ETV Bharat / state

ਕੋਰੋਨਾ ਨੂੰ ਲੈ ਕੇ ਸੂਬਾ ਸਰਕਾਰ ਹੋਈ ਸਖ਼ਤ, ਨਿਯਮਾਂ ਦੀ ਉਲੰਘਣਾ ਕਰਨ 'ਤੇ ਭਾਰੀ ਜੁਰਮਾਨਾ

author img

By

Published : Jul 23, 2020, 7:52 PM IST

Updated : Jul 23, 2020, 8:13 PM IST

ਪੰਜਾਬ ਸਰਕਾਰ ਦੇ ਨਵੇਂ ਦਿਸ਼ਾ ਨਿਰਦੇਸ਼ਾਂ ਅਨੁਸਾਰ ਹੁਣ ਘਰੇਲੂ ਇਕਾਂਤਵਾਸ ਦੀ ਉਲੰਘਣਾ ਕਰਨ ਵਾਲੇ ਨੂੰ 5000 ਰੁਪਏ ਜੁਰਮਾਨਾ ਅਤੇ ਸਮਾਜਿਕ ਦੂਰੀ ਦੀ ਉਲੰਘਣਾ ਕਰਨ ਵਾਲਿਆਂ ਨੂੰ 10000 ਰੁਪਏ ਜੁਰਮਾਨਾ ਕੀਤਾ ਜਾਵੇਗਾ।

ਹੁਣ ਸਮਾਜਿਕ ਦੂਰੀ ਦੀ ਉਲੰਘਣਾ ਕਰਨ 'ਤੇ 10 ਹਜ਼ਾਰ, ਇਕਾਂਤਵਾਸ ਦੀ ਉਲੰਘਣਾ 'ਤੇ 5000 ਰੁਪਏ ਹੋਵੇਗਾ ਜੁਰਮਾਨਾ
ਹੁਣ ਸਮਾਜਿਕ ਦੂਰੀ ਦੀ ਉਲੰਘਣਾ ਕਰਨ 'ਤੇ 10 ਹਜ਼ਾਰ, ਇਕਾਂਤਵਾਸ ਦੀ ਉਲੰਘਣਾ 'ਤੇ 5000 ਰੁਪਏ ਹੋਵੇਗਾ ਜੁਰਮਾਨਾ

ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਵੀਰਵਾਰ ਨੂੰ ਐਲਾਨੇ ਗਏ ਨਵੇਂ ਦਿਸ਼ਾ ਨਿਰਦੇਸ਼ਾਂ ਅਨੁਸਾਰ ਸੂਬੇ ਵਿੱਚ ਘਰੇਲੂ ਇਕਾਂਤਵਾਸ ਦੀ ਉਲੰਘਣਾ ਕਰਨ ਵਾਲੇ ਕੋਵਿਡ ਮਰੀਜ਼ਾਂ ਨੂੰ 5000 ਰੁਪਏ ਜੁਰਮਾਨਾ ਕੀਤਾ ਜਾਵੇਗਾ। ਸੂਬੇ ਵਿੱਚ ਇਸ ਵੇਲੇ 951 ਮਰੀਜ਼ ਘਰੇਲੂ ਏਕਾਂਤਵਾਸ ਵਿੱਚ ਹਨ।

ਮੁੱਖ ਮੰਤਰੀ ਨੇ ਸੂਬੇ ਵਿੱਚ ਮਹਾਂਮਾਰੀ ਦੇ ਫੈਲਾਅ ਨੂੰ ਰੋਕਣ ਲਈ ਬੰਦਿਸ਼ਾਂ ਦੀ ਸਖ਼ਤੀ ਨਾਲ ਪਾਲਣਾ ਨੂੰ ਯਕੀਨੀ ਬਣਾਉਣ ਵਾਸਤੇ ਰੈਸਟੋਰੈਂਟ ਅਤੇ ਖਾਣ ਪੀਣ ਵਾਲੀਆਂ ਵਪਾਰਕ ਥਾਵਾਂ 'ਤੇ ਸਮਾਜਿਕ ਵਿੱਥ ਦੀ ਉਲੰਘਣਾ ਕਰਨ ਵਾਲਿਆਂ ਲਈ ਵੀ 5000 ਰੁਪਏ ਜੁਰਮਾਨਾ ਕਰਨ ਦਾ ਐਲਾਨ ਕੀਤਾ। ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਇਕੱਠਾਂ ਦੌਰਾਨ ਸਮਾਜਿਕ ਦੂਰੀ ਦੀ ਉਲੰਘਣਾ ਕਰਨ ਵਾਲੇ ਅਤੇ ਤੈਅ ਸ਼ੁਦਾ ਗਿਣਤੀ ਤੋਂ ਵੱਧ ਇਕੱਠ ਕਰਨ ਵਾਲਿਆਂ 'ਤੇ 10000 ਰੁਪਏ ਜੁਰਮਾਨਾ ਕੀਤਾ ਜਾਵੇਗਾ।

ਅੱਜ ਐਲਾਨੇ ਗਏ ਜੁਰਮਾਨੇ/ਦੰਡ ਪਹਿਲੇ ਐਲਾਨੇ ਗਏ ਜੁਰਮਾਨਿਆਂ ਤੋਂ ਵੱਖ ਹੋਣਗੇ। ਮਈ ਮਹੀਨੇ ਵਿੱਚ ਜਨਤਕ ਥਾਵਾਂ 'ਤੇ ਮਾਸਕ ਨਾ ਪਹਿਨਣ ਉੱਤੇ 500 ਰੁਪਏ ਜੁਰਮਾਨਾ, ਘਰੇਲੂ ਇਕਾਂਤਵਾਸ ਦੀਆਂ ਹਦਾਇਤਾਂ ਦੇ ਉਲੰਘਣ 'ਤੇ 200 ਰੁਪਏ ਅਤੇ ਜਨਤਕ ਥਾਵਾਂ 'ਤੇ ਥੁੱਕਣ 'ਤੇ 500 ਰੁਪਏ ਜੁਰਮਾਨਾ ਲਾਉਣ ਦਾ ਐਲਾਨ ਕੀਤਾ ਗਿਆ ਸੀ।

ਮੌਜੂਦਾ ਦਿਸ਼ਾ-ਨਿਰਦੇਸ਼ਾਂ ਮੁਤਾਬਕ ਦੁਕਾਨਾਂ/ਵਪਾਰਕ ਥਾਵਾਂ ਨੂੰ ਸਮਾਜਿਕ ਦੂਰੀ ਦੀ ਉਲੰਘਣਾ ਕਰਨ 'ਤੇ 2000 ਰੁਪਏ ਜੁਰਮਾਨਾ ਅਦਾ ਕਰਨਾ ਪਵੇਗਾ ਜਦਕਿ ਬੱਸਾਂ ਅਤੇ ਕਾਰਾਂ ਵਿੱਚ ਅਜਿਹੀ ਉਲੰਘਣਾ ਕਰਨ 'ਤੇ ਕ੍ਰਮਵਾਰ 3000 ਰੁਪਏ ਅਤੇ 2000 ਰੁਪਏ ਜੁਰਮਾਨਾ ਭਰਨਾ ਪਵੇਗਾ ਅਤੇ ਆਟੋ-ਰਿਕਸ਼ਾ/ਦੋ-ਪਹੀਆ ਵਾਹਨਾਂ ਦੇ ਸਬੰਧ ਵਿੱਚ 500 ਰੁਪਏ ਜੁਰਮਾਨਾ ਦੇਣਾ ਹੋਵੇਗਾ।

ਸੂਬਾ ਭਰ ਵਿੱਚ ਉਲੰਘਣਾ ਦੇ ਲਗਾਤਾਰ ਸਾਹਮਣੇ ਆ ਰਹੇ ਮਾਮਲਿਆਂ ਦੌਰਾਨ ਹੋਰ ਜੁਰਮਾਨਿਆਂ ਦੀ ਵਿਵਸਥਾ ਕੀਤੀ ਗਈ ਹੈ ਅਤੇ ਡੀ.ਜੀ.ਪੀ. ਦਿਨਕਰ ਗੁਪਤਾ ਮੁਤਾਬਕ ਮਾਸਕ ਨਾ ਪਹਿਨਣ ਲਈ ਰੋਜ਼ਾਨਾ ਲਗਪਗ 5000 ਚਲਾਨ ਕੱਟੇ ਜਾ ਰਹੇ ਹਨ। ਕੈਪਟਨ ਅਮਰਿੰਦਰ ਸਿੰਘ ਨੇ ਸੂਬਾ ਸਰਕਾਰ ਵੱਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ਦੇ ਅਨੁਸਾਰ ਮਾਸਕ ਪਹਿਨਣਾ ਲਾਜ਼ਮੀ ਕਰਨ ਦੇ ਅਮਲ ਨੂੰ ਸਖਤੀ ਨਾਲ ਯਕੀਨੀ ਬਣਾਉਣ ਲਈ ਕਰੜੇ ਕਦਮ ਚੁੱਕਣ ਦੇ ਹੁਕਮ ਦਿੱਤੇ ਹਨ।

ਮੁੱਖ ਮਤੰਰੀ ਨੇ ਵੱਖ-ਵੱਖ ਧਾਰਮਿਕ ਸੰਸਥਾਵਾਂ ਦੇ ਮੁਖੀਆਂ ਅਤੇ ਪ੍ਰਬੰਧਕਾਂ ਨੂੰ ਸੂਬੇ ਵਿੱਚ ਧਾਰਮਿਕ ਥਾਵਾਂ 'ਤੇ ਮਾਸਕ ਪਹਿਨਣ ਸਮੇਤ ਕੋਵਿਡ ਸਬੰਧੀ ਹੋਰ ਸੁਰੱਖਿਆ ਉਪਾਵਾਂ ਅਤੇ ਸਮਾਜਿਕ ਦੂਰੀ ਦੀਆਂ ਬੰਦਿਸ਼ਾਂ ਦੇ ਪਾਲਣ ਨੂੰ ਯਕੀਨੀ ਬਣਾਉਣ ਦੀ ਅਪੀਲ ਕੀਤੀ।

ਕੈਪਟਨ ਅਮਰਿੰਦਰ ਸਿੰਘ ਨੇ ਕਿਸਾਨਾਂ ਯੂਨੀਅਨਾਂ ਨੂੰ ਇਕ ਵਾਰ ਫੇਰ ਕੇਂਦਰ ਸਰਕਾਰ ਦੇ ਕਿਸਾਨ ਵਿਰੋਧੀ ਆਰਡੀਨੈਂਸਾਂ ਵਿਰੁੱਧ ਸੜਕਾਂ 'ਤੇ ਰੋਸ ਪ੍ਰਦਰਸ਼ਨ ਨਾ ਕਰਨ ਦੀ ਅਪੀਲ ਨੂੰ ਦੁਹਰਾਉਂਦਿਆਂ ਕੋਵਿਡ ਦੇ ਫੈਲਾਅ ਨੂੰ ਰੋਕਣ ਲਈ ਅਜਿਹੇ ਅੰਦੋਲਨ ਮੁਲਤਵੀ ਕਰਨ ਲਈ ਆਖਿਆ।

ਇਕ ਹੋਰ ਉਪਰਾਲਾ ਕਰਦਿਆਂ ਮੁੱਖ ਮੰਤਰੀ ਨੇ ਬੱਸ ਅੱਡਿਆਂ ਆਦਿ ਵਰਗੀਆਂ ਸਾਂਝੀਆਂ ਥਾਵਾਂ 'ਤੇ ਮਾਸਕ ਮੁਹੱਈਆ ਕਰਵਾਉਣ ਵਾਲੀਆਂ ਮਸ਼ੀਨਾਂ ਲਾਉਣ ਦੇ ਹੁਕਮ ਦਿੱਤੇ।

ਇਸ ਦੌਰਾਨ ਮੁੱਖ ਮੰਤਰੀ ਨੇ ਮੁੱਖ ਸਕੱਤਰ ਵਿਨੀ ਮਹਾਜਨ ਅਤੇ ਸਿਹਤ ਮਾਹਿਰਾਂ ਨੂੰ ਫਰੀਦਕੋਟ ਅਤੇ ਅੰਮ੍ਰਿਤਸਰ ਦੇ ਸਰਕਾਰੀ ਮੈਡੀਕਲ ਕਾਲਜਾਂ ਵਿੱਚ ਵੀ ਪਲਾਜ਼ਮਾ ਬੈਂਕਾਂ ਸਥਾਪਤ ਕਰਨ ਲਈ ਰੂਪ-ਰੇਖਾ ਉਲੀਕਣ ਦੇ ਨਿਰਦੇਸ਼ ਦਿੱਤੇ ਜਦਕਿ ਪਟਿਆਲਾ ਵਿੱਚ ਸੂਬੇ ਦੀ ਪਹਿਲੀ ਪਲਾਜ਼ਮਾ ਬੈਂਕ ਦਾ ਉਦਘਾਟਨ 21 ਜੁਲਾਈ ਨੂੰ ਕੀਤਾ ਜਾ ਚੁੱਕਾ ਹੈ। ਇਸ ਦੇ ਉਦਘਾਟਨ ਦੇ ਪਹਿਲੇ ਦਿਨ ਹੀ ਚਾਰ ਦਾਨੀਆਂ ਨੇ ਬੈਂਕ ਨੂੰ ਆਪਣਾ ਪਲਾਜ਼ਮਾ ਦਿੱਤਾ।

ਉਨ੍ਹਾਂਨੇ ਕੋਵਿਡ ਦੇ ਇਲਾਜ ਉਪਰੰਤ ਸਿਹਤਯਾਬ ਹੋ ਚੁੱਕੇ ਵਿਅਕਤੀਆਂ ਨੂੰ ਇਸ ਬਿਮਾਰੀ ਤੋਂ ਪ੍ਰਭਾਵਿਤ ਲੋਕਾਂ ਦੀ ਸਹਾਇਤਾ ਲਈ ਆਪਣਾ ਪਲਾਜ਼ਮਾ ਦੇਣ ਲਈ ਅਪੀਲ ਕੀਤੀ।

Last Updated : Jul 23, 2020, 8:13 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.