ETV Bharat / city

ਮਾਰਕਫੈੱਡ ਨੇ ਬੋਕਾਰੋ ਅਤੇ ਹਜ਼ੀਰਾ ਤੋਂ ਆਕਸੀਜਨ ਸਪਲਾਈ ਨੂੰ ਸਫ਼ਲਤਾਪੂਰਵਕ ਨੇਪਰੇ ਚਾੜਿਆ: ਰੰਧਾਵਾ

author img

By

Published : May 21, 2021, 10:55 PM IST

ਸੂਬੇ ਦੇ ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਦੱਸਿਆ ਕਿ ਪੰਜਾਬ ਸਰਕਾਰ ਨੇ ਮਾਰਕਫੈਡ ਨੂੰ ਆਕਸੀਜਨ ਲਿਆਉਣ ਦਾ ਜ਼ਿੰਮਾ ਸੌਂਪਿਆ ਸੀ। ਜਿਸ ਨੇ ਦੋ ਦਿਨਾਂ ਦੇ ਥੋੜ੍ਹੇ ਸਮੇਂ 'ਚ ਆਕਸੀਜਨ ਦਾ ਪ੍ਰਬੰਧ ਕਰਕੇ ਆਪਣੀਆਂ ਸਮਰੱਥਾਵਾਂ ਨੂੰ ਸਾਬਤ ਕੀਤਾ ਹੈ।

ਮਾਰਕਫੈੱਡ ਨੇ ਬੋਕਾਰੋ ਅਤੇ ਹਜ਼ੀਰਾ ਤੋਂ ਆਕਸੀਜਨ ਸਪਲਾਈ ਨੂੰ ਸਫ਼ਲਤਾਪੂਰਵਕ ਨੇਪਰੇ ਚਾੜਿਆ: ਰੰਧਾਵਾ
ਮਾਰਕਫੈੱਡ ਨੇ ਬੋਕਾਰੋ ਅਤੇ ਹਜ਼ੀਰਾ ਤੋਂ ਆਕਸੀਜਨ ਸਪਲਾਈ ਨੂੰ ਸਫ਼ਲਤਾਪੂਰਵਕ ਨੇਪਰੇ ਚਾੜਿਆ: ਰੰਧਾਵਾ

ਚੰਡੀਗੜ੍ਹ: ਕੋਵਿਡ-19 ਦੇ ਮਾਮਲਿਆਂ ਵਿੱਚ ਵਾਧੇ ਅਤੇ ਆਕਸੀਜਨ ਦੀ ਘਾਟ ਨੂੰ ਧਿਆਨ ਵਿੱਚ ਰੱਖਦਿਆਂ ਮਾਰਕਫੈੱਡ ਨੇ ਆਕਸੀਜਨ ਐਕਸਪ੍ਰੈਸਾਂ ਰਾਹੀਏ ਬੋਕਾਰੋ ਅਤੇ ਹਜ਼ੀਰਾ ਤੋਂ ਸੂਬੇ ਲਈ ਢੁੱਕਵੀਆਂ ਆਕਸੀਜਨ ਸਪਲਾਈਆਂ ਯਕੀਨੀ ਬਣਾਉਣ ਦੇ ਕਾਰਜ ਨੂੰ ਸਫ਼ਲਤਾਪੂਰਵਕ ਨੇਪਰੇ ਚਾੜ੍ਹਿਆ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਸੂਬੇ ਦੇ ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਦੱਸਿਆ ਕਿ ਪੰਜਾਬ ਸਰਕਾਰ ਨੇ ਮਾਰਕਫੈਡ ਨੂੰ ਆਕਸੀਜਨ ਲਿਆਉਣ ਦਾ ਜ਼ਿੰਮਾ ਸੌਂਪਿਆ ਸੀ। ਜਿਸ ਨੇ ਦੋ ਦਿਨਾਂ ਦੇ ਥੋੜ੍ਹੇ ਸਮੇਂ 'ਚ ਆਕਸੀਜਨ ਦਾ ਪ੍ਰਬੰਧ ਕਰਕੇ ਆਪਣੀਆਂ ਸਮਰੱਥਾਵਾਂ ਨੂੰ ਸਾਬਤ ਕੀਤਾ ਹੈ। ਰੰਧਾਵਾ ਨੇ ਕਿਹਾ ਕਿ ਰੇਲਵੇ/ਕੌਨਕੋਰ ਨਾਲ, ਵੱਖ-ਵੱਖ ਡਿਵੀਜ਼ਨਾਂ ਜਿਵੇਂ ਕਿ ਉੱਤਰੀ/ਪੱਛਮੀ/ਪੂਰਬੀ 'ਚ ਸੰਪਰਕ ਅਤੇ ਤਾਲਮੇਲ ਕਰਨਾ ਇਕ ਚੁਣੌਤੀ ਸੀ। ਇਸ ਤੋਂ ਇਲਾਵਾ ਇੰਨੇ ਥੋੜ੍ਹੇ ਸਮੇਂ 'ਚ ਸਾਰੀਆਂ ਲੋੜੀਂਦੀਆਂ ਸ਼ਰਤਾਂ ਪੂਰੀਆਂ ਕਰਨਾ ਅਤੇ ਬੋਰਡ 'ਤੇ ਹੈਂਡਲਰਾਂ ਦੀਆਂ ਸੇਵਾਵਾਂ ਲੈਣਾ ਵੀ ਇੱਕ ਚੁਣੌਤੀ ਭਰਿਆ ਕਾਰਜ ਸੀ। ਉਨ੍ਹਾਂ ਸਮੁੱਚੀ ਮਾਰਕਫੈੱਡ ਟੀਮ ਨੂੰ ਵਧਾਈ ਦਿੰਦਿਆਂ ਕਿਹਾ ਕਿ ਮਾਰਕਫੈਡ ਇਸ ਮੌਕੇ ਇੱਕ ਸੱਚੇ ਯੋਧਾ ਦੀ ਤਰ੍ਹਾਂ ਉੱਭਰ ਕੇ ਸਾਹਮਣੇ ਆਇਆ ਹੈ।

ਉਨ੍ਹਾਂ ਕਿਹਾ ਕਿ ਮਹਾਂਮਾਰੀ ਦੇ ਇਨ੍ਹਾਂ ਚੁਣੌਤੀ ਭਰੇ ਹਾਲਾਤਾਂ ਦੌਰਾਨ ਕੋਵਿਡ-19 ਤੋਂ ਪੀੜ੍ਹਤ ਹਜ਼ਾਰਾਂ ਲੋਕਾਂ ਦੀ ਜਾਨ ਬਚਾਉਣ ਲਈ ਆਕਸੀਜਨ ਦੀ ਸਪਲਾਈ ਸਭ ਤੋਂ ਵੱਡੀ ਜ਼ਰੂਰਤ ਵਜੋਂ ਉੱਭਰ ਕੇ ਸਾਹਮਣੇ ਆਈ ਹੈ। ਉਨ੍ਹਾਂ ਕਿਹਾ ਕਿ ਬਦਕਿਸਮਤੀ ਨਾਲ, ਪੰਜਾਬ ਵਿੱਚ ਲਕਿਊਡ ਮੈਡੀਕਲ ਆਕਸੀਜਨ (ਐਲ.ਐਮ.ਓ.) ਦਾ ਉਤਪਾਦਨ ਕਰਨ ਵਾਲਾ ਇੱਕ ਵੀ ਵੱਡਾ ਪਲਾਂਟ ਨਹੀਂ ਹੈ। ਜਿਸ ਨਾਲ ਸੂਬੇ ਨੂੰ ਬੋਕਾਰੋ/ਹਜ਼ੀਰਾ, ਜੋ ਕਿ 1500 ਕਿਲੋਮੀਟਰ ਦੀ ਦੂਰੀ 'ਤੇ ਸਥਿਤ ਹੈ, ਤੋਂ ਕ੍ਰਾਇਓਜੈਨਿਕ ਟੈਂਕਰਾਂ ਰਾਹੀਂ ਆਕਸੀਜਨ ਦਾ ਕੋਟਾ ਚੁੱਕਣ ਲਈ ਮਜਬੂਰ ਹੋਣਾ ਪਿਆ, ਜੋ ਕਿ ਕਾਫ਼ੀ ਮੁਸ਼ਕਿਲ ਭਰਿਆ ਕਾਰਜ ਹੈ। ਰੰਧਾਵਾ ਨੇ ਕਿਹਾ ਕਿ ਸੂਬੇ 'ਚ ਆਕਸੀਜਨ ਦੀ ਸਪਲਾਈ ਵਧਾਉਣ ਲਈ ਚਾਰ ਹੋਰ ਕੰਟੇਨਰ ਸ਼ਾਮਲ ਕੀਤੇ ਜਾ ਰਹੇ ਹਨ।

ਉਨ੍ਹਾਂ ਦੱਸਿਆ ਕਿ ਮਾਰਕਫੈੱਡ ਨੇ ਐੱਲ.ਐੱਮ.ਓ. ਦੀ ਸਪਲਾਈ ਅਤੇ ਵੰਡ ਦੇ ਪ੍ਰਬੰਧਾਂ ਅਤੇ ਤਾਲਮੇਲ ਕਰਨ ਲਈ ਬੋਕਾਰੋ ਅਤੇ ਹਜ਼ੀਰਾ ਵਾਸਤੇ ਅਧਿਕਾਰੀਆਂ ਦੀਆਂ ਦੋ ਟੀਮਾਂ ਨਿਯੁਕਤ ਕੀਤੀਆਂ। ਇਸ ਤੋਂ ਇਲਾਵਾ ਮਾਰਕਫੈਡ ਦੇ ਐੱਮ.ਡੀ. ਸ੍ਰੀ ਵਰੁਣ ਰੂਜਮ ਦੀ ਅਗਵਾਈ ਹੇਠ ਮੁੱਖ ਦਫ਼ਤਰ ਵਿਖੇ ਮਾਰਕਫੈਡ ਦੇ ਅਧਿਕਾਰੀਆਂ ਦੀ ਟੀਮ ਇਸ ਕਾਰਜ ਨੂੰ ਸਫ਼ਲਤਾਪੂਰਵਕ ਨੇਪਰੇ ਚਾੜ੍ਹਨ ਲਈ ਦਿਨ ਰਾਤ ਕੰਮ ਕਰ ਰਹੀ ਹੈ।

ਜ਼ਿਕਰਯੋਗ ਹੈ ਕਿ ਸੂਬਾ ਸਰਕਾਰ ਨੇ ਮਾਰਕਫੈੱਡ ਨੂੰ 13 ਮਈ ਨੂੰ ਰੇਲਵੇ ਰਾਹੀਂ ਆਕਸੀਜਨ ਦੀ ਵਿਵਸਥਾ ਅਤੇ ਸਪਲਾਈ ਲਈ ਨਿਰਦੇਸ਼ ਦਿੱਤੇ ਸਨ। ਮਾਰਕਫੈੱਡ ਟੀਮ ਦੇ ਠੋਸ ਯਤਨਾ ਸਦਕਾ ਪਹਿਲੀ ਆਕਸੀਜਨ ਐਕਸਪ੍ਰੈਸ ਬੋਕਾਰੋ ਲਈ 14 ਮਈ ਦੀ ਅੱਧੀ ਰਾਤ ਨੂੰ ਰਵਾਨਾ ਹੋਈ ਅਤੇ ਇਹ ਬੋਕਾਰੋ ਤੋਂ ਆਕਸੀਜਨ ਲੈ ਕੇ 17 ਮਈ ਨੂੰ ਫਿਲੌਰ ਪਰਤੀ। ਇਸ ਤੋਂ ਇਲਾਵਾ ਦੂਜੀ ਆਕਸੀਜਨ ਐਕਸਪ੍ਰੈਸ 19 ਮਈ ਨੂੰ ਹਜ਼ੀਰਾ ਤੋਂ ਬਠਿੰਡਾ ਕੈਂਟ ਵਿਖੇ ਪਹੁੰਚੀ ਜਦੋਂ ਕਿ ਤੀਜੀ ਆਕਸੀਜਨ ਐਕਸਪ੍ਰੈਸ 20 ਮਈ ਨੂੰ ਬੋਕਾਰੋ ਤੋਂ ਫਿਲੌਰ ਪਹੁੰਚੀ। ਇਸੇ ਤਰ੍ਹਾਂ ਚੌਥੀ ਆਕਸੀਜਨ ਐਕਸਪ੍ਰੈਸ ਹਜ਼ੀਰਾ ਤੋਂ ਆਕਸੀਜਨ ਲਿਆਉਣ ਲਈ 20 ਮਈ ਨੂੰ ਬਠਿੰਡਾ ਕੈਂਟ ਤੋਂ ਰਵਾਨਾ ਹੋਈ ਹੈ ਅਤੇ 22 ਮਈ ਨੂੰ ਬਠਿੰਡਾ ਵਾਪਸ ਪਰਤੇਗੀ।

ਇਹ ਵੀ ਪੜ੍ਹੋ:ਪੰਜਾਬੀ ਨੌਜਵਾਨ ਦਾ ਮਨੀਲਾ ‘ਚ ਗੋਲੀਆਂ ਮਾਰ ਕੇ ਕਤਲ

ETV Bharat Logo

Copyright © 2024 Ushodaya Enterprises Pvt. Ltd., All Rights Reserved.