ETV Bharat / entertainment

Raj Singh Jhinger: ਰਾਜ ਸਿੰਘ ਝਿੰਜਰ ਦੀ ਬਤੌਰ ਲੇਖਕ ਇਸ ਪਹਿਲੀ ਫਿਲਮ ਦਾ ਕੱਲ੍ਹ ਰਿਲੀਜ਼ ਹੋਵੇਗਾ ਟ੍ਰੇਲਰ, ਖੁਦ ਲੀਡ ਭੂਮਿਕਾ ਵਿੱਚ ਆਉਣਗੇ ਨਜ਼ਰ

author img

By ETV Bharat Punjabi Team

Published : Sep 26, 2023, 12:13 PM IST

Raj Singh Jhinger First Film As a Writer: ਅਦਾਕਾਰ ਰਾਜ ਸਿੰਘ ਝਿੰਜਰ ਦੀ ਬਤੌਰ ਲੇਖਕ ਪਹਿਲੀ ਫਿਲਮ ‘ਡਰੀਮਲੈਂਡ’ ਦਾ ਟ੍ਰੇਲਰ ਕੱਲ੍ਹ ਰਿਲੀਜ਼ ਹੋਵੇਗਾ। ਇਸ ਵਿੱਚ ਅਦਾਕਾਰ ਖੁਦ ਲੀਡ ਭੂਮਿਕਾ ਵਿੱਚ ਨਜ਼ਰ ਆਉਣਗੇ।

Raj Singh Jhinger
Raj Singh Jhinger

ਚੰਡੀਗੜ੍ਹ: ਪੰਜਾਬੀ ਸਿਨੇਮਾ ਦੇ ਵੱਡੇ ਨਾਂਅ ਅਤੇ ਵਰਸਟਾਈਲ ਐਕਟਰ ਵਜੋਂ ਆਪਣਾ ਸ਼ੁਮਾਰ ਕਰਵਾਉਣ ਵਿਚ ਸਫ਼ਲ ਰਹੇ ਹਨ ਰਾਜ ਸਿੰਘ ਝਿੰਜਰ, ਜੋ ਹੁਣ ਬਤੌਰ ਲੇਖਕ ਵੀ ਇੱਕ ਹੋਰ ਨਵੇਂ ਸਿਨੇਮਾ ਸਫ਼ਰ ਦਾ ਆਗਾਜ਼ (Raj Singh Jhinger first film as a writer) ਕਰਨ ਜਾ ਰਹੇ ਹਨ, ਜਿੰਨ੍ਹਾਂ ਦੀ ਲਿਖੀ ਪਹਿਲੀ ਫਿਲਮ ‘ਡਰੀਮਲੈਂਡ’ ਦਾ ਟ੍ਰੇਲਰ ਬੁੱਧਵਾਰ 27 ਸਤੰਬਰ ਨੂੰ ਰਿਲੀਜ਼ ਹੋਣ ਜਾ ਰਿਹਾ ਹੈ।

‘ਅਰਸ਼ ਸੰਧੂ ਅਤੇ ਬਰਾਊਨ ਸਟਾਰਿੰਗ ਰਿਕਾਰਡਜ਼’ ਦੇ ਬੈਨਰ ਹੇਠ ਬਣੀ ਇਸ ਫਿਲਮ ਦਾ ਨਿਰਦੇਸ਼ਨ ਡਿੰਪਲ ਭੁੱਲਰ ਦੁਆਰਾ ਕੀਤਾ ਗਿਆ ਹੈ, ਜੋ ਇਸ ਫਿਲਮ ਦੁਆਰਾ ਨਿਰਦੇਸ਼ਨ ਦੇ ਰੂਪ ਵਿਚ ਪੰਜਾਬੀ ਸਿਨੇਮਾ ਵਿਚ ਸ਼ਾਨਦਾਰ ਡੈਬਿਊ ਕਰਨ ਜਾ ਰਿਹਾ ਹੈ। ਐਕਸ਼ਨ-ਥ੍ਰਿਲਰ ਅਤੇ ਪਰਿਵਾਰਿਕ ਤਾਣੇ ਬੁਣੇ ਵਿਚ ਬੁਣੀ ਗਈ ਇਸ ਫਿਲਮ ਦਾ ਕਹਾਣੀ-ਸਕਰੀਨ ਪਲੇ ਅਤੇ ਡਾਇਲਾਗ ਲੇਖਨ ਰਾਜ ਸਿੰਘ ਝਿੰਜਰ ਅਤੇ ਗੁਰਦੀਪ ਮਨਾਲੀਆਂ ਵੱਲੋਂ ਸੁਯੰਕਤ ਤੌਰ 'ਤੇ ਕੀਤਾ ਗਿਆ ਹੈ।

ਪੰਜਾਬ ਦੇ ਵੱਖ-ਵੱਖ ਹਿੱਸਿਆਂ ਵਿਚ ਮੁਕੰਮਲ ਕੀਤੀ ਗਈ ਇਸ ਫਿਲਮ ਵਿਚ ਰਾਜ ਸਿੰਘ ਝਿੰਜਰ ((Raj Singh Jhinger) ਲੀਡ ਭੂਮਿਕਾ ਵਿਚ ਵੀ ਨਜ਼ਰ ਆਉਣਗੇ, ਜਿੰਨ੍ਹਾਂ ਨਾਲ ਗੁਰਦੀਪ ਮਨਾਲੀਆਂ, ਸੰਨੀ ਕਾਹਲੋਂ, ਰਮਨ ਸ਼ੇਰਗਿੱਲ, ਰਵਨੀਤ ਕੌਰ, ਜਤਿੰਦਰ ਜਤਿਨ ਸ਼ਰਮਾ, ਨਵਦੀਪ ਰਾਪੁਰੀ, ਦੀਪ ਮਨਦੀਪ, ਸਤਵੰਤ ਕੌਰ, ਅਮਨ ਬੱਲ, ਗੱਗ ਬਰਾੜ੍ਹ, ਹਰਦੀਪ ਡੀ ਰਾਜ, ਰਾਜ ਜੋਸ਼ੀ, ਰਮਨ, ਸੰਤੋਸ਼ ਗਿੱਲ, ਅਰਸ਼ ਮਾਂਗਟ ਆਦਿ ਜਿਹੇ ਮੰਝੇ ਹੋਏ ਸਿਨੇਮਾ ਅਤੇ ਥੀਏਟਰ ਨਾਲ ਜੁੜੇ ਚਿਹਰੇ ਵੀ ਮਹੱਤਵਪੂਰਨ ਕਿਰਦਾਰ ਅਦਾ ਕਰ ਰਹੇ ਹਨ।

ਨਿਰਮਾਤਾ ਅਰਸ਼ ਸੰਧੂ ਵੱਲੋਂ ਨਿਰਮਿਤ ਇਸ ਫਿਲਮ ਦੇ ਕਾਰਜਕਾਰੀ ਨਿਰਮਾਤਾ ਰਿਤੇਸ਼ ਸਿੰਘਾਲ, ਵਿੱਕੀ ਡੱਬਵਾਲੀ ਅਤੇ ਸਿਨੇਮਾਟੋਗ੍ਰਾਫ਼ਰ ਅਨਿਲ ਦੇਵਾਂਥ ਹਨ। ਓਧਰ ਜੇਕਰ ਅਦਾਕਾਰ ਰਾਜ ਸਿੰਘ ਝਿੰਜਰ ਦੇ ਹੁਣ ਤੱਕ ਦੇ ਫਿਲਮ ਕਰੀਅਰ ਵੱਲ ਨਜ਼ਰਸਾਨੀ ਕੀਤੀ ਜਾਵੇ ਤਾਂ ਇਸ ਗੱਲ ਦਾ ਅਹਿਸਾਸ ਸਹਿਜੇ ਹੀ ਹੋ ਜਾਂਦਾ ਹੈ ਕਿ ਉਹ ਮੇਨ ਸਟਰੀਮ ਦੀ ਬਜਾਏ ਅਲਹਦਾ ਕੰਟੈਂਟ ਆਧਾਰਿਤ ਫਿਲਮਾਂ ਕਰਨ ਨੂੰ ਜਿਆਦਾ ਤਵੱਜ਼ੋ ਦਿੰਦੇ ਵਿਖਾਈ ਦੇ ਰਹੇ ਹਨ।

ਹਾਲ ਹੀ ਵਿਚ ਰਿਲੀਜ਼ ਹੋਈ ਆਪਣੀ ਪਰਿਵਾਰਿਕ ਫਿਲਮ 'ਬੱਲੇ ਓ ਚਾਲਾਕ ਸੱਜਣਾਂ' ਵਿਚ ਨਿਭਾਏ ਠੇਠ ਪੇਂਡੂ ਅਤੇ ਪ੍ਰਭਾਵਸ਼ਾਲੀ ਕਿਰਦਾਰ ਦੁਆਰਾ ਕਾਫ਼ੀ ਸਲਾਹੁਤਾ ਹਾਸਿਲ ਕਰਨ ਵਿਚ ਸਫ਼ਲ ਰਹੇ ਇਹ ਹੋਣਹਾਰ ਅਦਾਕਾਰ ਅਨੁਸਾਰ ਹੁਣ ਤੱਕ ਉਨਾਂ ਹਮੇਸ਼ਾ ਚੁਣਿੰਦਾ ਫਿਲਮਜ਼ ਕਰਨ ਨੂੰ ਹੀ ਪਹਿਲ ਦਿੱਤੀ ਹੈ, ਕਿਉਂਕਿ ਲਕੀਰ ਦਾ ਫ਼ਕੀਰ ਬਣਨਾ ਉਨਾਂ ਦੀ ਕਦੀ ਸੋਚ ਨਹੀਂ ਰਹੀ ਅਤੇ ਨਾਂ ਹੀ ਸਫ਼ਲਤਾ ਲਈ ਸ਼ਾਰਟ ਕੱਟ ਰਾਹ ਅਪਨਾਉਣੇ ਉਹ ਵਾਜ਼ਿਬ ਅਤੇ ਜ਼ਾਇਜ਼ ਸਮਝਦੇ ਹਨ।

ਪੰਜਾਬੀ ਸਿਨੇਮਾ ਲਈ ਕਈ ਅਰਥਭਰਪੂਰ ਫਿਲਮਾਂ ਵਿਚ ਆਪਣੀ ਸ਼ਾਨਦਾਰ ਅਦਾਕਾਰੀ ਦਾ ਲੋਹਾ ਮੰਨਵਾ ਚੁੱਕੇ ਅਦਾਕਾਰ ਰਾਜ ਦੀਆਂ ਨਿਭਾਈਆਂ ਕਈ ਭੂਮਿਕਾਵਾਂ ਉਨਾਂ ਨੂੰ ਪੰਜਾਬੀ ਫਿਲਮ ਇੰਡਸਟਰੀ ਵਿਚ ਵਿਲੱਖਣ ਮੁਕਾਮ ਦਾ ਹੱਕਦਾਰ ਬਣਾਉਣ ਅਤੇ ਮਜ਼ਬੂਤੀ ਦੇਣ ਵਿਚ ਅਹਿਮ ਭੂਮਿਕਾ ਨਿਭਾ ਚੁੱਕੀਆਂ ਹਨ, ਜਿੰਨ੍ਹਾਂ ਵਿਚ ‘ਸਿਕੰਦਰ‘, ‘ਬੱਬਰ’, ‘ਡਾਕੂਆ ਦਾ ਮੁੰਡਾ’, ‘ਡਾਕੂਆਂ ਦਾ ਮੁੰਡਾ 2’, ‘ਦਿਲ ਵਿਲ ਪਿਆਰ ਵਿਆਰ’, ‘ਹਰਜੀਤਾ’, ‘ਨਾਬਰ’ ਆਦਿ ਸ਼ਾਮਿਲ ਰਹੀਆਂ ਹਨ।

ਨਿਰਦੇਸ਼ਕ ਨਵਨੀਅਤ ਸਿੰਘ ਦੀ ਆਉਣ ਵਾਲੀ ਫਿਲਮ ਅਤੇ ਦੇਵ ਖਰੌੜ ਸਟਾਰਰ ‘ਬਲੈਕੀਆਂ 2’ ਵਿਚ ਵੀ ਦਮਦਾਰ ਕਿਰਦਾਰ ਪਲੇ ਕਰ ਰਹੇ ਇਹ ਪ੍ਰਤਿਭਾਸ਼ਾਲੀ ਅਦਾਕਾਰ ਪੜ੍ਹਾਅ ਦਰ ਪੜ੍ਹਾਅ ਲਗਾਤਾਰ ਨਵੇਂ ਸਿਨੇਮਾ ਆਯਾਮ ਕਾਇਮ ਕਰਦੇ ਜਾ ਰਹੇ ਹਨ, ਜਿੰਨ੍ਹਾਂ ਅਨੁਸਾਰ ਅਦਾਕਾਰੀ ਦੇ ਨਾਲ ਨਾਲ ਲੇਖਕ ਦੇ ਤੌਰ ਆਉਣ ਵਾਲੇ ਦਿਨ੍ਹਾਂ ਵਿਚ ਵੀ ਪੰਜਾਬੀ ਸਿਨੇਮਾ ਲਈ ਵੱਖਰਾ ਅਤੇ ਚੰਗੇਰ੍ਹਾ ਕਰਨਾ ਉਨਾਂ ਦੀ ਵਿਸ਼ੇਸ਼ ਤਰਜ਼ੀਹ ਵਿਚ ਸ਼ਾਮਿਲ ਰਹੇਗਾ।

ETV Bharat Logo

Copyright © 2024 Ushodaya Enterprises Pvt. Ltd., All Rights Reserved.