ETV Bharat / entertainment

ਪੰਜਾਬੀ ਸੰਗੀਤ ਖੇਤਰ ਨੂੰ ਹੋਰ ਨਵੇਂ ਅਯਾਮ ਦੇਣਗੇ ਗੁਰਪ੍ਰੀਤ ਖੇਤਲਾ, ਸ਼ਾਨਦਾਰ ਸੰਗੀਤਕ ਪ੍ਰੋਜੈਕਟ ਨਾਲ ਆਉਣਗੇ ਸਾਹਮਣੇ

author img

By ETV Bharat Entertainment Team

Published : Jan 4, 2024, 2:18 PM IST

Gurpreet Khetla Upcoming Project: ਨਵੇਂ ਸਾਲ ਉਤੇ ਮੰਨੋਰੰਜਨ ਜਗਤ ਨਾਲ ਜੁੜੇ ਨਿਰਮਾਤਾ ਅਤੇ ਨਿਰਦੇਸ਼ਕ ਰੋਜ਼ ਨਵੇਂ ਨਵੇਂ ਐਲਾਨ ਕਰਦੇ ਰਹਿੰਦੇ ਹਨ, ਇਸੇ ਤਰ੍ਹਾਂ ਉੱਘੇ ਮਿਊਜ਼ਿਕ ਪੇਸ਼ਕਾਰ ਗੁਰਪ੍ਰੀਤ ਖੇਤਲਾ ਵੀ ਇਸ ਸਾਲ ਕਾਫੀ ਨਵੇਂ ਪ੍ਰੋਜੈਕਟ ਲੈ ਕੇ ਆਉਣ ਦੀ ਯੋਜਨਾ ਬਣਾ ਰਹੇ ਹਨ।

Gurpreet Khetla
Gurpreet Khetla

ਚੰਡੀਗੜ੍ਹ: ਪੰਜਾਬੀ ਸੰਗੀਤ ਜਗਤ ਨੂੰ ਇਸ ਵਰ੍ਹੇ ਹੋਰ ਨਵੇਂ ਅਯਾਮ ਦੇਣ ਜਾ ਰਹੇ ਹਨ ਉੱਘੇ ਮਿਊਜ਼ਿਕ ਪੇਸ਼ਕਾਰ ਗੁਰਪ੍ਰੀਤ ਖੇਤਲਾ, ਜੋ ਆਪਣੇ ਕਈ ਸ਼ਾਨਦਾਰ ਸੰਗੀਤਕ ਪ੍ਰੋਜੈਕਟਸ ਜਲਦ ਸਰੋਤਿਆਂ ਅਤੇ ਦਰਸ਼ਕਾਂ ਦੇ ਸਨਮੁੱਖ ਕਰਨ ਜਾ ਰਹੇ ਹਨ।

ਹਾਲ ਹੀ ਵਿੱਚ ਰਿਲੀਜ਼ ਹੋਏ ਆਪਣੇ ਨਵੇਂ ਪ੍ਰੋਜੈਕਟ 'ਸ਼ਰਤ ਲਗਾ ਕੇ' ਨਾਲ ਵੀ ਸੰਗੀਤਕ ਗਲਿਆਰਿਆਂ ਵਿੱਚ ਚੋਖੀ ਭੱਲ ਅਤੇ ਚਰਚਾ ਹਾਸਿਲ ਕਰਨ ਵਿੱਚ ਸਫ਼ਲ ਰਹੇ ਹਨ ਇਹ ਹੋਣਹਾਰ ਮਲਵਈ ਨੌਜਵਾਨ, ਜਿੰਨਾਂ ਦੁਆਰਾ ਪੇਸ਼ ਕੀਤੇ ਗਏ ਇਸ ਨਵੇਂ ਸੰਗੀਤਕ ਟਰੈਕ ਨੂੰ ਜੱਸੀ ਗਿੱਲ ਅਤੇ ਸ਼ਿਪਰਾ ਗੋਇਲ ਵੱਲੋਂ ਆਵਾਜ਼ਾਂ ਦਿੱਤੀਆਂ ਗਈਆਂ ਹਨ।

ਮੂਲ ਰੂਪ ਵਿੱਚ ਮਾਲਵਾ ਦੇ ਜਿਲ੍ਹੇ ਸੰਗਰੂਰ ਨਾਲ ਸੰਬੰਧਤ ਇਸ ਪ੍ਰਤਿਭਾਸ਼ਾਲੀ ਨੌਜਵਾਨ ਦੀ ਖੁਸ਼ਕਿਸਮਤੀ ਰਹੀ ਹੈ ਕਿ ਉਸਨੂੰ ਆਪਣੇ ਹੁਣ ਤੱਕ ਦੇ ਕਰੀਅਰ ਦੌਰਾਨ ਪੰਜਾਬ ਤੋਂ ਲੈ ਕੇ ਹੱਦਾਂ-ਸਰਹੱਦਾਂ ਤੋਂ ਪਾਰ ਤੱਕ ਦੇ ਤਕਰੀਬਨ ਸਾਰੇ ਨਾਮਵਰ ਗਾਇਕਾਂ ਅਤੇ ਗਾਇਕਾਵਾਂ ਨੂੰ ਪੇਸ਼ ਕਰਨ ਅਤੇ ਉਨਾਂ ਦੇ ਮਿਊਜ਼ਿਕ ਐਲਬਮ, ਸੋਲੋ ਟਰੈਕਸ ਲੈ ਕੇ ਵਿਦੇਸ਼ੀ ਸੋਅਜ਼ ਨੂੰ ਤਰਤੀਬ ਅਤੇ ਅੰਜ਼ਾਮ ਦੇਣ ਦਾ ਮੌਕਾ ਮਿਲ ਚੁੱਕਿਆ ਹੈ, ਜਿੰਨਾਂ ਵਿੱਚ ਰਾਏ ਜੁਝਾਰ, ਮਰਹੂਮ ਰਾਜ ਬਰਾੜ ਤੋਂ ਲੈ ਕੇ ਮਨਜੀਤ ਰੂਪੋਵਾਲੀਆ, ਸੁਰਜੀਤ ਖਾਨ, ਹਰਪ੍ਰੀਤ ਢਿੱਲੋਂ, ਮਨਕੀਰਤ ਔਲਖ, ਨਿਮਰਿਤ ਖਹਿਰਾ, ਅਰਜਨ ਢਿੱਲੋਂ, ਸ਼ੈਰੀ ਮਾਨ, ਹੈਪੀ ਰਾਏਕੋਟੀ, ਨਿਸ਼ਾਨ ਭੁੱਲਰ, ਗੁਰਨਾਮ ਭੁੱਲਰ, ਰਾਜਵੀਰ ਜਵੰਦਾ, ਹਿਮਾਂਸ਼ੀ ਖੁਰਾਣਾ, ਸ਼ਹਿਨਾਜ਼ ਗਿੱਲ ਆਦਿ ਜਿਹੇ ਤਮਾਮ ਵੱਡੇ ਨਾਮ ਸ਼ੁਮਾਰ ਰਹੇ ਹਨ।

ਪੜਾਅ ਦਰ ਪੜਾਅ ਹੋਰ ਮਾਣਮੱਤੀਆਂ ਪ੍ਰਾਪਤੀਆਂ ਹਾਸਿਲ ਵੱਲ ਵੱਧ ਰਹੇ ਗੁਰਪ੍ਰੀਤ ਖੇਤਲਾ ਪੰਜਾਬ ਦੀਆਂ 'ਅਮਰ ਆਡੀਓ' ਆਦਿ ਜਿਹੀਆਂ ਨਾਮੀ ਸੰਗੀਤਕ ਕੰਪਨੀਆਂ ਲਈ ਜਿੱਥੇ ਕਈ ਸੰਗੀਤਕ ਪ੍ਰੋਜੈਕਟ ਮੈਨੇਜ ਕਰਨ ਦਾ ਸਿਹਰਾ ਆਪਣੀ ਝੋਲੀ ਪਾ ਚੁੱਕੇ ਹਨ, ਉਥੇ ਹੀ ਬੇਸ਼ੁਮਾਰ ਅਤੇ ਗ੍ਰੈਂਡ ਮਿਊਜ਼ਿਕ ਕੰਨਸਰਟ ਨੂੰ ਵੀ ਸਫ਼ਲਤਾਪੂਰਵਕ ਅੰਜ਼ਾਮ ਦੇਣ ਵਿੱਚ ਉਹ ਲਗਾਤਾਰ ਮੋਹਰੀ ਭੂਮਿਕਾ ਨਿਭਾ ਰਹੇ ਹਨ, ਜਿੰਨਾਂ ਵੱਲੋਂ ਵੱਖ-ਵੱਖ ਮੁਲਕਾਂ ਵਿੱਚ ਕਰਵਾਏ ਅਤੇ ਮੈਨੇਜ ਕੀਤੇ ਜਾ ਚੁੱਕੇ ਵੱਕਾਰੀ ਅਤੇ ਸ਼ਾਨਦਾਰ ਸੋਅਜ਼ ਵਿੱਚ ਜੱਸੀ ਗਿੱਲ, ਬੱਬਲ ਰਾਏ, ਸ਼ੈਰੀ ਮਾਨ, ਮੈਂਡੀ ਤੱਖਰ ਨਾਲ (ਆਸਟ੍ਰੇਲੀਆ ਟੂਰ 2015), ਗੁਰੂ ਰੰਧਾਵਾ, ਨਿੰਜ਼ਾ, ਏਕੇ ਅਤੇ ਹਿਮਾਂਸ਼ੀ ਖੁਰਾਣਾ ਨਾਲ (ਆਸਟ੍ਰੇਲੀਆ ਟੂਰ 2016), ਹਰਫ ਚੀਮਾ, ਹਿਮਾਂਸ਼ੀ ਖੁਰਾਣਾ ਅਤੇ ਜਸ ਬਾਜਵਾ ਨਾਲ (ਆਸਟ੍ਰੇਲੀਆ ਟੂਰ 2017), ਮਨਕੀਰਤ ਔਲਖ, ਜੈਸਮੀਨ, ਅੰਮ੍ਰਿਤ ਮਾਨ ਨਾਲ (ਅਸਟ੍ਰੇਲੀਆ ਟੂਰ 2018 ), ਗਗਨ ਕੋਕਰੀ, ਜੌਰਡਨ ਸੰਧੂ, ਮੰਨਤ ਨੂਰ, ਸ਼ਿਵਜੋਤ, ਕੁਲਵਿੰਦਰ ਬਿੱਲਾ ਨਾਲ ਕੀਤੇ (ਯੂ.ਐਸ.ਏ ਸੋਅਜ਼ 2018 ) ਆਦਿ ਸ਼ਾਮਿਲ ਰਹੇ ਹਨ।

ਪੰਜਾਬੀ ਮਿਊਜ਼ਿਕ ਦੇ ਖਿੱਤੇ ਵਿੱਚ ਧਰੂ ਤਾਰੇ ਵਾਂਗ ਆਪਣੇ ਅਲਹਦਾ ਵਜੂਦ ਦਾ ਇਜ਼ਹਾਰ ਅਤੇ ਅਹਿਸਾਸ ਕਰਵਾ ਰਹੇ ਗੁਰਪ੍ਰੀਤ ਖੇਤਲਾ ਨੇ ਆਪਣੀਆਂ ਅਗਾਮੀ ਯੋਜਨਾਵਾਂ ਸੰਬੰਧੀ ਚਰਚਾ ਕਰਦਿਆਂ ਦੱਸਿਆ ਕਿ ਗਿੱਪੀ ਗਰੇਵਾਲ ਹਿਮਾਂਸ਼ੀ ਖੁਰਾਣਾ ਅਤੇ ਸ਼ਿਪਰਾ ਗੋਇਲ ਦੇ ਨਵੇਂ ਮਿਊਜ਼ਿਕ ਟਰੈਕਸ ਨਾਲ ਜਲਦ ਹੀ ਉਹ ਸੰਗੀਤਕ ਖੇਤਰ ਵਿੱਚ ਮੁੜ ਪ੍ਰਭਾਵੀ ਦਸਤਕ ਦੇਵੇਗਾ, ਜਿਸ ਤੋਂ ਇਲਾਵਾ ਉਹ ਆਪਣੇ ਮਿਊਜ਼ਿਕ ਲੇਬਲ ਨੂੰ ਲਾਂਚ ਕਰਨ ਦੀਆਂ ਤਿਆਰੀਆਂ ਆਖ਼ਰੀ ਚਰਨ ਵਿੱਚ ਪੁੱਜ ਚੁੱਕੀਆਂ ਹਨ, ਜਿੱਥੇ ਨਾਮੀ ਫਨਕਾਰਾਂ ਦੇ ਨਾਲ-ਨਾਲ ਨਵੀਆਂ ਸੰਗੀਤਕ ਪ੍ਰਤਿਭਾਵਾਂ ਨੂੰ ਬਰਾਬਰਤਾ ਨਾਲ ਬੇਹਤਰੀਨ ਅਵਸਰ ਮੁਹੱਈਆ ਕਰਵਾਏ ਜਾਣਗੇ।

ਪੰਜਾਬ ਤੋਂ ਬਾਅਦ ਮੁੰਬਈ ਦੇ ਸੰਗੀਤ ਗਲਿਆਰਿਆਂ ਵਿੱਚ ਵੀ ਆਪਣੀ ਧਾਂਕ ਕਾਇਮ ਕਰਨ ਵੱਲ ਤੇਜ਼ੀ ਨਾਲ ਅੱਗੇ ਵੱਧ ਰਹੇ ਗੁਰਪ੍ਰੀਤ ਖੇਤਲਾ ਨੇ ਦੱਸਿਆ ਕਿ ਸੰਗੀਤ ਖਿੱਤੇ ਵਿੱਚ ਆਉਂਦੇ ਦਿਨੀਂ ਕੁਝ ਹੋਰ ਨਵਾਂ ਕਰ ਗੁਜ਼ਰਣ ਦੇ ਨਾਲ-ਨਾਲ ਹਿੰਦੀ ਅਤੇ ਪੰਜਾਬੀ ਸਿਨੇਮਾ ਖੇਤਰ ਵਿੱਚ ਬਤੌਰ ਕਾਰਜਕਾਰੀ ਨਿਰਮਾਤਾ ਵੀ ਜਲਦ ਹੀ ਕੁਝ ਵਿਸ਼ੇਸ਼ ਯੋਜਨਾਵਾਂ ਨੂੰ ਅੰਜ਼ਾਮ ਦੇਵੇਗਾ, ਜਿਸ ਲਈ ਸ਼ੁਰੂਆਤੀ ਤਿਆਰੀਆਂ ਇੰਨੀ ਦਿਨੀਂ ਜ਼ੋਰਾਂ-ਸ਼ੋਰਾਂ ਨਾਲ ਜਾਰੀ ਹਨ।

ETV Bharat Logo

Copyright © 2024 Ushodaya Enterprises Pvt. Ltd., All Rights Reserved.