ETV Bharat / state

ਸਿੱਧੂ ਦੇ ਤਲਖ਼ ਤੇਵਰ ਬਰਕਰਾਰ, ਕਿਹਾ- ਤੁਸੀਂ ਜਾਣਦੇ ਹੋ ਸਾਰਿਆਂ ਨੂੰ ਮੇਰੇ ਤੋਂ ਕੀ ਤਕਲੀਫ਼

author img

By ETV Bharat Punjabi Team

Published : Jan 8, 2024, 2:14 PM IST

Navjot Sidhu Statement: ਪੰਜਾਬ ਸਰਕਾਰ ਦੇ ਉੱਤੇ ਨਿਸ਼ਾਨਾ ਸਾਧਦੇ ਹੋਏ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਪੰਜਾਬ ਹੁਣ ਖੋਖਲਾ ਹੁੰਦਾ ਜਾ ਰਿਹਾ ਹੈ ਕੁੱਝ ਲੀਡਰ ਆਪਣੇ ਘਰ ਭਰਨ ਵਿੱਚ ਲੱਗੇ ਹੋਏ ਹਨ। ਧੜੇਬੰਦੀ ਉੱਤੇ ਕਿਹਾ ਕਿ ਉਨ੍ਹਾਂ ਦਾ ਕੋਈ ਗਰੁੱਪ ਨਹੀਂ ਹੈ, ਉਹ ਪੰਜਾਬ ਲਈ ਲੜ ਰਹੇ ਹਨ।

Navjot Sidhu Statement
Navjot Sidhu Statement

ਸਿੱਧੂ ਦਾ ਨਿਸ਼ਾਨਾ, ਕਿਹਾ- "ਤੁਸੀਂ ਜਾਣਦੇ ਹੋ ਸਾਰਿਆਂ ਨੂੰ ਮੇਰੇ ਤੋਂ ਕੀ ਤਕਲੀਫ਼"

ਅੰਮ੍ਰਿਤਸਰ: ਪੰਜਾਬ ਕਾਂਗਰਸ ਦੇ ਨਵੇਂ ਇੰਚਾਰਜ ਦਵਿੰਦਰ ਯਾਦਵ ਅੱਜ ਸੋਮਵਾਰ ਨੂੰ ਅੰਮ੍ਰਿਤਸਰ ਪਹੁੰਚੇ। ਇੱਥੇ ਉਹ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ। ਇਸ ਮੌਕੇ ਦਵਿੰਦਰ ਯਾਦਵ ਨਾਲ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ, ਕਾਂਗਰਸ ਨੇਤਾ ਪ੍ਰਤਾਪ ਸਿੰਘ ਬਾਜਵਾ ਅਤੇ ਨਵਜੋਤ ਸਿੰਘ ਸਿੱਧੂ ਸਮੇਤ ਅੰਮ੍ਰਿਤਸਰ ਦੀ ਕਾਂਗਰਸ ਲੀਡਰਸ਼ਿਪ ਵੀ ਮੌਜੂਦ ਰਹੀ। ਇਸ ਵਿਚਾਲੇ ਇਕ ਵਾਰ ਫਿਰ ਕਾਂਗਰਸ ਆਗੂ ਨਵਜੋਤ ਸਿੰਘ ਸਿੱਧੂ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ।

ਪੰਜਾਬ ਨੂੰ ਖੋਖਲਾ ਕੀਤਾ : ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਦਰਬਾਰ ਸਾਹਿਬ ਵਿੱਚ ਆਉਣਾ ਸੀਸ ਝੁਕਾਉਣਾ ਸਭ ਤੋਂ ਵੱਡੀ ਸੇਧ ਹੈ। ਉਨ੍ਹਾਂ ਕਿਹਾ ਕਿ, "ਮੈਂ ਆਪਣੇ ਆਪ ਵਿੱਚ ਕੁੱਝ ਵੀ ਨਹੀਂ ਹਾਂ। ਇਸ ਗੁਰੂ ਦੀ ਮੇਹਰ ਨਾਲ ਅਲਖ ਜਗਾਉਣ ਦੀ ਇੱਕ ਸੇਧ ਮਿਲੀ ਹੈ। ਹੁਣ ਪੰਜਾਬ ਵਿੱਚ ਧੜੇ ਵੰਡੇ ਹੋਏ ਹਨ। ਤਿੰਨ-ਚਾਰ ਚੀਫ ਮਿਨੀਸਟਰਾਂ ਦਾ ਰਾਜ ਰਿਹਾ, ਜਦਕਿ ਪੰਜਾਬ ਵਿੱਚ ਲੋਕ ਰਾਜ ਤਾਂ ਸਥਾਪਿਤ ਹੀ ਨਹੀਂ ਹੋਇਆ। ਸਿਵਾਏ ਘਰ ਭਰਨ ਦੇ, ਇਨ੍ਹਾਂ ਨੇਤਾਵਾਂ ਨੇ ਪੰਜਾਬ ਖੋਖਲਾ ਕਰ ਦਿੱਤਾ ਹੈ। ਪੰਜਾਬ ਦੀ ਲੜਾਈ ਇਮਾਨਦਾਰੀ ਨਾਲ ਲੜੋ। ਨੇਤਾ ਉਹ ਹੁੰਦਾ ਜੋ ਲੋਕਾਂ ਵਿੱਚ ਭਰੋਸਾ ਰੱਖੇ, ਅਜਿਹੇ ਹੀ ਭਰੋਸੇ ਨੂੰ ਲੈ ਕੇ ਰਾਜਨੀਤੀ ਕਰਾਂਗਾ।"

ਇੱਕਠ ਕਰਨਾ, ਤਾਂ ਲੋਕ ਭਲਾਈ ਲਈ ਕਰੋ : ਕੋਈ 10 ਹਜ਼ਾਰ ਬੰਦਾ ਇੱਕਠਾ ਕਰਕੇ ਅਖਾੜਾ ਲਾਵੇ, ਮੈਂ ਤਾੜੀਆਂ ਮਾਰ ਕੇ ਸਵਾਗਤ ਕਰਾਂਗਾ, ਪਰ ਲੋਕ ਭਲਾਈ ਲਈ ਪ੍ਰਚਾਰ ਹੋਵੇ। ਪਰ, ਇੱਥੇ ਲੋਕ ਭਲਾਈ ਕਿੱਥੇ ਹੈ? ਇੱਥੇ ਗਰੁੱਪ ਬਣਾ ਕੇ ਸਵਾਰਥ ਪੂਰਾ ਕੀਤਾ ਜਾ ਰਿਹਾ ਹੈ। ਮੇਰੇ ਵਲੋਂ ਲੋਕਾਂ ਦੇ ਭਲੇ ਲਈ ਸਭਾ ਜਾਰੀ ਰਹਿਣਗੀਆਂ। ਮੈ ਕਦੇ ਕਿਸੇ ਨੂੰ ਨਹੀਂ ਰੋਕਿਆ, ਕਿ ਤੂੰ ਇੱਧਰ ਨਾ ਜਾ।"

ਰਾਜਾ ਵੜਿੰਗ ਉੱਤੇ ਨਿਸ਼ਾਨਾ ! : ਨਵਜੋਤ ਸਿੱਧੂ ਨੇ ਇੰਡੀਆ ਗਠਜੋੜ ਲਈ ਜੋ ਫੈਸਲਾ ਹਾਈਕਮਾਨ ਲਵੇਗਾ ਉਸ ਨਾਲ ਹਾਂ। ਉਨ੍ਹਾਂ ਨੇ ਕਾਂਗਰਸ ਦੇ ਰਾਜਾ ਵੜਿੰਗ ਤੇ ਹੋਰ ਨੇਤਾਵਾਂ ਉੱਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ, "ਜਦੋਂ ਕੁਰਸੀਆਂ ਲੈਣੇ ਹੋ ਜਾਂ ਅਹੁਦਾ ਲੈਂਦੇ ਹੋ ਤਾਂ ਉਸ ਸਮੇਂ ਹਾਈਕਮਾਨ ਦੀ ਮੰਨਣੀ, ਪਰ ਜਦੋਂ ਰਾਸ਼ਟਰ ਹਿੱਤ ਲਈ ਹਾਈਕਮਾਨ ਕੋਈ ਫੈਸਲਾ ਲੈਂਦੀ ਹੈ, ਤਾਂ ਤੁਸੀਂ ਕਹਿੰਦੇ ਹੋ ਅਸੀ ਇਹ ਕਰ ਦੇਣਾ, ਉਹ ਕਰ ਦੇਣਾ, ਫੇਰ ਕੀਤਾ ਤਾਂ ਕੁੱਝ ਨਹੀਂ।"ਉੱਥੇ ਹੀ, ਉਨ੍ਹਾਂ ਕਿਹਾ ਕਿ ਸੁਖਪਾਲ ਖਹਿਰਾ ਉੱਤੇ ਜੋ ਵੀ ਕਾਰਵਾਈ ਹੋਈ ਹੈ, ਉਹ ਰਾਜਨੀਤੀ ਤੋਂ ਪ੍ਰੇਰਿਤ ਹੈ।

ਨਵਜੋਤ ਸਿੱਧੂ ਨੇ ਕਿਹਾ- "ਜਣਾ-ਖਣਾ ਆਪਣੀ ਪਾਰਟੀ ਬਣਾ ਕੇ ਬੋਲ ਰਿਹਾ"

ਜਣਾ-ਖਣਾ ਆਪਣੀ ਪਾਰਟੀ ਬਣਾ ਕੇ ਬੋਲ ਰਿਹਾ: ਸਿੱਧੂ ਨੇ ਕਿਹਾ ਕਿ, "ਇੱਥੇ ਜਣਾ-ਖਣਾ ਆਪਣੀ ਪਾਰਟੀ ਬਣਾ ਕੇ ਬੋਲਣ ਲੱਗ ਜਾਂਦਾ ਹੈ। ਕਦੇ ਵੀ ਵਰਕਰ ਦੇ ਖਿਲਾਫ ਵੀ ਨਵਜੋਤ ਸਿੱਧੂ ਦੀ ਆਵਾਜ਼ ਨਹੀਂ ਗਈ। ਜੋ ਵੀ ਮੇਰੀ ਨਿੰਦਾ ਕਰੇਗਾ, ਮੈਂ ਉਸ ਦੀ ਭਲਾਈ ਮੰਗੂ, ਪਰ ਜੇ ਕੋਈ ਪੰਜਾਬ ਖਿਲਾਫ ਖੜੇਗਾ, ਤਾਂ ਮੈਂ ਠੋਕ ਦੇਵਾਂਗਾ। ਰਾਹੁਲ ਗਾਂਧੀ ਹਮੇਸ਼ਾ ਕਹਿੰਦੇ ਹਨ ਕਿ ਏਕਤਾ ਨੂੰ ਬਣਾ ਕੇ ਰੱਖਣਾ ਹੈ, ਪਰ ਜੋ ਕੋਈ ਹੋਰ ਤੋੜਦਾ ਹੈ, ਤਾਂ ਸਵਾਰੀ ਆਪਣੇ ਸਮਾਨ ਦੀ ਆਪ ਜ਼ਿੰਮੇਵਾਰ। ਉਨ੍ਹਾਂ ਕਿਹਾ ਜਦੋਂ ਬਾਕੀ ਸਭਾ ਕਰਦੇ ਹਨ, ਮੈਨੂੰ ਤਾਂ ਕੋਈ ਪ੍ਰੇਸ਼ਾਨੀ ਨਹੀਂ ਹੁੰਦੀ।"

ਜੋ ਪਰਿਵਾਰ ਨਹੀਂ ਸਾਂਭ ਸਕਦਾ, ਉਹ ਪੰਜਾਬ ਨੂੰ ਕੀ ਸਾਂਭੇਗਾ: ਇਸ ਮੌਕੇ ਮੀਡੀਆ ਨਾਲ ਗੱਲ ਕਰਿਦਆ ਨਵਜੋਤ ਸਿੱਧੂ ਨੇ ਕਿਹਾ ਕਿ ਮੇਰੀ ਘਰਵਾਲੀ ਬਿਮਾਰ ਹੈ, ਪਹਿਲਾਂ ਮੈਂ ਆਪਣੀ ਘਰਵਾਲੀ ਨੂੰ ਸਾਂਭਾਂਗਾ। ਉਨ੍ਹਾਂ ਕਿਹਾ ਕਿ ਜਿਹੜਾ ਬੰਦਾ ਬਿਮਾਰ ਘਰ ਵਾਲੀ ਨੂੰ ਤੇ ਪਰਿਵਾਰ ਨੂੰ ਨਹੀਂ ਸਾਂਭ ਸਕਦਾ, ਉਹ ਪੰਜਾਬ ਨੂੰ ਕੀ ਸਾਂਭੇਗਾ? ਉਨ੍ਹਾਂ ਕਿਹਾ ਕਿ ਜਿੰਨੀ ਦੇਰ ਤੱਕ ਪਤਨੀ ਆਉਟ ਆਫ ਡੇਂਜਰ ਨਹੀਂ ਹੁੰਦੀ ਮੈਂ ਇਸ ਕਰਮ ਭੂਮੀ ਨੂੰ ਤਿਆਗ ਨਹੀਂ ਸਕਦਾ। ਮੈਂ ਮੋਦੀ ਵੇਵ ਵੇਲ੍ਹੇ ਕਰਮ ਭੂਮੀ ਨਹੀਂ ਤਿਆਗੀ। ਮੈਂ ਐਮਪੀ ਛੱਡਿਆ, ਪਰ ਗੁਰੂ ਨੂੰ ਤਿਆਗ ਨਹੀਂ ਸਕਦਾ, ਮੇਰੇ ਕਰਮ ਇੱਥੇ ਹੀ ਹਨ। ਇਹ ਬਹੁਤਿਆਂ ਨੂੰ ਸੁਨੇਹਾ ਹੈ।

ਉੱਥੇ ਹੀ, ਨਵਜੋਤ ਸਿੰਘ ਸਿੱਧੂ ਵੱਲੋਂ ਅੰਮ੍ਰਿਤਸਰ ਨੂੰ ਆਪਣੀ ਕਰਮ ਭੂਮੀ ਦੱਸਿਆ ਗਿਆ ਸੀ ਅਤੇ ਆਪਣੀ ਕਰਮਭੂਮੀ ਤੇ ਵਾਪਸ ਆਉਣ ਨੂੰ ਲੈ ਕੇ ਵੀ ਉਹਨਾਂ ਵੱਲੋਂ ਆਪਣਾ ਸਪਸ਼ਟੀਕਰਨ ਦਿੱਤਾ ਗਿਆ ਕਿ ਨਵਜੋਤ ਕੌਰ ਸਿੱਧੂ ਜਦੋਂ ਤੰਦਰੁਸਤ ਹੋਵੇਗੀ, ਤਾਂ ਉਹ ਅੰਮ੍ਰਿਤਸਰ ਲਈ ਹਮੇਸ਼ਾ ਹੀ ਤਤਪਰ ਹਨ।

ਸੋ ਜਿੱਥੇ ਇੱਕ ਪਾਸੇ, ਨਵਜੋਤ ਸਿੰਘ ਸਿੱਧੂ ਵੱਲੋਂ ਆਪਣਾ ਵੱਡਾ ਦਿਲ ਵਿਖਾਉਂਦੇ ਹੋਏ ਆਪਣੇ ਦੁਸ਼ਮਣਾਂ ਦੀ ਲੰਮੀ ਉਮਰ ਦੇ ਲਈ ਅਰਦਾਸ ਸੱਚਖੰਡ ਸ੍ਰੀ ਦਰਬਾਰ ਸਾਹਿਬ ਕੀਤੀ ਗਈ ਅਤੇ ਪੰਜਾਬ ਦੀ ਬਿਹਤਰੀ ਲਈ ਆਵਾਜ਼ ਚੁੱਕਣ ਲਈ ਪ੍ਰਮਾਤਮਾ ਤੋਂ ਆਸ਼ੀਰਵਾਦ ਪ੍ਰਾਪਤ ਕੀਤਾ। ਉੱਥੇ ਹੀ ਹੁਣ ਵੇਖਣਾ ਹੋਵੇਗਾ ਕਿ ਨਵਜੋਤ ਸਿੰਘ ਸਿੱਧੂ ਵੱਲੋਂ ਧੜੇਬਾਜ਼ੀ ਨੂੰ ਲੈ ਕੇ ਦਿੱਤੇ ਗਏ ਬਿਆਨ ਉੱਤੇ ਹੁਣ ਇੱਕ ਵਾਰ ਫਿਰ ਤੋਂ ਕਾਂਗਰਸ ਪਾਰਟੀ ਵਿੱਚ ਕਿਸ ਤਰ੍ਹਾਂ ਖਿੱਚੋਤਾਣ ਵੇਖਣ ਨੂੰ ਮਿਲਦੀ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.