ETV Bharat / state

ਪੰਜਾਬ ਸਣੇ ਹਰਿਆਣਾ ਤੇ ਚੰਡੀਗੜ੍ਹ 'ਚ ਕੜਾਕੇ ਦੀ ਠੰਢ ਨੇ ਠਾਰੇ ਲੋਕ, ਕਈ ਥਾਵਾਂ 'ਤੇ ਪਈ ਸੰਘਣੀ ਧੁੰਦ

author img

By ETV Bharat Punjabi Team

Published : Jan 10, 2024, 7:14 AM IST

Western Disturbance Impact: ਪੰਜਾਬ ਸਣੇ ਹਰਿਆਣਾ ਤੇ ਚੰਡੀਗੜ੍ਹ 'ਚ ਕੜਾਕੇ ਦੀ ਠੰਢ ਨੇ ਲੋਕਾਂ ਨੂੰ ਘਰਾਂ 'ਚ ਰਹਿਣ ਲਈ ਮਜਬੂਰ ਕਰ ਦਿੱਤਾ ਹੈ। ਇਸ ਦੌਰਾਨ ਕਈ ਥਾਵਾਂ 'ਤੇ ਸੰਘਣੀ ਧੁੰਦ ਦਾ ਅਸਰ ਵੀ ਦੇਖਣ ਨੂੰ ਮਿਲ ਰਿਹਾ ਹੈ।

ਕੜਾਕੇ ਦੀ ਠੰਢ ਅਤੇ ਕੋਹਰੇ ਦੀ ਸੰਘਣੀ ਚਾਦਰ
ਕੜਾਕੇ ਦੀ ਠੰਢ ਅਤੇ ਕੋਹਰੇ ਦੀ ਸੰਘਣੀ ਚਾਦਰ

ਕੜਾਕੇ ਦੀ ਠੰਢ ਅਤੇ ਕੋਹਰੇ ਦੀ ਸੰਘਣੀ ਚਾਦਰ

ਚੰਡੀਗੜ੍ਹ/ਅੰਮ੍ਰਿਤਸਰ: ਇਨ੍ਹੀਂ ਦਿਨੀਂ ਪੂਰੇ ਉੱਤਰ ਭਾਰਤ 'ਚ ਕੜਾਕੇ ਦੀ ਠੰਡ ਪੈ ਰਹੀ ਹੈ, ਜਿਸ ਕਾਰਨ ਕਈ ਸੂਬਿਆਂ 'ਚ ਧੁੰਦ ਕਾਰਨ ਵਿਜ਼ੀਬਿਲਟੀ ਘੱਟ ਗਈ ਹੈ। ਮੌਸਮ ਵਿਭਾਗ ਦਾ ਕਹਿਣਾ ਹੈ ਕਿ ਆਉਣ ਵਾਲੇ ਕੁਝ ਦਿਨਾਂ ਤੱਕ ਇਹੀ ਸਥਿਤੀ ਬਣੀ ਰਹੇਗੀ। ਮੰਗਲਵਾਰ ਨੂੰ ਪੰਜਾਬ ਸਣੇ ਹਰਿਆਣਾ, ਚੰਡੀਗੜ੍ਹ ਤੇ ਦਿੱਲੀ ਅਤੇ ਇਸ ਦੇ ਆਸਪਾਸ ਦੇ ਇਲਾਕਿਆਂ 'ਚ ਘੱਟੋ-ਘੱਟ ਤਾਪਮਾਨ 6 ਡਿਗਰੀ ਸੈਲਸੀਅਸ ਤੱਕ ਡਿੱਗ ਗਿਆ।

ਪੰਜਾਬ 'ਚ ਹੋਰ ਵਧੇਗੀ ਠੰਢ: ਪੰਜਾਬ ਦੇ 17 ਜ਼ਿਲ੍ਹਿਆਂ 'ਚ ਮੌਸਮ ਖਰਾਬ ਰਹੇਗਾ। ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ, ਤਰਨਤਾਰਨ, ਹੁਸ਼ਿਆਰਪੁਰ, ਨਵਾਂਸ਼ਹਿਰ, ਕਪੂਰਥਲਾ, ਜਲੰਧਰ, ਫ਼ਿਰੋਜ਼ਪੁਰ, ਫ਼ਾਜ਼ਿਲਕਾ, ਫ਼ਰੀਦਕੋਟ, ਮੋਗਾ, ਬਠਿੰਡਾ, ਲੁਧਿਆਣਾ, ਬਰਨਾਲਾ, ਫ਼ਤਿਹਗੜ੍ਹ ਸਾਹਿਬ, ਪਟਿਆਲਾ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ। ਪੰਜਾਬ ਦਾ ਔਸਤ ਤਾਪਮਾਨ 8.3 ਡਿਗਰੀ ਘੱਟ ਦਰਜ ਕੀਤਾ ਗਿਆ ਹੈ। ਅੱਜ ਵੀ ਧੁੱਪ ਨਿਕਲਣ ਦੀ ਸੰਭਾਵਨਾ ਘੱਟ ਹੈ। ਉਥੇ ਹੀ ਉੱਤਰੀ ਭਾਰਤ ਦੇ ਪੰਜਾਬ ਹਰਿਆਣਾ ਅਤੇ ਚੰਡੀਗੜ੍ਹ ਵਿੱਚ ਠੰਢ ਹੋਰ ਵਧੇਗੀ।

ਮੌਸਮ ਵਿਭਾਗ ਨੇ ਜਾਰੀ ਕੀਤਾ ਅਲਰਟ: ਮੌਸਮ ਵਿਭਾਗ ਨੇ ਪੰਜਾਬ ਅਤੇ ਹਰਿਆਣਾ ਵਿੱਚ ਧੁੰਦ ਦਾ ਅਲਰਟ ਜਾਰੀ ਕੀਤਾ ਹੈ। ਮੌਸਮ ਵਿਭਾਗ ਅਨੁਸਾਰ ਪੱਛਮੀ ਗੜਬੜੀ ਕਮਜ਼ੋਰ ਹੋ ਕੇ ਸਮੁੰਦਰੀ ਤਲ ਤੋਂ 3.1 ਕਿਲੋਮੀਟਰ ਉੱਪਰ ਉੱਤਰੀ ਪੰਜਾਬ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਵਾਤਾਵਰਨ ਵਿੱਚ ਰਲ ਗਈ ਹੈ। ਇਸ ਦੇ ਨਾਲ ਹੀ ਹਰਿਆਣਾ ਅਤੇ ਆਸ-ਪਾਸ ਦੇ ਇਲਾਕਿਆਂ 'ਚ ਪੱਛਮੀ ਗੜਬੜੀ ਚੱਕਰਵਾਤ ਦੇ ਰੂਪ 'ਚ ਦੇਖੀ ਜਾ ਸਕਦੀ ਹੈ ਪਰ ਇਹ ਵੀ ਹੌਲੀ ਹੁੰਦੀ ਨਜ਼ਰ ਆ ਰਹੀ ਹੈ। ਜਿਸ ਕਾਰਨ ਬੀਤੇ ਕੱਲ੍ਹ ਮੀਂਹ ਨਹੀਂ ਪਿਆ।

ਸੀਤ ਲਹਿਰ ਦੀ ਲਪੇਟ ਵਿੱਚ ਪੰਜਾਬ: ਜਦਕਿ ਮੌਸਮ ਵਿਭਾਗ ਦੀ ਭਵਿੱਖਬਾਣੀ ਅਨੁਸਾਰ ਅੱਜ ਸਵੇਰ ਤੋਂ ਹੀ ਆਸਮਾਨ 'ਚ ਬੱਦਲ ਛਾਏ ਹੋਏ ਹਨ ਅਤੇ ਤੇਜ਼ ਹਵਾਵਾਂ ਚੱਲ ਰਹੀਆਂ ਹਨ, ਜਿਸ ਕਾਰਨ ਮੀਂਹ ਪੈਣ ਦੀ ਸੰਭਾਵਨਾ ਹੈ, ਜਦਕਿ ਦੋ ਦਿਨਾਂ ਤੱਕ ਮੌਸਮ ਅਜਿਹਾ ਹੀ ਰਹੇਗਾ। ਪਿਛਲੇ ਦੋ ਹਫ਼ਤਿਆਂ ਤੋਂ ਅਸਮਾਨ 'ਤੇ ਧੁੰਦ ਦੀ ਚਾਦਰ ਛਾਈ ਹੋਈ ਹੈ। ਮੌਸਮ ਵਿਭਾਗ ਅਨੁਸਾਰ ਪੰਜਾਬ ਵੀ ਸੀਤ ਲਹਿਰ ਦੀ ਲਪੇਟ ਵਿੱਚ ਹੈ ਅਤੇ ਅੰਮ੍ਰਿਤਸਰ ਵਿੱਚ ਵੱਧ ਤੋਂ ਵੱਧ ਤਾਪਮਾਨ 9.5 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਲੁਧਿਆਣਾ ਵਿੱਚ ਵੱਧ ਤੋਂ ਵੱਧ ਤਾਪਮਾਨ 10.6 ਡਿਗਰੀ ਸੈਲਸੀਅਸ, ਪਟਿਆਲਾ ਵਿੱਚ 11 ਡਿਗਰੀ, ਪਠਾਨਕੋਟ ਵਿੱਚ 11.2 ਡਿਗਰੀ ਸੈਲਸੀਅਸ ਅਤੇ ਬਠਿੰਡਾ ਅਤੇ ਫਰੀਦਕੋਟ ਵਿੱਚ 10 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।

ਠੰਢ ਕਾਰਨ ਸੈਰ ਕੀਤੀ ਬੰਦ: ਇਸ ਸਬੰਧੀ ਗੱਲਬਾਤ ਕਰਦਿਆਂ ਸਥਾਨਕ ਲੋਕਾਂ ਦਾ ਕਹਿਣਾ ਕਿ ਉਹ ਰੋਜ਼ਾਨਾ ਸਵੇਰੇ ਸੈ ਲਈ ਨਿਕਲਦੇ ਸੀ, ਪਰ ਇਸ ਠੰਢ ਦੇ ਕਾਰਨ ਸੈਰ ਲਈ ਜਾਣਾ ਵੀ ਮੁਸ਼ਕਿਲ ਹੋ ਗਿਆ ਹੈ। ਜਿਸ ਕਾਰਨ ਉਨ੍ਹਾਂ ਸਵੇਰ ਦੀ ਸੈਰ ਵੀ ਬੰਦ ਕਰ ਦਿੱਤੀ ਹੈ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਠੰਢ ਦੇ ਕਾਰਨ ਹੀ ਦਿਹਾੜੀਆਂ ਲਗਾਉਣਾ ਵੀ ਮੁਸ਼ਕਿਲ ਹੋ ਗਿਆ ਹੈ। ਜਿਸ ਕਾਰਨ ਉਨ੍ਹਾਂ ਦੀ ਆਰਥਿਕ ਸਥਿਤੀ 'ਤੇ ਵੀ ਇਸ ਦਾ ਅਸਰ ਪੈ ਰਿਹਾ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.