ETV Bharat / city

CM ਮਾਨ ਤੇ ਨਵਜੋਤ ਸਿੱਧੂ ਦੀ ਮੁਲਾਕਾਤ ਨੇ ਭਖਾਈ ਪੰਜਾਬ ਦੀ ਸਿਆਸਤ, ਵਿਰੋਧੀਆਂ ਨੇ ਸਿੱਧੂ ’ਤੇ ਕਸੇ ਤੰਜ਼

author img

By

Published : May 9, 2022, 11:02 PM IST

Updated : May 10, 2022, 12:03 AM IST

ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੱਧੂ ਅਤੇ ਮੁੱਖ ਮੰਤਰੀ ਭਗਵੰਤ ਦੀ ਹੋਈ ਮੁਲਕਾਤ ਨੇ ਪੰਜਾਬ ਦੀ ਸਿਆਸਤ ਵਿੱਚ ਨਵੀਂ ਚਰਚਾ ਛੇੜ ਦਿੱਤੀ ਹੈ। ਵਿਰੋਧੀਆਂ ਪਾਰਟੀਆਂ ਵੱਲੋਂ ਨਵਜੋਤ ਸਿੱਧੂ ਅਤੇ ਕਾਂਗਰਸ ਨੂੰ ਘੇਰਿਆ ਜਾ ਰਿਹਾ ਹੈ। ਉੱਥੇ ਹੀ ਆਦਮੀ ਪਾਰਟੀ ਵੱਲੋਂ ਵੀ ਸਿੱਧੂ ਉੱਪਰ ਤੰਜ਼ ਕਸੇ ਜਾ ਰਹੇ ਹਨ।

CM ਮਾਨ ਤੇ ਨਵਜੋਤ ਸਿੱਧੂ ਦੀ ਮੁਲਾਕਾਤ ਨੇ ਭਖਾਈ ਪੰਜਾਬ ਦੀ ਸਿਆਸਤ
CM ਮਾਨ ਤੇ ਨਵਜੋਤ ਸਿੱਧੂ ਦੀ ਮੁਲਾਕਾਤ ਨੇ ਭਖਾਈ ਪੰਜਾਬ ਦੀ ਸਿਆਸਤ

ਚੰਡੀਗੜ੍ਹ: ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੱਧੂ ਪੰਜਾਬ ਦੀ ਸਿਆਸਤ ਵਿੱਚ ਸੱਤਾ ਵਿੱਚ ਹੁੰਦਿਆਂ ਵੀ ਸੁਰਖੀਆਂ ਵਿੱਚ ਰਹਿੰਦੇ ਸਨ ਅਤੇ ਵਿਰੋਧੀ ਧਿਰ ਵਿੱਚ ਹੋਣ ਦੇ ਬਾਵਜੂਦ ਵੀ ਸੁਰਖੀਆਂ ਵਿੱਚ ਰਹਿੰਦੇ ਹਨ। ਕਦੇ ਉਹ ਆਪਣੇ ਬਿਆਨਾਂ ਕਾਰਨ ਕਾਂਗਰਸ ਲਈ ਮੁਸ਼ਕਲਾਂ ਖੜ੍ਹੀਆਂ ਕਰਦੇ ਨਜ਼ਰ ਆਏ ਅਤੇ ਕਦੇ ਉਹ ਮੌਜੂਦਾ ਸਰਕਾਰ 'ਤੇ ਹਮਲਾਵਰ ਬਣਦੇ ਵਿਖਾਈ ਦਿੱਤੇ। ਪਰ ਪਿਛਲੇ ਕੁਝ ਦਿਨਾਂ ਤੋਂ ਸਰਕਾਰ ਪ੍ਰਤੀ ਉਨ੍ਹਾਂ ਦੇ ਵਤੀਰੇ ਵਿੱਚ ਬਦਲਾਅ ਆਇਆ ਹੈ। ਇਸ ਸਭ ਦੇ ਵਿਚਕਾਰ ਅੱਜ ਉਨ੍ਹਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਮੁਲਾਕਾਤ ਕੀਤੀ ਅਤੇ ਇਹ ਮੁਲਾਕਾਤ ਵੀ ਸਿਆਸੀ ਗਲਿਆਰਿਆਂ 'ਚ ਚਰਚਾ ਦਾ ਵਿਸ਼ਾ ਰਹੀ।

CM ਮਾਨ ਤੇ ਨਵਜੋਤ ਸਿੱਧੂ ਦੀ ਮੁਲਾਕਾਤ ਨੇ ਭਖਾਈ ਪੰਜਾਬ ਦੀ ਸਿਆਸਤ

CM ਨੂੰ ਮਿਲਣ ਤੋਂ ਬਾਅਦ ਸਿੱਧੂ ਨੇ ਕਹੀਆਂ ਪੁਰਾਣੀਆਂ ਗੱਲਾਂ: ਮੀਟਿੰਗ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਕਾਨੂੰਨ ਵਿਵਸਥਾ ਕੋਈ ਵੱਡਾ ਮਸਲਾ ਨਹੀਂ ਹੈ, ਇਸ ਤੋਂ ਵੱਡਾ ਮੁੱਦਾ ਕਿਤੇ ਹੋਰ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੀ ਮਾਲੀ ਹਾਲਤ ਸੁਧਾਰਨ ਦੀ ਲੋੜ ਹੈ ਤੇ ਨਾਲ ਹੀ ਪੰਜਾਬ ਦੇ ਗੱਦਾਰਾਂ ਦਾ ਵੀ ਸਮਾਂ ਆ ਗਿਆ ਹੈ। ਠੇਕੇਦਾਰੀ ਸਿਸਟਮ ਨੇ ਪੰਜਾਬ ਨੂੰ ਬਰਬਾਦ ਕਰ ਦਿੱਤਾ ਹੈ। ਸਿੱਧੂ ਨੇ ਕਿਹਾ ਕਿ ਮੈਂ ਪਹਿਲਾਂ ਵੀ ਇਸ ਸਿਸਟਮ ਦੇ ਖ਼ਿਲਾਫ ਆਵਾਜ਼ ਉਠਾਉਂਦਾ ਰਿਹਾ ਹਾਂ, ਮੈਂ ਅੱਜ ਵੀ ਇਸ ਸਿਸਟਮ ਖ਼ਿਲਾਫ ਆਵਾਜ਼ ਉਠਾ ਰਿਹਾ ਹਾਂ, ਮੈਂ ਮੁੱਖ ਮੰਤਰੀ ਦੇ ਕੋਲ ਰੇਤ ਮਾਫੀਆ, ਸ਼ਰਾਬ ਮਾਫੀਆ, ਟਰਾਂਸਪੋਰਟ ਮਾਫੀਆ ਅਤੇ ਕੇਬਲ ਮਾਫੀਆ ਦਾ ਮੁੱਦਾ ਚੁੱਕਿਆ ਸੀ।

ਸਿੱਧੂ ਨੇ ਕਿਹਾ ਕਿ ਰੇਤ ਅਤੇ ਸ਼ਰਾਬ ਮਾਫੀਆ 'ਤੇ ਸ਼ਿਕੰਜਾ ਕੱਸਣ ਦੀ ਲੋੜ ਹੈ, ਇਸ ਦੇ ਪਿੱਛੇ ਦੇ ਆਗੂ ਖੁਦ ਬੇਨਕਾਬ ਹੋ ਜਾਣਗੇ। ਉਨ੍ਹਾਂ ਕਿਹਾ ਕਿ ਇਸ ਨਾਲ ਸੂਬੇ ਦੀ ਆਰਥਿਕ ਹਾਲਤ ਵੀ ਸੁਧਰੇਗੀ। ਇੰਨ੍ਹਾਂ ਹੀ ਨਹੀਂ, ਇਸ ਮੁਲਾਕਾਤ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਨੇ ਮੁੱਖ ਮੰਤਰੀ ਭਗਵੰਤ ਮਾਨ ਦੀ ਤਾਰੀਫ ਵੀ ਕੀਤੀ, ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ 5 ਸਾਲ ਪਹਿਲਾਂ ਵਰਗਾ ਸੀ। ਉਨ੍ਹਾਂ ਕਿਹਾ ਕਿ ਮੈਨੂੰ ਉਮੀਦ ਹੈ ਕਿ ਜਿਸ ਸ਼ਿੱਦਤ ਨਾਲ ਉਨ੍ਹਾਂ ਨੇ ਮੇਰੀ ਗੱਲ ਸੁਣੀ ਹੈ, ਉਸ ਉੱਤੇ ਕੰਮ ਵੀ ਕਰਨਗੇ।

ਕੈਬਨਿਟ ਮੰਤਰੀ ਲਾਲਜੀਤ ਭੁੱਲਰ ਦਾ ਸਿੱਧੂ ’ਤੇ ਤੰਜ਼: ਇਸ ਸਬੰਧੀ ਆਮ ਆਦਮੀ ਪਾਰਟੀ ਦੇ ਆਗੂ ਤੇ ਕੈਬਨਿਟ ਮੰਤਰੀ ਲਾਲਜੀਤ ਭੁੱਲਰ ਨੇ ਇਸ ਮੀਟਿੰਗ ਨੂੰ ਲੈ ਕੇ ਨਵਜੋਤ ਸਿੰਘ ਸਿੱਧੂ ਨੂੰ ਆੜੇ ਹੱਥੀਂ ਲੈਂਦਿਆਂ ਮੁੱਖ ਮੰਤਰੀ ਭਗਵੰਤ ਮਾਨ ਦੀ ਤਾਰੀਫ਼ ਕੀਤੀ ਹੈ। ਉਨ੍ਹਾਂ ਕਿਹਾ ਕਿ ਨਵਜੋਤ ਸਿੰਘ ਸਿੱਧੂ ਅਜਿਹੇ ਵਿਅਕਤੀ ਹਨ, ਜਿੰਨ੍ਹਾਂ ਨੂੰ ਪਤਾ ਨਹੀਂ ਕੀ ਕਹਿਣਾ ਹੈ ਅਤੇ ਕੀ ਕਰਨਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਪਾਰਟੀ ਦੇ ਕਈ ਆਗੂ ਉਨ੍ਹਾਂ ਦੀ ਮੁੱਖ ਮੰਤਰੀ ਨਾਲ ਮੁਲਾਕਾਤ ਨੂੰ ਲੈ ਕੇ ਵੱਖ-ਵੱਖ ਬਿਆਨ ਦੇ ਰਹੇ ਹਨ। ਇਸਦੇ ਨਾਲ ਹੀ ਉਨ੍ਹਾਂ ਕਿਹਾ ਕਿ ਸਾਡਾ ਮੁੱਖ ਮੰਤਰੀ ਕਿੰਨਾ ਵੱਡੇ ਦਿਲ ਦਾ ਹੈ, ਜਦੋਂ ਕਿ ਕਾਂਗਰਸ ਅਤੇ ਅਕਾਲੀ ਸਰਕਾਰ ਵਿੱਚ ਮੁੱਖ ਮੰਤਰੀ ਨੂੰ ਆਪਣੇ ਵਿਧਾਇਕਾਂ ਅਤੇ ਸੰਸਦ ਮੈਂਬਰਾਂ ਨੂੰ ਮਿਲਣ ਦਾ ਸਮਾਂ ਵੀ ਨਹੀਂ ਮਿਲਿਆ।

ਉਨ੍ਹਾਂ ਕਿਹਾ ਕਿ ਨਵਜੋਤ ਸਿੰਘ ਸਿੱਧੂ ਨਾ ਤਾਂ ਮੰਤਰੀ ਹੈ, ਨਾ ਵਿਧਾਇਕ ਅਤੇ ਨਾ ਹੀ ਐਮ.ਪੀ. ਉਹ ਇੱਕ ਆਮ ਆਦਮੀ ਹੈ, ਇੱਕ ਹਾਰਿਆ ਹੋਇਆ ਅਤੇ ਲੋਕਾਂ ਦੁਆਰਾ ਨਕਾਰਿਆ ਗਿਆ ਹੈ ਤਾਂ ਹੀ ਵੇਖੋ ਸਿਸਟਮ ਕਿੰਨਾ ਵਧੀਆ ਚੱਲ ਰਿਹਾ ਹੈ। ਮੰਤਰੀ ਨੇ ਕਿਹਾ ਕਿ ਆਮ ਆਦਮੀ ਪਾਰਟੀ ਆਮ ਲੋਕਾਂ ਦੀ ਚੁਣੀ ਹੋਈ ਪਾਰਟੀ ਹੈ। ਮੁੱਖ ਮੰਤਰੀ ਇੱਕ ਹਾਰੇ ਹੋਏ ਅਤੇ ਨਕਾਰੇ ਹੋਏ ਆਮ ਆਦਮੀ ਨੂੰ ਮਿਲ ਰਿਹਾ ਹੈ। ਉਨ੍ਹਾਂ ਨੇ ਸਿੱਧੂ ਸਾਹਬ ਨੂੰ ਸਮਾਂ ਦਿੱਤਾ ਹੈ ਕਿਉਂਕਿ ਉਨ੍ਹਾਂ ਨੂੰ ਲੱਗਦਾ ਹੈ ਕਿ ਸ਼ਾਇਦ ਸਿੱਧੂ ਸਾਹਿਬ ਪੰਜਾਬ ਦੀ ਬਿਹਤਰੀ ਲਈ ਕੁਝ ਸੁਝਾਅ ਦੇਣਗੇ। ਇਸੇ ਲਈ ਅੱਜ ਤੱਕ ਪੰਜਾਬ ਨੂੰ ਭਗਵੰਤ ਮਾਨ ਤੋਂ ਵਧੀਆ ਮੁੱਖ ਮੰਤਰੀ ਨਹੀਂ ਮਿਲਿਆ ਅਤੇ ਨਾ ਹੀ ਮਿਲੇਗਾ।

ਸੀ.ਐਮ-ਸਿੱਧੂ ਦੀ ਮੁਲਾਕਾਤ 'ਤੇ ਕਾਂਗਰਸ ਦਾ ਕੀ ਕਹਿਣਾ ਹੈ ? ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀ ਮੁਲਾਕਾਤ ਅਤੇ ਉਨ੍ਹਾਂ ਵਲੋਂ ਉਠਾਏ ਗਏ ਮੁੱਦਿਆਂ 'ਤੇ ਗੱਲ ਕਰਦੇ ਹੋਏ ਕਾਂਗਰਸ ਪਾਰਟੀ ਦੇ ਬੁਲਾਰੇ ਕੰਵਰ ਹਰਪ੍ਰੀਤ ਸਿੰਘ ਦਾ ਕਹਿਣਾ ਹੈ ਕਿ ਨਵਜੋਤ ਸਿੰਘ ਨੇ ਸੀਐਮ ਸਾਹਮਣੇ ਜੋ ਵੀ ਮੁੱਦੇ ਚੁੱਕੇ ਹਨ ਉਨ੍ਹਾਂ ਤੇ ਸਵਾਲ ਚੁੱਕਣਾ ਠੀਕ ਨਹੀਂ ਹੈ ਪਰ ਪਾਰਟੀ ਤੋਂ ਵੱਖ ਹੋ ਕੇ ਮੁੱਖ ਮੰਤਰੀ ਨੂੰ ਮਿਲ ਰਹੇ ਹਨ, ਉਹ ਕਿਤੇ ਵੀ ਠੀਕ ਨਹੀਂ ਹੈ। ਉਨ੍ਹਾਂ ਕਿਹਾ ਕਿ ਨਵਜੋਤ ਸਿੰਘ ਸਿੱਧੂ ਨੂੰ ਵੀ ਅਜਿਹੀ ਮੀਟਿੰਗ ਤੋਂ ਪਹਿਲਾਂ ਪਾਰਟੀ ਨੂੰ ਭਰੋਸੇ ਵਿੱਚ ਲੈਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਨਵਜੋਤ ਸਿੰਘ ਸਿੱਧੂ ਨੂੰ ਪਾਰਟੀ ਅੰਦਰ ਅਨੁਸ਼ਾਸਿਤ ਸਿਪਾਹੀ ਵਾਂਗ ਰਹਿਣਾ ਚਾਹੀਦਾ ਹੈ ਅਤੇ ਪਾਰਟੀ ਲਾਈਨ 'ਤੇ ਚੱਲ ਕੇ ਕੰਮ ਕਰਨਾ ਚਾਹੀਦਾ ਹੈ।

ਮੁੱਖ ਮੰਤਰੀ ਅਤੇ ਨਵਜੋਤ ਸਿੰਘ ਸਿੱਧੂ ਦੀ ਮੁਲਾਕਾਤ 'ਤੇ ਕਾਂਗਰਸ ਚਿੰਤਾ ਕਰੇ : ਪੰਜਾਬ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ਦਾ ਕਹਿਣਾ ਹੈ ਕਿ ਜੇਕਰ ਕਦੇ ਉਨ੍ਹਾਂ ਨੂੰ ਆਪਣੇ ਹਲਕੇ ਦੇ ਕੰਮਾਂ ਸਬੰਧੀ ਮਿਲਣਾ ਪਿਆ ਤਾਂ ਉਹ ਵੀ ਜ਼ਰੂਰ ਮਿਲਣਗੇ। ਪਰ ਜਿੱਥੋਂ ਤੱਕ ਸਿੱਧੂ ਦਾ ਸਵਾਲ ਹੈ, ਕਾਂਗਰਸ ਪਾਰਟੀ ਨੂੰ ਉਸ ਦੀ ਚਿੰਤਾ ਕਰਨੀ ਚਾਹੀਦੀ ਹੈ। ਕਿਉਂਕਿ ਪੰਜਾਬ ਵਿੱਚ ਕਾਂਗਰਸ ਲਗਭਗ ਆਪਣੇ ਆਖਰੀ ਪੜਾਅ ਵਿੱਚ ਹੈ।

ਨਵਜੋਤ ਸਿੰਘ ਸਿੱਧੂ ਕਿਧਰੇ ਵੀ ਭੱਜੇ ਪਰ ਹੱਥ ਕੁਝ ਨਹੀਂ ਆਵੇਗਾ: ਅਕਾਲੀ ਦਲ ਦੇ ਸਾਬਕਾ ਵਿਧਾਇਕ ਰਣਜੀਤ ਢਿੱਲੋਂ ਦਾ ਕਹਿਣਾ ਹੈ ਕਿ ਕਿ ਨਵਜੋਤ ਸਿੰਘ ਸਿੱਧੂ ਸਥਿਰ ਵਿਅਕਤੀ ਨਹੀਂ ਹਨ। ਉਹ ਆਪਣੇ ਮਨ ਵਿਚ ਵੱਡੀਆਂ ਇੱਛਾਵਾਂ ਲੈ ਕੇ ਬੈਠੇ ਹਨ, ਉਹ ਚਾਹੁੰਦੇ ਹਨ ਕਿ ਉਹ ਸਭ ਤੋਂ ਉੱਚੀ ਕੁਰਸੀ 'ਤੇ ਬੈਠਣ। ਇਸੇ ਲਾਲਚ ਵਿੱਚ ਉਹ ਇਧਰ ਉਧਰ ਛਾਲਾਂ ਮਾਰਦੇ ਰਹਿੰਦੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਜਿਸ ਵਿਅਕਤੀ ਨੂੰ ਇਹ ਵੀ ਸਮਝ ਨਹੀਂ ਆਉਂਦੀ ਕਿ ਵੱਡੇ-ਛੋਟੇ ਦੀ ਗੱਲ ਕਿਵੇਂ ਕਰਨੀ ਹੈ, ਅਜਿਹਾ ਵਿਅਕਤੀ ਕਦੇ ਵੀ ਕਿਸੇ ਮੰਜ਼ਿਲ 'ਤੇ ਨਹੀਂ ਪਹੁੰਚ ਸਕਦਾ। ਉਹ ਜਿੱਧਰ ਵੀ ਭੱਜੇ, ਉਸ ਨੂੰ ਕੁਝ ਨਹੀਂ ਮਿਲੇਗਾ।

ਇਸ ਮੁਲਾਕਾਤ 'ਤੇ ਸਿਆਸੀ ਪੰਡਿਤਾਂ ਦਾ ਵਿਚਾਰ? ਇੱਕ ਪਾਸੇ ਪੰਜਾਬ ਵਿਧਾਨ ਸਭਾ ਚੋਣਾਂ 'ਚ ਕਾਂਗਰਸ ਦੀ ਕਰਾਰੀ ਹਾਰ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਦੀ ਪਾਰਟੀ 'ਚ ਸਥਿਤੀ ਲਗਾਤਾਰ ਵਿਗੜਦੀ ਜਾ ਰਹੀ ਹੈ। ਇੱਥੋਂ ਤੱਕ ਕਿ ਪੰਜਾਬ ਦੇ ਪਾਰਟੀ ਇੰਚਾਰਜ ਨੇ ਵੀ ਉਨ੍ਹਾਂ ਖਿਲਾਫ ਸ਼ਿਕਾਇਤ ਕੀਤੀ ਅਤੇ ਫਿਰ ਮਾਮਲਾ ਅਨੁਸ਼ਾਸਨੀ ਕਮੇਟੀ ਕੋਲ ਭੇਜ ਦਿੱਤਾ ਗਿਆ। ਇਸ ਦੌਰਾਨ ਨਵਜੋਤ ਸਿੰਘ ਸਿੱਧੂ ਨੇ ਸੀਐਮ ਭਗਵੰਤ ਮਾਨ ਨਾਲ ਮੁਲਾਕਾਤ ਕੀਤੀ।

ਇਸ ਮੁਲਾਕਾਤ ਅਤੇ ਸਿੱਧੂ ਦੇ ਵਤੀਰੇ ਵਿੱਚ ਆਏ ਬਦਲਾਅ ਬਾਰੇ ਸਿਆਸੀ ਮਾਹਿਰ ਬਲਜੀਤ ਬਾਲੀ ਦਾ ਕਹਿਣਾ ਹੈ ਕਿ ਨਵਜੋਤ ਸਿੰਘ ਸਿੱਧੂ ਪਾਰਟੀ ਵਿੱਚ ਪੂਰੀ ਤਰ੍ਹਾਂ ਹਾਰ ਚੁੱਕੇ ਹਨ, ਹੁਣ ਨਾ ਤਾਂ ਉਨ੍ਹਾਂ ਕੋਲ ਪ੍ਰਧਾਨ ਦਾ ਅਹੁਦਾ ਹੈ।ਅਜਿਹੇ 'ਚ ਉਹ ਆਪਣੀ ਪ੍ਰਸੰਗਿਕਤਾ ਨੂੰ ਕਾਇਮ ਰੱਖਣ ਲਈ ਪਾਰਟੀ ਤੋਂ ਵੱਖਰੀ ਲਾਈਨ 'ਤੇ ਚੱਲ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਜਿਸ ਤਰੀਕੇ ਨਾਲ ਸਿੱਧੂ ਪਾਰਟੀ ਦੇ ਪ੍ਰੋਗਰਾਮਾਂ ਤੋਂ ਦੂਰ ਜਾ ਰਹੇ ਹਨ, ਉਸ ਨੂੰ ਦੇਖ ਕੇ ਸਪੱਸ਼ਟ ਹੁੰਦਾ ਹੈ ਕਿ ਉਹ ਪਾਰਟੀ ਤੋਂ ਵੱਖਰਾ ਕੋਈ ਗਰੁੱਪ ਜਾਂ ਸੰਗਠਨ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਜਿਸ ਲਈ ਉਹ ਲਗਾਤਾਰ ਯਤਨਸ਼ੀਲ ਹਨ।

ਉਨ੍ਹਾਂ ਕਿਹਾ ਕਿ ਭਾਵੇਂ ਅੱਜ ਵੀ ਸਿੱਧੂ ਨੇ ਉਹੀ ਮੁੱਦੇ ਉਠਾਏ ਜੋ ਉਹ ਪਹਿਲਾਂ ਵੀ ਉਠਾਉਂਦੇ ਰਹੇ ਹਨ ਇਸ ਮੀਟਿੰਗ ਵਿੱਚ ਕਰੀਬ 50 ਮਿੰਟ ਚੱਲੀ। ਇਸ ਵਿੱਚ ਕੋਈ ਨਵੀਂ ਗੱਲ ਨਹੀਂ ਸੀ। ਉਨ੍ਹਾਂ ਦਾ ਕਹਿਣਾ ਹੈ ਕਿ ਆਮ ਆਦਮੀ ਪਾਰਟੀ ਵੀ ਇਸ ਸਥਿਤੀ ਨੂੰ ਭੁਲਾਉਣ ਦੀ ਕੋਸ਼ਿਸ਼ ਕਰ ਰਹੀ ਹੈ, ਇਸ ਲਈ ਉਹ ਸਿੱਧੂ ਨੂੰ ਤਰਜੀਹ ਦੇ ਰਹੀ ਹੈ। ਆਮ ਆਦਮੀ ਪਾਰਟੀ ਵੀ ਚਾਹੁੰਦੀ ਹੈ ਕਿ ਕਾਂਗਰਸ ਵਿੱਚ ਧੜੇਬੰਦੀ ਬਣੀ ਰਹੇ ਤਾਂ ਜੋ ਉਨ੍ਹਾਂ ਦੀ ਸਾਰਥਕਤਾ ਬਰਕਰਾਰ ਰਹੇ ਅਤੇ ਆਮ ਆਦਮੀ ਪਾਰਟੀ ਵੀ ਆਉਣ ਵਾਲੇ ਦਿਨਾਂ ਵਿੱਚ ਨਗਰ ਨਿਗਮ ਚੋਣਾਂ ਵਿੱਚ ਕਾਂਗਰਸ ਦੇ ਅੰਦਰ ਵਧਣ ਵਾਲੇ ਪਾੜੇ ਦਾ ਫਾਇਦਾ ਉਠਾਉਣਾ ਚਾਹੇਗੀ। ਇਸ ਪਿੱਛੇ ਉਨ੍ਹਾਂ ਦਾ ਤਰਕ ਇਹ ਹੈ ਕਿ ਮੁੱਖ ਮੰਤਰੀ ਨੇ ਖੁਦ ਸਿੱਧੂ ਨੂੰ ਮਿਲਣ ਦਾ ਸਮਾਂ ਦਿੱਤਾ, ਜੋ ਪਹਿਲਾਂ ਭਗਵੰਤ ਮਾਨ ਅਤੇ ਕੇਜਰੀਵਾਲ ਨੂੰ ਕਈ ਤਰ੍ਹਾਂ ਦੇ ਸਖ਼ਤ ਸ਼ਬਦਾਂ ਵਿੱਚ ਆਖਦੇ ਸਨ। ਇਸ ਤੋਂ ਸਪੱਸ਼ਟ ਹੈ ਕਿ ਆਮ ਆਦਮੀ ਪਾਰਟੀ ਵੀ ਚਾਹੁੰਦੀ ਹੈ ਕਿ ਉਹ ਵੱਖਰਾ ਧੜਾ ਬਣਾ ਕੇ ਕਾਂਗਰਸ ਦੇ ਖਿਲਾਫ ਚੱਲਦੀ ਰਹੇ।

ਇਹ ਵੀ ਪੜ੍ਹੋ: ਸਾਬਕਾ MLA ਅੰਗਦ ਸੈਣੀ ਦੀ ਕਾਂਗਰਸ 'ਚ ਵਾਪਸੀ, ਟਿੱਕਟ ਨਾ ਮਿਲਣ ਉੱਤੇ ਛੱਡੀ ਸੀ ਪਾਰਟੀ

Last Updated : May 10, 2022, 12:03 AM IST
ETV Bharat Logo

Copyright © 2024 Ushodaya Enterprises Pvt. Ltd., All Rights Reserved.