ETV Bharat / state

ਵਿਵਾਦਾਂ 'ਚ ਰਾਹੁਲ ਗਾਂਧੀ ਦਾ ਬਿਆਨ, ਵਿਰੋਧੀਆਂ ਅਤੇ ਐਸਜੀਪੀਸੀ ਨੇ ਸੁਣਾਈਆਂ ਖਰੀਆਂ-ਖਰੀਆਂ

author img

By

Published : Jun 1, 2023, 3:30 PM IST

ਅਮਰੀਕਾ ਗਏ ਕਾਂਗਰਸੀ ਆਗੂ ਰਾਹੁਲ ਗਾਂਧੀ ਨੇ ਪੰਜਾਬ ਦੇ ਸਿਆਸੀ ਅਤੇ ਧਾਰਮਿਕ ਗਲਿਆਰਿਆਂ ਵਿੱਚ ਸ਼ੋਰ ਮਚਾ ਦਿੱਤਾ ਹੈ। ਉਹਨਾਂ ਦਾ ਇਕ ਬਿਆਨ ਵਿਵਾਦ ਦਾ ਰੂਪ ਧਾਰਨ ਕਰ ਗਿਆ। ਇਸ ਬਿਆਨ ਤੋਂ ਬਾਅਦ ਐਸਜੀਪੀਸੀ ਨੇ ਵੱਡਾ ਇਤਰਾਜ਼ ਜਤਾਇਆ ਹੈ।

Controversy over Congress leader Rahul Gandhi's statement
ਵਿਵਾਦਾਂ 'ਚ ਰਾਹੁਲ ਗਾਂਧੀ ਦਾ ਬਿਆਨ, ਵਿਰੋਧੀਆਂ ਅਤੇ ਐਸਜੀਪੀਸੀ ਨੇ ਸੁਣਾਈਆਂ ਖਰੀਆਂ-ਖਰੀਆਂ

ਰਾਹੁਲ ਗਾਂਧੀ ਨੂੰ ਐਸਜੀਪੀਸੀ ਸਕੱਤਰ ਨੇ ਆਖਿਆ ਮੰਦਬੁੱਧੀ

ਚੰਡੀਗੜ੍ਹ: ਰਾਹੁਲ ਗਾਂਧੀ ਅਮਰੀਕਾ ਦੌਰੇ ਉੱਤੇ ਹਨ ਅਤੇ ਅਮਰੀਕਾ ਵਿੱਚ ਉਹਨਾਂ ਦੀ ਬਿਆਨਬਾਜ਼ੀ ਕਈ ਵਿਵਾਦਾਂ ਨੂੰ ਤੂਲ ਦੇ ਰਹੀ ਹੈ। ਰਾਹੁਲ ਗਾਂਧੀ ਨੇ ਆਪਣੇ ਇਕ ਬਿਆਨ ਦੇ ਵਿੱਚ ਭਾਰਤ ਜੋੜੋ ਯਾਤਰਾ ਅਤੇ ਗੁਰੂ ਨਾਨਕ ਦੇਵ ਜੀ ਦਾ ਜ਼ਿਕਰ ਕੀਤਾ ਜਿਸ ਨੂੰ ਸਿੱਖ ਭਾਈਚਾਰਾ ਅਤੇ ਵਿਰੋਧੀ ਧਿਰਾਂ ਨਿਸ਼ਾਨੇ 'ਤੇ ਲੈ ਰਹੀਆਂ ਹਨ। ਇਸ ਬਿਆਨ ਦੇ ਮਾਇਨੇ ਭਾਰਤ ਜੋੜੋ ਯਾਤਰਾ ਦੀ ਤੁਲਨਾ ਗੁਰੂ ਨਾਨਕ ਦੇਵ ਜੀ ਦੀਆਂ ਉਦਾਸੀਆਂ ਨਾਲ ਕਰਨ ਦੇ ਕੱਢੇ ਜਾ ਰਹੇ ਹਨ। ਭਾਜਪਾ ਆਗੂ ਆਰਪੀ ਸਿੰਘ ਨੇ ਵੀ ਟਵੀਟ ਕਰਕੇ ਕਿਹਾ ਕਿ ਰਾਹੁਲ ਗਾਂਧੀ ਦੇ ਇਸ ਬਿਆਨ ਨੇ ਸਿੱਖ ਭਾਵਨਾਵਾਂ ਨੂੰ ਆਹਤ ਕੀਤਾ ਹੈ ਅਤੇ ਐਸਜੀਪੀਸੀ ਇਸ ਉੱਤੇ ਗੌਰ ਕਰੇ।


ਐਸਜੀਪੀਸੀ ਨੇ ਜਤਾਇਆ ਇਤਰਾਜ਼: ਐਸਜੀਪੀਸੀ ਨੇ ਰਾਹੁਲ ਗਾਂਧੀ ਦੇ ਇਸ ਬਿਆਨ ਦੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਕੀਤੀ। ਐਸਜੀਪੀਸੀ ਸਕੱਤਰ ਗੁਰਚਰਨ ਸਿੰਘ ਗਰੇਵਾਲ ਨੇ ਕਿਹਾ ਹੈ ਕਿ ਗੁਰੂ ਨਾਨਕ ਦੇਵ ਜੀ ਵਰਗਾ ਨਾ ਪਹਿਲਾਂ ਕੋਈ ਹੋਇਆ ਅਤੇ ਨਾ ਹੀ ਹੋ ਸਕਦਾ ਹੈ। ਜੂਨ ਦਾ ਕਹਿਰ ਵਾਲਾ ਮਹੀਨਾ ਸ਼ੁਰੂ ਹੋ ਗਿਆ ਹੈ, ਉਸ ਵੇੇਲੇ ਵੀ ਗਾਂਧੀ ਪਰਿਵਾਰ ਨੇ ਸਿੱਖ ਕੌਮ ਨੂੰ ਜ਼ਖ਼ਮ ਦਿੱਤੇ ਅਤੇ ਹੁਣ ਰਾਹੁਲ ਗਾਂਧੀ ਦੀ ਬਿਆਨਬਾਜ਼ੀ ਉਸ ਦੇ ਮੰਦਬੁੱਧੀ ਹੋਣ ਦਾ ਸਬੂਤ ਦੇ ਰਹੀ ਹੈ। ਅਮਰੀਕਾ ਦੇ ਦੌਰੇ 'ਤੇ ਗਿਆ ਰਾਹੁਲ ਗਾਂਧੀ ਗੁਰੂ ਨਾਨਕ ਦੇਵ ਜੀ ਦੀਆਂ ਚਾਰ ਉਦਾਸੀਆਂ ਨਾਲ ਭਾਰਤ ਜੋੜੋ ਯਾਤਰਾ ਦੀ ਤੁਲਨਾ ਕਰ ਰਿਹਾ ਹੈ। ਜੋ ਕਿ ਸ਼ਰਮਸਾਰ ਕਰਨ ਵਾਲਾ ਬਿਆਨ ਹੈ। ਗੁਰੂ ਨਾਨਕ ਦੇਵ ਜੀ ਨੇ ਲੋਕਾਈ ਦੇ ਭਲੇ ਲਈ 4 ਉਦਾਸੀਆਂ ਕੀਤੀਆਂ। ਭਾਰਤ ਜੋੜੋ ਯਾਤਰਾ ਰਾਜਨੀਤੀ ਦੇ ਮੰਤਵ ਅਤੇ ਵੋਟਾਂ ਲਈ ਕੀਤੀ ਗਈ ਸੀ। ਮੰਦਬੁੱਧੀ ਲੋਕ ਜਦੋਂ ਅਜਿਹੀ ਗੱਲ ਕਰਦੇ ਹਨ ਤਾਂ ਸੰਗਤ ਨੂੰ ਸਮਝਾਉਣਾ ਸਾਡੇ ਲਈ ਜ਼ਰੂਰੀ ਬਣ ਜਾਂਦਾ ਹੈ। ਗੁਰੂ ਨਾਕ ਦੇਵ ਜੀ ਨੇ ਵੱਖ-ਵੱਖ ਧਰਮਾਂ ਦੇ ਲੋਕਾਂ ਨੂੰ ਜੋੜਿਆ। ਗਾਂਧੀ ਪਰਿਵਾਰ ਨੇ ਤਾਂ ਹਮੇਸ਼ਾ ਹੀ ਪੰਜਾਬ ਦਾ ਨੁਕਸਾਨ ਕੀਤਾ ਹੈ। ਪੰਜਾਬ ਦੇ ਪਾਣੀ ਦਾ ਮਸਲਾ ਹੋਵੇ, ਬੋਲੀ ਦਾ ਮਸਲਾ ਹੋਵੇ ਸਾਰਾ ਕੁਝ ਕਾਂਗਰਸ ਅਤੇ ਗਾਂਧੀ ਪਰਿਵਾਰ ਦਾ ਪੈਦਾ ਕੀਤਾ ਹੋਇਆ ਹੈ।

ਕਾਂਗਰਸ ਨੇ ਕਿਹਾ ਤੁਲਨਾ ਨਹੀਂ ਪ੍ਰੇਰਨਾ: ਵਿਰੋਧੀਆਂ ਦੇ ਇਹਨਾਂ ਤਮਾਮ ਸਵਾਲਾਂ ਅਤੇ ਐਸਜੀਪੀਸੀ ਦੀ ਤਾੜਨਾ ਤੋਂ ਬਾਅਦ ਪੰਜਾਬ ਕਾਂਗਰਸ ਨੇ ਰਾਹੁਲ ਗਾਂਧੀ ਦਾ ਬਚਾਅ ਕੀਤਾ ਹੈ। ਪੰਜਾਬ ਕਾਂਗਰਸ ਦੇ ਬੁਲਾਰੇ ਕੰਵਰ ਹਰਪ੍ਰੀਤ ਸਿੰਘ ਨੇ ਕਿਹਾ ਕਿ ਵਿਰੋਧੀਆਂ ਦਾ ਕੰਮ ਵਿਰੋਧਤਾ ਕਰਨਾ ਹੈ। ਰਾਹੁਲ ਗਾਂਧੀ ਦੇ ਇਸ ਬਿਆਨ ਨੂੰ ਗਲਤ ਤਰੀਕੇ ਨਾਲ ਪੇਸ਼ ਕੀਤਾ ਜਾ ਰਿਹਾ ਹੈ। ਜਦ ਕਿ ਇਹ ਗੁਰੂ ਨਾਨਕ ਦੇਵ ਜੀ ਨਾਲ ਤੁਲਨਾ ਨਹੀਂ ਬਲਕਿ ਇਹ ਗੁਰੂ ਨਾਨਕ ਦੇਵ ਜੀ ਦੀ ਪ੍ਰੇਰਨਾ ਹੈ। ਅਸੀਂ ਆਪਣੇ ਗੁਰੂਆਂ ਤੋਂ ਹਮੇਸ਼ਾ ਪ੍ਰੇਰਨਾ ਲੈਂਦਾ ਹਾਂ। ਅਜਿਹੀ ਪ੍ਰੇਰਨਾ ਸਾਰਿਆਂ ਨੂੰ ਲੈਣੀ ਚਾਹੀਦੀ ਹੈ। ਵਿਰੋਧੀਆਂ ਨੂੰ ਵੀ ਚਾਹੀਦਾ ਹੈ ਕਿ ਦੇਸ਼, ਸੂਬੇ ਅਤੇ ਲੋਕਾਂ ਦੀ ਭਲਾਈ ਦਾ ਕੰਮ ਕਰਨ।

ETV Bharat Logo

Copyright © 2024 Ushodaya Enterprises Pvt. Ltd., All Rights Reserved.