ETV Bharat / city

ਕਿਸਾਨੀ ਸੰਕਟ ਬਾਰੇ ਤਾਂ ਹਰਸਿਮਰਤ ਨੂੰ ਬੋਲਣ ਦਾ ਨੈਤਿਕ ਹੱਕ ਵੀ ਨਹੀਂ: ਕੈਪਟਨ

author img

By

Published : Sep 15, 2021, 8:39 PM IST

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਾਬਕਾ ਕੇਂਦਰੀ ਮੰਤਰੀ ਅਕਾਲੀ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਦੇ ਬਿਆਨ ਦਾ ਜਵਾਬ ਦਿੰਦਿਆਂ ਕਿਹਾ ਹੈ ਕਿ ਉਹ ਜਾਣਬੁੱਝ ਕੇ ਝੂਠ ਬੋਲਦੇ ਹਨ। ਸਾਬਕਾ ਕੇਂਦਰੀ ਮੰਤਰੀ ਦੀ ਸਖ਼ਤ ਆਲੋਚਨਾ ਕਰਦਿਆਂ ਉਨ੍ਹਾਂ ਕਿਹਾ ਕਿ ਅਕਾਲੀ-ਭਾਜਪਾ ਦੇ ਗਠਜੋੜ ਨੇ ਹੀ ਕਿਸਾਨਾਂ ਨੂੰ ਦਿੱਲੀ ਜਾਣ ਲਈ ਮਜਬੂਰ ਕੀਤਾ। ਕੈਪਟਨ ਦਾ ਕਹਿਣਾ ਹੈ ਕਿ ਕਿਸਾਨਾਂ ਨੂੰ ਪੰਜਾਬ ਵਿਚ ਪ੍ਰਦਰਸ਼ਨ ਕਰਨ ਬਾਰੇ ਹਰਸਿਮਰਤ ਵੱਲੋਂ ਕੀਤੀ ਟਿੱਪਣੀ ਦੀ ਖਿੱਲੀ ਉਡਾਉਂਦਿਆਂ ਕਿਹਾ ਤੁਸੀਂ ਚਾਹੁੰਦੇ ਹੋ ਕਿ ਕਿਸਾਨ ਲੜਾਈ ਪੱਛਮੀ ਮੋਰਚੇ 'ਤੇ ਲੜਣ ਜਦਕਿ ਦੁਸ਼ਮਣ ਪੂਰਬੀ ਮੋਰਚੇ 'ਤੇ ਖੜ੍ਹਾ ਹੋਵੇ।

ਹਰਸਿਮਰਤ ਨੂੰ ਬੋਲਣ ਦਾ ਨੈਤਿਕ ਹੱਕ ਵੀ ਨਹੀਂ:ਕੈਪਟਨ
ਹਰਸਿਮਰਤ ਨੂੰ ਬੋਲਣ ਦਾ ਨੈਤਿਕ ਹੱਕ ਵੀ ਨਹੀਂ:ਕੈਪਟਨ

ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ (CM Punjab) ਕੈਪਟਨ ਅਮਰਿੰਦਰ ਸਿੰਘ (Captain Amrinder Singh) ਨੇ ਕਿਹਾ ਕਿ ਕਿਸੇ ਵੀ ਅਕਾਲੀ ਨੇਤਾ ਖਾਸ ਕਰਕੇ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ (Harsimrat Kaur Badal) ਨੂੰ ਖੇਤੀ ਕਾਨੂੰਨਾਂ ਨਾਲ ਪੈਦਾ ਹੋਏ ਸੰਕਟ 'ਤੇ ਬੋਲਣ ਦਾ ਨੈਤਿਕ ਹੱਕ ਨਹੀਂ ਹੈ ਕਿਉਂਕਿ ਉਹ ਇਸ ਸੰਕਟ ਨੂੰ ਸੌਖਿਆਂ ਹੀ ਟਾਲ ਸਕਦੇ ਸਨ, ਜਦੋਂ ਉਹ ਕੇਂਦਰ ਸਰਕਾਰ ਵਿਚ ਭਾਈਵਾਲ ਅਤੇ ਇਸ ਦੇ ਹਰੇਕ ਲੋਕ ਵਿਰੋਧੀ ਫੈਸਲੇ ਵਿੱਚ ਧਿਰ ਹੁੰਦੇ ਸਨ।

ਹਰਸਿਮਰਤ ਨੇ ਨਿਰ ਅਧਾਰ ਦੋਸ਼ ਲਗਾਇਆ

ਮੁੱਖ ਮੰਤਰੀ ਨੇ ਪੰਜਾਬ ਵਿੱਚ ਲੰਮੇ ਸਮੇਂ ਤੋਂ ਚੱਲ ਰਹੇ ਕਿਸਾਨ ਸੰਘਰਸ਼ (Farmers Agitation) ਨਾਲ ਸੂਬੇ ਦੇ ਅਰਥਚਾਰੇ 'ਤੇ ਪੈਣ ਵਾਲੇ ਅਸਰ ਬਾਰੇ ਦਿੱਤੇ ਬਿਆਨ ਦੇ ਸੰਦਰਭ ਵਿੱਚ ਹਰਸਿਮਰਤ ਬਾਦਲ ਵੱਲੋਂ ਗੈਰ-ਜ਼ਿੰਮੇਵਰਾਨਾ ਦਾਅਵੇ ਕਰਨ ਅਤੇ ਉਨ੍ਹਾਂ ਖ਼ਿਲਾਫ਼ ਨਿਰ ਅਧਾਰ ਦੋਸ਼ ਲਾਉਣ ਦੀ ਗੱਲ ਕਹਿੰਦਿਆਂ ਉਨ੍ਹਾਂ 'ਤੇ ਤਿੱਖਾ ਪਲਟਵਾਰ ਕਰਦਿਆਂ ਅਕਾਲੀ ਨੇਤਾ ਦੇ ਸਿਆਸੀ ਤੌਰ 'ਤੇ ਪ੍ਰੇਰਿਤ ਵਿਚਾਰਾਂ ਦੀ ਸਖ਼ਤ ਸ਼ਬਦਾਂ 'ਚ ਨਿਖੇਧੀ ਕੀਤੀ। ਉਨ੍ਹਾਂ ਕਿਹਾ ਕਿ ਹਰਸਿਮਰਤ ਬਾਦਲ ਦੀ ਇਹ ਬਿਆਨਬਾਜ਼ੀ ਸੰਕਟ ਨੂੰ ਰੋਕਣ ਵਿਚ ਉਸ ਦੀ ਪਾਰਟੀ ਅਤੇ ਖੁਦ ਦੀ ਨਾਕਾਮੀ 'ਤੇ ਪਰਦਾ ਪਾਉਣ ਤੋਂ ਵੱਧ ਹੋਰ ਕੁਝ ਨਹੀਂ ਹੈ ਜਦਕਿ ਇਹ ਕੰਡੇ ਉਨ੍ਹਾਂ ਨੇ ਆਪ ਹੀ ਬੀਜੇ ਹੋਏ ਹਨ।

ਇਹ ਵੀ ਪੜੋ: ਵਿਵਾਦਤ ਬਿਆਨ ਦੇਣ ਮਗਰੋਂ ਹਰਮਿੰਦਰ ਸਿੰਘ ਕਾਹਲੋਂ ਨੇ ਮੰਗੀ ਮੁਆਫ਼ੀ, ਸੁਣੋ ਕਿਵੇਂ ਬਦਲੇ ਬਿਆਨ...

ਮੈਂ ਕਿਸਾਨਾਂ ਨੂੰ ਦਿੱਲੀ ਜਾਣ ਲਈ ਨਹੀਂ ਕਿਹਾ

ਸਾਬਕਾ ਕੇਂਦਰੀ ਮੰਤਰੀ ਵੱਲੋਂ ਉਨ੍ਹਾਂ ਉਪਰ ਭਾਰਤੀ ਜਨਤਾ ਪਾਰਟੀ (BJP) ਦੀ ਲੀਡਰਸ਼ਿਪ ਅਤੇ ਪ੍ਰਧਾਨ ਮੰਤਰੀ (Prime Minister) ਦੀ ਬੋਲੀ ਬੋਲਣ ਦੇ ਲਾਏ ਦੋਸ਼ਾਂ ਦੀ ਖਿੱਲੀ ਉਡਾਉਂਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਜੇਕਰ ਕੇਂਦਰ ਅਤੇ ਗੁਆਂਢੀ ਸੂਬੇ ਹਰਿਆਣੇ ਵਿੱਚ ਸੱਤਾਧਾਰੀ ਪਾਰਟੀ ਉਤੇ ਛੱਡ ਦਿੱਤਾ ਹੁੰਦਾ ਤਾਂ ਕਿਸਾਨ ਆਪਣੀ ਆਵਾਜ਼ ਸੁਣਾਉਣ ਲਈ ਦਿੱਲੀ ਦੀਆਂ ਸਰਹੱਦਾਂ ਤੱਕ ਵੀ ਨਾ ਪਹੁੰਚਦੇ। ਉਨ੍ਹਾਂ ਕਿਹਾ,''ਮੈਂ ਕਦੇ ਵੀ ਕਿਸਾਨਾਂ ਨੂੰ ਦਿੱਲੀ ਜਾਣ ਲਈ ਨਹੀਂ ਆਖਿਆ। ਤੁਹਾਡੀ ਗੱਠਜੋੜ ਸਰਕਾਰ ਦੀਆਂ ਮਾਰੂ ਕਦਮਾਂ ਦੇ ਸਿੱਟੇ ਵਜੋਂ ਕਿਸਾਨਾਂ ਨੂੰ ਮਜਬੂਰਨ ਆਪਣੇ ਘਰ-ਬਾਰ ਛੱਡ ਕੇ ਕੌਮੀ ਰਾਜਧਾਨੀ ਦੀ ਸਰਹੱਦ 'ਤੇ ਬੈਠਣਾ ਪਿਆ ਜਿੱਥੇ ਉਨ੍ਹਾਂ ਨੂੰ ਕਈ ਅਨਸਰਾਂ ਦਾ ਸਾਹਮਣਾ ਕਰਨ ਤੋਂ ਇਲਾਵਾ ਜਾਨਾਂ ਵੀ ਗੁਆਉਣੀਆਂ ਪਈਆਂ।'' ਕੈਪਟਨ ਅਮਰਿੰਦਰ ਸਿੰਘ ਨੇ ਹਰਸਿਮਰਤ ਬਾਦਲ ਨੂੰ ਕਿਸਾਨਾਂ 'ਤੇ ਖੇਤੀ ਕਾਨੂੰਨ ਥੋਪਣ ਵਿੱਚ ਆਪਣੀ ਮਿਲੀਭੁਗਤ ਬਾਰੇ ਝੂਠ ਬੋਲਣ ਤੋਂ ਗੁਰੇਜ਼ ਕਰਨ ਲਈ ਕਿਹਾ ਜੋ ਕਾਨੂੰਨ ਸਿਰਫ ਪੰਜਾਬ ਲਈ ਨਹੀਂ ਸਗੋਂ ਸਮੁੱਚੇ ਮੁਲਕ ਲਈ ਹਨ।

ਕਿਸਾਨਾਂ ਨੂੰ ਉਲਟੇ ਫਰੰਟ ‘ਤੇ ਲੜਨ ਲਈ ਕਿਹਾ ਜਾ ਰਿਹਾ

ਹਰਸਿਮਰਤ ਬਾਦਲ ਵੱਲੋਂ ਕਿਸਾਨਾਂ ਨੂੰ ਇਹ ਸੁਝਾਅ ਦੇਣ ਕਿ ਉਨ੍ਹਾਂ ਨੂੰ ਪੰਜਾਬ ਵਿੱਚ ਪ੍ਰਦਰਸ਼ਨ ਕਰਨਾ ਚਾਹੀਦਾ ਹੈ ਜਦਕਿ ਉਨ੍ਹਾਂ ਦੀ ਲੜਾਈ ਕੇਂਦਰ ਵਿੱਚ ਭਾਜਪਾ ਦੀ ਅਗਵਾਈ ਵਾਲੀ ਸਰਕਾਰ ਦੇ ਖਿਲਾਫ਼ ਹੈ, ਮੁੱਖ ਮੰਤਰੀ ਨੇ ਕਟਾਕਸ਼ ਕਰਦਿਆਂ ਕਿਹਾ,''ਇਹ ਤਾਂ ਉਹ ਗੱਲ ਹੋਈ ਕਿ ਕਿਸੇ ਨੂੰ ਦੁਸ਼ਮਣ ਖਿਲਾਫ ਲੜਣ ਲਈ ਪੱਛਮੀ ਫਰੰਟ 'ਤੇ ਜਾਣ ਲਈ ਕਿਹਾ ਜਾਵੇ ਜਦਕਿ ਦੁਸ਼ਮਣ ਖੜ੍ਹਾ ਪੂਰਬੀ ਬਾਰਡਰ 'ਤੇ ਹੈ।'' ਉਨ੍ਹਾਂ ਕਿਹਾ ਕਿ ਇਸ ਤੋਂ ਭਲੀਭਾਂਤ ਪਤਾ ਲੱਗ ਜਾਂਦਾ ਹੈ ਕਿ ਅਕਾਲੀ ਵਿਧਾਨ ਸਭਾ ਚੋਣਾਂ ਨੂੰ ਦੇਖਦਿਆਂ ਕਿਸਾਨਾਂ ਦਾ ਧਿਆਨ ਕੇਂਦਰ ਤੋਂ ਸੂਬੇ ਵੱਲ ਮੋੜਨਾ ਚਾਹੁੰਦੇ ਹਨ ਅਤੇ ਇਸ ਨਾਲ ਉਹ ਸੂਬੇ ਤੇ ਕਿਸਾਨਾਂ ਨੂੰ ਹੋਣ ਵਾਲੇ ਨੁਕਸਾਨ ਤੋਂ ਵੀ ਅਣਜਾਣ ਹਨ।

ਹਰਸਿਮਰਤ ਬਾਦਲ ਦੀਆਂ ਟਿੱਪਣੀਆਂ ਹੈਰਾਨ ਕਰਨ ਵਾਲੀਆਂ

ਹਰਸਿਮਰਤ ਬਾਦਲ ਵੱਲੋਂ ਉਨ੍ਹਾਂ (ਕੈਪਟਨ ਅਮਰਿੰਦਰ ਸਿੰਘ) ਦੀਆਂ ਟਿੱਪਣੀਆਂ ਨਾਲ ‘ਹੈਰਾਨ ਤੇ ਦੁੱਖ’ ਹੋਣ ਦੇ ਕੀਤੇ ਦਾਅਵੇ 'ਤੇ ਚੁਟਕੀ ਲੈਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਅਜਿਹਾ ਪ੍ਰਤੀਤ ਹੁੰਦਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੀ ਲੀਡਰ ਜਾਂ ਤਾਂ ਜਾਣਬੁੱਝ ਕੇ ਝੂਠ ਬੋਲ ਰਹੀ ਹੈ ਤੇ ਜਾਂ ਸੂਬੇ ਅਤੇ ਇਸ ਦੇ ਲੋਕਾਂ ਦੀ ਦੁਰਦਸ਼ਾ ਪ੍ਰਤੀ ਪੂਰੀ ਤਰ੍ਹਾਂ ਮੂਕ ਤੇ ਬੇਪਰਵਾਹ ਹੈ। ਉਨ੍ਹਾਂ ਵਿਅੰਗ ਕਰਦਿਆਂ ਕਿਹਾ,''ਇਹ ਕਿੰਨੀ ਹਾਸੋਹੀਣੀ ਗੱਲ ਹੈ ਕਿ ਇਹ ਕੁਝ ਉਸ ਪਾਰਟੀ ਦੀ ਲੀਡਰ ਕਹਿ ਰਹੀ ਹੈ ਜਿਸ ਪਾਰਟੀ ਦਾ ਪੰਜਾਬ ਵਿੱਚ 10 ਸਾਲ ਦਾ ਦੁਰਪ੍ਰਬੰਧਾਂ ਵਾਲਾ ਸ਼ਾਸਨ ਰਿਹਾ ਅਤੇ ਸੂਬੇ ਨੂੰ ਤਬਾਹੀ ਦੇ ਕੰਢੇ 'ਤੇ ਲਿਆ ਖੜ੍ਹਾ ਕੀਤਾ। ਉਨ੍ਹਾਂ ਨੇ ਹਰਸਿਮਰਤ ਨੂੰ ਕਿਹਾ ਕਿ ਤੁਹਾਨੂੰ 10 ਸਾਲਾਂ ਦੇ ਸਮੇਂ ਦੌਰਾਨ ਦੁੱਖ ਤੇ ਪੀੜਾ ਦਾ ਅਹਿਸਾਸ ਨਹੀਂ ਹੋਇਆ ਜਦੋਂ ਅਕਾਲੀ-ਭਾਜਪਾ ਸਰਕਾਰ ਨੇ ਆਪਣੇ ਭ੍ਰਿਸ਼ਟ ਕਾਰਿਆਂ ਨਾਲ ਲੋਕਾਂ ਨੂੰ ਇਕ ਤੋਂ ਬਾਅਦ ਇਕ ਜ਼ਖ਼ਮ ਦਿੱਤਾ। ਉਨ੍ਹਾਂ ਕਿਹਾ ਕਿ ਅਕਾਲੀਆਂ ਨੇ ਕਿਸਾਨਾਂ ਸਮੇਤ ਪੰਜਾਬ ਦੇ ਲੋਕਾਂ ਦੀਆਂ ਮੁਸੀਬਤਾਂ ਨੂੰ ਨਾ ਤਾਂ ਕਦੇ ਸਮਝਿਆ ਅਤੇ ਨਾ ਹੀ ਸਮਝਣਾ ਚਾਹੁੰਦੇ ਹਨ।

ਹਰਸਿਮਰਤ ਬਾਦਲ ਜਿੰਮੇਵਾਰੀਆਂ ਨਿਭਾਉਣ ‘ਚ ਅਸਫਲ ਰਹੇ

ਹਰਸਿਮਰਤ ਬਾਦਲ ਵੱਲੋਂ ਲਾਏ ਦੋਸ਼ਾਂ ਕਿ ਉਹ ਲੋਕਾਂ ਪ੍ਰਤੀ ਆਪਣੀਆਂ ਜ਼ਿੰਮੇਵਾਰੀਆਂ ਵਿੱਚ ਅਸਫਲ ਰਹੇ ਹਨ, ਨੂੰ ਰੱਦ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਲਗਾਤਾਰ ਚੱਲ ਰਹੇ ਪ੍ਰਦਰਸ਼ਨਾਂ ਕਰਕੇ ਬਹੁਤ ਜਣੇ ਪਹਿਲਾਂ ਹੀ ਆਪਣੀਆਂ ਨੌਕਰੀਆਂ ਗੁਆ ਚੁੱਕੇ ਹਨ ਅਤੇ ਕਈਆਂ ਦੀ ਨੌਕਰੀ ਖੁੱਸਣ ਦੀ ਸੰਭਾਵਨਾ ਹੈ। ਇੱਥੋਂ ਤੱਕ ਕਿ ਪੀਐਚਡੀ ਚੈਂਬਰ ਆਫ਼ ਕਾਮਰਸ ਐਂਡ ਇੰਡਸਟਰੀ ਅਤੇ ਫਿਕੀ ਵੱਲੋਂ ਚਿਤਾਵਨੀ ਦਿੱਤੀ ਗਈ ਹੈ ਕਿ ਨਿਰੰਤਰ ਪ੍ਰਦਰਸ਼ਨਾਂ ਦਾ ਪੰਜਾਬ ਦੇ ਉਦਯੋਗਾਂ ਅਤੇ ਵਣਜ 'ਤੇ ਲੰਬੇ ਸਮੇਂ ਲਈ ਮਾੜੇ ਪ੍ਰਭਾਵ ਪੈਣਗੇ। ਉਨ੍ਹਾਂ ਹਰਸਿਮਰਤ ਬਾਦਲ ਨੂੰ ਪੁੱਛਿਆ, ''ਕੀ ਤੁਸੀਂ ਇਹ ਕਹਿ ਰਹੇ ਹੋ, ਬਤੌਰ ਮੁੱਖ ਮੰਤਰੀ ਮੇਰੀ ਇਨ੍ਹਾਂ ਲੋਕਾਂ ਪ੍ਰਤੀ ਕੋਈ ਜ਼ਿੰਮੇਵਾਰੀ ਨਹੀਂ ਹੈ।''

ਪੀਐਮ ਨਾਲ ਆਪਣੀ ਸਾਂਝ ਦੱਸੇ ਹਰਸਿਮਰਤ

ਕਿਸਾਨਾਂ ਦੀ ਲੜਾਈ ਨੂੰ ਕੇਂਦਰ ਤੱਕ ਨਾ ਲਿਜਾਣ ਦੇ ਸਬੰਧ ਵਿੱਚ ਮੁੱਖ ਮੰਤਰੀ ਨੇ ਹਰਸਿਮਰਤ ਬਾਦਲ ਨੂੰ ਸਲਾਹ ਦਿੱਤੀ ਕਿ ਉਹ ਆਪਣੀ ਮੀਡੀਆ ਟੀਮ ਨੂੰ ਆਖਣ ਕਿ ਇਸ ਮੁੱਦੇ 'ਤੇ ਉਨ੍ਹਾਂ ਦੀਆਂ ਪਿਛਲੇ ਇਕ ਸਾਲ ਤੋਂ ਵੱਧ ਸਮੇਂ ਦੌਰਾਨ ਪ੍ਰਧਾਨ ਮੰਤਰੀ, ਕੇਂਦਰੀ ਗ੍ਰਹਿ ਮੰਤਰੀ ਅਤੇ ਹੋਰਨਾਂ ਕੇਂਦਰੀ ਮੰਤਰੀਆਂ ਨਾਲ ਕੀਤੀਆਂ ਨਿੱਜੀ ਮਿਲਣੀਆਂ, ਮੀਟਿੰਗਾਂ, ਲਿਖੇ ਪੱਤਰਾਂ ਅਤੇ ਫੋਨ ਕਾਲਾਂ ਦੀਆਂ ਮੀਡੀਆਂ ਰਿਪੋਰਟਾਂ ਦੀ ਖੋਜ ਕਰਨ।

ਕਿਸਾਨਾਂ ਨੇ ਮੀਟਿੰਗ ਦਾ ਕੀਤਾ ਸਤਿਕਾਰ

ਉਨ੍ਹਾਂ ਕਿਹਾ, ''ਜਦੋਂ ਕਿ ਤੁਸੀਂ ਇੱਥੇ ਹੀ ਹੋ, ਤੁਸੀਂ ਇਹ ਕਿਉਂ ਨਹੀਂ ਪਤਾ ਲਾਉਂਦੇ ਕਿ ਮੇਰੀ ਸਰਕਾਰ ਦੇ ਕਿੰਨੇ ਨੁਮਾਇੰਦੇ ਕਈ ਮੌਕਿਆਂ ਉਤੇ ਕਿਸਾਨਾਂ ਨੂੰ ਨਿੱਜੀ ਤੌਰ 'ਤੇ ਮਿਲਣ ਲਈ ਪਹੁੰਚੇ ਹਨ।'' ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੇ ਖੁਦ ਇਸ ਮੁੱਦੇ ਉਤੇ ਕਈ ਮੀਟਿੰਗਾਂ ਕੀਤੀਆਂ ਹਨ ਪਰ ਕਿਸਾਨਾਂ ਦੀ ਉਸ ਇੱਛਾ ਦਾ ਸਤਿਕਾਰ ਕੀਤਾ ਕਿ ਕੋਈ ਵੀ ਰਾਜਸੀ ਪਾਰਟੀ ਜਾਂ ਲੀਡਰ ਇਸ ਮਾਮਲੇ ਵਿੱਚ ਦਖਲ ਨਾ ਦੇਵੇ। ਉਨ੍ਹਾਂ ਟਿੱਪਣੀ ਕਰਦਿਆਂ ਕਿਹਾ, ''ਪਰ ਤੁਸੀਂ ਅਤੇ ਤੁਹਾਡੀ ਪਾਰਟੀ ਉਨ੍ਹਾਂ ਦੀਆਂ ਭਾਵਨਾਵਾਂ ਅਤੇ ਇੱਛਾਵਾਂ ਨੂੰ ਨਹੀਂ ਸਮਝੋਗੇ, ਜ਼ਾਹਰ ਹੈ ਕਿ ਅਜਿਹੀਆਂ ਗੱਲਾਂ ਤੁਹਾਡੀ ਸੁਆਰਥੀ ਸਮਝ ਤੋਂ ਬਾਹਰ ਹਨ।''

ETV Bharat Logo

Copyright © 2024 Ushodaya Enterprises Pvt. Ltd., All Rights Reserved.