ETV Bharat / city

ਡੇਰਾ ਮੁਖੀ ਦੀ 21 ਦਿਨ ਦੀ ਫ਼ਰਲੋ 'ਤੇ ਪੰਜਾਬ ਦੀ ਭਖੀ ਸਿਆਸਤ

author img

By

Published : Feb 9, 2022, 8:18 PM IST

ਪੰਜਾਬ ਵਿਧਾਨ ਸਭਾ ਚੋਣਾਂ ਦੌਰਾਨ ਡੇਰਾ ਮੁਖੀ ਨੂੰ 21 ਦਿਨ ਲਈ ਰਿਹਾ ਕਰਨ ਨੂੰ ਭਾਜਪਾ ਦੀ ਚੋਣ ਰਣਨੀਤੀ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ ਜਿਸ ਤੋਂ ਬਾਅਦ ਵੱਖ-ਵੱਖ

ਡੇਰਾ ਮੁਖੀ ਦੀ 21 ਦਿਨ ਦੀ ਫ਼ਰਲੋ 'ਤੇ ਪੰਜਾਬ ਦੀ ਭਖੀ ਸਿਆਸਤ
ਡੇਰਾ ਮੁਖੀ ਦੀ 21 ਦਿਨ ਦੀ ਫ਼ਰਲੋ 'ਤੇ ਪੰਜਾਬ ਦੀ ਭਖੀ ਸਿਆਸਤ

ਚੰਡੀਗੜ੍ਹ: ਪੰਜਾਬ ਦੀਆਂ ਚੋਣਾਂ ਵਿੱਚ ਡੇਰੇ ਮਹੱਤਵਪੂਰਨ ਭੂਮਿਕਾ ਅਦਾ ਕਰਦੇ ਹਨ, ਪੰਜਾਬ ਦੇ 5 ਪ੍ਰਮੁੱਖ ਡੇਰਿਆਂ ਵਿੱਚ ਇੱਕ ਨਾਂ ਡੇਰਾ ਸਿਰਸਾ ਦਾ ਵੀ ਹੈ। ਇਸੇ ਤਰ੍ਹਾਂ ਹੀ ਡੇਰਾ ਸਿਰਸਾ ਦੇ ਮੁਖੀ ਦੀ 21 ਦਿਨ ਲਈ ਰਿਹਾਈ ਨੇ ਪੰਜਾਬ ਵਿੱਚ ਚਰਚਾ ਛੇੜ ਦਿੱਤੀ ਹੈ।

ਦਿਲਚਸਪ ਗੱਲ ਇਹ ਵੀ ਹੈ ਕਿ ਇੰਨ੍ਹਾ ਦਿਨਾਂ ਵਿਚ ਹੀ ਡੇਰੇ ਦੇ ਸਿਆਸੀ ਵਿੰਗ ਨੇ ਕਿਸੇ ਪਾਰਟੀ ਨੂੰ ਸਮਰਥਨ ਦੇਣ ਦਾ ਫੈਸਲਾ ਕਰਨਾ ਹੈ। ਡੇਰਾ ਮੁਖੀ ਹਰਿਆਣਾ ਦੀ ਰੋਹਤਕ ਜਿਲ੍ਹੇ ਸਥਿਤ ਸੁਨਾਰੀਆ ਜੇਲ੍ਹ ਵਿੱਚ ਜਬਰ ਜਿਨਾਹ ਅਤੇ ਕਤਲ ਦੇ ਮਾਮਲੇ ਵਿੱਚ ਸਜ਼ਾ ਕੱਟ ਰਿਹਾ ਹੈ, ਪੰਜਾਬ ਵਿੱਚ ਡੇਰੇ ਦੇ ਸ਼ਰਧਾਲੂਆਂ ਦੀ ਗਿਣਤੀ ਲੱਖਾਂ ਵਿੱਚ ਹੈ।

ਪੰਜਾਬ ਵਿਧਾਨ ਸਭਾ ਚੋਣਾਂ ਦੌਰਾਨ ਡੇਰਾ ਮੁਖੀ ਨੂੰ 21 ਦਿਨ ਲਈ ਰਿਹਾ ਕਰਨ ਨੂੰ ਭਾਜਪਾ ਦੀ ਚੋਣ ਰਣਨੀਤੀ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ ਇਹ ਗੱਲ ਇਸ ਲਈ ਵੀ ਮਹੱਤਵਪੂਰਣ ਹੈ ਕਿ ਪੰਜਾਬ ਚੋਣਾਂ ਵਿੱਚ ਇਸ ਵਾਰ ਮੁਕਾਬਲਾ 5 ਕੋਨਾ ਹੋ ਰਿਹਾ ਹੈ, ਇਸ ਲਈ ਜਿੱਤ-ਹਾਰ ਵੀ ਘੱਟ ਵੋਟਾਂ ‘ਤੇ ਹੋਵੇਗੀ।

25 ਅਗਸਤ 2017 ਨੂੰ ਡੇਰਾ ਮੁਖੀ ਨੂੰ ਪੰਚਕੁਲਾ ਦੀ ਸੀ.ਬੀ.ਆਈ ਦੀ ਵਿਸ਼ੇਸ਼ ਅਦਾਲਤ ਵਿੱਚ ਜਬਰ ਜਿਨਾਹ ਮਾਮਲੇ ਵਿੱਚ ਸਜ਼ਾ ਸੁਣਾਈ ਗਈ ਸੀ, ਉਸ ਸਮੇਂ ਹੀ ਡੇਰਾ ਮੁਖੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਸੀ ਤੇ ਉਸ ਸਮੇਂ ਤੋਂ ਹੀ ਗੁਰਮੀਤ ਰਾਮ ਰਹੀਮ ਜੇਲ੍ਹ ਵਿੱਚ ਹਨ। ਡੇਰਾ ਮੁਖੀ ਨੂੰ ਮਈ 2021 ਵਿੱਚ 48 ਘੰਟੇ ਲਈ ਪੈਰੋਲ ਮਿਲੀ ਸੀ। ਉਸ ਸਮੇਂ ਡੇਰਾ ਮੁਖੀ ਦੀ ਮਾਂ ਬੀਮਾਰ ਸੀ ਤੇ ਉਹ ਆਪਣੀ ਮਾਂ ਨੂੰ ਦੇਖਣ ਲਈ ਗੁਰੂਗ੍ਰਾਮ ਗਏ ਸਨ, ਪਰ ਫ਼ਰਲੋ ਪਹਿਲੀ ਵਾਰ ਮਿਲੀ ਹੈ।

ਡੇਰਾ ਸਿਰਸਾ ਵੱਲੋ ਸ਼ਕਤੀ ਪ੍ਰਦਰਸ਼ਨ -

ਰਾਮ ਰਹੀਮ ਦੀ 21 ਦਿਨ ਦੀ ਰਿਹਾਈ ਨੂੰ ਲੈ ਕੇ ਉਨ੍ਹਾਂ ਦੇ ਸ਼ਰਧਾਲੂਆਂ ਵਿੱਚ ਖੁਸ਼ੀ ਦੀ ਲਹਿਰ ਹੈ, ਪਰ ਡੇਰੇ ਨੇ ਇਕ ਸੰਦੇਸ਼ ਜਾਰੀ ਕਰਕੇ ਸ਼ਰਧਾਲੂਆਂ ਨੂੰ ਖੁਸ਼ੀ ਮਨਾਉਣ, ਪਟਾਕੇ ਵਜਾਉਣ, ਢੋਲ ਵਜਾਉਣ, ਮਿਠਾਈ ਵੰਡਣ, ਸੋਸ਼ਲ ਮੀਡੀਆ ‘ਤੇ ਕੋਈ ਪੋਸਟ ਪਾਉਣ ਵਿਰੁੱਧ ਪਾਬੰਦ ਕਰ ਦਿੱਤਾ ਹੈ। ਪਰ ਡੇਰੇ ਨੇ ਪੰਜਾਬ ਵਿੱਚ ਚੋਣਾਂ ਦੋਰਾਨ ਹੀ ਆਪਣਾ ਸ਼ਕਤੀ ਪ੍ਰਦਰਸ਼ਨ ਕੀਤਾ ਸੀ, ਜਿਸਨੂੰ ਲੋਕਾਂ ਨੇ ਡੇਰੇ ਦਾ ਰਾਜਨੀਤਕ ਪਾਰਟੀਆਂ ਨੂੰ ਸੁਨੇਹੇ ਦੇ ਤੌਰ ‘ਤੇ ਲਿਆ ਸੀ।

ਇਸ ਡੇਰੇ ਦੇ ਪੰਜਾਬ ਵਿੱਚ ਸਭ ਤੋਂ ਵੱਡੇ ਜਿਲ੍ਹਾ ਬਠਿੰਡਾ ਦੇ ਸਲਾਬਤਪੁਰਾ ਡੇਰੇ ਵਿਖੇ 9 ਜਨਵਰੀ ਨੂੰ ਡੇਰੇ ਦੇ ਦੂਜੇ ਗੁਰੂ ਸ਼ਾਹ ਸਤਿਨਾਮ ਸਿੰਘ ਜੀ ਦਾ ਜਨਮ ਦਿਹਾੜਾ ਮਨਾਇਆ ਗਿਆ ਸੀ। ਡੇਰੇ ਦੇ ਦਾਅਵੇ ਅਨੁਸਾਰ ਉਸ ਦਿਨ 25 ਲੱਖ ਲੋਕ ਇਸ ਡੇਰੇ 'ਚ ਪਹੁੰਚੇ ਸਨ। ਜਿਸ ਦਿਨ ਇਹ ਸਮਾਗਮ ਹੋਇਆ, ਭੀੜ ਕਾਰਨ ਆਸ-ਪਾਸ ਦੀਆਂ ਸਾਰੀਆਂ ਸੜਕਾਂ ਜਾਮ ਹੋ ਗਈਆਂ ਸਨ।

ਇਸ ਸਮਾਗਮ ਵਿੱਚ ਭਾਜਪਾ ਦੇ ਸਾਬਕਾ ਕੈਬਨਿਟ ਮੰਤਰੀ ਸੁਰਜੀਤ ਕੁਮਾਰ ਜਿਆਣੀ, ਭਾਜਪਾ ਦੀ ਸੂਬਾ ਜਨਰਲ ਸਕੱਤਰ ਸੁਨੀਤਾ ਗਰਗ ਅਤੇ ਸੀਨੀਅਰ ਭਾਜਪਾ ਆਗੂ ਹਰਜੀਤ ਸਿੰਘ ਗਰੇਵਾਲ ਪੁੱਜੇ। ਇਸ ਤੋਂ ਇਲਾਵਾ ਬਠਿੰਡਾ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਜਗਰੂਪ ਸਿੰਘ ਗਿੱਲ, ਪੰਜਾਬ ਦੇ ਕੈਬਨਿਟ ਮੰਤਰੀ ਵਿਜੇਇੰਦਰ ਸਿੰਘ, ਸਾਬਕਾ ਕਾਂਗਰਸੀ ਵਿਧਾਇਕ ਹਰਮਿੰਦਰ ਸਿੰਘ ਜੱਸੀ ਪਹੁੰਚੇ ਸਨ।

ਰਾਜਨੀਤੀ

ਡੇਰੇ ਦਾ ਹੀ ਇਕ ਸਿਆਸੀ ਵਿੰਗ ਹੈ , ਜੋ ਡੇਰੇ ਦੇ ਸ਼ਰਧਾਲੂਆਂ ਦੀਆਂ ਭਾਵਨਾਵਾਂ ਅਨੁਸਾਰ ਕਿਸੇ ਪਾਰਟੀ ਦੇ ਹੱਕ ਵਿੱਚ ਵੋਟ ਪਾਉਣ ਦਾ ਸੰਦੇਸ਼ ਜਾਰੀ ਕਰਦਾ ਹੈ। ਵੈਸੇ ਸ਼ਰਧਾਲੂਆਂ ਦਾ ਸਾਫ਼ ਤੌਰ ‘ਤੇ ਕਹਿਣਾ ਸੀ ਕਿ ਜਿੱਥੇ ਡੇਰਾ ਇਸ਼ਾਰਾ ਕਰੇਗਾ, ਵੋਟ ਵੀ ਉਸੇ ਪਾਰਟੀ ਜਾਂ ਉਮੀਦਵਾਰ ਨੂੰ ਜਾਵੇਗੀ।

ਡੇਰਾ ਸ਼ਰਧਾਲੂਆਂ ਦਾ ਪ੍ਰਭਾਵ ਸਭਤੋ ਜਿਆਦਾ ਪੰਜਾਬ ਦੇ ਮਾਲਵਾ ਖੇਤਰ ਵਿਚ ਹੈ , ਜਿਥੇ ਪੰਜਾਬ ਦੀਆਂ 117 ਸੀਟਾਂ ‘ਚੋਂ 69 ਸੀਟਾਂ ਹਨ। ਪੰਜਾਬ ਦੇ ਜਿਲ੍ਹਾ ਬਠਿੰਡਾ, ਮਾਨਸਾ, ਫਰੀਦਕੋਟ, ਫਾਜ਼ਿਲਕਾ, ਮੋਗਾ, ਫਿਰੋਜਪੁਰ, ਬਰਨਾਲਾ, ਸੰਗਰੂਰ ਵਿੱਚ ਡੇਰਾ ਸ਼ਰਧਾਲੂਆਂ ਦੀ ਗਿਣਤੀ ਫੈਸਲਾਕੁੰਨ ਹੈ। ਅਤੀਤ ਦੀਆਂ ਚੋਣਾਂ ‘ਤੇ ਨਜ਼ਰ ਮਾਰੀ ਜਾਵੇਂ ਤਾਂ ਸਾਲ 2002, 2007, 2012 ਤੇ 2017 ਵਿੱਚ ਡੇਰੇ ਦੀਆਂ ਵੋਟਾਂ ਨੇ ਫੈਸਲਾਕੁੰਨ ਭੂਮਿਕਾ ਅਦਾ ਕੀਤੀ ਸੀ।

ਡੇਰੇ ਦੀ ਸਿਆਸੀ ਕਮੇਟੀ ਦੇ ਮੈਂਬਰ ਹਰਚਰਨ ਸਿੰਘ ਅਨੁਸਾਰ 'ਜਿਸ ਪਾਰਟੀ ਅਤੇ ਆਗੂ ਨੇ ਡੇਰੇ ਦੇ ਮਾੜੇ ਸਮੇਂ 'ਚ ਡੇਰੇ ਦਾ ਸਾਥ ਨਹੀਂ ਦਿੱਤਾ, ਉਨ੍ਹਾਂ ਨੂੰ ਚੋਣਾਂ 'ਚ ਸਬਕ ਸਿਖਾਇਆ ਜਾਵੇਗਾ'। ਪਰ ਡੇਰੇ ਦੇ ਰਾਜਨੀਤਕ ਵਿੰਗ ਦੇ ਚੇਅਰਮੈਨ ਰਾਮ ਸਿੰਘ ਦਾ ਕਹਿਣਾ ਸੀ ਕਿ ਡੇਰਾ ਮੁਖੀ ਦੀ ਰਿਹਾਈ ਦਾ ਵੋਟਾਂ ਦੇ ਫੈਸਲੇ ਨਾਲ ਕੋਈ ਸਬੰਧ ਨਹੀ ਹੈ। ਰਾਮ ਸਿੰਘ ਅਨੁਸਾਰ ਮਤਦਾਨ ਤੋਂ ਇਕ ਹਫ਼ਤਾ ਪਹਿਲਾਂ ਹੀ ਕੋਈ ਫੈਸਲਾ ਸ਼ਰਧਾਲੂਆਂ ਦੀ ਰਾਏ ਮੁਤਾਬਿਕ ਲਿਆ ਜਾਵੇਗਾ।

ਰਿਹਾਈ ਵਿਰੁੱਧ ਪ੍ਰਤੀਕਰਮ:

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਹਰਿਆਣਾ ਸਰਕਾਰ ਵੱਲੋਂ 21 ਦਿਨ ਦੀ ਫਰਲੋ ਦੇਣ ’ਤੇ ਸਖ਼ਤ ਇਤਰਾਜ਼ ਪ੍ਰਗਟ ਕੀਤਾ ਹੈ। ਉਨ੍ਹਾਂ ਆਖਿਆ ਕਿ ਇਹ ਫੈਸਲਾ ਪੰਜਾਬ ਦੀ ਭਾਈਚਾਰਕ ਸਾਂਝ ਨੂੰ ਨੁਕਸਾਨ ਪਹੁੰਚਾਉਣ ਵਾਲਾ ਹੈ, ਜਿਸ ’ਤੇ ਤੁਰੰਤ ਰੋਕ ਲੱਗਣੀ ਚਾਹੀਦੀ ਹੈ।

ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦਾ ਬਿਆਨ

ਐਡਵੋਕੇਟ ਧਾਮੀ ਨੇ ਕਿਹਾ ਕਿ ਚੋਣਾਂ ਮੌਕੇ ਭਾਜਪਾ ਰਾਜਸੀ ਲਾਹਾ ਲੈਣ ਦੇ ਮੰਤਵ ਨਾਲ ਦੇਸ਼ ਅਤੇ ਖ਼ਾਸਕਰ ਪੰਜਾਬ ਦੇ ਮਾਹੌਲ ਨੂੰ ਖਰਾਬ ਕਰਨ ਤੋਂ ਵੀ ਗੁਰੇਜ ਨਹੀਂ ਕਰ ਰਹੀ। ਉਨ੍ਹਾਂ ਕਿਹਾ ਕਿ ਇਕ ਪਾਸੇ ਡੇਰਾ ਮੁਖੀ ਪਾਸੋਂ ਬੇਅਦਬੀ ਮਾਮਲੇ ਵਿੱਚ ਪੁੱਛਗਿੱਛ ਦਾ ਸਿਲਸਿਲਾ ਜਾਰੀ ਹੈ ਤੇ ਦੂਜੇ ਪਾਸੇ ਉਸ ਨੂੰ ਜ਼ੇਲ੍ਹ ਵਿੱਚੋਂ ਬਾਹਰ ਕੱਢ ਕੇ ਰਾਹਤ ਦੇਣ ਦਾ ਰਾਹ ਖੋਲ੍ਹਣਾ ਕਿਸੇ ਤਰ੍ਹਾਂ ਪ੍ਰਵਾਨ ਨਹੀਂ ਹੈ। ਉਨ੍ਹਾਂ ਕਿਹਾ ਕਿ ਸਿੱਖ ਭਾਵਨਾਵਾਂ ਇਸ ਨੂੰ ਕਦੇ ਵੀ ਬਰਦਾਸ਼ਤ ਨਹੀਂ ਕਰਨਗੀਆਂ ਤੇ ਇਸ ਦਾ ਸਖ਼ਤ ਵਿਰੋਧ ਕੀਤਾ ਜਾਵੇਗਾ।

ਮਨੋਹਰ ਲਾਲ ਖੱਟਰ ਦਾ ਬਿਆਨ

ਅੱਜ ਚੰਡੀਗੜ੍ਹ ਪੰਜਾਬ ਭਾਜਪਾ ਦੇ ਇਕ ਪ੍ਰੋਗ੍ਰਾਮ ਵਿਚ ਪੁੱਜੇ ਹਰਿਆਣਾ ਦੇ ਮੁਖ ਮੰਤਰੀ ਮਨੋਹਰ ਲਾਲ ਖੱਟਰ ਨੇ ਰਾਮ ਰਹੀਮ ਨੂੰ ਮਿਲੀ ਫਰਲੋ 'ਤੇ ਕਿਹਾ ਕਿ ਇਸ ਦਾ ਚੋਣ ਨਾਲ ਸੰਬੰਧ ਨਹੀਂ ਹੈ, ਸਿਰਫ਼ ਸੰਜੋਗ ਹੋ ਸਕਦਾ ਹੈ ਅਤੇ 3 ਸਾਲ ਸਜ਼ਾ ਬਾਅਦ ਕੋਈ ਵੀ ਅਪੀਲ ਕਰ ਸਕਦਾ ਹੈ ਜਿਸ ਨੂੰ ਸਿਸਟਮ ਦੇਖਦਾ ਹੈ ਅਤੇ ਇਹ ਉਸ ਦਾ ਅਧਿਕਾਰ ਹੈ ਜੋ ਕਾਨੂੰਨ ਮੁਤਾਬਿਕ ਹੈ।

ਪ੍ਰੋਫੈਸਰ ਭੁਪਿੰਦਰ ਸਿੰਘ ਦੀ ਬਿਆਨ

ਸਿਆਸੀ ਮਾਮਲਿਆ ‘ਤੇ ਨਜ਼ਰ ਰੱਖਣ ਵਾਲੇ ਪਟਿਆਲਾ ਦੇ ਪ੍ਰੋਫੈਸਰ ਭੁਪਿੰਦਰ ਸਿੰਘ ਦਾ ਕਹਿਣਾ ਸੀ ਕਿ ਡੇਰਾ ਮੁਖੀ ਦੀ ਰਿਹਾਈ ਦਾ ਪੰਜਾਬ ਚੋਣਾਂ ‘ਤੇ ਸਿਧਾ ਅਸਰ ਪਵੇਗਾ. ਇਹ ਭਾਜਪਾ ਸਰਕਾਰ ਦੀ ਬਦੋਲਤ ਹੀ ਹੈ ਕਿ ਅਗਸਤ 2017 ਤੋ ਬਾਅਦ ਡੇਰਾ ਮੁਖੀ ਨੂੰ ਪਹਿਲੀ ਵਾਰ ਡੇਰਾ ਸਿਰਸਾ ਪੁਹਚਨ ਦਾ ਮੋਕਾ ਮਿਲੇਗਾ , ਜਿਸ ਦਾ ਲਾਭ ਭਾਜਪਾ ਨੂੰ ਹੁੰਦਾ ਨਜ਼ਰ ਆ ਰਿਹਾ ਹੈ। ਅਕਾਲੀ ਦਲ , ਕਾਂਗਰਸ ਅਤੇ ਆਮ ਆਦਮੀ ਪਾਰਟੀ ਦੇ ਆਗੂ ਫਿਲਹਾਲ ਇਸ ਬਾਰੇ ਕੋਈ ਟਿੱਪਣੀ ਕਰਨ ਤੋਂ ਬਚਦੇ ਨਜ਼ਰ ਆਏ।

ਇਹ ਵੀ ਪੜੋ:- ਡੇਰਾ ਮੁਖੀ ਦੀ ਪੈਰੋਲ ਨੇ ਪੰਜਾਬ ਦੇ ਸਿਆਸੀ ਸਮੀਕਰਨ ਬਦਲੇ !

ETV Bharat Logo

Copyright © 2024 Ushodaya Enterprises Pvt. Ltd., All Rights Reserved.