ETV Bharat / entertainment

Gavie Chahal Upcoming Film: ਪੰਜਾਬੀ ਦੇ ਨਾਲ-ਨਾਲ ਹਿੰਦੀ ਸਿਨੇਮਾ ’ਚ ਵੀ ਹੋਰ ਧਾਂਕ ਜਮਾਉਣ ਵੱਲ ਵਧੇ ਅਦਾਕਾਰ ਗੈਵੀ ਚਾਹਲ, ਰਿਲੀਜ਼ ਲਈ ਤਿਆਰ ਹੈ ਨਵੀਂ ਫਿਲਮ 'ਬੰਬੇ'

author img

By ETV Bharat Punjabi Team

Published : Oct 9, 2023, 12:27 PM IST

Gavie Chahal: ਅਦਾਕਾਰ ਗੈਵੀ ਚਾਹਲ ਪਾਲੀਵੁੱਡ ਦੇ ਨਾਲ-ਨਾਲ ਬਾਲੀਵੁੱਡ ਵਿੱਚ ਵੀ ਧਾਂਕ ਜਮਾਉਂਦੇ ਨਜ਼ਰ ਆ ਰਹੇ ਹਨ, ਅਦਾਕਾਰ ਦੀ ਫਿਲਮ ਬੰਬੇ ਆਉਣ ਵਾਲੇ ਦਿਨਾਂ ਵਿੱਚ ਰਿਲੀਜ਼ ਹੋ ਜਾਵੇਗੀ।

Gavie Chahal
Gavie Chahal

ਚੰਡੀਗੜ੍ਹ: ਪੰਜਾਬੀ ਸਿਨੇਮਾ ਦੇ ਅਜ਼ੀਮ ਐਕਟਰ ਵਜੋਂ ਆਪਣਾ ਸ਼ੁਮਾਰ ਕਰਵਾਉਂਦੇ ਗੈਵੀ ਚਾਹਲ ਹਿੰਦੀ ਫਿਲਮ ਇੰਡਸਟਰੀ ਵਿੱਚ ਵੀ ਦਿਨ-ਬ-ਦਿਨ ਧਾਂਕ ਜਮਾਉਂਦੇ ਜਾ ਰਹੇ ਹਨ, ਜੋ ਰਿਲੀਜ਼ ਹੋਣ ਜਾ ਰਹੀ 'ਬੰਬੇ' ਵਿੱਚ ਕਾਫੀ ਮਹੱਤਵਪੂਰਨ ਕਿਰਦਾਰ ਵਿੱਚ ਨਜ਼ਰ ਆਉਣਗੇ। ‘ਸਨਮ ਪ੍ਰੋਡੋਕਸ਼ਨ ਇੰਡੀਆ’ ਅਤੇ ‘ਹਾਲਮਾਰਕ ਸਟੂਡਿਓਜ਼’ ਵੱਲੋਂ ਨਿਰਮਿਤ ਕੀਤੀ ਗਈ ਇਸ ਫਿਲਮ ਦਾ ਨਿਰਮਾਣ ਫਿਰਦੋਸ਼ ਸ਼ੇਖ, ਜਦਕਿ ਲੇਖਨ ਅਤੇ ਨਿਰਦੇਸ਼ਨ ਸੰਜੇ ਨਿਰੰਜਨ ਵੱਲੋਂ ਕੀਤਾ ਗਿਆ ਹੈ।

ਕ੍ਰਾਈਮ-ਡਰਾਮਾ ਕਹਾਣੀ ਦੁਆਲੇ ਬੁਣੀ ਗਈ ਅਤੇ ਮੁੰਬਈ ਦੀਆਂ ਵੱਖ-ਵੱਖ ਲੋਕੇਸ਼ਨਜ਼ 'ਤੇ ਮੁਕੰਮਲ ਕੀਤੀ ਗਈ ਇਸ ਸਨਸਨੀਖੇਜ਼ ਫਿਲਮ ਦੇ ਸਿਨੇਮਾਟੋਗ੍ਰਾਫ਼ਰ ਐਸ ਪੱਪੂ, ਕੋਰਿਓਗ੍ਰਾਫ਼ਰ ਦਿਲੀਪ ਮਿਸਤਰੀ, ਕਲਾ ਨਿਰਦੇਸ਼ਕ ਮਨੋਹਰ ਪਾਟਿਲ, ਲਾਈਨ ਨਿਰਮਾਤਾ ਪ੍ਰਦੀਪ ਸੋਨਕਰ ਅਤੇ ਐਕਸ਼ਨ ਨਿਰਦੇਸ਼ਕ ਮੋਸਿਸ ਫ਼ਰਨਾਡਿਜ਼ ਹਨ।

ਗੈਵੀ ਚਾਹਲ
ਗੈਵੀ ਚਾਹਲ

ਇੰਨ੍ਹੀਂ-ਦਿਨ੍ਹੀਂ ਅਦਾਕਾਰ ਅਤੇ ਨਿਰਮਾਤਾ ਦੇ ਤੌਰ 'ਤੇ ਆਪਣੀ ਨਵੀਂ ਪੰਜਾਬੀ ਫਿਲਮ ‘ਸੰਗਰਾਂਦ’ ਨੂੰ ਨੇਪੜ੍ਹੇ ਚਾੜ੍ਹਨ ਵਿੱਚ ਜੁਟੇ ਇਸ ਵਰਸਟਾਈਲ ਐਕਟਰ ਨਾਲ ਉਨਾਂ ਦੀ ਉਕਤ ਨਵੀਂ ਫਿਲਮ ਦੇ ਅਹਿਮ ਪਹਿਲੂਆਂ ਸੰਬੰਧੀ ਗੱਲ ਕੀਤੀ ਗਈ ਤਾਂ ਉਨਾਂ ਦੱਸਿਆ ਕਿ ਇਹ ਉਨਾਂ ਦੀ ਪਹਿਲੀ ਅਜਿਹੀ ਹਿੰਦੀ ਫਿਲਮ ਹੈ, ਜੋ ਮਰਾਠੀ, ਤੇਲਗੂ, ਕੰਨੜ੍ਹ ਭਾਸ਼ਾਵਾਂ ਵਿੱਚ ਵੀ ਇੱਕੋ ਸਮੇਂ ਰਿਲੀਜ਼ ਹੋਣ ਜਾ ਰਹੀ ਹੈ।

ਉਨ੍ਹਾਂ ਦੱਸਿਆ ਕਿ ਭਾਰਤ ਖਾਸ ਕਰ ਮੁੰਬਈ ਵਰਗੇ ਵੱਡੇ ਮਹਾਨਗਰਾਂ ਵਿੱਚ ਦੁਬਾਰਾ ਪੈਰ ਪਸਾਰਦੇ ਜਾ ਰਹੇ ਗੈਂਗਸਟਰ ਸਿਸਟਮ ਦੇ ਅੰਦਰੂਨੀ ਪੱਖਾਂ ਨੂੰ ਉਜਾਗਰ ਕਰਦੀ ਇਸ ਫਿਲਮ ਦੀ ਸਟਾਰਕਾਸਟ ਵਿੱਚ ਉਨਾਂ ਤੋਂ ਇਲਾਵਾ ਦੀਪਸ਼ਿਖ਼ਾ ਨਾਗਪਾਲ, ਵੰਦਨਾ ਲਾਲਵਾਨੀ, ਦਾਨਿਸ਼ ਭੱਟ, ਆਸੀਸ਼ ਵੜਿੰਗ, ਪਾਰਕ ਦੋਤਰੇ, ਪਨੇਸ਼ ਪਾਈ, ਅਕਸ਼ਿਤਾ ਅਗਨੀਹੋਤਰੀ ਵਰਗੇ ਨਾਮਵਰ ਹਿੰਦੀ ਐਕਟਰ ਵੀ ਸ਼ਾਮਿਲ ਹਨ।

ਗੈਵੀ ਚਾਹਲ
ਗੈਵੀ ਚਾਹਲ

ਉਨ੍ਹਾਂ ਅੱਗੇ ਦੱਸਿਆ ਕਿ ਐਕਸ਼ਨ ਅਤੇ ਥ੍ਰਿਲਰ ਭਰਪੂਰ ਇਸ ਫਿਲਮ ਵਿਚਲਾ ਕਿਰਦਾਰ ਉਨਾਂ ਵੱਲੋਂ ਹੁਣ ਤੱਕ ਦੀਆਂ ਨਿਭਾਈਆਂ ਭੂਮਿਕਾਵਾਂ ਚਾਹੇ ਉਹ ਹਿੰਦੀ ਸਿਨੇਮਾ ਨਾਲ ਸੰਬੰਧਤ ਹੋਣ ਜਾਂ ਪੰਜਾਬੀ ਤੋਂ ਇਕਦਮ ਵੱਖਰਾ ਹੈ, ਜਿਸ ਵਿੱਚ ਦਰਸ਼ਕ ਅਤੇ ਉਨਾਂ ਦੇ ਚਾਹੁੰਣ ਵਾਲੇ ਉਨਾਂ ਦੀ ਅਦਾਕਾਰੀ ਦੇ ਕਈ ਨਵੇਂ ਸ਼ੇਡਜ਼ ਪਹਿਲੀ ਵਾਰ ਵੇਖਣਗੇ।

ਸਿਨੇਮਾ ਖੇਤਰ ਵਿੱਚ ਆਉਣ ਵਾਲੇ ਦਿਨ੍ਹਾਂ ਵਿੱਚ ਕੁਝ ਵੱਖਰਾ ਕਰ ਗੁਜ਼ਰਨ ਦੀ ਤਾਂਘ ਰੱਖਦੇ ਇਸ ਸ਼ਾਨਦਾਰ ਅਦਾਕਾਰ ਦੇ ਮੌਜੂਦਾ ਵਰਕਫਰੰਟ ਦੀ ਗੱਲ ਕੀਤੀ ਜਾਵੇ ਤਾਂ ਉਹ ਸਲਮਾਨ ਖਾਨ, ਕੈਟਰੀਨ ਕੈਫ ਅਤੇ ਇਮਰਾਨ ਹਾਸ਼ਮੀ ਸਟਾਰਰ ‘ਟਾਈਗਰ 3‘ ਵਿੱਚ ਵੀ ਪ੍ਰਭਾਵੀ ਕਿਰਦਾਰ ਵਿੱਚ ਵਿਖਾਈ ਦੇਣਗੇ, ਜਿਸ ਸੰਬੰਧੀ ਗੱਲ ਕਰਦਿਆਂ ਉਨਾਂ ਕਿਹਾ ਕਿ ਮਨੀਸ਼ ਸ਼ਰਮਾ ਵੱਲੋਂ ਬਹੁਤ ਹੀ ਬਿੱਗ ਕੈਨਵਸ ਅਧੀਨ ਫਿਲਮਾਈ ਗਈ ਇਸ ਫਿਲਮ ਵਿੱਚ ਉਹ ਲੀਡਿੰਗ ਭੂਮਿਕਾ ਅਦਾ ਕਰ ਰਹੇ ਹਨ।

ਗੈਵੀ ਚਾਹਲ
ਗੈਵੀ ਚਾਹਲ

ਉਨ੍ਹਾਂ ਦੱਸਿਆ ਕਿ ਖੁਸ਼ਕਿਸਮਤੀ ਵਾਲੀ ਗੱਲ ਹੈ ਕਿ ‘ਟਾਈਗਰ ਜ਼ਿੰਦਾ ਹੈ’ ਤੋਂ ਬਾਅਦ ਇਕ ਵਾਰ ਫਿਰ ‘ਯਸ਼ਰਾਜ ਪ੍ਰੋਡੋਕਸ਼ਨ ਹਾਊਸ’ ਵੱਲੋਂ ਨਿਰਮਿਤ ਕੀਤੀ ਗਈ ਇਸ ਫਿਲਮ ਦੇ ਤੀਸਰੇ ਸੀਕਵਲ ਦਾ ਅਹਿਮ ਹਿੱਸਾ ਬਣਨ ਦਾ ਮਾਣ ਉਨਾਂ ਦੇ ਹਿੱਸੇ ਆਇਆ ਹੈ। ਫਿਲਮਾਂ ਦੇ ਨਾਲ-ਨਾਲ ਛੋਟੇ ਪਰਦੇ 'ਤੇ ਵੀ ਲਗਾਤਾਰ ਆਪਣੀ ਪ੍ਰਭਾਵਸ਼ਾਲੀ ਮੌਜ਼ੂਦਗੀ ਦਾ ਇਜ਼ਹਾਰ ਕਰਵਾਉਣ ਵਿੱਚ ਸਫ਼ਲ ਰਿਹਾ ਹੈ ਇਹ ਬਹੁਪੱਖੀ ਪ੍ਰਤਿਭਾ ਦਾ ਧਨੀ ਐਕਟਰ, ਜਿਸ ਵੱਲੋਂ ਕੀਤੇ ‘ਕਿਉਂਕਿ ਸਾਸ ਭੀ ਕਭੀ ਬਹੂ ਥੀ’, ‘ਮੋਹੇ ਰੰਗ ਦੇ’, ‘ਮਹਾਰਾਜਾ ਰਣਜੀਤ ਸਿੰਘ’, ‘ਕੁਛ ਰੰਗ ਪਿਆਰ ਕੇ ਐਸੇ ਭੀ’, ‘ਜੈ ਘਨੱਈਆਂ ਲਾਲ ਕੀ’ ਆਦਿ ਜਿਹੇ ਕਈ ਮਕਬੂਲ ਸੀਰੀਅਲਜ਼ ਨੇ ਉਨਾਂ ਦੀ ਪਹਿਚਾਣ ਨੂੰ ਮੁੰਬਈ ਨਗਰੀ ਵਿੱਚ ਹੋਰ ਮਜ਼ਬੂਤੀ ਦੇਣ ਵਿੱਚ ਅਹਿਮ ਭੂਮਿਕਾ ਨਿਭਾਈ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.