ETV Bharat / entertainment

ਵੈੱਬ ਸੀਰੀਜ਼ ‘ਸੁੱਖਾ ਰੇਡਰ’ ਦਾ ਪ੍ਰਭਾਵੀ ਹਿੱਸਾ ਬਣੇ ਅਦਾਕਾਰ ਰਤਨ ਔਲਖ, ਕਬੱਡੀ ਕੋਚ ਦੀ ਭੂਮਿਕਾ ’ਚ ਆਉਣਗੇ ਨਜ਼ਰ

author img

By

Published : Jun 26, 2023, 1:02 PM IST

ਆਉਣ ਵਾਲੀ ਪੰਜਾਬੀ ਵੈੱਬ ਸੀਰੀਜ਼ 'ਸੁੱਖਾ ਰੇਡਰ' ਵਿੱਚ ਅਦਾਕਾਰ ਰਤਨ ਔਲਖ ਵੀ ਪ੍ਰਭਾਵੀ ਕਿਰਦਾਰ ਨਿਭਾਉਂਦੇ ਨਜ਼ਰ ਆਉਣ ਵਾਲੇ ਹਨ।

Ratan Aulakh
Ratan Aulakh

ਚੰਡੀਗੜ੍ਹ: ਹਿੰਦੀ ਅਤੇ ਪੰਜਾਬੀ ਸਿਨੇਮਾ ਇੰਡਸਟਰੀ ’ਚ ਦਿੱਗਜ ਅਦਾਕਾਰ-ਨਿਰਮਾਤਾ ਅਤੇ ਨਿਰਦੇਸ਼ਕ ਵਜੋਂ ਜਾਂਣੇ ਜਾਂਦੇ ਰਤਨ ਔਲਖ ਆਉਣ ਵਾਲੀ ਪੰਜਾਬੀ ਵੈੱਬ ਸੀਰੀਜ਼ ‘ਸੁੱਖਾ ਰੇਡਰ’ ’ਚ ਇਕ ਮਹੱਤਵਪੂਰਨ ਭੂਮਿਕਾ ਨਿਭਾਉਣ ਜਾ ਰਹੇ ਹਨ, ਜੋ ਇਸ ਫਿਲਮ ਵਿਚ ਕਬੱਡੀ ਕੋਚ ਦੀ ਭੂਮਿਕਾ ਵਿਚ ਨਜ਼ਰ ਆਉਣਗੇ।

ਨਿਰਦੇਸ਼ਕ ਅਮਰਦੀਪ ਸਿੰਘ ਗਿੱਲ ਵੱਲੋਂ ਨਿਰਦੇਸ਼ਿਤ ਕੀਤੀ ਜਾ ਰਹੀ ਇਸ ਬਹੁ-ਚਰਚਿਤ ਵੈੱਬ ਸੀਰੀਜ਼ ਦੀ ਸ਼ੂਟਿੰਗ ਇੰਨ੍ਹੀਂ ਦਿਨ੍ਹੀਂ ਚੰਡੀਗੜ੍ਹ ਅਤੇ ਮਾਲਵਾ ਦੇ ਵੱਖ-ਵੱਖ ਹਿੱਸਿਆਂ ਵਿਚ ਸੰਪੂਰਨ ਕੀਤੀ ਜਾ ਰਹੀ ਹੈ, ਜਿਸ ਵਿਚ ਪੰਜਾਬੀ ਫਿਲਮ ਇੰਡਸਟਰੀ ਦੇ ਕਈ ਨਾਮਵਰ ਚਿਹਰੇ ਅਹਿਮ ਕਿਰਦਾਰ ਅਦਾ ਕਰ ਰਹੇ ਹਨ।

‘ਦਾਰਾ ਫਿਲਮ ਸਟੂਡਿਓ ਮੋਹਾਲੀ’ ਵਿਖੇ ਫਿਲਮਾਏ ਜਾ ਰਹੇ ਉਕਤ ਸੀਰੀਜ਼ ਦੇ ਕੁਝ ਅਹਿਮ ਹਿੱਸਿਆਂ ਵਿਚ ਭਾਗ ਲੈ ਰਹੇ ਅਦਾਕਾਰ ਰਤਨ ਔਲਖ ਨੇ ਇਸ ਪ੍ਰੋਜੈਕਟ ਪ੍ਰਤੀ ਆਪਣੇ ਵਿਚਾਰ ਪ੍ਰਗਟ ਕਰਦਿਆਂ ਦੱਸਿਆ ਕਿ ਨਿਰਦੇਸ਼ਕ ਅਮਰਦੀਪ ਗਿੱਲ ਨਾਲ ਪ੍ਰੋਫੋਸ਼ਨਲ ਫਿਲਮੀ ਸਾਂਝ ਚਾਹੇ ਪਹਿਲੀ ਵਾਰ ਬਣੀ ਹੈ, ਪਰ ਉਨ੍ਹਾਂ ਦੇ ਸ਼ੁਰੂਆਤੀ ਅਤੇ ਬੇਹਤਰੀਨ ਗੀਤਕਾਰੀ ਸਫ਼ਰ ਤੋਂ ਲੈ ਕੇ ਪ੍ਰਭਾਵਸ਼ਾਲੀ ਫਿਲਮ ਲੇਖਨ ਅਤੇ ਫਿਰ ਨਿਰਦੇਸ਼ਨ ਤੋਂ ਭਲੀਭਾਂਤ ਵਾਕਿਫ਼ ਰਹੇ ਹਨ, ਜਿਸ ਦੌਰਾਨ ਉਨ੍ਹਾਂ ਇਹ ਵੀ ਮਹਿਸੂਸ ਕੀਤਾ ਹੈ ਕਿ ਇਸ ਹੋਣਹਾਰ ਫਿਲਮੀ ਸ਼ਖ਼ਸ਼ੀਅਤ ਦੀ ਆਪਣੇ ਕਾਰਜ ਪ੍ਰਤੀ ਲਗਨ ਬਹੁਤ ਹੀ ਸਲਾਹੁਣਯੋਗ ਰਹੀ ਹੈ।

ਵੈੱਬ ਸੀਰੀਜ਼ ‘ਸੁੱਖਾ ਰੇਡਰ’ ਦਾ ਪੋਸਟਰ
ਵੈੱਬ ਸੀਰੀਜ਼ ‘ਸੁੱਖਾ ਰੇਡਰ’ ਦਾ ਪੋਸਟਰ

ਉਨ੍ਹਾਂ ਦੱਸਿਆ ਕਿ ‘ਜ਼ੋਰਾ ਦਸ ਨੰਬਰੀਆਂ’, ‘ਜ਼ੋਰਾ 2’ ਤੋਂ ਲੈ ਕੇ ‘ਮਰਜਾਣੇ’ ਤੋਂ ਬਾਅਦ ਹੁਣ ‘ਸੁੱਖਾ ਰੇਡਰ’ ਵੀ ਇਸ ਬਾਕਮਾਲ ਲੇਖਕ, ਨਿਰਦੇਸ਼ਕ ਦੀ ਅਨੂਠੀ ਸਿਨੇਮਾ ਕਾਬਲੀਅਤ ਦਾ ਬਾਖੂਬੀ ਇਜ਼ਹਾਰ ਕਰਵਾਏਗੀ, ਜਿਸ ਵਿਚ ਉਨ੍ਹਾਂ ਦੀ ਮੌਜੂਦਗੀ ਵੀ ਖੁਦ ਉਨਾਂ ਲਈ ਇਕ ਫ਼ਖਰ ਵਾਲੀ ਗੱਲ ਹੈ।

ਉਨ੍ਹਾਂ ਦੱਸਿਆ ਕਿ ਪੁਰਾਤਨ ਸਮੇਂ ਤੋਂ ਪੰਜਾਬ ਅਤੇ ਪੰਜਾਬੀਅਤ ਵੰਨਗੀਆਂ ਦਾ ਇਕ ਅਹਿਮ ਹਿੱਸਾ ਰਹੀ ਕਬੱਡੀ ਖੇਡ ਨੂੰ ਹੁਣ ਤੱਕ ਕਾਫ਼ੀ ਉਤਰਾਅ ਚੜ੍ਹਾਅ ਭਰੇ ਪੜ੍ਹਾਵਾਂ ਵਿਚ ਗੁਜ਼ਰਨਾ ਪਿਆ ਹੈ, ਜਿਸ ਵਿਚ ਅਜੌਕੇ ਸਮੇਂ ਘਰ ਕਰ ਰਹੀਆਂ ਕਈ ਤਰ੍ਹਾਂ ਦੀਆਂ ਚਾਲਬਾਜ਼ੀਆਂ ਇਸ ਖੇਡ ਅਤੇ ਇਸ ਨਾਲ ਜੁੜੇ ਪ੍ਰਤਿਭਾਸ਼ਾਲੀ ਖਿਡਾਰੀਆਂ ਨੂੰ ਕਈ ਤਰ੍ਹਾਂ ਦੇ ਨਾਂਹ ਪੱਖੀ ਪ੍ਰਭਾਵਾਂ ਨਾਲ ਜਕੜ੍ਹ ਰਹੀਆਂ ਹਨ।

ਉਨ੍ਹਾਂ ਦੱਸਿਆ ਕਿ ਅੰਤਰਰਾਸ਼ਟਰੀ ਪੱਧਰ 'ਤੇ ਆਪਣਾ ਵਜ਼ੂਦ ਸਥਾਪਿਤ ਕਰ ਚੁੱਕੀ ਇਸ ਖੇਡ ਵਿਚ ਪੈਦਾ ਹੋਈਆਂ ਅੰਦਰੂਨੀ ਗੁੰਝਲਾਂ ਅਤੇ ਰਚੇ ਜਾਂਦੇ ਚੱਕਰਵਿਊਜ਼ ਨੂੰ ਪਰਦਾਪੇਸ਼ ਕਰਦੀ ਇਸ ਵੈੱਬ ਸੀਰੀਜ਼ ਵਿਚ ਉਨ੍ਹਾਂ ਦਾ ਕਿਰਦਾਰ ਅਜਿਹੇ ਕਬੱਡੀ ਕੋਚ ਦਾ ਹੈ, ਜੋ ਫਿਲਮ ਦੀ ਕਹਾਣੀ ਨੂੰ ਪ੍ਰਭਾਵੀ ਰੂਪ ਅਤੇ ਮੋੜ ਦੇਣ ਵਿਚ ਅਹਿਮ ਭੂਮਿਕਾ ਨਿਭਾਉਂਦਾ ਹੈ।

ਰਤਨ ਔਲਖ
ਰਤਨ ਔਲਖ

ਉਨ੍ਹਾਂ ਦੱਸਿਆ ਕਿ ਰੁਸਤਮ-ਏ-ਹਿੰਦ ਸਵ. ਦਾਰਾ ਸਿੰਘ ਦੇ ਪਰਿਵਾਰ ਨਾਲ ਸਬੰਧਤ ਹੋਣ ਕਾਰਨ ਉਨ੍ਹਾਂ ਦਾ ਜੁੜਾਵ ਖੇਡ ਖੇਤਰ ਖਾਸ ਕਰ ਕਬੱਡੀ, ਪਹਿਲਵਾਨੀ ਵੱਲ ਸ਼ੁਰੂਆਤੀ ਸਮੇਂ ਤੋਂ ਹੀ ਰਿਹਾ ਹੈ, ਜਿਸ ਲਈ ਸਵ. ਦਾਰਾ ਸਿੰਘ ਦੀ ਸੋਹਬਤ ਅਤੇ ਉਨ੍ਹਾਂ ਦਾ ਮਾਰਗਦਰਸ਼ਨ ਵੀ ਉਨਾਂ ਲਈ ਸੋਨੇ 'ਤੇ ਸੁਹਾਗੇ ਵਾਂਗ ਰਿਹਾ ਹੈ।

ਉਨ੍ਹਾਂ ਦੱਸਿਆ ਕਿ ਇਸ ਫਿਲਮ ਵਿਚਲੀ ਚੈਲੇਜਿੰਗ ਭੂਮਿਕਾ ਤੋਂ ਇਲਾਵਾ ਪੰਜਾਬੀ ਸਿਨੇਮਾ ਲਈ ਰਿਲੀਜ਼ ਹੋਣ ਵਾਲੀ ‘ਨਾਨਕ ਨਾਮ ਜਹਾਜ਼ ਹੈ ’ ਤੋਂ ਇਲਾਵਾ ਬਾਲੀਵੁੱਡ ਅਦਾਕਾਰਾ ਅਮੀਸ਼ਾ ਪਟੇਲ ਵੱਲੋਂ ਆਪਣੇ ਘਰੇਲੂ ਬੈਨਰਜ਼ ਅਧੀਨ ਬਣਾਈ ਜਾ ਰਹੀ ਹਿੰਦੀ ਫਿਲਮ ‘ਦੇਸੀ ਮੈਜਿਕ’ ਤੋਂ ਇਲਾਵਾ ਕਈ ਹੋਰ ਵੱਡੀਆਂ ਹਿੰਦੀ, ਪੰਜਾਬੀ ਫਿਲਮਾਂ ਵਿਚ ਬਤੌਰ ਅਦਾਕਾਰ ਨਜ਼ਰ ਆਉਣਗੇ।

ETV Bharat Logo

Copyright © 2024 Ushodaya Enterprises Pvt. Ltd., All Rights Reserved.