ETV Bharat / state

Today's Hukamnama : ਪੜ੍ਹੋ, ਸੱਚਖੰਡ ਸ੍ਰੀ ਹਰਿਮੰਦਿਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ

author img

By

Published : Feb 22, 2023, 6:17 AM IST

Updated : Feb 22, 2023, 7:12 AM IST

Aaj Da Hukamnama : 'ਹੁਕਮਨਾਮਾ' ਸ਼ਬਦ 'ਹੁਕਮ' ਤੇ 'ਨਾਮਾ' ਨੂੰ ਮਿਲ ਕੇ ਬਣਿਆ ਹੈ। 'ਹੁਕਮ' ਦਾ ਮਤਲਬ - ਆਗਿਆ, ਫੁਰਮਾਨ, ਫ਼ਤਵਾ, ਪਰਵਾਨਾ, ਅਮਰ, ਸ਼ਬਦ ਆਦਿ ਹੈ ਅਤੇ 'ਨਾਮਾ' ਦਾ ਮਤਲਬ, ਨਾਮਹ, ਖ਼ਤ, ਪੱਤਰ, ਚਿੱਠੀ ਜਾਂ ਲਿਖਿਆ ਹੋਇਆ ਕਾਗਜ਼। ਆਮ ਬੋਲਚਾਲ ਦੀ ਭਾਸ਼ਾ 'ਚ, ਹੁਕਮਨਾਮਾ ਉਹ ਲਿਖਤੀ ਸੰਦੇਸ਼ ਹੈ ਜਿਸ ਨੂੰ ਮੰਨਣਾ ਲਾਜ਼ਮੀ ਹੈ। ਇਸ ਦੇ ਲਿਖਤੀ ਸਰੂਪ ਨੂੰ ਨਜ਼ਰ ਅੰਦਾਜ਼ ਨਹੀਂ ਕੀਤਾ ਜਾ ਸਕਦਾ ਹੈ।

Aaj da Hukamnama, Hukamnama Etv Bharat
Aaj da Hukamnama

ਅੱਜ ਦਾ ਮੁੱਖਵਾਕ

Aaj da Hukamnama, Hukamnama Etv Bharat
ਸੱਚਖੰਡ ਸ੍ਰੀ ਹਰਿਮੰਦਿਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ



ਵਿਆਖਿਆ :

ਸੋਰਠਿ ਮਹਲਾ ੧ ॥

ਜਿਨ੍ਹਾਂ ਨੇ ਸਤਿਗੁਰੂ ਦਾ ਪੱਲਾ ਫੜਿਆ ਹੈ, ਹੇ ਸੱਜਣ, ਉਨ੍ਹਾਂ ਦੇ ਸਕੇ ਸਾਥੀ ਵੀ ਪਾਰ ਲੰਘ ਜਾਂਦੇ ਹਨ। ਜਿਨ੍ਹਾਂ ਦੀ ਜੀਭ ਪ੍ਰਮਾਤਮਾ ਦਾ ਨਾਮ-ਅੰਮ੍ਰਿਤ ਚੱਖਦੀ ਹੈ, ਉਨ੍ਹਾਂ ਦੇ ਜੀਵਨ ਸਫ਼ਰ ਵਿੱਚ ਵਿਕਾਰਾਂ ਦੀ ਰੁਕਾਵਟ ਨਹੀਂ ਪੈਂਦੀ। ਹੇ ਸੱਜਣ, ਜਿਹੜੇ ਮਨੁੱਖ ਪ੍ਰਮਾਤਮਾ ਦੇ ਡਰ ਅਦਬ ਤੋਂ ਸੱਖਣੇ ਰਹਿੰਦੇ ਹਨ, ਉਹ ਵਿਕਾਰਾਂ ਦੇ ਬੋਝ ਨਾਲ ਲੱਦੇ ਜਾਂਦੇ ਹਨ ਤੇ ਸੰਸਾਰ ਰੂਪੀ ਸਮੁੰਦਰ 'ਚ ਡੁੱਬ ਜਾਂਦੇ ਹਨ, ਪਰ ਜਦੋਂ ਪ੍ਰਮਾਤਮਾ ਮਿਹਰ ਦੀ ਨਿਗਾਹ ਪਾਉਂਦਾ ਹੈ, ਤਾਂ ਉਨ੍ਹਾਂ ਨੂੰ ਵੀ ਪਾਰ ਲੰਘਾ ਲੈ ਜਾਂਦਾ ਹੈ ।੧।



ਹੇ ਸੱਜਣ ਪ੍ਰਭੂ, ਸਦਾ ਤੈਨੂੰ ਹੀ ਸਲਾਹੁਣਾ ਚਾਹੀਦਾ ਹੈ। ਸਦਾ ਤੇਰੀ ਹੀ ਸਿਫ਼ਤਿ ਸਾਲਾਹ ਕਰਨੀ ਚਾਹੀਦੀ ਹੈ। ਇਸ ਸੰਸਾਰ ਸਮੁੰਦਰ ਵਿਚੋਂ ਪਾਰ ਲੰਘਣ ਵਾਸਤੇ ਤੇਰੀ ਸਿਫ਼ਤਿ ਸਾਲਾਹ ਜੀਵਾਂ ਵਾਸਤੇ ਜਹਾਜ਼ ਹੈ। ਇਸ ਜਹਾਜ਼ ਤੋਂ ਬਿਨਾਂ ਭਉ ਸਾਗਰ ਵਿੱਚ ਡੁੱਬ ਜਾਂਦਾ ਹੈ। ਕੋਈ ਵੀ ਜੀਵ ਸਮੁੰਦਰ ਦਾ ਪਾਰ ਦਾ ਕੰਢਾ ਲੱਭ ਨਹੀਂ ਸਕਦਾ। ਰਹਾਉ।



ਹੇ ਸੱਜਣ, ਸਲਾਹੁਣ ਯੋਗ ਪ੍ਰਮਾਤਮਾ ਦੀ ਸਿਫ਼ਤਿ ਸਾਲਾਹ ਕਰਨੀ ਚਾਹੀਦੀ ਹੈ। ਉਸ ਵਰਗਾ ਹੋਰ ਕੋਈ ਨਹੀਂ ਹੈ। ਜਿਹੜੇ ਬੰਦੇ ਪਿਆਰੇ ਪ੍ਰਭੂ ਦੀ ਸਿਫ਼ਤਿ ਸਾਲਾਹ ਕਰਦੇ ਹਨ, ਉਹ ਭਾਗਾਂ ਵਾਲੇ ਹਨ। ਗੁਰੂ ਦੇ ਸ਼ਬਦ ਵਿੱਚ ਡੂੰਘੀ ਲਗਨ ਰੱਖਣ ਵਾਲੇ ਬੰਦੇ ਨੂੰ ਪ੍ਰਮਾਤਮਾ ਦਾ ਪ੍ਰੇਮ-ਰੰਗ ਚੜ੍ਹਦਾ ਹੈ। ਅਜਿਹੇ ਬੰਦੇ ਦੀ ਸੰਗਤ ਜੇ ਕਿਸੇ ਨੂੰ ਪ੍ਰਾਪਤ ਹੋ ਜਾਏ ਤਾਂ ਉਹ ਹਰੀ ਨਾਮ ਦਾ ਰਸ ਲੈਂਦਾ ਹੈ। ਨਾਮ ਦੁੱਧ ਨੂੰ ਰਿੜਕ ਕੇ ਉਹ ਜਗਤ ਮੂਲ ਪ੍ਰਭੂ ਨੂੰ ਮਿਲ ਪੈਂਦਾ ਹੈ।੨।




ਹੇ ਭਾਈ, ਸਦਾ ਸਥਿਰ ਰਹਿਣ ਵਾਲੇ ਪ੍ਰਭੂ ਦਾ ਨਾਮ ਪ੍ਰਭੂ ਪਤੀ ਨੂੰ ਮਿਲਣ ਲਈ ਇਸ ਜੀਵਨ ਸਫ਼ਰ ਵਿੱਚ ਰਾਹਦਾਰੀ ਹੈ। ਇਹ ਨਾਮ ਸਦਾ ਸਥਿਰ ਰਹਿਣ ਵਾਲੀ ਮੋਹਰ ਹੈ। ਪ੍ਰਭੂ ਦਾ ਇਹੀ ਹੁਕਮ ਹੈ ਕਿ ਜਗਤ ਵਿੱਚ ਜੋ ਵੀ ਆਇਆ ਹੈ, ਉਸ ਨੇ ਪ੍ਰਭੂ ਨੂੰ ਮਿਲਣ ਲਈ, ਇਹ ਨਾਮ ਰੂਪੀ ਰਾਹਦਾਰੀ ਲਿੱਖ ਕੇ ਆਪਣੇ ਨਾਲ ਲੈ ਜਾਣੀ ਹੈ।

ਹੇ ਭਾਈ, ਪ੍ਰਭੂ ਦੇ ਇਸ ਹੁਕਮ ਨੂੰ ਸਮਝੋ, ਪਰ ਇਸ ਹੁਕਮ ਨੂੰ ਸਮਝਣ ਲਈ ਗੁਰੂ ਦੀ ਸ਼ਰਣ ਪੈਣਾ ਪਵੇਗਾ। ਗੁਰੂ ਤੋਂ ਬਿਨਾਂ ਪ੍ਰਭੂ ਦਾ ਹੁਕਮ ਸਮਝਿਆ ਨਹੀਂ ਜਾ ਸਕਦਾ।

ਹੇ ਭਾਈ, ਜਿਹੜਾ ਮਨੁੱਖ ਗੁਰੂ ਦੀ ਸ਼ਰਣ ਪੈ ਕੇ ਸਮਝ ਲੈਂਦਾ ਹੈ, ਉਹ ਵਿਕਾਰਾਂ ਦਾ ਟਾਕਰਾ ਕਰਨ ਲਈ ਉਸ ਨੂੰ ਸਦਾ ਸਥਿਰ ਪ੍ਰਭੂ ਦਾ ਸਦਾ ਸਥਿਰ ਬਲ ਹਾਸਿਲ ਹੋ ਜਾਂਦਾ ਹੈ ।੩।





ਹੇ ਭਾਈ, ਜੀਵ ਪ੍ਰਮਾਤਮਾ ਦੇ ਹੁਕਮ ਅਨੁਸਾਰ ਪਹਿਲਾਂ ਮਾਤਾ ਦੇ ਗਰਭ ਵਿੱਚ ਟਿਕਦਾ ਹੈ ਤੇ ਮਾਂ ਦੇ ਪੇਟ ਵਿੱਚ ਦਸ ਮਹੀਨੇ ਨਿਵਾਸ ਰੱਖਦਾ ਹੈ। ਪੁੱਠੇ ਸਿਰ ਭਾਰ ਰਹਿ ਕੇ ਪ੍ਰਭੂ ਦੇ ਹੁਕਮ ਅਨੁਸਾਰ ਹੀ ਫਿਰ ਜਨਮ ਲੈਂਦਾ ਹੈ। ਕਿਸੇ ਖ਼ਾਸ ਜੀਵਨ ਮਨੋਰਥ ਲਈ ਜੀਵ ਜਗਤ ਵਿਚ ਆਉਂਦਾ ਹੈ, ਜੋ ਜੀਵ ਗੁਰੂ ਦੀ ਸ਼ਰਣ ਪੈ ਕੇ ਜੀਵਨ ਮਨੋਰਥ ਨੂੰ ਸਵਾਰ ਕੇ ਇਥੋਂ ਜਾਂਦਾ ਹੈ, ਉਹ ਪ੍ਰਮਾਤਮਾ ਦੀ ਹਜ਼ੂਰੀ ਵਿੱਚ ਆਦਰ ਪਾਉਂਦਾ ਹੈ ।੪।




ਹੇ ਸੱਜਣ, ਪ੍ਰਮਾਤਮਾ ਦੀ ਰਜ਼ਾ ਅਨੁਸਾਰ ਹੀ ਜੀਵ ਜਗਤ ਵਿੱਚ ਆਉਂਦਾ ਹੈ ਤੇ ਰਜ਼ਾ ਅਨੁਸਾਰ ਹੀ, ਇਥੋਂ ਚਲਾ ਜਾਂਦਾ ਹੈ। ਜਿਹੜਾ ਮਨੁੱਖ ਆਪਣੇ ਮਨ ਦੇ ਪਿੱਛੇ ਤੁਰਦਾ ਹੈ ਅਤੇ ਮਾਇਆ ਦੇ ਮੋਹ ਵਿੱਚ ਫਸ ਜਾਂਦਾ ਹੈ, ਉਸ ਨੂੰ ਪ੍ਰਭੂ ਦੀ ਰਜ਼ਾ ਅਨੁਸਾਰ ਹੀ ਬੰਨ੍ਹ ਕੇ ਭਾਵ, ਜ਼ਬਰਦਸਤੀ ਇਥੋਂ ਤੋਰਿਆ ਜਾਂਦਾ ਹੈ। ਕਿਉਂਕਿ, ਮੋਹ ਦੇ ਕਾਰਨ ਉਹ ਇਸ ਮਾਇਆ ਨੂੰ ਛੱਡਣਾ ਨਹੀਂ ਚਾਹੁੰਦਾ। ਪ੍ਰਮਾਤਮਾ ਦੀ ਰਜ਼ਾ ਅਨੁਸਾਰ ਹੀ ਜਿਸ ਨੇ ਗੁਰੂ ਦੇ ਸ਼ਬਦ ਦੀ ਰਾਹੀਂ ਜਨਮ ਮਨੋਰਥ ਨੂੰ ਪਛਾਣ ਲਿਆ ਹੈ, ਉਹ ਪ੍ਰਮਾਤਮਾ ਦੀ ਹਜ਼ੂਰੀ ਵਿੱਚ ਆਦਰ ਨਾਲ ਜਾਂਦਾ ਹੈ ।੫।




ਹੋ ਭਾਈ, ਪਰਮਾਤਮਾ ਦੀ ਰਜ਼ਾ ਅਨੁਸਾਰ ਹੀ ਕਿਤੇ ਮਾਇਆ ਦੀ ਸੋਚ ਸੋਚੀ ਜਾ ਰਹੀ ਹੈ। ਪ੍ਰਭੂ ਦੀ ਰਜ਼ਾ ਵਿੱਚ ਹੀ ਕਿਤੇ ਹਉਮੈ ਹੈ ਕਿਤੇ ਦੈਤ ਹੈ। ਪ੍ਰਭੂ ਦੀ ਰਜ਼ਾ ਅਨੁਸਾਰ ਹੀ ਕਿਤੇ ਕੋਈ ਮਾਇਆ ਦੀ ਖ਼ਾਤਰ ਭਟਕ ਰਿਹਾ ਹੈ। ਕਿਤੇ ਕੋਈ ਜਨਮ ਮਰਨ ਦੇ ਗੇੜ ਵਿੱਚ ਪਾਇਆ ਜਾ ਰਿਹਾ ਹੈ। ਕਿਤੇ ਪਾਪ ਦੀ ਠੱਗੀ ਹੋਈ ਲੋਗਾਈ ਆਪਣੇ ਦੁੱਖ ਰੋ ਰਹੀ ਹੈ । ਜਿਸ ਮਨੁੱਖ ਨੂੰ ਸ਼ਾਹ ਪ੍ਰਭੂ ਦੀ ਰਜ਼ਾ ਦੀ ਸਮਝ ਆ ਜਾਂਦੀ ਹੈ, ਉਸ ਨੂੰ ਸਦਾ ਸਥਿਰ ਰਹਿਣ ਵਾਲਾ ਪ੍ਰਭੂ ਮਿਲ ਪੈਂਦਾ ਹੈ। ਉਸ ਦੀ ਲੋਕ ਪਰਲੋਕ ਵਿੱਚ ਵਡਿਆਈ ਹੁੰਦੀ ਹੈ ।੬।



ਹੇ ਭਾਈ, ਜਗਤ ਵਿੱਚ ਮਾਇਆ ਦਾ ਪ੍ਰਭਾਵ ਇੰਨਾ ਹੈ ਕਿ ਪ੍ਰਮਾਤਮਾ ਦਾ ਸਦਾ ਸਥਿਰ ਰਹਿਣ ਵਾਲਾ ਨਾਮ ਸਿਮਰਨਾ ਬਹੁਤ ਔਖਾ ਹੋ ਰਿਹਾ ਹੈ। ਨਾ ਹੀ ਪ੍ਰਭੂ ਨਾਮ ਸੁਣਿਆ ਜਾ ਰਿਹਾ ਹੈ, ਮੋਹ ਮਾਇਆ ਦੇ ਪ੍ਰਭਾਵ ਕਾਰਨ ਜੀਵ ਪ੍ਰਮਾਤਮਾ ਦਾ ਨਾਮ ਨਹੀਂ ਸਿਮਰਦੇ ਅਤੇ ਨਾ ਸੁਣਦੇ ਹਨ।

ਹੇ ਭਾਈ, ਮੈਂ ਉਨ੍ਹਾਂ ਇਨਸਾਨਾਂ-ਜੀਵਾਂ ਤੋਂ ਕੁਰਬਾਨ ਜਾਂਦਾ ਹਾਂ, ਜਿਨ੍ਹਾਂ ਨੇ ਪ੍ਰਭੂ ਦੀ ਸਿਫ਼ਤਿ ਸਾਲਾਹ ਕੀਤੀ ਹੈ। ਮੇਰੀ ਇਹ ਅਰਦਾਸ ਹੈ ਕਿ ਉਨ੍ਹਾਂ ਦੀ ਸੰਗਤ ਵਿੱਚ ਮੈਨੂੰ ਵੀ ਨਾਮ ਮਿਲੇ ਅਤੇ ਮੇਰਾ ਜੀਵਨ ਸੰਤੋਖੀ ਹੋ ਜਾਵੇ। ਮਿਹਰ ਦੀ ਨਜ਼ਰ ਵਾਲੇ ਪ੍ਰਭੂ ਦੇ ਚਰਨਾਂ ਵਿੱਚ ਮੈਂ ਜੁੜਿਆ ਰਹਾ ।੭।




ਹੇ ਭਾਈ, ਜੇ ਸਾਡਾ ਸਰੀਰ ਕਾਗ਼ਜ਼ ਬਣ ਜਾਵੇ, ਜੇ ਮਨ ਨੂੰ ਸਿਆਹੀ ਦੀ ਦਵਾਤ ਬਣਾ ਲਈਏ, ਜੋ ਸਾਡੀ ਜੀਭ ਪ੍ਰਭੂ ਦੀ ਸਿਫ਼ਤਿ ਸਾਲਾਹ ਲਿੱਖਣ ਲਈ ਕਲਮ ਬਣ ਜਾਵੇ, ਤਾਂ, ਹੇ ਭਾਈ, ਸੁਭਾਗਤਾ ਇਸੇ ਗੱਲ ਵਿੱਚ ਹੈ ਕਿ ਪ੍ਰਮਾਤਮਾ ਦੇ ਗੁਣਾਂ ਨੂੰ ਆਪਣੇ ਸੋਚ ਮੰਦਿਰ ਵਿੱਚ ਲਿਆ ਕੇ ਆਪਣੇ ਅੰਦਰ ਉਕੇਰਦੇ ਚੱਲੋ।

ਹੇ ਨਾਨਕ, ਉਹ ਲਿਖਾਰੀ ਭਾਗਾਂ ਵਾਲਾ ਹੈ, ਜੋ ਸਦਾ ਸਥਿਰ ਵਾਲੇ ਪ੍ਰਭੂ ਦੇ ਨਾਮ ਨੂੰ ਹਿਰਦੇ ਵਿੱਚ ਟਿਕਾ ਕੇ ਆਪਣੇ ਅੰਦਰ ਉਕੇਰ ਲੈਂਦਾ ਹੈ।੮।੩।

ਇਹ ਵੀ ਪੜ੍ਹੋ : Punjab Budget 2023-24: 10 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਵਿਧਾਨ ਸਭਾ ਦਾ ਬਜਟ

Last Updated : Feb 22, 2023, 7:12 AM IST
ETV Bharat Logo

Copyright © 2024 Ushodaya Enterprises Pvt. Ltd., All Rights Reserved.