨ ਦਿੰਦਿਆਂ ਆਖਿਆ ਕਿ ਪੰਜਾਬ ਵਿਚ ਗੁਆਂਢੀ ਦੇਸ਼ ਨਸ਼ਾ, ਹਥਿਆਰ ਅਤੇ ਅੱਤਵਾਦ ਰਾਹੀਂ ਪੰਜਾਬ ਵਿਚ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਗਵਰਨਰ ਦੇ ਇਹਨਾਂ ਭਾਸ਼ਣਾਂ 'ਚ ਸਿੱਧਾ ਪੰਜਾਬ ਸਰਕਾਰ 'ਤੇ ਨਿਸ਼ਾਨ ਪੰਜਾਬ ਵਿਚ ਸਿਆਸੀ ਹਵਾ ਦਾ ਵੇਗ ਤੇਜ਼ ਕਰ ਗਿਆ। ਪੰਜਾਬ ਪੁਲਿਸ ਅਤੇ ਪੰਜਾਬ ਸਰਕਾਰ ਦੀ ਕਾਰਗੁਜ਼ਾਰੀ 'ਤੇ ਬਨਵਾਰੀ ਲਾਲ ਪੁੁਰੋਹਿਤ ਨੇ ਜਿਸ ਤਰ੍ਹਾਂ ਦੀਆਂ ਟਿਕਾ ਟਿੱਪਣੀਆਂ ਕੀਤੀਆਂ ਉਸਤੇ ਪੰਜਾਬ ਸਰਕਾਰ ਵਿਚ ਹਲਚਲ ਹੋਣੀ ਲਾਜ਼ਮੀ ਸੀ।

ਗਵਰਨਰ ਨੂੰ ਪੰਜਾਬ ਸਰਕਾਰ ਦਾ ਜਵਾਬ: ਪੰਜਾਬ ਦੇ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਗਵਰਨਰ ਬਨਵਾਰੀ ਲਾਲ ਪੁਰੋਹਿਤ ਨੂੰ ਤਿੱਖਾ ਜਵਾਬ ਦਿੱਤਾ ਹੈ।ਅਮਨ ਅਰੋੜਾ ਨੇ ਕਿਹਾ ਕਿ ਅਜਿਹਾ ਕਦੇ ਵੀ ਨਹੀਂ ਹੋਇਆ ਕਿਸੇ ਵੀ ਸੂਬੇ ਵਿਚ ਨਹੀਂ ਹੋਇਆ ਕਿ ਕੋਈ ਗਵਰਨਰ ਲੋਕਾਂ ਵਿਚ ਜਾ ਕੇ ਰਾਜਨੀਤਿਕ ਬਿਆਨਬਾਜ਼ੀ ਕਰਦੇ ਹੋਣ।ਉਹਨਾਂ ਦੋਸ਼ ਲਗਾਇਆ ਕਿ ਪੰਜਾਬ ਦੇ ਰਾਜਪਾਲ ਪੰਜਾਬ ਸਰਕਾਰ ਦੇ ਬਰਾਬਰ ਸਰਕਰਾ ਚਲਾ ਰਹੇ ਹਨ।ਉਹਨਾਂ ਆਖਿਆ ਕਿ ਜੇਕਰ ਵਾਕਿਆ ਗਵਰਨਰ ਪੰਜਾਬ ਵਿਚ ਨਸ਼ੇ ਦੇ ਮੁੱਦੇ ਤੇ ਗੰਭੀਰ ਹਨ ਤਾਂ ਮੁੱਖ ਮੰਤਰੀ ਭਗਵੰਤ ਮਾਨ ਨਾਲ ਚਰਚਾ ਕਰਨ।ਅਮਨ ਅਰੋੜਾ ਨੇ ਗਵਰਨਰ ਦੇ ਇਸ ਵਰਤਾਰੇ ਅਤੇ ਬਿਆਨ ਨੂੰ ਪੂਰੀ ਤਰ੍ਹਾਂ ਸਿਆਸੀ ਦੱਸਿਆ ਹੈ।ਪੰਜਾਬ ਸਰਕਾਰ ਦੇ ਬੁਲਾਰੇ ਮਾਲਵਿੰਦਰ ਕੰਗ ਨੇ ਵੀ ਟਵੀਟ ਕਰਕੇ ਭਾਜਪਾ ਨੂੰ ਹੀ ਸਵਾਲ ਕਰ ਦਿੱਤਾ।ਉਹਨਾਂ ਨਸ਼ਿਆਂ ਨੂੰ ਠੱਲ੍ਹ ਪਾਉਣਾ ਭਾਜਪਾ ਸਰਕਾਰ ਦੀ ਜ਼ਿੰਮੇਵਾਰੀ ਦੱਸਿਆ।ਉਹਨਾਂ ਆਖਿਆ ਕਿ ਸਰਹੱਦ ਪਾਰੋਂ ਆਉਂਦੇ ਨਸ਼ੇ ਤੇ ਕੇਂਦਰ ਸਰਕਾਰ ਹੀ ਕਾਰਵਾਈ ਕਰ ਸਕਦੀ ਹੈ।

ਵਿਰੋਧੀ ਧਿਰਾਂ ਦਾ ਸਰਕਾਰ ਨੂੰ ਲਪੇਟਾ : ਪੰਜਾਬ ਸਰਕਾਰ ਅਤੇ ਗਵਰਨਰ ਵਿਚਾਲੇ ਤਕਰਾਰ ਵਿਚ ਵਿਰੋਧੀ ਧਿਰਾਂ ਦੀ ਵੀ ਐਂਟਰੀ ਹੋਈ। ਵਿਰੋਧੀ ਪਾਰਟੀਆਂ ਦੇ ਆਗੂ ਗਵਰਨਰ ਬਨਵਾਰੀ ਲਾਲ ਪੁਰੋਹਿਤ ਦਾ ਸਮਰਥਨ ਕਰ ਰਹੇ ਹਨ ਅਤੇ ਪੰਜਾਬ ਸਰਕਾਰ ਨੂੰ ਅੱਖਾਂ ਵਿਖਾ ਰਹੇ ਹਨ।ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਭਾਜਪਾ ਆਗੂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਸਰਹੱਦ ਪਾਰ ਤੋਂ ਨਸ਼ਾ ਅੱਜ ਦੀ ਸਮੱਸਿਆ ਨਹੀਂ ਹੈ ਜਦੋਂ ਉਹ ਮੁੱਖ ਮੰਤਰੀ ਹੁੰਦੇ ਸਨ ਤਾਂ 3 ਦਿਨਾਂ ਵਿਚ ਕਿਧਰੇ ਇਕ ਡਰੋਨ ਆਉਂਦਾ ਅਤੇ ਹੁਣ ਇਕ ਦਿਨ ਵਿਚ 3 ਡਰੋਨ ਆਉਂਦੇ ਹਨ।ਇਹਨਾਂ ਡਰੋਨਾ ਵਿਚ ਹਥਿਆਰ ਅਤੇ ਨਸ਼ਾ ਭੇਜਿਆ ਜਾ ਰਿਹਾ ਹੈ।ਇਹ ਪੰਜਾਬ ਲਈ ਕੋਈ ਚੰਗਾ ਸੰਕੇਤ ਨਹੀਂ ਹੈ।ਜਿਸਤੋਂ ਕਿਤੇ ਨਾ ਕਿਤੇ ਅੱਤਵਾਦ ਦਾ ਖ਼ਤਰਾ ਪਨਪ ਰਿਹਾ ਹੈ।

ਇਹ ਵੀ ਪੜ੍ਹੋ: Court dismissed petition against Arvind Kejriwal: ਬਠਿੰਡਾ ਕੋਰਟ ਨੇ ਕੇਜਰੀਵਾਲ ਖ਼ਿਲਾਫ਼ ਦਰਜ ਪਟੀਸ਼ਨ ਕੀਤੀ ਖਾਰਜ

ਭਾਜਪਾ ਆਗੂ ਮਨਜਿੰਦਰ ਸਿੰਘ ਸਿਰਸਾ ਨੇ ਵੀ ਪੰਜਾਬ ਸਰਕਾਰ ਨੂੰ ਖਰੀਆਂ ਖਰੀਆਂ ਸੁਣਾਈਆਂ ਹਨ।ਉਹਨਾਂ ਆਖਿਆ ਕਿ ਪੰਜਾਬ ਦੇ ਗਵਰਨਰ ਬਨਵਾਰੀ ਲਾਲ ਪੁਰੋਹਿਤ ਦੇ ਸਰਹੱਦੀ ਦੌਰੇ ਦੌਰਾਨ ਨਸ਼ਿਆਂ ਦੀ ਭੈੜੀ ਅਲਾਮਤ ਦਾ ਵੱਧਦਾ ਘੇਰਾ ਸਾਹਮਣੇ ਆਇਆ ਜਿਸਤੇ ਆਮ ਆਦਮੀ ਪਾਰਟੀ ਵੱਲੋਂ ਇਤਰਾਜ਼ ਜਤਾਇਆ ਜਾ ਰਿਹਾ ਹੈ।ਉਹਨਾਂ ਨਸੀਹਤ ਦਿੱਤੀ ਕਿ ਪੰਜਾਬ ਸਰਕਾਰ ਗਵਰਨਰ ਦਾ ਵਿਰੋਧ ਕਰਨ ਦੀ ਬਜਾਏ ਇਸ ਮਸਲੇ ਨੂੰ ਸੰਜੀਦਗੀ ਨਾਲ ਲਵੇ।

ਖਹਿਰਾ ਨੇ ਵੀ ਕੀਤਾ ਟਵੀਟ: ਕਾਂਗਰਸੀ ਆਗੂ ਸੁਖਪਾਲ ਸਿੰਘ ਖਹਿਰਾ ਨੇ ਵੀ ਇਕ ਟਵੀਟ ਦੇ ਜ਼ਰੀਏ ਪੰਜਾਬ ਸਰਕਾਰ ਨੂੰ ਸ਼ੀਸ਼ਾ ਵਿਖਾਉਣ ਦਾ ਦਾਅਵਾ ਕੀਤਾ। ਆਪਣੇ ਟਵੀਟ ਵਿਚ ਉਹਨਾਂ ਲਿਿਖਆ ਹੈ ਕਿ ਉਹ ਭਾਜਪਾ ਦੇ ਕੱਟੜ ਵਿਰੋਧੀ ਹਨ। ਪਰ ਪੰਜਾਬ ਦੇ ਗਵਰਨਰ ਬਨਵਾਰੀ ਲਾਲ ਪੁਰੋਹਿਤ ਨੇ ਜੋ ਸਥਿਤੀ ਪੇਸ਼ ਕੀਤੀ ਹੈ

ਪਹਿਲਾਂ ਕਈ ਵਾਰ ਸਰਕਾਰ ਅਤੇ ਗਵਰਨਰ ਵਿਚਾਲੇ ਹੋਈ ਤਕਰਾਰ: ਇਹ ਜੱਗ ਜਾਹਿਰ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਪੰਜਾਬ ਦੇ ਗਵਰਨਰ ਬਨਵਾਰੀ ਲਾਲ ਪੁਰੋਹਿਤ ਵਿਚਾਲੇ 36 ਦਾ ਅੰਕੜਾ ਹੈ।ਮੁੱਖ ਮੰਤਰੀ ਅਤੇ ਰਾਜਪਾਲ ਵਿਚਾਲੇ ਪਹਿਲੀ ਵਾਰ ਤਕਰਾਰ ਪੰਜਾਬ ਵਿਧਾਨ ਸਭਾ ਇਜਲਾਸ ਨੂੰ ਲੈ ਕੇ ਹੋਈ ਸੀ। 22 ਸਤੰਬਰ 2022 ਨੂੰ ਪੰਜਾਬ ਸਰਕਾਰ ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ ਬੁਲਾਉਣਾ ਚਾਹੁੰਦੀ ਸੀ ਜਿਸਤੇ ਗਵਰਨਰ ਨੇ ਇਤਰਾਜ਼ ਜਤਾਇਆ ਸੀ ਅਤੇ ਸੈਸ਼ਨ ਬੁਲਾਉਣ ਦੀ ਇਜਾਜ਼ਤ ਨਹੀਂ ਦਿੱਤੀ ਸੀ। ਫਿਰ ਸਰਕਾਰ ਨੇ ਨਵਾਂ ਪ੍ਰਸਤਾਵ ਰੱਖਿਆ ਸੀ।ਦੂਜੀ ਵਾਰ ਬਾਬਾ ਫਰੀਦ ਯੂਨੀਵਰਸਿਟੀ ਵਿਚ ਵਾਈਸ ਚਾਂਸਲਰ ਦੀ ਨਿਯੁਕਤੀ ਨੂੰ ਲੈ ਕੇ ਹੋਇਆ ਸੀ।ਪੰਜਾਬ ਐਗਰੀਕਲਰ ਯੂਨੀਵਰਸਿਟੀ ਦੇ ਵੀਸੀ ਦੀ ਨਿਯੁਕਤੀ ਨੂੰ ਲੈ ਕੇ ਵੀ ਦੋਵਾਂ ਵਿਚ ਪੇਚ ਫਸਿਆ ਸੀ।ਰਾਸ਼ਟਰਪਤੀ ਦ੍ਰੋਪਦੀ ਮੁਰਮੂ ਦਾ ਸਵਾਗਤ ਨਾ ਕਰਨ 'ਤੇ ਵੀ ਰਾਜਪਾਲ ਨੇ ਸੀਐਮ ਨੂੰ ਖਰੀ ਖੋਟੀ ਸੁਣਾਈ ਸੀ ਤੇ ਨਸ਼ਿਆਂ ਖਿਲਾਫ਼ ਪੰਜਾਬ ਪੁਲਿਸ ਅਤੇ ਸਰਕਾਰ ਦੀ ਕਾਰਗੁਜ਼ਾਰੀ ਵੀ ਦੋਵਾਂ ਵਿਚ ਤਕਰਾਰ ਦਾ ਕਾਰਨ ਬਣ ਗਈ ਹੈ।

Last Updated : Feb 3, 2023, 6:46 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.