ਹੈਦਰਾਬਾਦ : ਤੇਲੰਗਾਨਾ ਦੇ ਸਿੱਦੀਪੇਟ 'ਚ ਲੋਕਾਂ ਵੱਲੋਂ ਅਦਾਕਾਰ ਸੋਨੂੰ ਸੂਦ ਦਾ ਮੰਦਰ ਬਣਾਇਆ ਗਿਆ ਹੈ। ਧੂਲਮਿੱਟਾ ਮੰਡਲ ਡੱਬਾ ਠਾਂਡਾ ਦੇ ਵਾਸੀਆਂ ਨੇ ਮੰਦਰ ਬਣਾ ਕੇ ਉਸ 'ਚ ਸੋਨੂੰ ਸੂਦ ਦੀ ਮੂਰਤੀ ਵੀ ਸਥਾਪਤ ਕੀਤੀ ਹੈ।
ਲੋਕਾਂ ਦਾ ਕਹਿਣਾ ਹੈ ਕਿ ਉਹ ਰੋਜ਼ਾਨਾ ਸੋਨੂ ਸੂਦ ਦੀ ਪੂਜਾ ਕਰਨਗੇ। ਪਿੰਡ ਵਾਸੀਆਂ ਨੇ ਦੱਸਿਆ ਕਿ ਪਿੰਡ 'ਚ ਕਿਸੇ ਵੀ ਤਰ੍ਹਾਂ ਦੀ ਸਿਹਤ ਸੂਵਿਧਾ ਉਪਲਬਧ ਨਹੀਂ ਹੈ ਤੇ ਨਾਂ ਹੀ ਦੂਰ-ਦੂਰ ਤੱਕ ਕਿਸੇ ਤਰ੍ਹਾਂ ਦਾ ਕੋਈ ਹਸਪਤਾਲ ਵੀ ਨਹੀਂ ਹੈ। ਪਿੰਡ ਵਾਸੀਆਂ ਨੇ ਇਹ ਉਮੀਦ ਪ੍ਰਗਟਾਈ ਹੈ ਕਿ ਸੋਨੂੰ ਸੂਦ ਉਨ੍ਹਾਂ ਦੇ ਪਿੰਡ ਦਾ ਜ਼ਰੂਰ ਦੌਰਾ ਕਰਨਗੇ।
ਗੌਰਤਲਬ ਹੈ ਕਿ ਕੋਰੋਨਾ ਦੇ ਚਲਦੇ ਲੌਕਡਾਊਨ ਦੌਰਾਨ ਬਾਲੀਵੁੱਡ ਆਦਾਕਾਰ ਸੋਨੂੰ ਸੂਦ ਗਰੀਬਾਂ ਲਈ ਮਸੀਹਾ ਬਣਕੇ ਸਾਹਮਣੇ ਆਏ। ਸੋਨੂੰ ਨੇ ਸੋਸ਼ਲ ਮੀਡੀਆ 'ਤੇ ਵੀ ਕਈ ਤਰ੍ਹਾਂ ਦੇ ਅਭਿਆਨਾਂ ਤਹਿਤ ਗਰੀਬਾਂ ਦੀ ਮਦਦ ਕੀਤੀ। ਲੌਕਡਾਊਨ ਦੌਰਾਨ ਉਹ ਗਰੀਬਾਂ ਨੂੰ ਖਾਣਾ, ਕਪੜੇ, ਮਜ਼ਦੂਰਾਂ ਨੂੰ ਉਨ੍ਹਾਂ ਦੇ ਘਰ ਪਹੁੰਚਾਉਣ ਤੇ ਕਈ ਬਜ਼ੁਰਗ ਮਾਂ-ਪਿਓ ਲਈ ਸਹਾਰਾ ਬਣੇ।