ETV Bharat / city

ਪੰਜਾਬ ਦੇ 9 ਹਲਕਿਆਂ ਦੀ ਬਦਲੀ ਸਿਆਸੀ ਤਸਵੀਰ: 3 ਸੀਟਾਂ 'ਤੇ ਮੁੱਛ ਦਾ ਸਵਾਲ ਤਾਂ 6 ਸੀਟਾਂ ’ਚ ਸਿਆਸੀ ਵੱਕਾਰ ਦਾਅ ’ਤੇ

author img

By

Published : Feb 5, 2022, 8:17 PM IST

ਪੰਜਾਬ ਦੇ 117 ਵਿਧਾਨਸਭਾ ਹਲਕਿਆਂ ਵਿੱਚੋਂ 9 ਹਲਕਿਆਂ ਦੀ ਸਿਆਸੀ ਤਸਵੀਰ ਬਦਲੀ ( Political Scene Changed In 9 Assembly) ਵਿਖਾਈ ਦੇ ਰਹੀ ਹੈ। ਆਓ ਜਾਣਦੇ ਹਾਂ ਕਿਹੜੀਆਂ ਨੇ ਉਹ ਸੀਟਾਂ ਜਿੱਥੇ ਲੀਡਰਾਂ ਦੀ ਹੈਂਕੜਬਾਜ਼ੀ ਅਤੇ ਸਾਖ ਦਾਅ ’ਤੇ ਲੱਗੀ ਵਿਖਾਈ ਦੇ ਰਹੀ ਹੈ।

ਪੰਜਾਬ ਦੇ 9 ਹਲਕਿਆਂ ਦੀ ਬਦਲੀ ਸਿਆਸੀ ਤਸਵੀਰ
ਪੰਜਾਬ ਦੇ 9 ਹਲਕਿਆਂ ਦੀ ਬਦਲੀ ਸਿਆਸੀ ਤਸਵੀਰ

ਚੰਡੀਗੜ੍ਹ: ਪੰਜਾਬ ਵਿਧਾਨਸਭਾ ਚੋਣਾਂ 2022 (Punjab Assembly Elections 2022) ਨੂੰ ਲੈਕੇ ਸਿਆਸੀ ਅਖਾੜਾ ਭਖ ਚੁੱਕਿਆ ਹੈ। ਸਿਆਸੀ ਪਾਰਟੀਆਂ ਪੰਜਾਬ ਜਿੱਤਣ ਦੇ ਲਈ ਅੱਡੀ ਚੋਟੀ ਦਾ ਜ਼ੋਰ ਲਾ ਰਹੀਆਂ ਹਨ। ਚੋਣਾਂ ਨੂੰ ਲੈਕੇ 117 ਹਲਕਿਆਂ ਵਿੱਚ ਵੋਟਾਂ ਪੈਣੀਆਂ ਹਨ। ਸਾਰੀਆਂ ਹੀ ਸਿਆਸੀ ਪਾਰਟੀਆਂ ਵੱਲੋਂ ਆਪਣੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਗਿਆ ਹੈ ਅਤੇ ਨਾਲ ਹੀ ਚੋਣ ਕਮਿਸ਼ਨ ਵੱਲੋਂ ਉਮੀਦਵਾਰ ਦਾ ਆਖਰੀ ਸੂਚੀ ਵੀ ਜਾਣਕਾਰੀ ਕਰ ਦਿੱਤੀ ਗਈ ਹੈ ਜਿਸਦੇ ਮੁਤਾਬਕ ਹੁਣ 1304 ਉਮੀਦਵਾਰ ਚੋਣ ਮੈਦਾਨ ਵਿੱਚ ਹਨ।

ਪੰਜਾਬ ਦੇ 117 ਸੀਟਾਂ ’ਚੋਂ 9 ਸੀਟਾਂ ਦੀ ਸਿਆਸੀ ਤਸਵੀਰ ਬਦਲੀ ਵਿਖਾਈ ਦਿੱਤੀ ਹੈ। ਇੰਨ੍ਹਾਂ 9 ਸੀਟਾਂ ਵਿੱਚੋਂ 3 ਸੀਟਾਂ ਅਜਿਹੀਆਂ ਹਨ ਜਿੱਥੇ ਲੀਡਰਾਂ ਦੀ ਆਪਸੀ ਹਊਮੇ ਦੀ ਟੱਕਰ ਹੈ ਅਤੇ ਬਾਕੀ ਰਹਿੰਦੀਆਂ 6 ਸੀਟਾਂ ’ਤੇ ਸਿਆਸੀ ਵੱਕਾਰ ਦਾਅ ਲੱਗਿਆ ਵਿਖਾਈ ਦੇ ਰਿਹਾ ਹੈ।

3 ਸੀਟਾਂ ਬਣੀਆਂ ਲੀਡਰਾਂ ਦੀ ਮੁੱਛ ਦਾ ਸਵਾਲ

ਅੰਮ੍ਰਿਤਸਰ ਪੂਰਬੀ ਵਿਧਾਨਸਭਾ ਹਲਕਾ (Amritsar East Assembly constituency) ਜਿੱਥੇ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਅਤੇ ਬਿਕਰਮ ਮਜੀਠੀਆ ਆਹਮੋ-ਸਾਹਮਣੇ ਹਨ। ਸਿੱਧੂ ਜੋ ਕਿ ਪਿਛਲੀ 2017 ਦੀ ਚੋਣ ਆਸਾਨੀ ਨਾਲ ਜਿੱਤ ਗਏ ਸਨ ਇਸ ਵਾਰ ਸੀਟ ਜਿੱਤਣਾ ਮੁਸ਼ਕਿਲ ਬਣਿਆ ਜਾਪਦਾ ਹੈ। ਸਿੱਧੂ ਵੱਲੋਂ ਮਜੀਠੀਆ ਨੂੰ ਆਪਣੇ ਹਲਕੇ ਤੋਂ ਚੋਣ ਲੜਨ ਲਈ ਵੰਗਾਰਿਆ ਗਿਆ ਸੀ ਜਿਸਦੇ ਚੱਲਦੇ ਮਜੀਠੀਆ ਵੱਲੋਂ ਸਿੱਧੂ ਦਾ ਚੈਲੰਜ ਕਬੂਲ ਕਰਦਿਆਂ ਅੰਮ੍ਰਿਤਸਰ ਪੂਰਬੀ ਹਲਕੇ ਤੋਂ ਚੋਣ ਲੜੀ ਜਾ ਰਹੀ ਹੈ।

ਪਟਿਆਲਾ ਸ਼ਹਿਰੀ ਸੀਟ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਚੋਣ ਮੈਦਾਨ ਵਿੱਚ ਡਟੇ ਹੋਏ ਹਨ। ਕੈਪਟਨ ਦੋ ਵਾਰ ਮੁੱਖ ਮੰਤਰੀ ਰਹਿ ਚੁੱਕੇ ਹਨ ਅਤੇ ਇਸ ਵਾਰ ਉਹ ਕਾਂਗਰਸ ਤੋਂ ਸਿਆਸੀ ਬਦਲਾ ਲੈਣ ਦੇ ਲਈ ਅਲੱਗ ਹੋ ਕੇ ਆਪਣੀ ਪਾਰਟੀ ਬਣਾ ਚੁੱਕੇ ਹਨ ਅਤੇ ਭਾਜਪਾ ਨਾਲ ਮਿਲ ਕੇ ਕਾਂਗਰਸ ਅਤੇ ਖਾਸਕਰ ਨਵਜੋਤ ਸਿੱਧੂ ਨੂੰ ਵੀ ਹਰਾਉਣ ਲਈ ਜ਼ੋਰ ਲਗਾ ਰਹੇ ਹਨ। ਕੈਪਟਨ ਖਿਲਾਫ਼ ਪਟਿਆਲਾ ਤੋਂ ਸਿੱਧੂ ਦੇ ਕਰੀਬੀ ਮੰਨੇ ਜਾਂਦੇ ਵਿਸ਼ਨੂੰ ਸ਼ਰਮਾ ਚੋਣ ਮੈਦਾਨ ਵਿੱਚ ਹਨ।

ਬਰਨਾਲਾ ਦਾ ਵਿਧਾਨਸਭਾ ਹਲਕਾ ਭਦੌੜ ਸੀਟ ਵੀ ਹਊਮੇ ਦਾ ਸਵਾਲ ਬਣੀ ਹੋਈ। ਇਸ ਵਿਧਾਨਸਭਾ ਹਲਕੇ ਤੋਂ ਕਾਂਗਰਸ ਵੱਲੋਂ ਆਪ ਦੇ ਗੜ੍ਹ ਵਿੱਚ ਦਲਿਤ ਉਮੀਦਵਾਰ ਵਜੋਂ ਚਰਨਜੀਤ ਚੰਨੀ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਗਿਆ ਹੈ ਜੋ ਕਿ ਪੰਜਾਬ ਦੇ ਸੀਐਮ ਹਨ। ਸਿਆਸੀ ਮਾਹਿਰਾਂ ਮੁਤਾਬਕ ਪਾਰਟੀ ਵੱਲੋਂ ਚੰਨੀ ਨੂੰ ਇੱਥੋਂ ਇਸ ਲਈ ਉਤਾਰਿਆ ਗਿਆ ਹੈ ਤਾਂ ਕਿ ਇੱਕ ਆਪ ਦੇ ਗੜ੍ਹ ਵਿੱਚ ਸੰਨ੍ਹ ਲਾਈ ਜਾ ਸਕੇ ਅਤੇ ਦੂਸਰਾ ਦਲਿਤ ਵੋਟ ਬੈਂਕ ਨੂੰ ਖਿੱਚਿਆ ਜਾ ਸਕੇ। ਇਸ ਲਈ ਪਾਰਟੀ ਵੱਲੋਂ ਸੀਐਮ ਚੰਨੀ ’ਤੇ ਦਾਅ ਖੇਡਿਆ ਗਿਆ ਹੈ। ਸੀਐਮ ਚੰਨੀ ਦੋ ਵਿਧਾਨਸਭਾ ਹਲਕਿਆਂ ਤੋਂ ਚੋਣ ਮੈਦਾਨ ਵਿੱਚ ਹਨ ਉਹ ਚਮਕੌਰ ਸਾਹਿਬ ਵਿਧਾਨਸਭਾ ਹਲਕੇ ਤੋਂ ਵੀ ਚੋਣ ਲੜ ਰਹੇ ਹਨ।

6 ਸੀਟਾਂ ਬਣੀਆਂ ਸਿਆਸੀ ਸਾਖ ਦਾ ਸਵਾਲ

ਹੁਣ ਕੁਝ ਉਨ੍ਹਾਂ ਸੀਟਾਂ ਦੀ ਗੱਲ ਕਰਾਂਗੇ ਜਿੱਥੇ ਸਿਆਸੀ ਆਗੂਆਂ ਦਾ ਵੱਕਾਰ ਦਾਅ ’ਤੇ ਲੱਗਿਆ ਵਿਖਾਈ ਦੇ ਰਿਹਾ ਹੈ।

ਉਮੀਦਵਾਰ ਉਹੀ , ਪਾਰਟੀਆਂ ਵੱਖ

ਭੁਲੱਥ ਵਿਧਾਨਸਭਾ ਹਲਕਾ ਤੋਂ ਸੁਖਪਾਲ ਸਿੰਘ ਖਹਿਰਾ ਕਾਂਗਰਸ ਵੱਲੋਂ ਚੋਣ ਮੈਦਾਨ ਵਿੱਚ ਡਟੇ ਹਨ। ਦੂਜੇ ਪਾਸੇ ਕਾਂਗਰਸ ਛੱਡ ਆਪ ਚ ਸ਼ਾਮਿਲ ਹੋਏ ਰਣਜੀਤ ਰਾਣਾ ਚੋਣ ਮੈਦਾਨ ਵਿੱਚ ਹਨ ਯਾਨੀ ਕਿ ਉਮੀਦਵਾਰ ਪਹਿਲਾਂ ਵਾਲੇ ਹੀ ਜਦਿਕ ਪਾਰਟੀਆਂ ਬਦਲ ਚੁੱਕੀਆਂ ਹਨ। ਓਧਰ ਦੋਵਾਂ ਆਗੂਆਂ ਖਿਲਾਫ਼ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਬੀਬੀ ਜਗੀਰ ਕੌਰ ਚੋਣ ਮੈਦਾਨ ਵਿੱਚ ਹਨ। ਤਿੰਨਾਂ ਹੀ ਚਿਹਰਿਆਂ ਦਾ ਸਿਆਸੀ ਵੱਕਾਰ ਦਾਅ ਉੱਪਰ ਲੱਗਿਆ ਵਿਖਾਈ ਦੇ ਰਿਹਾ ਹੈ।

ਦਿੱਗਜ਼ ਉਮੀਦਵਾਰ ਆਹਮੋ-ਸਾਹਮਣੇ

ਫਗਵਾੜਾ ਵਿਧਾਨਸਭਾ ਹਲਕੇ ਵਿੱਚ ਭਾਜਪਾ ਵੱਲੋਂ ਸਾਬਕਾ ਕੇਂਦਰੀ ਮੰਤਰੀ ਵਿਜੇ ਸਾਂਪਲਾ ਚੋਣ ਮੈਦਾਨ ਵਿੱਚ ਹਨ। ਉਨ੍ਹਾਂ ਵਿਰੁੱਧ ਬਸਪਾ ਤੋਂ ਉਮੀਦਵਾਰ ਜਸਵੀਰ ਸਿੰਘ ਗੜ੍ਹੀ ਚੋਣ ਮੈਦਾਨ ਵਿੱਚ ਡਟੇ ਹੋਏ ਹਨ। ਕਾਂਗਰਸ ਨੇ ਉਪ ਚੋਣ ਵਿੱਚ ਜਿੱਤ ਹਾਸਿਲ ਕਰ ਚੁੱਕੇ ਬਲਵਿੰਦਰ ਸਿੰਘ ਨੂੰ ਚੋਣ ਪਿੜ ਵਿੱਚ ਉਤਾਰਿਆ ਹੈ। 2019 ਦੀਆਂ ਉਪ ਚੋਣਾਂ ਵਿੱਚ ਬਲਵਿੰਦਰ ਸਿੰਘ ਨੇ ਭਾਜਪਾ ਨੇ ਵੱਡੇ ਫਰਕ ਦੇ ਨਾਲ ਹਰਾਇਆ ਸੀ।

ਵੜਿੰਗ-ਡਿੰਪੀ ਦਾ ਫਸਿਆ ਪੇਚ

ਗਿੱਦੜਬਾਹਾ ਤੋਂ ਕਾਂਗਰਸ ਉਮੀਦਵਾਰ ਅਮਰਿੰਦਰ ਸਿੰਘ ਰਾਜਾ ਵੜਿੰਗ ਚੋਣ ਮੈਦਾਨ ਵਿੱਚ ਹਨ। ਇਸ ਹਲਕੇ ਤੋਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਹਰਦੀਪ ਸਿੰਘ ਡਿੰਪੀ ਚੋਣ ਮੈਦਾਨ ਵਿੱਚ ਹਨ। ਦੋਵਾਂ ਆਗੂਆਂ ਦਾ ਪੂਰਾ ਫਸਵਾਂ ਮੁਕਾਬਲਾ ਹੈ। ਫਸਵਾਂ ਮੁਕਾਬਲਾ ਇਸ ਕਰਕੇ ਵੀ ਹੈ ਕਿਉਂਕਿ ਕਿਹਾ ਜਾ ਰਿਹਾ ਹੈ ਕਿ ਬਾਦਲ ਪਰਿਵਾਰ ਵੜਿੰਗ ਨੂੰ ਹਰਾਉਣ ਵਿੱਚ ਜੁਟਿਆ ਹੋਇਆ ਹੈ। ਹਰਾਉਣ ਦਾ ਕਾਰਨ ਵੜਿੰਗ ਵੱਲੋਂ ਬਾਦਲਾਂ ਦੀਆਂ ਬੱਸਾਂ ਉੱਤੇ ਕੀਤੀ ਕਾਰਵਾਈ ਨੂੰ ਮੰਨਿਆ ਜਾ ਰਿਹਾ ਹੈ।

ਦੋ ਸਾਬਕਾ ਡੀਜੀਪੀ ਦੀਆਂ ਪਤਨੀਆਂ ਚੋਣ ਮੈਦਾਨ ਚ

ਮਲੇਰਕੋਟਲਾ ਵਿੱਚ ਦੋ ਸਾਬਕਾ ਡੀਜੀਪੀ ਦੀਆਂ ਪਤਨੀਆਂ ਚੋਣਾਂ ਮੈਦਾਨ ਵਿੱਚ ਹੋਣ ਕਾਰਨ ਮੁਕਾਬਲਾ ਫਸਵਾਂ ਦੱਸਿਆ ਜਾ ਰਿਹਾ ਹੈ। ਕਾਂਗਰਸ ਵੱਲੋਂ ਸਾਬਕਾ ਡੀਜੀਪੀ ਮੁਹੰਮਦ ਮੁਸਤਫਾ ਦੀ ਪਤਨੀ ਰਜੀਆ ਸੁਲਤਾਨਾ ਚੋਣ ਮੈਦਾਨ ਵਿੱਚ ਹਨ ਜਦਕਿ ਦੂਜੇ ਪਾਸੇ ਪੰਜਾਬ ਲੋਕ ਕਾਂਗਰਸ ਵੱਲੋਂ ਸਾਬਕਾ ਡੀਜੀਪੀ ਇਜਹਾਰ ਆਲਮ ਦੀ ਪਤਨੀ ਐਫ ਨਿਸਾਰਾ ਖਾਤੂਨ ਚੋਣ ਮੈਦਾਨ ਵਿੱਚ ਡਟੀ ਹੋਈ ਹੈ।

ਮੋਗਾ ਤੋਂ ਮਾਲਵਿਕਾ ਸੂਦ ਤੇ ਹਰਜੋਤ ਦਾ ਫਸਵਾਂ ਮੁਕਾਬਲਾ

ਮੋਗਾ ’ਚ ਕਾਂਗਰਸ ਵੱਲੋਂ ਸੋਨੂੰ ਸੂਦ ਦੀ ਭੈਣ ਤੇ ਦਾਅ ਖੇਡਿਆ ਗਿਆ ਹੈ। ਮਾਲਵਿਕਾ ਸੂਦ ਨੂੰ ਜਿਤਾਉਣ ਲਈ ਸੋਨੂੰ ਸੂਦ ਖੁਦ ਚੋਣ ਮੈਦਾਨ ਵਿੱਚ ਕਾਫੀ ਸਮੇਂ ਤੋਂ ਡਟੇ ਹੋਏ ਹਨ। ਸੋਨੂੰ ਸੂਦ ਵਲੋਂ ਆਪਣੀ ਭੈਣ ਨੂੰ ਚੋਣ ਜਿਤਾਉਣ ਦੇ ਲਈ ਅੱਡੀ ਚੋਟੀ ਦਾ ਜ਼ੋਰ ਲਗਾਇਆ ਗਿਆ ਹੈ। ਓਧਰ ਦੂਜੇ ਪਾਸੇ ਕਾਂਗਰਸ ਵੱਲੋਂ ਟਿਕਟ ਕੱਟੇ ਜਾਣ ਦੇ ਰੋਸ ਵਜੋਂ ਭਾਜਪਾ ਵਿੱਚ ਸ਼ਾਮਿਲ ਹੋਏ ਹਰਜੋਤ ਕਮਲ ਚੋਣ ਮੈਦਾਨ ਵਿੱਚ ਹਨ। ਦੋਵਾਂ ਆਗੂਆਂ ਦੀ ਹਲਕੇ ਵਿੱਚ ਟੱਕਰ ਸਖ਼ਤ ਦੱਸੀ ਜਾ ਰਹੀ ਹੈ।

ਬਾਦਲ ਲਈ ਮੁਸ਼ਕਿਲ ਬਣਿਆ ਬਾਦਲ

ਬਠਿੰਡੀ ਸ਼ਹਿਰੀ ਵਿਧਾਨਸਭਾ ਹਲਕਾ ਤੋਂ ਕਾਂਗਰਸ ਵੱਲੋਂ ਮਨਪ੍ਰੀਤ ਬਾਦਲ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਗਿਆ ਹੈ। ਇਸ ਹਲਕੇ ਤੋਂ ਸ਼੍ਰੋਮਣੀ ਅਕਾਲੀ ਦਲ ਬਾਦਲ ਵੱਲੋਂ ਮਨਪ੍ਰੀਤ ਬਾਦਲ ਨੂੰ ਚੋਣ ਪਿੜ ਵਿੱਚ ਉਤਾਰਿਆ ਗਿਆ ਹੈ। ਇਹ ਵਿਧਾਨਸਭਾ ਹਲਕਾ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਦੇ ਹਲਕੇ ਵਿੱਚ ਆਉਂਦਾ ਹੈ ਇਸ ਲਈ ਬਾਦਲ ਪਰਿਵਾਰ ਮਨਪ੍ਰੀਤ ਬਾਦਲ ਨੂੰ ਹਰਾਉਣ ਲਈ ਪੂਰਾ ਟਿੱਲ ਲਗਾ ਰਿਹਾ ਹੈ। ਇਸ ਲਈ ਮਨਪ੍ਰੀਤ ਬਾਦਲ ਖਿਲਾਫ਼ ਸਰੂਪ ਚੰਦ ਸਿੰਗਲਾ ਨੂੰ ਚੋਣ ਮੈਦਾਨ ਵਿੱਚ ਲਿਆਂਦਾ ਗਿਆ ਹੈ। ਓਧਰ ਦੂਜੇ ਪਾਸੇ ਆਮ ਆਦਮੀ ਪਾਰਟੀ ਤੋਂ ਜਗਰੂਪ ਸਿੰਘ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਗਿਆ ਹੈ।

ਉੱਪਰ ਜਿੰਨ੍ਹਾਂ ਵਿਧਾਨਸਭਾ ਹਲਕਿਆਂ ਦੀ ਚਰਚਾ ਕੀਤੀ ਗਈ ਹੈ ਇਸ ਤੋਂ ਜਾਪਦਾ ਹੈ ਕਿ ਪੰਜਾਬ ਦੀਆਂ ਇਹ ਸੀਟਾਂ ਦੇ ਚੋਣ ਨਤੀਜੇ ਕਾਫੀ ਦਿਲਚਸਪ ਰਹਿਣ ਵਾਲੇ ਹਨ ਕਿਉਂਕਿ ਇਹ ਸੀਟਾਂ ਲੀਡਰਾਂ ਦੀ ਹਊਮੇ ਅਤੇ ਸਾਖ ਦਾ ਸਵਾਲ ਬਣੀਆਂ ਹੋਈਆਂ ਹਨ।

ਇਹ ਵੀ ਪੜ੍ਹੋ:ਚੰਨੀ ਜਾਂ ਸਿੱਧੂ, ਕਾਂਗਰਸ ਲਈ ਕੌਣ ਲਾਹੇਵੰਦ ਤੇ ਕੌਣ ਨੁਕਸਾਨਕੁੰਨ !

ETV Bharat Logo

Copyright © 2024 Ushodaya Enterprises Pvt. Ltd., All Rights Reserved.