ETV Bharat / state

Bad Food In Chheharta Hotel : ਚੱਲਦੇ ਵਿਆਹ ’ਚ ਨਰਾਜ਼ ਹੋਏ ਬਰਾਤੀ, ਕੁੜੀ ਵਾਲਿਆਂ ਨੇ ਸੜਕ 'ਤੇ ਲਾਇਆ ਧਰਨਾ, ਜਾਣੋ ਕਾਰਨ

author img

By ETV Bharat Punjabi Team

Published : Oct 23, 2023, 10:57 AM IST

ਅੰਮ੍ਰਿਤਸਰ ਵਿਖੇ ਇਕ ਹੋਟਲ ਵਿੱਚ ਵਿਆਹ ਦਾ ਪ੍ਰੋਗਰਾਮ ਚੱਲ ਰਿਹਾ ਸੀ, ਜਿੱਥੇ ਬਰਾਤੀ ਖਾਣਾ ਖਾ ਰਹੇ ਸੀ ਅਤੇ ਕੋਈ ਭੰਗੜੇ ਪਾ ਰਿਹਾ ਸੀ। ਫਿਰ ਅਚਾਨਕ ਅਜਿਹਾ ਰੌਲਾ ਪਿਆ ਕਿ, ਬਰਾਤੀ ਨਾਰਾਜ਼ ਹੋ ਗਏ ਅਤੇ ਕੁੜੀ ਵਾਲਿਆਂ ਨੂੰ ਸੜਕ ਵਿਚਾਲੇ ਹੋਟਲ ਮਾਲਿਕ (Bad Food In Chheharta Hotel) ਵਿਰੁੱਧ ਧਰਨਾ ਲਾਉਣਾ ਪਿਆ। ਪੂਰਾ ਮਾਮਲਾ ਜਾਣਨ ਲਈ, ਪੜ੍ਹੋ ਖ਼ਬਰ...

Bad Food In Chheharta Hotel, Amritsar
Bad Food In Chheharta Hotel

ਹੋਟਲ ਦੇ ਖਾਣੇ ਵਿੱਚੋਂ ਨਿਕਲੀਆਂ ਸੂਡੀਆਂ

ਅੰਮ੍ਰਿਤਸਰ: ਛੇਹਰਟਾ ਦੇ ਇਕ ਹੋਟਲ ਵਿੱਚ ਪਿਤਾ ਵਲੋਂ ਬੜੇ ਹੀ ਚਾਵਾਂ ਨਾਲ ਲੱਖਾਂ ਲਾ ਕੇ ਆਪਣੀ ਧੀ ਦੇ ਵਿਆਹ ਦਾ ਪ੍ਰੋਗਰਾਮ ਕਰਵਾਇਆ ਗਿਆ। ਪਿਤਾ ਨੇ ਬਰਾਤੀਆਂ ਨੂੰ ਖੁਸ਼ ਕਰਨ ਲਈ ਇੱਕ ਚੰਗੇ ਹੋਟਲ ਵਿੱਚ ਪਲੇਟ ਸਿਸਟਮ ਕੀਤਾ, ਮਤਲਬ ਮਹਿੰਗੇ ਤੋਂ ਮਹਿੰਗਾ ਖਾਣਾ। ਬਰਾਤ ਪਹੁੰਚ ਚੁੱਕੀ ਸੀ ਅਤੇ ਕੁਝ ਬਰਾਤੀ ਖੁਸ਼ੀ ਵਿੱਚ ਨੱਚ-ਟੱਪ ਰਹੇ ਸੀ ਅਤੇ ਕੁਝ ਬਰਾਤੀਆਂ ਨੇ ਵਿਆਹ ਵਿੱਚ ਰੱਖੀਆਂ ਸਪੈਸ਼ਲ ਆਈਟਮਾਂ ਤੇ ਭੋਜਨ ਖਾਣਾ ਸ਼ੁਰੂ ਕੀਤਾ। ਫਿਰ ਅਚਾਨਕ ਹੀ ਅਜਿਹਾ ਮਾਮਲਾ ਸਾਹਮਣੇ ਆਇਆ ਕਿ ਕੁਝ ਬਰਾਤੀ ਨਰਾਜ਼ ਹੋ ਕੇ ਚਲੇ ਗਏ ਅਤੇ ਇੱਕ ਧੀ ਦੇ ਪਿਤਾ ਨੂੰ ਲਾੜੇ ਦੇ ਪਰਿਵਾਰ ਸਾਹਮਣੇ ਬੇਇਜ਼ਤ ਹੋਣਾ ਪਿਆ। ਹਾਲਾਂਕਿ, ਪੂਰੇ ਮਾਮਲੇ ਵਿੱਚ ਗ਼ਲਤੀ ਹੋਟਲ ਵਾਲਿਆਂ ਦੀ ਦੱਸੀ ਜਾ ਰਹੀ ਹੈ।

ਖਾਣੇ ਵਿੱਚੋਂ ਨਿਕਲੀਆਂ ਸੂੰਡੀਆਂ: ਲਾੜਾ ਕਰਨ ਸਿੰਘ ਨੇ ਇਲਜ਼ਾਮ ਲਾਇਆ ਕਿ ਸਾਡੇ ਕੁਝ ਰਿਸ਼ਤੇਦਾਰਾਂ ਨੇ ਜਦੋਂ ਮੰਚੂਰੀਅਨ ਤੇ ਗੁਲਾਬ ਜਾਮਨ ਖਾ ਰਹੇ ਸੀ, ਤਾਂ ਉਨ੍ਹਾਂ ਪਲੇਟ ਵਿੱਚ ਮੰਚੂਰੀਅਨ ਅਤੇ ਗੁਲਾਮ ਜਾਮਨ ਚੋਂ ਸੂੰਡੀਆਂ ਨਿਕਲ ਕੇ ਚੱਲਦੀਆਂ ਵਿਖਾਈ ਦਿੱਤੀਆਂ। ਜਿਸ ਕਾਰਨ ਉਹ ਨਰਾਜ਼ ਹੋ ਗਏ ਅਤੇ ਇੱਥੋ ਚਲੇ ਗਏ। ਲਾੜੇ ਨੇ ਕਿਹਾ ਕਿ ਇਸ ਕਾਰਨ ਸਾਡੀ ਰਿਸ਼ਤੇਦਾਰਾਂ ਸਾਹਮਣੇ ਬੇਇਜ਼ਤੀ ਹੋਈ ਹੈ। ਸਾਨੂੰ ਇਨਸਾਫ਼ ਮਿਲਣਾ ਚਾਹੀਦਾ ਹੈ।

ਲੱਖਾਂ ਦਾ ਬਿੱਲ ਲਿਆ, ਖਾਣੇ 'ਚ ਸੂੰਡੀਆਂ ਪਰੋਸੀਆਂ: ਦੂਜੇ ਪਾਸੇ ਲਾੜੀ ਕੁਲਦੀਪ ਕੌਰ ਨੇ ਵੀ ਹੋਟਲ ਮਾਲਿਕਾਂ ਉੱਤੇ ਅਣਗਹਿਲੀ ਦੇ ਇਲਜ਼ਾਮ ਲਾਏ ਅਤੇ ਕਿਹਾ ਕਿ ਇੱਕ ਪਿਓ ਇੰਨੇ ਪੈਸੇ ਲਾ ਕੇ ਵਿਆਹ ਕਰਦਾ ਹੈ, ਪਰ ਬਦਲੇ ਵਿੱਚ ਹੋਟਲ ਵਾਲਿਆਂ ਨੇ ਸੂੰਡੀਆਂ ਵਾਲਾ ਖਾਣਾ ਪਰੋਸਿਆ। ਲਾੜੀ ਨੇ ਕਿਹਾ ਕਿ ਹੋਟਲ ਵਾਲਿਆਂ ਕਰਕੇ ਉਸ ਦੀ ਅਤੇ ਪਿਤਾ ਦੀ ਪੂਰੀ ਬਰਾਤ ਸਾਹਮਣੇ ਬੇਇਜ਼ਤੀ ਹੋਈ ਹੈ। ਇਹ ਸਹੀ ਨਹੀਂ ਹੈ। ਕੁਲਦੀਪ ਨੇ ਦੱਸਿਆ ਕਿ ਜਦੋਂ ਹੋਟਲ ਵਾਲਿਆਂ ਕੋਲੋਂ ਇਸ ਬਾਰੇ ਪੁੱਛਿਆਂ ਤਾਂ, ਉਹ ਸਾਫ਼ ਹੀ ਮੁਕਰ ਗਏ ਅਤੇ ਜਿਸ ਨੇ ਸਾਰਾ ਬਿੱਲ ਕਲੀਅਰ ਕੀਤਾ, ਉਹ ਮੌਕੇ ਤੋਂ ਭੱਜ ਗਿਆ ਹੈ।

ਲਾੜੀ ਦੇ ਮਾਮੇ ਨੇ ਪੁਲਿਸ ਮੁਲਾਜ਼ਮ ਉੱਤੇ ਲਾਏ ਇਲਜ਼ਾਮ: ਲਾੜੀ ਦੇ ਮਾਮੇ ਕਾਰਜ ਸਿੰਘ ਨੇ ਪੱਤਰਕਾਰਾਂ ਨਾਲ ਗੱਲ ਕਰਦਿਆ ਦੱਸਿਆ ਕਿ ਚੁੰਗੀ, ਛੇਹਰਟਾ ਇਲਾਕੇ ਦੇ ਇਕ ਹੋਟਲ ਵਿੱਚ ਉਨ੍ਹਾਂ ਦੀ ਭਾਣਜੀ ਦਾ ਵਿਆਹ ਰੱਖਿਆ ਹੋਇਆ ਸੀ। ਇਸ ਹੋਟਲ ਵਾਲਿਆਂ ਕੋਲੋਂ ਕਰੀਬ 700 ਰੁਪਏ ਪ੍ਰਤੀ ਪਲੇਟ ਬੁੱਕ ਕਰਵਾਈ, ਹੋਰ ਖ਼ਰਚੇ ਵੱਖ ਤੋਂ ਦਿੱਤੇ ਗਏ। ਪਰ, ਅੱਜ ਹੋਟਲ ਦੇ ਖਾਣੇ ਚੋਂ ਸੂੰਡੀਆਂ ਨਿਕਲੀਆਂ ਜਿਸ ਕਾਰਨ ਸਾਰੇ ਬਰਾਤੀ ਨਾਰਾਜ਼ ਹੋ ਗਏ।

ਇਸ ਤੋਂ ਇਲਾਵਾ ਕਾਰਜ ਸਿੰਘ ਨੇ, ਇਲਜ਼ਾਮ ਲਾਉਂਦਿਆਂ ਦੱਸਿਆ ਕਿ ਪੁਲਿਸ ਮੌਕੇ ਉੱਤੇ ਪਹੁੰਚੀ। ਉਨ੍ਹਾਂ ਨੇ ਪੈਲੇਸ ਵਾਲਿਆਂ ਦਾ ਪੱਖ ਲਿਆ। ਏਐਸਆਈ ਭਗਵੰਤ ਸਿੰਘ ਨੇ ਕੁੜੀ ਵਾਲਿਆਂ ਨੂੰ ਕਿਹਾ ਕਿ ਪੈਲੇਸ ਵਾਲਿਆਂ ਨੂੰ ਤੁਸੀ 10 ਹਜ਼ਾਰ ਦਿਓ ਅਤੇ ਕੁੜੀ ਨੂੰ ਤੋਰ ਦਿਓ। ਕਾਰਜ ਸਿੰਘ ਨੇ ਕਿਹਾ ਕਿ ਜਿੱਥੇ ਅਸੀਂ ਲੱਖਾਂ ਲਾਏ, ਉੱਥੇ 10 ਹਜ਼ਾਰ ਵੀ ਦੇ ਸਕਦੇ ਹਾਂ, ਪਰ ਗੱਲ ਇਹ ਹੈ ਕਿ ਹੋਟਲ ਵਾਲੇ ਗੰਦ ਨਹੀਂ ਖੁਆ ਸਕਦੇ। ਅੱਜ ਸਾਡੇ ਨਾਲ ਅਜਿਹਾ ਹੋਇਆ, ਕੱਲ੍ਹ ਨੂੰ ਕਿਸੇ ਹੋਰ ਧੀ-ਭੈਣ ਦੇ ਵਿਆਹ ਉੱਤੇ ਵੀ ਅਜਿਹਾ ਹੋਵੇਗਾ। ਜਿਸ ਨਾਲ ਉਨ੍ਹਾਂ ਦੀ ਡੀਲ ਹੋਈ ਸੀ , ਉਹ ਹੋਟਲ ਮਾਲਿਕ ਭੱਜ ਗਿਆ ਹੈ। ਸਾਨੂੰ ਇਨਸਾਫ ਚਾਹੀਦਾ ਹੈ।

ਮੌਕੇ ਉੱਤੇ ਪਹੁੰਚੇ ਸਬ-ਇੰਸਪੈਕਟਰ ਨਿਸ਼ਾਨ ਸਿੰਘ ਨੇ ਕਿਹਾ ਕਿ ਵੈਸੇ ਇਹ ਕੰਮ ਸਿਹਤ ਵਿਭਾਗ ਦਾ ਹੈ, ਪਰ ਫਿਰ ਵੀ ਉਨ੍ਹਾਂ ਵਲੋਂ ਕੁੜੀ ਵਾਲਿਆਂ ਦੀ ਸ਼ਿਕਾਇਤ ਦਰਜ ਕਰ ਲਈ ਗਈ ਹੈ। ਇਸ ਮਾਮਲੇ ਵਿੱਚ ਜਾਂਚ ਕਰਕੇ ਬਣਦੀ ਕਾਰਵਾਈ ਕੀਤੀ ਜਾਵੇਗੀ।

ETV Bharat Logo

Copyright © 2024 Ushodaya Enterprises Pvt. Ltd., All Rights Reserved.