ETV Bharat / state

Stud Farming In Punjab : ਘੋੜਿਆਂ 'ਚ ਗਲੈਂਡਰ ਬਿਮਾਰੀ ਤੋਂ ਡਰੀ ਪੰਜਾਬ ਸਰਕਾਰ ਨੇ ਚੁੱਕਿਆ ਸਖ਼ਤ ਕਦਮ, ਵਪਾਰੀਆਂ ਦਾ ਹੋ ਰਿਹਾ ਲੱਖਾਂ ਦਾ ਨੁਕਸਾਨ, ਖ਼ਾਸ ਰਿਪੋਰਟ

author img

By ETV Bharat Punjabi Team

Published : Oct 3, 2023, 11:42 AM IST

ਕਿਸਾਨਾਂ ਨੂੰ ਫਸਲੀ ਚੱਕਰ ਵਿੱਚੋਂ ਕੱਢਣ ਲਈ ਅਤੇ ਕਰਜ਼ੇ ਦੀ ਪੈ ਰਹੀ ਮਾਰ ਤੋਂ ਬਚਾਉਣ ਲਈ ਸਰਕਾਰ ਵੱਲੋਂ ਸਹਾਇਕ ਧੰਦੇ ਅਪਣਾਉਣ ਲਈ ਕਿਹਾ ਜਾ ਰਿਹਾ ਹੈ, ਪਰ ਦੂਜੇ ਪਾਸੇ ਇਹ ਸਹਾਇਕ ਧੰਦੇ ਹੁਣ ਪੰਜਾਬ ਸਰਕਾਰ (Stud Farming In Punjab) ਵੱਲੋਂ ਲਾਈਆਂ ਪਾਬੰਦੀਆਂ ਕਾਰਨ ਕਿਸਾਨਾਂ ਲਈ ਸਿਰਦਰਦੀ ਬਣ ਰਹੇ ਹਨ। ਜਿਸ ਨਾਲ ਘੋੜਿਆਂ ਦੇ ਵਪਾਰਿਆਂ ਦਾ ਨੁਕਸਾਨ ਹੋ ਰਿਹਾ ਹੈ।

Stud Farming In Punjab, Glanders disease in horses, Bathinda
Stud Farming In Punjab

ਪੰਜਾਬ ਸਰਕਾਰ ਨੇ ਗਲੈਂਡਰ ਬਿਮਾਰੀ ਦੇ ਡਰੋਂ ਘੋੜਿਆਂ ਦੇ ਮੇਲੇ ਲਗਾਉਣ ਉੱਤੇ ਲਗਾਈ ਪਾਬੰਦੀ

ਬਠਿੰਡਾ: ਇੰਨੀ ਦਿਨੀਂ ਪੰਜਾਬ ਵਿੱਚ ਸਹਾਇਕ ਧੰਦੇ ਵਜੋਂ ਕਿਸਾਨਾਂ ਵੱਲੋਂ ਆਪਏ ਸਟੱਡ ਫਾਰਮਿੰਗ ਦੇ ਕਾਰੋਬਾਰ ਨੂੰ ਗਲੈਂਡਰ ਨਾਮਕ ਬਿਮਾਰੀ ਨੇ ਬੁਰੀ ਤਰ੍ਹਾਂ ਪ੍ਰਭਾਵਿਤ ਕਰਕੇ ਰੱਖ ਦਿੱਤਾ ਹੈ, ਕਿਉਂਕਿ ਪੰਜਾਬ ਸਰਕਾਰ ਵੱਲੋਂ ਪੰਜਾਬ ਵਿੱਚ ਲੱਗਣ ਵਾਲੇ ਘੋੜਿਆਂ ਦੇ ਮੇਲਿਆਂ ਉੱਤੇ ਪਾਬੰਦੀ ਲਗਾ ਦਿੱਤੀ ਹੈ ਅਤੇ ਘੋੜਿਆਂ ਲੈ ਕੇ ਆਉਣ ਅਤੇ ਜਾਣ ਉੱਤੇ ਪੂਰਨ ਤੌਰ ਉੱਤੇ ਰੋਕ ਲਗਾਈ ਗਈ ਹੈ। ਇਸ ਕਾਰਨ ਸਹਾਇਕ ਧੰਦੇ ਵਜੋਂ ਘੋੜਿਆਂ ਦਾ ਕਾਰੋਬਾਰ ਕਰਨ ਵਾਲੇ ਕਿਸਾਨਾਂ ਕੋਲ ਕਰੋੜਾਂ ਰੁਪਏ ਦੇ ਜਾਨਵਰ ਬਲਾਕ ਹੋ ਗਏ ਹਨ, ਜਿਨ੍ਹਾਂ ਦੀ ਰੋਜ਼ਾਨਾ ਦੀ ਦੇਖਭਾਲ ਅਤੇ ਖੁਰਾਕ ਉੱਪਰ ਹਜ਼ਾਰਾਂ ਰੁਪਏ ਖ਼ਰਚ ਕਰਨੇ ਪੈ ਰਹੇ ਹਨ ਜਿਸ ਦਾ ਵੱਡਾ ਨੁਕਸਾਨ ਸਹਾਇਕ ਧੰਦੇ ਵਜੋਂ ਅਪਣਾਉਣ ਵਾਲੇ ਕਿਸਾਨਾਂ ਨੂੰ ਝੱਲਣਾ ਪੈ ਰਿਹਾ ਹੈ।

ਹੋਰਨਾਂ ਸੂਬਿਆਂ ਚੋਂ ਆਉਂਦੇ ਘੋੜਿਆਂ ਦੇ ਖ਼ਰੀਦਦਾਰ: ਬਠਿੰਡਾ ਦੇ ਪਿੰਡ ਦਿਉਣ ਵਿਖੇ ਸਟੱਡ ਫਾਰਮਿੰਗ ਦਾ ਕੰਮ ਕਰਨ ਵਾਲੇ ਜਲੌਰ ਸਿੰਘ ਦਾ ਕਹਿਣਾ ਹੈ ਕਿ ਪੰਜਾਬ ਵਿੱਚ ਇੰਨੀ ਦਿਨੀਂ ਸਭ ਤੋਂ ਵੱਧ ਕਿਸਾਨਾਂ ਵੱਲੋਂ ਘੋੜਿਆਂ ਦਾ ਕਾਰੋਬਾਰ ਕੀਤਾ ਜਾ ਰਿਹਾ ਹੈ ਅਤੇ ਲੱਖਾਂ ਰੁਪਏ ਇਸ ਕਾਰੋਬਾਰ ਵਿੱਚ ਲਗਾਏ ਹੋਏ ਹਨ। ਉਨ੍ਹਾਂ ਕਿਹਾ ਕਿ ਇਹ ਕਾਰੋਬਾਰ ਪੰਜਾਬ (Glanders disease in horses) ਵਿੱਚ ਲੱਗਣ ਵਾਲੇ ਘੋੜਿਆਂ ਦੇ ਮੇਲੇ ਰਾਹੀਂ ਹੁੰਦਾ ਜਿਸ ਵਿੱਚ ਪੰਜਾਬ, ਹਰਿਆਣਾ, ਰਾਜਸਥਾਨ, ਦਿੱਲੀ, ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼, ਤਾਮਿਲਨਾਡੂ, ਗੁਜਰਾਤ ਅਤੇ ਮਾਲਦੀਪ ਜਿਹੇ ਦੇਸ਼ਾਂ ਚੋਂ ਵਪਾਰੀ ਘੋੜੇ ਖ਼ਰੀਦਣ ਲਈ ਆਉਂਦੇ ਹਨ।

ਕਰੋੜਾਂ ਰੁਪਏ ਦੇ ਜਾਨਵਰ ਦੀ ਖ਼ਰੀਦੋ ਫਰੋਖ਼ਤ ਪ੍ਰਭਾਵਿਤ: ਜਲੌਰ ਸਿੰਘ ਨੇ ਈਟੀਵੀ ਭਾਰਤ ਨਾਲ ਗੱਲਬਾਤ ਕਰਦਿਆ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ 13 ਸਤੰਬਰ ਨੂੰ ਨਾਭੇ ਵਿਖੇ ਲੱਗੇ ਘੋੜਿਆਂ ਦੇ ਮੇਲੇ ਤੋਂ ਬਾਅਦ ਪੰਜਾਬ ਵਿੱਚ ਘੋੜਿਆਂ ਦੇ ਮੇਲੇ ਲਗਾਉਣ ਦੇ ਪਾਬੰਦੀ ਲਗਾ ਦਿੱਤੀ ਜਿਸ ਕਾਰਨ ਪੰਜਾਬ ਵਿੱਚ ਲੱਗਣ ਵਾਲੇ ਦੋ ਵੱਡੇ ਮੇਲੇ ਜਗਰਾਵਾਂ ਅਤੇ ਸ੍ਰੀ ਮੁਕਤਸਰ ਸਾਹਿਬ ਜਿਸ ਵਿੱਚ ਦੇਸ਼ ਵਿਦੇਸ਼ ਤੋਂ ਵਪਾਰੀ ਘੋੜਿਆਂ ਦੀ ਖ਼ਰੀਦ ਕਰਨ ਆਉਂਦੇ ਸਨ, ਉਹ ਰੱਦ ਕਰ ਦਿੱਤੇ ਗਏ ਹਨ। ਇਨ੍ਹਾਂ ਮੇਲਿਆਂ ਦੇ ਰੱਦ ਹੋਣ ਨਾਲ ਕਰੋੜਾਂ ਰੁਪਏ ਦੇ ਜਾਨਵਰ ਦੀ ਖ਼ਰੀਦੋ ਫਰੋਖ਼ਤ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ। ਇਕੱਲੇ ਜਗਰਾਵਾਂ ਦੇ ਘੋੜਿਆਂ ਦੇ ਮੇਲੇ ਉੱਤੇ ਪੰਜ ਕਰੋੜ ਤੋਂ ਉੱਤੇ ਦੇ ਜਾਨਵਰਾਂ ਦੀ ਖ਼ਰੀਦ-ਵੇਚ ਹੁੰਦੀ ਸੀ, ਪਰ ਹੁਣ ਪਾਬੰਦੀ ਲੱਗਣ ਕਾਰਨ ਇਹ ਕਰੋੜਾਂ ਰੁਪਏ ਦੇ ਜਾਨਵਰ ਕਿਸਾਨਾਂ ਦੇ ਘਰਾਂ ਵਿੱਚ ਖੜੇ ਹਨ।

Stud Farming In Punjab, Glanders disease in horses, Bathinda
ਜਲੌਰ ਸਿੰਘ

ਲੱਖਾਂ ਦੇ ਘੋੜੇ ਘਰ 'ਚ ਖੜੇ, ਇੱਕ ਦਿਨ ਦਾ ਹਜ਼ਾਰ ਰੁਪਏ ਖ਼ਰਚਾ: ਜਲੌਰ ਸਿੰਘ ਨੇ ਦੱਸਿਆ ਕਿ ਇੱਕ ਘੋੜੇ ਲਈ ਇੱਕ ਦਿਨ ਦਾ ਲਗਭਗ 1000 ਰੁਪਏ ਖ਼ਰਚਾ ਪੈ ਰਿਹਾ ਅਤੇ ਇੱਕ ਇੱਕ ਕਾਰੋਬਾਰੀ ਕੋਲ 50 ਤੋਂ 60 ਲੱਖ ਰੁਪਏ ਦੇ ਜਾਨਵਰ ਖੜੇ ਹਨ। ਇਸ ਕਾਰਨ ਇਸ ਕਾਰੋਬਾਰ ਨਾਲ ਜੁੜੇ ਹੋਏ ਲੋਕ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਹੇ ਹਨ। ਉਧਰ ਦੂਜੇ ਪਾਸੇ ਸਰਕਾਰ ਵੱਲੋਂ ਲਗਾਤਾਰ ਗਲੈਂਡਰ ਨਾਮਕ ਬਿਮਾਰੀ ਦੇ ਡਰੋ ਘੋੜਿਆਂ ਦੇ ਮੇਲਿਆਂ ਉੱਤੇ ਪਾਬੰਦੀ ਲਗਾਈ ਜਾ ਰਹੀ ਹੈ। ਜਲੌਰ ਨੇ ਕਿਹਾ ਕਿ ਪਿਛਲੇ ਸਾਲ ਇਕੱਲੇ ਜਗਰਾਵਾਂ ਦੇ ਮੇਲੇ ਉੱਤੇ ਉਨ੍ਹਾਂ ਵੱਲੋਂ 10 ਲੱਖ ਰੁਪਏ ਦਾ ਮੁਨਾਫਾ ਕਮਾਇਆ ਗਿਆ ਸੀ, ਪਰ ਇਸ ਵਾਰ ਇਹ ਮੇਲਾ ਰੱਦ ਹੋਣ ਕਾਰਨ ਵੱਡਾ ਨੁਕਸਾਨ ਹੋਇਆ ਹੈ।

ਹੁਣ ਬਿਮਾਰੀ ਦਾ ਕੋਈ ਇੰਨਾ ਡਰ ਨਹੀਂ: ਘੋੜਾ ਵਪਾਰੀ ਜਲੌਰ ਸਿੰਘ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਪੰਜਾਬ ਵਿੱਚ ਘੋੜਿਆਂ ਦੇ ਮੇਲੇ ਲਗਾਉਣ ਦੀ ਇਜਾਜ਼ਤ ਦਿੱਤੀ ਜਾਵੇ, ਤਾਂ ਜੋ ਘੋੜਿਆਂ ਦੇ ਪ੍ਰਭਾਵਿਤ ਹੋ ਰਹੇ ਕਾਰੋਬਾਰ ਨੂੰ ਮੁੜ ਤੋਂ ਸੁਰਜੀਤ ਕੀਤਾ ਜਾ ਸਕੇ। ਇੱਥੇ ਦੱਸਣਯੋਗ ਗਲੈਂਡਰ ਨਾਮਕ ਬਿਮਾਰੀ ਦੇ ਪਿਛਲੇ ਸਾਲ ਪੰਜਾਬ ਦੇ ਲੁਧਿਆਣਾ ਅਤੇ ਬਠਿੰਡਾ ਇੱਕ ਦੋ ਕੇਸ ਸਾਹਮਣੇ ਆਏ ਸਨ ਜਿਸ ਕਾਰਨ ਸਰਕਾਰ ਵੱਲੋਂ ਪਸ਼ੂ ਪਾਲਣ ਵਿਭਾਗ ਘੋੜਿਆਂ ਦੇ ਕਾਰੋਬਾਰ ਕਰਨ ਵਾਲਿਆਂ ਨੂੰ ਸੁਚੇਤ ਕੀਤਾ ਗਿਆ ਸੀ ਅਤੇ ਘੋੜਿਆਂ ਦੇ ਸੈਂਪਲ ਵੀ ਲਏ ਗਏ। ਉਨ੍ਹਾਂ ਕਿਹਾ ਕਿ ਹਾਲਾਂਕਿ ਹੁਣ ਕੋਈ ਇੰਨੀ ਬਿਮਾਰੀ ਦਾ ਡਰ ਨਹੀਂ ਹੈ। ਜ਼ਿਕਰਯੋਗ ਹੈ ਕਿ ਗਲੈਂਡਰ ਨਾਮਕ ਬਿਮਾਰੀ ਦੇ ਫੈਲਣ ਦੇ ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ ਵੱਲੋ ਦੁਆਰਾ ਧਾਰਾ 144 ਲਾਗੂ ਕਰਦੇ ਹੋਏ ਘੋੜਿਆਂ ਦੇ ਲੈ ਕੇ ਆਉਣ ਅਤੇ ਜਾਣ ਅਤੇ ਮੇਲੇ ਲਗਾਉਣ ਤੇ ਪੂਰਨ ਤੌਰ ਉੱਤੇ 25 ਨਵੰਬਰ ਤੱਕ ਪਾਬੰਦੀ ਲਗਾਈ ਗਈ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.