ETV Bharat / state

ਸਿੰਘੂ ਬਾਰਡਰ ਕਤਲ ਮਾਮਲੇ 'ਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦਾ ਵੱਡਾ ਬਿਆਨ

author img

By

Published : Oct 17, 2021, 1:05 PM IST

ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਬੀਤੇ ਦਿਨ ਸਿੰਘੂ ਬਾਰਡਰ 'ਤੇ ਵਾਪਰੀ ਘਟਨਾ ਨੂੰ ਕਾਨੂੰਨ ਦੇ ਰਾਜ ਦੀ ਅਸਫ਼ਲਤਾ ਦਾ ਸਿੱਟਾ ਕਰਾਰ ਦਿੱਤਾ। ਜਥੇਦਾਰ ਨੇ ਇਸ ਘਟਨਾ ਦੇ ਵਿਸਤ੍ਰਿਤ ਪਹਿਲੂਆਂ 'ਤੇ ਪਿਛੋਕੜ ਦੀ ਗੰਭੀਰਤਾ ਨਾਲ ਜਾਂਚ ਕਰਕੇ ਸਾਰੀ ਸੱਚਾਈ ਸਾਹਮਣੇ ਲਿਆਉਣ ਦੀ ਮੰਗ ਕੀਤੀ ਹੈ ਤਾਂ ਜੋ ਦੁਨੀਆ ਸਾਹਮਣੇ ਸਿੱਖ ਕੌਮ ਦਾ ਸਹੀ ਪੱਖ ਪੇਸ਼ ਕੀਤਾ ਜਾ ਸਕੇ।

ਸਿੰਘੂ ਬਾਰਡਰ ਕਤਲ ਮਾਮਲੇ 'ਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦਾ ਵੱਡਾ ਬਿਆਨ
ਸਿੰਘੂ ਬਾਰਡਰ ਕਤਲ ਮਾਮਲੇ 'ਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦਾ ਵੱਡਾ ਬਿਆਨ

ਅੰਮ੍ਰਿਤਸਰ: ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਬੀਤੇ ਦਿਨ ਸਿੰਘੂ ਬਾਰਡਰ 'ਤੇ ਵਾਪਰੀ ਘਟਨਾ ਨੂੰ ਕਾਨੂੰਨ ਦੇ ਰਾਜ ਦੀ ਅਸਫ਼ਲਤਾ ਦਾ ਸਿੱਟਾ ਕਰਾਰ ਦਿੱਤਾ। ਜਥੇਦਾਰ ਨੇ ਇਸ ਘਟਨਾ ਦੇ ਵਿਸਤ੍ਰਿਤ ਪਹਿਲੂਆਂ 'ਤੇ ਪਿਛੋਕੜ ਦੀ ਗੰਭੀਰਤਾ ਨਾਲ ਜਾਂਚ ਕਰਕੇ ਸਾਰੀ ਸੱਚਾਈ ਸਾਹਮਣੇ ਲਿਆਉਣ ਦੀ ਮੰਗ ਕੀਤੀ ਹੈ ਤਾਂ ਜੋ ਦੁਨੀਆ ਸਾਹਮਣੇ ਸਿੱਖ ਕੌਮ ਦਾ ਸਹੀ ਪੱਖ ਪੇਸ਼ ਕੀਤਾ ਜਾ ਸਕੇ।

ਇਸ ਦੇ ਨਾਲ ਉਨ੍ਹਾਂ ਸਰਕਾਰ 'ਤੇ ਪੁਲਿਸ ਨੂੰ ਵੀ ਕਿਹਾ ਕਿ ਸਿੰਘੂ ਬਾਰਡਰ ਘਟਨਾ ਦੀ ਧਾਰਮਿਕ ਸੰਵੇਦਨਸ਼ੀਲਤਾ 'ਤੇ ਭਾਵਨਾਤਮਕ ਗੰਭੀਰਤਾ ਨੂੰ ਵੇਖਦਿਆਂ ਇਸ ਨੂੰ ਸਿਰਫ ਅਮਨ 'ਤੇ ਕਾਨੂੰਨ ਦੇ ਮਸਲੇ ਵੱਜੋਂ ਨਾ ਲਿਆ ਜਾਵੇ। ਉਨ੍ਹਾਂ ਮੀਡੀਆ ਨੂੰ ਵੀ ਸਿੰਘੂ ਬਾਰਡਰ ਦੀ ਘਟਨਾ ਦੇ ਅਧੂਰੇ ਪੱਖ ਦਿਖਾ ਕੇ ਸਿੱਖਾਂ ਦਾ ਅਕਸ ਖ਼ਰਾਬ ਕਰਨ ਤੋਂ ਗੁਰੇਜ਼ ਕਰਨ ਦੀ ਨਸੀਹਤ ਦਿੰਦਿਆਂ ਆਖਿਆ ਕਿ ਮੀਡੀਆ ਦਾ ਕੰਮ ਹਰੇਕ ਪੱਖ ਨੂੰ ਪੇਸ਼ ਕਰਕੇ ਸਿੱਟਾ ਕੱਢਣ ਦਾ ਫੈਸਲਾ ਪਾਠਕਾਂ 'ਤੇ ਛੱਡਣਾ ਹੁੰਦਾ ਹੈ ਨਾ ਕਿ ਖੁਦ ਹੀ ਜੱਜ ਬਣ ਕੇ ਫੈਸਲਾ ਸੁਣਾਉਣਾ।

ਗਿਆਨੀ ਹਰਪ੍ਰੀਤ ਸਿੰਘ ਨੇ ਜਾਰੀ ਲਿਖਤੀ ਬਿਆਨ ਵਿਚ ਕਿਹਾ ਕਿ ਸਿੰਘੂ ਬਾਰਡਰ ਵਿਖੇ 15 ਅਕਤੂਬਰ ਦੀ ਸਵੇਰ ਨੂੰ ਵਾਪਰੀ ਇਸ ਘਟਨਾ ਦੇ ਪਿਛੋਕੜ ਵਿਚ ਪਿਛਲੇ ਪੰਜ-ਛੇ ਸਾਲਾਂ ਦੌਰਾਨ ਪੰਜਾਬ ਵਿਚ 400 ਤੋਂ ਵੱਧ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਵਾਪਰ ਚੁੱਕੀਆਂ ਘਟਨਾਵਾਂ ਹਨ।

ਇਹ ਵੀ ਪੜ੍ਹੋ: ਸਿੰਘੂ ਬਾਰਡਰ ’ਤੇ ਕਤਲ ਮਾਮਲਾ: 7 ਦਿਨ ਦੇ ਰਿਮਾਂਡ ’ਤੇ ਮੁਲਜ਼ਮ ਸਰਬਜੀਤ

ਜਿਨ੍ਹਾਂ ਵਿੱਚ ਕਾਨੂੰਨ ਕਿਸੇ ਇਕ ਵੀ ਦੋਸ਼ੀ ਨੂੰ ਅਜਿਹੀ ਮਿਸਾਲੀ ਸਜ਼ਾ ਨਹੀਂ ਦੇ ਸਕਿਆ ਜੋ ਸਿੱਖਾਂ ਦੇ ਜ਼ਖ਼ਮਾਂ 'ਤੇ ਮਰਹੱਮ ਲਗਾਉਣ ਦਾ ਕੰਮ ਕਰ ਸਕਦੀ। ਉਨ੍ਹਾਂ ਕਿਹਾ ਕਿ ਸਿੱਖਾਂ ਲਈ ਆਪਣੇ ਜਾਗਤ-ਜੋਤ ਇਸ਼ਟ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਉੱਪਰ ਕੁਝ ਵੀ ਨਹੀਂ ਹੈ ਪਰ ਜਿਸ ਤਰ੍ਹਾਂ ਪਿਛਲੇ ਸਮੇਂ ਤੋਂ ਲਗਾਤਾਰ ਬੇਅਦਬੀ ਦੀਆਂ ਘਟਨਾਵਾਂ ਵਾਪਰ ਰਹੀਆਂ ਹਨ ਅਤੇ ਦੋਸ਼ੀਆਂ ਨੂੰ ਮਾਨਸਿਕ ਰੋਗੀ ਕਹਿ ਕੇ ਪੂਰੀ ਸਾਜ਼ਿਸ਼ ਨੂੰ ਨੰਗਾ ਕਰਨ ਤੋਂ ਕਾਨੂੰਨ ਵਿਵਸਥਾ ਅਸਮਰੱਥਾ ਜਤਾਉਂਦੀ ਆ ਰਹੀ ਹੈ, ਉਸ ਨਾਲ ਸਿੱਖਾਂ ਦੀ ਕਾਨੂੰਨ ਪ੍ਰਤੀ ਭਰੋਸੇ ਦੀ ਭਾਵਨਾ ਨੂੰ ਭਾਰੀ ਠੇਸ ਪਹੁੰਚੀ ਹੈ।

ਗਿਆਨੀ ਹਰਪ੍ਰੀਤ ਸਿੰਘ ਨੇ ਆਖਿਆ ਕਿ ਸੰਯੁਕਤ ਰਾਸ਼ਟਰ ਸੰਘ ਵੱਲੋਂ ਬਣਾਏ ਮਨੁੱਖੀ ਹੱਕਾਂ ਦੇ ਆਲਮੀ ਐਲਾਨ ਨਾਮੇ ਦੀ ਮੁੱਢਲੀ ਭੂਮਿਕਾ ਵਿਚ ਵੀ ਲਿਖਿਆ ਹੈ ਕਿ ‘ਕੋਈ ਵੀ ਮਨੁੱਖ ਹਿੰਸਕ ਰਸਤੇ 'ਤੇ ਤਦ ਹੀ ਤੁਰਦਾ ਹੈ। ਜੇਕਰ ਕਾਨੂੰਨ ਦਾ ਰਾਜ ਉਸ ਦੇ ਮਨੁੱਖੀ ਹੱਕਾਂ ਨੂੰ ਸੁਰੱਖਿਅਤ ਰੱਖਣ 'ਚ ਅਸਫਲ ਹੋ ਜਾਂਦਾ ਹੈ।

ਇਸ ਤਰ੍ਹਾਂ ਪਿਛਲੇ ਸਮੇਂ ਦੌਰਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਸਿੱਖਾਂ ਲਈ ਅਸਹਿਣਯੋਗ ਘਟਨਾਵਾਂ ਦੇ ਮਾਮਲੇ ਵਿਚ ਸਿੱਖਾਂ ਨੂੰ ਇਨਸਾਫ਼ ਦੇਣ 'ਚ ਭਾਰਤੀ ਨਿਆਂਪਾਲਿਕਾ ਦੀ ਅਸਫ਼ਲਤਾ ਵਿੱਚੋਂ ਹੀ ਸਿੰਘੂ ਬਾਰਡਰ ਦੀ ਘਟਨਾ ਦਾ ਜਨਮ ਹੋਇਆ ਹੈ।

ਇਹ ਵੀ ਪੜ੍ਹੋ: VIDEO: ਪਟਨਾ ਸਾਹਿਬ ਗੁਰਦੁਆਰੇ ‘ਚ 2 ਧੜਿਆਂ ਦਰਮਿਆਨ ਝੜਪ, ਕੱਢੀਆਂ ਤਲਵਾਰਾਂ

ਉਨ੍ਹਾਂ ਕਿਹਾ ਕਿ ਕਿਸੇ ਨਿਰਪੱਖ ਏਜੰਸੀ ਕੋਲੋਂ ਸਿੰਘੂ ਬਾਰਡਰ ਦੀ ਘਟਨਾ ਦੇ ਸਾਰੇ ਪਹਿਲੂਆਂ ਤੋਂ ਬਾਰੀਕੀ ਨਾਲ ਜਾਂਚ ਹੋਣੀ ਚਾਹੀਦੀ ਹੈ ਤਾਂ ਜੋ ਇਸ ਘਟਨਾ ਦੇ ਪਿਛੋਕੜ ਨਾਲ ਜੁੜੀ ਸਾਰੀ ਸੱਚਾਈ ਸੰਗਤ ਵਿਚ ਲਿਆਂਦੀ ਜਾ ਸਕੇ ਅਤੇ ਕਿਸੇ ਵੀ ਤਰ੍ਹਾਂ ਦੀ ਸਾਜ਼ਿਸ਼ ਤੇ ਇਸ ਦੇ ਪਿੱਛੇ ਕੰਮ ਕਰਦੀਆਂ ਤਾਕਤਾਂ ਦੇ ਮਕਸਦ ਨੂੰ ਬੇਪਰਦ ਕੀਤਾ ਜਾ ਸਕੇ।

ਇਸ ਮੌਕੇ ਉਨ੍ਹਾਂ ਇਹ ਵੀ ਖ਼ਦਸ਼ਾ ਪ੍ਰਗਟ ਕੀਤਾ ਕਿ ਜਿੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਘਟਨਾਵਾਂ ਨਾਲ ਸਿੱਖਾਂ ਦੀਆਂ ਭਾਵਨਾਵਾਂ ਨੂੰ ਲਾਂਬੂ ਲਾਉਣ ਦੀਆਂ ਕੋਝੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਉੱਥੇ ਇਨ੍ਹਾਂ ਘਟਨਾਵਾਂ ਪਿੱਛੇ ਪੰਜਾਬ ਵਿਚ ਫਿਰਕੂ 'ਤੇ ਜਾਤੀਵਾਦ ਦਾ ਬਿਖੇੜਾ ਖੜ੍ਹਾ ਕਰਕੇ ਭਾਈਚਾਰਕ ਖਾਨਾਜੰਗੀ ਵਾਲੇ ਹਾਲਾਤ ਪੈਦਾ ਕਰਨ ਦੀਆਂ ਚਾਲਾਂ ਵੀ ਹੋ ਸਕਦੀਆਂ ਹਨ।

ਉਨ੍ਹਾਂ ਕਿਹਾ ਕਿ ਕਾਨੂੰਨ ਨੂੰ ਆਪਣਾ ਕੰਮ ਕਰਨ ਤੋਂ ਸਿੱਖ ਕਦੇ ਵੀ ਨਹੀਂ ਰੋਕਦੇ ਪਰ ਕਾਨੂੰਨ ਦਾ ਫਰਜ਼ ਵੀ ਬਣਦਾ ਹੈ ਕਿ ਉਹ ਸਿੱਖਾਂ ਨਾਲ ਇਨਸਾਫ਼ ਕਰੇ। ਇਸ ਦੇ ਨਾਲ ਗਿਆਨੀ ਹਰਪ੍ਰੀਤ ਸਿੰਘ ਨੇ ਹਰਿਆਣਾ ਤੇ ਪੰਜਾਬ ਪੁਲਿਸ ਨੂੰ ਵੀ ਕਿਹਾ ਕਿ ਉਹ ਨਿਰਪੱਖਤਾ ਨਾਲ ਇਸ ਘਟਨਾ ਦੀ ਜਾਂਚ ਜ਼ਰੂਰ ਕਰੇ ਪਰ ਕਿਸੇ ਵੀ ਬੇਕਸੂਰ ਸਿੱਖ ਨੂੰ ਤੰਗ-ਪ੍ਰੇਸ਼ਾਨ ਕਰਨ ਤੋਂ ਗੁਰੇਜ਼ ਕੀਤਾ ਜਾਵੇ।

ਇਹ ਵੀ ਪੜ੍ਹੋ: ਸਿੰਘੂ ਕਤਲ ਮਾਮਲਾ: ਪੀੜਤ ਪਰਿਵਾਰ ਦੇ ਹੱਕ 'ਚ ਆਈ ਬੀਜੇਪੀ

ETV Bharat Logo

Copyright © 2024 Ushodaya Enterprises Pvt. Ltd., All Rights Reserved.