ETV Bharat / state

Bathinda Military Station Firing Update: ਮਿਲਟਰੀ ਸਟੇਸ਼ਨ ਵਿੱਚ ਗੋਲੀਬਾਰੀ ਤੋਂ ਬਾਅਦ ਰੈੱਡ ਅਲਰਟ ਅਜੇ ਵੀ ਜਾਰੀ, ਸਕੂਲ ਬੰਦ

author img

By

Published : Apr 13, 2023, 7:47 AM IST

ਮਿਲਟਰੀ ਸਟੇਸ਼ਨ ਵਿੱਚ ਹੋਈ ਗੋਲੀਬਾਰੀ ਦੀ ਘਟਨਾ ਨੂੰ ਇੱਕ ਦਿਨ ਬੀਤ ਚੁੱਕਾ ਹੈ। ਮਿਲਟਰੀ ਏਰੀਏ ਵਿੱਚ ਅੱਜ ਵੀ ਰੈੱਡ ਅਲਰਟ ਜਾਰੀ ਹੈ ਅਤੇ ਮਿਲਟਰੀ ਸਟੇਸ਼ਨ ਅੰਦਰ ਬਣੇ ਸਕੂਲ ਅੱਜ ਵੀ ਬੰਦ ਰਹਿਣਗੇ। ਦੱਸ ਦਈਏ ਕਿ ਇਸ ਘਟਨਾ ਵਿਚ 4 ਜਵਾਨਾਂ ਦੀ ਮੌਤ ਹੋ ਗਈ ਸੀ।

Bathinda Military Station Firing
Bathinda Military Station Firing

ਬਠਿੰਡਾ: ਮਿਲਟਰੀ ਸਟੇਸ਼ਨ ਵਿੱਚ ਹੋਈ ਗੋਲੀਬਾਰੀ ਦੀ ਘਟਨਾ ਨੂੰ ਵਾਪਰੇ ਭਾਵੇਂ 24 ਘੰਟਿਆਂ ਦਾ ਸਮਾਂ ਬੀਤ ਚੁੱਕਾ ਹੈ, ਪਰ ਇਸ ਦੇ ਬਾਵਜੂਦ ਮਿਲਟਰੀ ਏਰੀਏ ਵਿੱਚ ਰੈੱਡ ਅਲਰਟ ਲਗਾਤਾਰ ਜਾਰੀ ਹੈ। ਮਿਲਟਰੀ ਏਰੀਆਂ ਦੇ ਸਕੂਲ ਅੱਜ ਵੀ ਬੰਦ ਕਰ ਦਿੱਤੇ ਗਏ ਹਨ ਤੇ ਸਕੂਲ ਵੱਲੋਂ ਮਾਪਿਆਂ ਨੂੰ ਬੱਚਿਆਂ ਨੂੰ ਸਕੂਲ ਨਾ ਭੇਜਣ ਦੀ ਹਦਾਇਤ ਦਿੱਤੀ ਗਈ ਹੈ।

ਕੀ ਹੋਇਆ ਸੀ: ਬਠਿੰਡਾ ਮਿਲਟਰੀ ਸਟੇਸ਼ਨ 'ਤੇ ਬੁੱਧਵਾਰ ਸਵੇਰੇ ਹੋਈ ਗੋਲੀਬਾਰੀ 'ਚ ਫੌਜ ਦੇ 4 ਜਵਾਨ ਸ਼ਹੀਦ ਹੋ ਗਏ। 80 ਮੀਡੀਅਮ ਰੈਜੀਮੈਂਟ ਦੇ ਇਹ ਸਿਪਾਹੀ ਅਫਸਰਾਂ ਦੀ ਮੇਸ ਵਿੱਚ ਗਾਰਡ ਡਿਊਟੀ ’ਤੇ ਤਾਇਨਾਤ ਸਨ। ਫੌਜ ਨੇ ਦੱਸਿਆ ਕਿ ਗੋਲੀਬਾਰੀ ਸਵੇਰੇ 4:35 ਵਜੇ ਹੋਈ। 4 ਮੌਤਾਂ ਤੋਂ ਇਲਾਵਾ ਕੋਈ ਜਾਨੀ ਜਾਂ ਮਾਲੀ ਨੁਕਸਾਨ ਨਹੀਂ ਹੋਇਆ ਹੈ। ਪੁਲਿਸ ਅਤੇ ਫੌਜ ਦੀਆਂ ਟੀਮਾਂ ਮਿਲ ਕੇ ਇਸ ਮਾਮਲੇ ਦੀ ਜਾਂਚ ਕਰ ਰਹੀਆਂ ਹਨ।

ਸ਼ੁਰੂਆਤੀ ਜਾਂਚ ਵਿੱਚ ਜੋ ਸਾਹਮਣੇ ਆਇਆ: ਸ਼ੁਰੂਆਤੀ ਜਾਂਚ ਤੋਂ ਪਤਾ ਲੱਗਾ ਹੈ ਕਿ ਜਵਾਨਾਂ ਨੂੰ ਇਨਸਾਸ ਰਾਈਫਲ ਨਾਲ ਗੋਲੀ ਮਾਰੀ ਗਈ ਸੀ। ਪੁਲਿਸ ਨੇ ਮੌਕੇ ਤੋਂ 19 ਖਾਲੀ ਖੋਲ ਬਰਾਮਦ ਕੀਤੇ ਹਨ। ਗੋਲੀ ਚਲਾਉਣ ਵਾਲੇ 2 ਵਿਅਕਤੀ ਚਿੱਟਾ ਕੁੜਤਾ-ਪਜਾਮਾ ਪਹਿਨ ਕੇ ਆਏ ਸਨ। ਮੂੰਹ ਢੱਕਿਆ ਹੋਇਆ ਸੀ। ਬਠਿੰਡਾ ਪੁਲਿਸ ਨੇ ਇਸ ਵਿੱਚ ਅੱਤਵਾਦੀ ਐਂਗਲ ਤੋਂ ਇਨਕਾਰ ਨਹੀਂ ਕੀਤਾ ਹੈ। ਘਟਨਾ ਤੋਂ ਦੋ ਦਿਨ ਪਹਿਲਾਂ ਯੂਨਿਟ ਦੇ ਗਾਰਡ ਰੂਮ ਤੋਂ ਇੰਸਾਸ ਰਾਈਫਲ ਅਤੇ ਗੋਲੀਆਂ ਗਾਇਬ ਹੋ ਗਈਆਂ ਸਨ। ਪੁਲਿਸ ਅਤੇ ਫੌਜ ਨੂੰ ਘਟਨਾ ਵਿੱਚ ਇਸ ਰਾਈਫਲ ਦੀ ਵਰਤੋਂ ਦਾ ਸ਼ੱਕ ਹੈ।

ਰਾਈਫਲ ਨੂੰ ਫੋਰੈਂਸਿਕ ਜਾਂਚ ਲਈ ਭੇਜਿਆ: ਫੌਜ ਨੇ ਇਕ ਬਿਆਨ ਜਾਰੀ ਕਰਕੇ ਕਿਹਾ ਕਿ ਸਰਚ ਟੀਮ ਨੂੰ ਇਕ ਇੰਸਾਸ ਰਾਈਫਲ ਮਿਲੀ ਹੈ ਜਿਸ ਵਿੱਚ ਕੁਝ ਮੈਗਜ਼ੀਨ ਵੀ ਹਨ। ਪੁਲਿਸ ਅਤੇ ਫੌਜ ਦੀ ਸਾਂਝੀ ਟੀਮ ਨੇ ਰਾਈਫਲ ਨੂੰ ਫੋਰੈਂਸਿਕ ਜਾਂਚ ਲਈ ਭੇਜ ਦਿੱਤਾ ਹੈ। ਇਸ ਤੋਂ ਸਪੱਸ਼ਟ ਹੋਵੇਗਾ ਕਿ ਇਹ ਘਟਨਾ ਇਸ ਰਾਈਫਲ ਨਾਲ ਕੀਤੀ ਗਈ ਸੀ ਜਾਂ ਨਹੀਂ। ਫੌਜ ਨੇ ਕਿਸੇ ਵੀ ਸ਼ੱਕੀ ਨੂੰ ਹਿਰਾਸਤ ਵਿਚ ਲੈਣ ਤੋਂ ਵੀ ਇਨਕਾਰ ਕੀਤਾ ਹੈ। ਛਾਉਣੀ ਅੰਦਰ ਸੀਸੀਟੀਵੀ ਕੈਮਰੇ ਵੀ ਲੱਗੇ ਹੋਏ ਹਨ ਜਿਨ੍ਹਾਂ ਦੀ ਜਾਂਚ ਕੀਤੀ ਜਾ ਰਹੀ ਹੈ।

ਅਣਪਛਾਤੇ ਮੁਲਜ਼ਮਾਂ ਖ਼ਿਲਾਫ਼ ਮਾਮਲਾ ਦਰਜ, ਛਾਉਣੀ 'ਚ ਅਲਰਟ ਜਾਰੀ : ਗੋਲੀਬਾਰੀ ਤੋਂ ਬਾਅਦ ਮਿਲਟਰੀ ਸਟੇਸ਼ਨ ਨੂੰ ਸੀਲ ਕਰ ਦਿੱਤਾ ਗਿਆ। ਲੋਕਾਂ ਦੇ ਆਉਣ-ਜਾਣ 'ਤੇ ਵੀ ਪਾਬੰਦੀ ਲਗਾ ਦਿੱਤੀ ਗਈ ਹੈ। ਫੌਜ ਦੇ ਇਲਾਕੇ 'ਚ ਤਲਾਸ਼ੀ ਮੁਹਿੰਮ ਚਲਾਈ ਗਈ। ਇਸ ਦੌਰਾਨ ਅੰਦਰ ਰਹਿ ਰਹੇ ਸੈਨਿਕਾਂ ਦੇ ਪਰਿਵਾਰਾਂ ਨੂੰ ਘਰ ਵਿੱਚ ਹੀ ਰਹਿਣ ਲਈ ਕਿਹਾ ਗਿਆ। ਛਾਉਣੀ ਦੇ ਅੰਦਰਲੇ ਸਕੂਲ ਵੀ ਬੰਦ ਕਰ ਦਿੱਤੇ ਗਏ। ਪੁਲਿਸ ਨੇ ਇਸ ਮਾਮਲੇ ਵਿੱਚ ਅਣਪਛਾਤੇ ਮੁਲਜ਼ਮਾਂ ਖ਼ਿਲਾਫ਼ ਕਤਲ ਅਤੇ ਅਸਲਾ ਐਕਟ ਦਾ ਕੇਸ ਦਰਜ ਕਰ ਲਿਆ ਹੈ।

ਮ੍ਰਿਤਕ ਜਵਾਨ ਕਰਨਾਟਕ ਤੇ ਤਾਮਿਲਨਾਡੂ ਤੋਂ: ਬਠਿੰਡਾ ਦੇ ਐਸਪੀ ਡਿਟੈਕਟਿਵ ਅਜੈ ਗਾਂਧੀ ਨੇ ਦੱਸਿਆ ਕਿ ਘਟਨਾ ਦੀ ਮਿਲਟਰੀ ਪੁਲਿਸ ਨਾਲ ਮਿਲ ਕੇ ਜਾਂਚ ਕੀਤੀ ਜਾ ਰਹੀ ਹੈ। ਮ੍ਰਿਤਕਾਂ ਵਿੱਚ ਸਾਗਰ ਬੰਨੇ, ਕਮਲੇਸ਼ ਆਰ, ਯੋਗੇਸ਼ ਕੁਮਾਰ ਜੇ, ਸੰਤੋਸ਼ ਕੁਮਾਰ ਨਾਗਰਾਲ ਸ਼ਾਮਲ ਹਨ। ਇਨ੍ਹਾਂ 'ਚੋਂ 2 ਜਵਾਨ ਕਰਨਾਟਕ ਅਤੇ 2 ਤਾਮਿਲਨਾਡੂ ਦੇ ਹਨ। ਇਨ੍ਹਾਂ ਦੀ ਉਮਰ 24 ਤੋਂ 25 ਸਾਲ ਹੈ। ਉਨ੍ਹਾਂ ਦੀ ਨੌਕਰੀ ਨੂੰ ਅਜੇ ਸਿਰਫ਼ 3-3 ਸਾਲ ਹੀ ਹੋਏ ਸਨ।

ਇਹ ਵੀ ਪੜ੍ਹੋ: Jallianwala Bagh Massacre: ਇਤਿਹਾਸ, ਮਹੱਤਵ ਅਤੇ ਦੁਖਾਂਤ ਦਾ ਪ੍ਰਭਾਵ ਜਿਸਦਾ ਕੋਈ ਅੰਤ ਨਹੀਂ...

ETV Bharat Logo

Copyright © 2024 Ushodaya Enterprises Pvt. Ltd., All Rights Reserved.