ETV Bharat / state

Gas Leak Cases In Punjab : ਲੁਧਿਆਣਾ ਗੈਸ ਲੀਕ ਕਾਂਡ ਕੋਈ ਪਹਿਲਾ ਮਾਮਲਾ ਨਹੀਂ, ਇਸ ਤੋਂ ਪਹਿਲਾਂ ਇੱਥੇ ਵਾਪਰ ਚੁੱਕੀਆਂ ਨੇ ਗੈਸ ਲੀਕ ਘਟਨਾਵਾਂ

author img

By

Published : Apr 30, 2023, 2:09 PM IST

ਲੁਧਿਆਣਾ ਵਿੱਚ ਗੈਸ ਲੀਕ ਹੋਣ ਦੀ ਘਟਨਾ ਨਾਲ ਕਈ ਲੋਕਾਂ ਦੀ ਮੌਤ ਹੋਈ ਹੈ। ਹਾਲਾਂਕਿ, ਇਹ ਪਹਿਲਾ ਮਾਮਲਾ ਨਹੀਂ ਹੈ, ਇਸ ਤੋਂ ਪਹਿਲਾਂ ਵੀ ਪੰਜਾਬ ਵਿੱਚ ਕਈ ਥਾਂਈਂ ਗੈਸ ਲੀਕ ਹੋਣ ਦੀਆਂ ਘਟਨਾਵਾਂ ਵਾਪਰ ਚੁੱਕੀਆਂ ਹਨ।

Cases of gas leakage in Punjab
Gas Leak Cases In Punjab : ਲੁਧਿਆਣਾ ਗੈਸ ਲੀਕ ਕਾਂਡ ਕੋਈ ਪਹਿਲਾ ਮਾਮਲਾ ਨਹੀਂ, ਇਸ ਤੋਂ ਪਹਿਲਾਂ ਇੱਥੇ ਵਾਪਰ ਚੁੱਕੀਆਂ ਨੇ ਗੈਸ ਲੀਕ ਘਟਨਾਵਾਂ

ਚੰਡੀਗੜ੍ਹ : ਲੁਧਿਆਣਾ ਜ਼ਿਲ੍ਹੇ ਦੇ ਗਿਆਸਪੁਰਾ ਇਲਾਕੇ ਵਿੱਚ ਵੇਰਕਾ ਬੂਥ 'ਤੇ ਗੈਸ ਲੀਕ ਹੋਣ ਨਾਲ 11 ਲੋਕਾਂ ਦੀ ਮੌਤ ਹੋਣ ਦੀ ਖਬਰ ਨਾਲ ਇਕ ਵਾਰ ਫਿਰ ਪੰਜਾਬ ਹਿੱਲ ਗਿਆ ਹੈ। ਗੈਸ ਲੀਕ ਗਿਆਸਪੁਰਾ ਦੇ ਸੁਆ ਰੋਡ 'ਤੇ ਸਥਿਤ ਫੈਕਟਰੀ ਵਿੱਚ ਹੋਈ ਹੈ, ਜਿਸ ਕਾਰਨ ਦਰਜਨਾਂ ਲੋਕ ਉਸ ਦੀ ਲਪੇਟ ਵਿੱਚ ਆਏ ਹਨ। ਲੁਧਿਆਣਾ ਦੇ ਸੀਨੀਅਰ ਪੁਲਿਸ ਅਫਸਰ ਨੇ 11 ਲੋਕਾਂ ਦੀ ਮੌਤ ਦੀ ਪੁਸ਼ਟੀ ਕੀਤੀ ਹੈ। ਪਰ, ਦੂਜੇ ਪਾਸੇ ਸਵਾਲ ਇਹ ਵੀ ਹੈ ਕਿ ਗੈਸ ਲੀਕ ਹੋਣ ਦੀਆਂ ਘਟਨਾਵਾਂ ਉੱਤੇ ਰੋਕ ਕਿਉਂ ਨਹੀਂ ਲੱਗ ਰਹੀ ਹੈ। ਲੰਘੇ ਸਾਲਾਂ ਦੀ ਗੱਲ ਕਰੀਏ ਤਾਂ ਪਹਿਲਾਂ ਵੀ ਪੰਜਾਬ ਦੇ ਵੱਖ ਵੱਖ ਜਿਲ੍ਹਿਆਂ ਵਿੱਚ ਗੈਸ ਲੀਕ ਹੋਣ ਦੀਆਂ ਘਟਨਾਵਾਂ ਵਾਪਰ ਚੁੱਕੀਆਂ ਹਨ। ਹਾਲਾਂਕਿ ਸਭ ਤੋਂ ਵੱਧ ਗੈਸ ਲੀਕ ਹੋਣ ਦੀਆਂ ਘਟਨਾਵਾਂ ਲੁਧਿਆਣਾ ਦੇ ਉਦਯੋਗਾਂ ਲਾਗੇ ਵਾਪਰੀਆਂ ਹਨ।

ਜਲੰਧਰ ਹੋਈ ਸੀ ਅਮੋਨੀਆ ਗੈਸ ਲੀਕ: ਲੰਘੇ ਸਾਲ ਜਲੰਧਰ ਵਿੱਚ ਅਮੋਨੀਆ ਗੈਸ ਲੀਕ ਹੋਈ ਸੀ। ਇਸ ਦੌਰਾਨ ਪੂਰੇ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਬਣਿਆ ਸੀ। ਦਰਅਸਲ ਇੱਥੇ 90 ਸਾਲ ਪੁਰਾਣਾ ਅਮੋਨੀਆ ਗੈਸ ਦਾ ਦੱਬਿਆ ਹੋਇਆ ਸਿਲੰਡਰ ਲੀਕ ਹੋਇਆ ਸੀ। ਇਹ ਸਿਲੰਡਰ ਧਰਤੀ ਹੇਠ ਦੱਬਿਆ ਹੋਇਆ ਸੀ। ਦੂਜੇ ਪਾਸੇ ਬਚਾਅ ਟੀਮਾਂ ਨੇ ਸਿਲੰਡਰ ਕਬਜ਼ੇ ਵਿੱਚ ਲੈ ਕੇ ਜਾਂਚ ਵੀ ਕੀਤੀ ਸੀ। ਦੱਸਿਆ ਗਿਆ ਕਿ ਕੋਠੀ ਵਾਲੀ ਥਾਂ ਬਰਫ਼ ਵਾਲੀ ਫੈਕਟਰੀ ਹੁੰਦੀ ਸੀ ਅਤੇ ਇਕ ਸਿਲੰਡਰ 90 ਸਾਲ ਤੋਂ ਜ਼ਮੀਨ ਵਿੱਚ ਦੱਬਿਆ ਪਿਆ ਸੀ। 9 ਦਹਾਕੇ ਪੁਰਾਣਾ ਸਿਲੰਡਰ ਹੋਣ ਕਾਰਨ ਇਹ ਖਾਸ ਧਾਤੂ ਦਾ ਬਣਿਆ ਹੋਇਆ ਸੀ ਤੇ ਖਰਾਬ ਹੋਣ ਕਾਰਨ ਇਸ ਵਿੱਚੋਂ ਗੈਸ ਲੀਕ ਹੋ ਗਈ ਸੀ।

ਲੁਧਿਆਣਾ ਦੇ ਰਿਹਾਇਸ਼ੀ ਇਲਾਕੇ ਵਿੱਚ ਹੋਈ ਸੀ ਗੈਸ ਲੀਕ: ਸਾਲ 2022 ਦੇ ਨਵੰਬਰ ਮਹੀਨੇ ਵਿੱਚ ਲੁਧਿਆਣਾ ਦੇ ਇਕ ਰਿਹਾਇਸ਼ੀ ਏਰੀਏ ਵਿਚ ਫੈਕਟਰੀ ਵਿਚ ਗੈਸ ਲੀਕ ਹੋਈ ਸੀ। ਇਹ ਹਾਦਸਾ ਤੜਕਸਾਰ ਹੋਇਆ ਸੀ ਅਤੇ ਪੂਰੇ ਇਲਾਕੇ ਵਿਚ ਦਹਿਸ਼ਤ ਫੈਲ ਗਈ ਸੀ। ਹਾਲਾਂਕਿ ਇਸ ਦੌਰਾਨ ਕਿਸੇ ਜਾਨੀ ਨੁਕਸਾਨ ਤੋਂ ਬਚਾਅ ਰਿਹਾ ਸੀ। ਲੁਧਿਆਣਾ ਦੇ ਗਿਆਸਪੁਰਾ ਇਲਾਕੇ ਵਿੱਚ ਗੈਸ ਏਜੰਸੀ ਵਿੱਚ ਕਾਰਬਨ ਡਾਈਆਕਸਾਈਡ ਗੈਸ ਲੀਕ ਹੋਣ ਕਾਰਨ ਸਹਿਮ ਦਾ ਮਾਹੌਲ ਬਣ ਗਿਆ ਸੀ। ਇਸ ਦੌਰਾਨ 5 ਲੋਕ ਬੇਹੋਸ਼ ਹੋਏ ਸਨ। ਇਹ ਹਾਦਸਾ ਥਾਣਾ ਸਾਹਨੇਵਾਲ ਇਲਾਕੇ 'ਚ ਇਕ ਫੈਕਟਰੀ 'ਚ ਗੈਸ ਲੀਕ ਹੋਣ ਨਾਲ ਹੋਇਆ ਸੀ। ਮੌਕੇ ਉੱਤੇ ਇਲਾਕਾ ਖਾਲੀ ਕਰਵਾਇਆ ਗਿਆ ਸੀ।

ਲੁਧਿਆਣਾ ਦੇ ਦੋਰਾਹਾ ਵਿੱਚ ਹੋਈ ਸੀ ਗੈਸ ਲੀਕ : ਜੂਨ 2015 ਵਿੱਚ ਲੁਧਿਆਣਾ ਲਾਗੇ ਦੋਰਾਹਾ ਵਿੱਚ ਇੱਕ ਟੈਂਕਰ ਵਿੱਚੋਂ ਜਹਿਰੀਲੀ ਗੈਸ ਰਿਸਣ ਨਾਲ 6 ਲੋਕਾਂ ਦੀ ਮੌਤ ਹੋ ਗਈ ਸੀ। ਇਸ ਤੋਂ ਇਲਾਵਾ 100 ਤੋਂ ਵੱਧ ਲੋਕ ਇਸ ਨਾਲ ਬਿਮਾਰ ਹੋਏ ਸਨ। ਦਰਅਸਲ ਦੋਰਾਹਾ ਬਾਈਪਾਸ ਕੋਲ ਇੱਕ ਟਰੱਕ ਦੇ ਪੁੱਲ ਹੇਠ ਫੱਸਣ ਕਰਕੇ ਅਮੋਨੀਆ ਗੈਸ ਲੀਕ ਹੋਈ ਸੀ। ਟੈਂਕਰ ਨੂੰ ਪੁੱਲ ਦੇ ਹੇਠੋਂ ਕੱਢਦੇ ਸਮੇਂ ਟੈਂਕਰ ਦਾ ਵਾਲਵ ਖੁਲ੍ਹਣ ਕਾਰਨ ਗੈਸ ਲੀਕ ਹੋਈ ਸੀ।

ਇਹ ਵੀ ਪੜ੍ਹੋ : Ludhiana Gas Leak: ਲੁਧਿਆਣਾ ਗੈਸ ਲੀਕ ਪੀੜਤਾਂ ਲਈ ਸਰਕਾਰ ਨੇ ਕੀਤਾ ਵੱਡਾ ਐਲਾਨ, ਮ੍ਰਿਤਕਾਂ ਦੇ ਪਰਿਵਾਰਾਂ ਨੂੰ 2-2 ਲੱਖ ਦੀ ਦਿੱਤੀ ਮਦਦ

ਫਿਰੋਜ਼ਪੁਰ ’ਚ ਬਰਫ ਦੇ ਕਾਰਖਾਨੇ ’ਚ ਹੋਈ ਸੀ ਗੈਸ ਲੀਕ: ਸਿਤੰਬਰ ਮਹੀਨੇ ਸਾਲ 2021 ਦਰਮਿਆਨ ਫਿਰੋਜ਼ਪੁਰ ਸ਼ਹਿਰ ਵਿਚ ਇਕ ਹੋਟਲ ਦੇ ਲਾਗੇ ਕਈ ਸਾਲਾਂ ਤੋਂ ਬੰਦ ਪਏ ਬਰਫ਼ ਦੇ ਕਾਰਖਾਨੇ ਵਿਚ ਅਚਾਨਕ ਗੈਸ ਲੀਕ ਹੋਈ ਸੀ, ਜਿਸ ਨਾਲ ਆਸ-ਪਾਸ ਦੇ ਲੋਕਾਂ ਵਿਚ ਭੱਜਨੱਠ ਮਚ ਗਈ। ਫਾਇਰ ਬ੍ਰਿਗੇਡ ਦੀ ਮਦਦ ਨਾਲ ਇਸ ਘਟਨਾ ਉੱਤੇ ਕਾਬੂ ਪਾਇਆ ਗਿਆ ਸੀ। ਗੈਸ ਲੀਕ ਹੋਣ ਨਾਲ ਲੋਕਾਂ ਨੂੰ ਸਾਹ ਲੈਣ ਵਿੱਚ ਪਰੇਸ਼ਾਨੀ ਹੋਈ ਸੀ।

ਇਕ ਹੋਰ ਘਟਨਾ ਦਾ ਜਿਕਰ ਕਰੀਏ, ਤਾਂ ਜੁਲਾਈ ਮਹੀਨੇ ਸਾਲ 2022 ਦੌਰਾਨ ਵੀ ਬਠਿੰਡਾ ਵਿਚ ਤਲਵੰਡੀ ਸਾਬੋ ਦੇ ਬਠਿੰਡਾ ਰੋੜ ਤੇ ਬਣੇ ਸੀਵਰੇਜ ਟਰੀਟਮੈਂਟ ਪਲਾਂਟ ਵਿੱਚ ਗੈਸ ਲੀਕ ਹੋਣ ਨਾਲ ਇੱਕ ਮੁਲਾਜਮ ਬੇਹੋਸ਼ ਹੋ ਗਿਆ ਸੀ। ਇੱਥੇ ਹੀ 2014 ਵਿੱਚ ਵੀ ਸਿਵਰੇਜ ਦੀ ਅਣਗਹਿਲੀ ਕਰਕੇ ਗੈਸ ਲੀਕ ਹੋਈ ਸੀ ਤੇ ਉਨ੍ਹਾਂ ਦੀਆਂ ਫਸਲਾਂ ਖਰਾਬ ਹੋ ਗਈਆਂ ਸਨ।

ETV Bharat Logo

Copyright © 2024 Ushodaya Enterprises Pvt. Ltd., All Rights Reserved.