ETV Bharat / city

ਸਲਾਨਾ ਜੋੜ ਮੇਲਾ : ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਪਹਿਲੇ ਹੈਡ ਗ੍ਰੰਥੀ ਬ੍ਰਹਮ ਗਿਆਨੀ 'ਬਾਬਾ ਬੁੱਢਾ ਜੀ '

author img

By

Published : Oct 7, 2021, 9:31 AM IST

ਸਿੱਖ ਇਤਿਹਾਸ ਦੀ ਮਹਾਨ ਸ਼ਖ਼ਸੀਅਤ 'ਬਾਬਾ ਬੁੱਢਾ ਜੀ ' ਦਾ ਸਲਾਨਾ ਜੋੜ ਮੇਲ ਮਨਾਇਆ ਜਾ ਰਿਹਾ ਹੈ। ਬਾਬਾ ਬੁੱਢਾ ਜੀ ਉਹ ਬ੍ਰਹਮ ਗਿਆਨੀ ਸਨ, ਜਿਨ੍ਹਾਂ ਨੂੰ ਪੰਜ ਗੁਰੂ ਸਹਿਬਾਨਾਂ ਨੂੰ ਗੁਰਆਈ ਤਿਲਕ ਲਗਾਉਣ ਦਾ ਸੁਭਾਗ ਪ੍ਰਾਪਤ ਹੋਇਆ। ਬਾਬਾ ਬੁੱਢਾ ਜੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਪਹਿਲੇ ਹੈਡ ਗ੍ਰੰਥੀ ਵੀ ਬਣੇ।

ਬ੍ਰਹਮ ਗਿਆਨੀ 'ਬਾਬਾ ਬੁੱਢਾ ਜੀ '
ਬ੍ਰਹਮ ਗਿਆਨੀ 'ਬਾਬਾ ਬੁੱਢਾ ਜੀ '

ਚੰਡੀਗੜ੍ਹ : ਸਿੱਖ ਇਤਿਹਾਸ ਦੀ ਮਹਾਨ ਸ਼ਖ਼ਸੀਅਤ ਪੁੱਤਰਾਂ ਦੇ ਦਾਨੀ, ਸੱਚਖੰਡ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਪਹਿਲੇ ਹੈੱਡ ਗ੍ਰੰਥੀ ਬਾਬਾ ਬੁਢਾ ਜੀ ਦਾ ਸਲਾਨਾ ਜੋੜ ਮੇਲਾ ਮਨਾਇਆ ਜਾ ਰਿਹਾ ਹੈ। ਇਸ ਮੌਰੇ ਵੱਡੀ ਗਿਣਤੀ 'ਚ ਸੰਗਤ ਗੁਰਦੁਆਰਾ ਸ੍ਰੀ ਬੀੜ ਬਾਬਾ ਬੁੱਢਾ ਜੀ ਸਾਹਿਬ ਨਤਮਸਤਕ ਹੁੰਦੀ ਹੈ।

ਬਾਬਾ ਬੁੱਢਾ ਜੀ ਦਾ ਜੀਵਨ

ਬ੍ਰਹਮ ਗਿਆਨੀ 'ਬਾਬਾ ਬੁੱਢਾ ਜੀ' ਦਾ ਜਨਮ ਕੱਤਕ ਮਹੀਨੇ ਦੀ 7 ਤਰੀਕ 1563 ਬਿਕਰਮੀ (22 ਅਕਤੂਬਰ, 1506 - 16 ਨਵੰਬਰ 1631) ਨੂੰ ਪਿੰਡ ਗੱਗੋਨੰਗਲ ਵਿਖੇ ਭਾਈ ਸੁੱਘਾ ਜੀ ਰੰਧਾਵਾ ਦੇ ਘਰ ਹੋਇਆ ਸੀ। ਇਸ ਸਥਾਨ ਜ਼ਿਲ੍ਹਾ ਅੰਮ੍ਰਿਤਸਰ ਵਿੱਚ ਹੈ ਅਤੇ ਮੌਜੂਦਾ ਸਮੇਂ ਵਿੱਚ ਇਸ ਸਥਾਨ ਨੂੰ ਕੱਥੂਨੰਗਲ ਵਜੋਂ ਜਾਣਿਆ ਜਾਂਦਾ ਹੈ। ਬਾਬਾ ਬੁੱਢਾ ਜੀ ਦੇ ਪਿਤਾ 22 ਪਿੰਡਾਂ ਦੇ ਮਾਲਕ ਸਨ ਤੇ ਉਨ੍ਹਾਂ ਦੀ ਮਾਤਾ ਗੌਰਾਂ ਬੇਹਦ ਭਗਤੀ ਭਾਵ ਤੇ ਬੰਦਗੀ ਕਰਨ ਵਾਲੇ ਸੁਭਾਅ ਦੇ ਸਨ। ਮਾਤਾ ਵੱਲੋਂ ਭਗਤੀ ਤੇ ਬੰਦਗੀ ਕਰਨ ਦਾ ਅਸਰ ਬਾਬਾ ਬੁੱਢਾ ਜੀ 'ਤੇ ਬੇਹਦ ਜ਼ਿਆਦਾ ਪਿਆ।

ਕਿੰਝ ਪਿਆ ਬਾਬਾ ਬੁੱਢਾ ਜੀ ਨਾਂਅ

ਬਚਪਨ ਵਿੱਚ ਮਾਤਾ-ਪਿਤਾ ਨੇ ਬਾਬਾ ਬੁੱਢਾ ਜੀ ਦਾ ਨਾਂਅ ਬੂੜਾ ਰੱਖਿਆ। ਕੁੱਝ ਚਿਰ ਤੋਂ ਬਾਅਦ ਉਨ੍ਹਾਂ ਦੇ ਮਾਪੇ ਪਿੰਡ ਰਮਦਾਸ ਆ ਕੇ ਵੱਸ ਗਏ ਸਨ। ਇਸ ਮਗਰੋਂ ਮੱਝਾਂ ਦੇ ਵਾਗੀ ਵੀ ਬਣੇ। ਬਾਬਾ ਬੁੱਢਾ ਜੀ ਦੀ ਉਮਰ ਅਜੇ 12 ਸਾਲ ਦੀ ਹੀ ਸੀ ਜਦੋਂ ਉਨ੍ਹਾਂ ਨੂੰ ਕੱਥੂਨੰਗਲ ਵਿਖੇ ਪੁੱਜੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਦਰਸ਼ਨ ਕਰਨ ਦਾ ਸੁਭਾਗ ਹਾਸਲ ਹੋਇਆ। ਇਸ ਤੋਂ ਬਾਅਦ ਉਹ ਬਾਬਾ ਬੁੱਢਾ ਜੀ ਸ੍ਰੀ ਗੁਰੂ ਨਾਨਕ ਦੇ ਭਗਤ ਹੋ ਗਏ। ਉਹ ਰੋਜ਼ ਗੁਰੂ ਜੀ ਕੋਲ ਆਉਂਦੇ ਅਤੇ ਉਨ੍ਹਾਂ ਦਾ ਉਪਦੇਸ਼ ਸੁਣਦੇ ਅਤੇ ਉਨ੍ਹਾਂ ਲਈ ਦੁੱਧ ਦੀ ਸੇਵਾ ਕਰਦੇ। ਇੱਕ ਦਿਨ ਗੁਰੂ ਜੀ ਨੇ ਬੂੜਾ ਜੀ ਨੂੰ ਉਨ੍ਹਾਂ ਬਾਰੇ ਪੁੱਛਿਆ ਅਤੇ ਗੁਰੂ ਜੀ ਨੇ ਬੂੜਾ ਜੀ ਦੇ ਜੁਆਬ ਸੁਣ ਕੇ ਕਿਹਾ ਕਿ 'ਤੂੰ ਹੈ ਤਾਂ ਬੱਚਾ, ਪਰ ਗੱਲਾਂ ਬੁੱਢਿਆਂ ਯਾਨੀ ਕਿ (ਬਜ਼ੁਰਗਾਂ) ਵਾਂਗ ਕਰਦਾ ਹੈ। ਇਸ ਲਈ ਤੂੰ ਬੱਚਾ ਨਹੀਂ, ਤੂੰ ਬੁੱਢਾ ਹੈਂ।' ਉਸ ਦਿਨ ਤੋਂ ਬੂੜਾ ਜੀ ਦਾ ਨਾਂ 'ਬੁੱਢਾ ਜੀ' ਪੈ ਗਿਆ।

ਬਾਬਾ ਬੁੱਢਾ ਜੀ ਨੂੰ ਗੁਰਆਈ ਤਿਲਕ ਲਗਾਉਣ ਦਾ ਮਿਲਿਆ ਮਾਣ

ਸਿੱਖ ਬੂੜਾ ਜੀ ਨੂੰ ਪਿਆਰ ਨਾਲ ਬਾਬਾ ਬੁੱਢਾ ਜੀ ਕਹਿਣ ਲੱਗੇ । ਬਾਬਾ ਬੁੱਢਾ ਜੀ ਸਾਰਾ ਦਿਨ ਸੰਗਤਾਂ ਦੀ ਸੇਵਾ ਕਰਦੇ ਰਹਿੰਦੇ ਸਨ। ਉਹ ਖੇਤਾਂ ਵਿੱਚ ਜਾ ਕੇ ਹੱਥੀਂ ਕੰਮ ਕਰਦੇ ਅਤੇ ਨਾਂਅ ਜਪਦੇ ਰਹਿੰਦੇ ਸਨ। ਉਨ੍ਹਾਂ ਨੇ ਆਪਣਾ ਜੀਵਨ ਮਨੁੱਖਤਾ ਦੀ ਸੇਵਾ ਵਿੱਚ ਲਗਾਇਆ ਅਤੇ ਗੁਰੂ ਜੀ ਦੇ 'ਨਾਮ ਜਪਣ, ਕਿਰਤ ਕਰਨ ਅਤੇ ਵੰਡ ਕੇ ਛਕਣ ਦੇ ਉਪਦੇਸ਼ ਨੂੰ ਪੂਰਾ ਕਰਕੇ ਦਿਖਾਇਆ। ਗੁਰੂ ਨਾਨਕ ਦੇਵ ਜੀ ਉਨ੍ਹਾਂ ਉੱਤੇ ਬੇਹਦ ਪ੍ਰਸੰਨ ਸਨ ਅਤੇ ਜਦੋਂ ਗੁਰੂ ਜੀ ਨੇ ਗੁਰਗੱਦੀ ਗੁਰੂ ਅੰਗਦ ਦੇਵ ਜੀ ਨੂੰ ਸੌਂਪੀ, ਤਾਂ ਗੁਰੂ ਜੀ ਨੇ ਗੁ‌ਰਿਆਈ ਦੀ ਰਸਮ ਬਾਬਾ ਬੁੱਢਾ ਜੀ ਪਾਸੋਂ ਅਦਾ ਕਰਵਾਈ ਸੀ। ਇਸ ਮਗਰੋਂ ਤੀਜੀ, ਚੌਥੀ, ਪੰਜਵੀਂ ਤੇ ਛੇਵੀਂ ਪਾਤਸ਼ਾਹੀ ਨੂੰ ਗੁਰਤਾ ਦੀ ਰਸਮ ਵੀ ਬਾਬਾ ਬੁੱਢਾ ਜੀ ਹੀ ਕਰਦੇ ਰਹੇ। 6 ਗੁਰੂਆਂ ਦੇ ਦਰਸ਼ਨਾਂ ਦਾ ਸੁਭਾਗ ਪ੍ਰਾਪਤ ਅਤੇ 5 ਗੁਰੂਆਂ ਨੂੰ ਗੁਰਆਈ ਤਿਲਕ ਲਗਾਉਣ ਦਾ ਮਾਣ ਮਿਲਿਆ।

ਪੁੱਤਰ ਦਾਨੀ ਬਾਬਾ ਬੁੱਢਾ ਸਿੰਘ ਜੀ

ਸਿੱਖ ਇਤਿਹਾਸਕਾਰਾਂ ਮੁਤਾਬਕ ਜਦੋਂ ਤੀਜੀ ਪਾਤਸ਼ਾਹੀ ਸ੍ਰੀ ਗੁਰੂ ਅਮਰਦਾਸ ਜੀ ਰਾਹੀਂ ਬਾਦਸ਼ਾਹ ਅਕਬਰ ਵੱਲੋਂ ਚਿਤੌੜ ਦਾ ਕਿਲ੍ਹਾ ਫਤਿਹ ਕਰਨ ਤੋਂ ਬਾਅਦ ਪ੍ਰਗਣਾ ਝਬਾਲ (12 ਪਿੰਡ) ਗੁਰੂ ਘਰ ਨੂੰ ਭੇਂਟ ਕੀਤੇ ਤਾਂ ਉਨ੍ਹਾਂ ਨੇ ਬਾਬਾ ਬੁੱਢਾ ਜੀ ਨੂੰ ਇਸ ਜਗੀਰ ਦਾ ਕਾਰ ਮੁਖਤਾਰ ਬਣਾ ਕੇ ਇੱਥੇ ਬੀੜ ਵਿਖੇ ਡੇਰਾ ਲਾਉਣ ਦਾ ਹੁਕਮ ਦਿੱਤਾ। ਬਾਬਾ ਬੁੱਢਾ ਜੀ ਨੇ ਝਬਾਲ-ਢੰਡ-ਕਸੇਲ ਦੇ ਮੱਧ ਜਿਹੇ ਇੱਕ ਵਿਰਾਨ ਜਿਹੇ ਅਸਥਾਨ ’ਤੇ ਡੇਰਾ ਲਾਇਆ ਸੀ। ਇਸ ਸਥਾਨ 'ਤੇ ਹੁਣ ਗੁਰਦੁਆਰਾ ਸ੍ਰੀ ਬੀੜ ਬਾਬਾ ਬੁੱਢਾ ਸਾਹਿਬ ਜੀ ਸੁਸ਼ੋਭਿਤ ਹੈ।

ਸਿੱਖ ਇਤਿਹਾਸ ਮੁਤਾਬਕ ਧੰਨ ਧੰਨ ਬਾਬਾ ਬੁੱਢਾ ਜੀ ਨੇ ਮਾਤਾ ਗੰਗਾ ਜੀ ਨੂੰ ਪੁੱਤਰ ਦੀ ਦਾਤ ਲਈ ਅਸ਼ੀਰਵਾਦ ਦਿੱਤਾ ਅਤੇ ਕਿਹਾ ਮਾਤਾ ਜੀ ਆਪ ਜੀ ਦੇ ਘਰ ‘ਚ ਮਹਾਨ ਯੋਧਾ ਪੈਦਾ ਹੋਵੇਗਾ, ਜੋ ਮਨੁੱਖਤਾ ਅਤੇ ਧਰਮ ਦੀ ਰਾਖੀ ਲਈ ਮੁਗਲਾਂ ਦੇ ਸਿਰ ਕੁਚਲੇਗਾ। ਉਸ ਤੋਂ ਬਾਅਦ ਮਾਤਾ ਗੰਗਾ ਜੀ ਦੇ ਘਰ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਜਨਮ ਲਿਆ। ਇਸੇ ਖੁਸ਼ੀ ਵਿੱਚ ਹਰ ਸਾਲ ਗੁਰਦੁਆਰਾ ਬੀੜ ਬਾਬਾ ਬੁੱਢਾ ਸਾਹਿਬ ਜੀ (ਠੱਠਾ ) ਸਲਾਨਾਂ ਜੋੜ ਮੇਲਾ ਮਨਾਇਆ ਜਾਂਦਾ ਹੈ। ਇਥੇ ਵੱਡੀ ਗਿਣਤੀ 'ਚ ਸੰਗਤ ਪੁੱਤਰ ਪ੍ਰਾਪਤੀ ਦਾ ਅਸ਼ੀਰਵਾਦ ਹਾਸਲ ਕਰਨ ਆਉਂਦੀ ਹੈ ਤੇ ਪੁਰਾਣੀ ਰਵਾਇਤ ਮੁਤਾਬਕ ਮਿੱਠਾ ਪ੍ਰਸਾਦ ਚੜਾਉਂਦੇ ਹਨ।

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਪਹਿਲੇ ਹੈਡ ਗ੍ਰੰਥੀ

ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਕਰੀਬ 418 ਵਰ੍ਹੇ ਪਹਿਲਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਗੁਰੂ ਨਾਨਕ ਦੇਵ ਜੀ ਦੀ ਬਾਣੀ ਨੂੰ ਸੰਕਲਿਤ ਕੀਤਾ ਸੀ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਦੁਆਰਾ ਰਾਮਸਰ ਸਾਹਿਬ ਤੋਂ ਸ੍ਰੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਵਿਖੇ ਵਿਰਾਜਮਾਨ ਕੀਤਾ ਗਿਆ ਸੀ। ਗੁਰਦੁਆਰਾ ਰਾਮਸਰ ਸਾਹਿਬ ਤੋਂ ਸ੍ਰੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਪਹਿਲੇ ਗ੍ਰੰਥੀ ਬਾਬਾ ਬੁੱਢਾ ਸਾਹਿਬ ਜੀ ਨੂੰ ਬਣਾਇਆ। ਬਾਬਾ ਬੁੱਢਾ ਸਾਹਿਬ ਜੀ ਨੇ ਸੰਗਤ ਨਾਲ ਨਗਰ ਕੀਰਤਨ ਕੱਢਦੇ ਹੋਏ, ਸੱਚਖੰਡ ਸ੍ਰੀ ਹਰਿਮੰਦਿਰ ਸਾਹਿਬ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਪ੍ਰਕਾਸ਼ ਕੀਤਾ। ਪੰਜਵੇਂ ਗੁਰੂ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੇਵਾ ਬਾਬਾ ਬੁੱਢਾ ਸਾਹਿਬ ਜੀ ਨੂੰ ਸੌਂਪੀ ਸੀ।

ਅੰਤਮ ਸਮੇਂ

ਬ੍ਰਹਮ ਗਿਆਨੀ ਧੰਨ ਬਾਬਾ ਬੁੱਢਾ ਸਾਹਿਬ ਜੀ ਨੇ ਆਪਣੇ ਅੰਤਿਮ ਸਮੇਂ ਛੇਵੇਂ ਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਯਾਦ ਕੀਤਾ ਸੀ। ਉਸ ਸਮੇਂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਚੱਲ ਕੇ ਬਾਬਾ ਬੁੱਢਾ ਜੀ ਦੇ ਘਰ ਰਾਮਦਾਸ ਵਿਖੇ ਪਹੁੰਚੇ ਸਨ। ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਬਾਬਾ ਬੁੱਢਾ ਜੀ ਦਾ ਸੀਸ ਆਪਣੀ ਗੋਦ ਵਿੱਚ ਲੈ ਕੇ ਪਲੋਸ ਦੇ ਹਨ ਅਤੇ ਬਾਬਾ ਬੁੱਢਾ ਸਾਹਿਬ ਜੀ ਸੰਮਤ 1688 ਬਿਕਰਮੀ (ਸੰਨ 1631 ਈ:) ਨੂੰ 125 ਸਾਲ ਦੀ ਉਮਰ ਵਿੱਚ ਆਖਰੀ ਸਾਹ ਤਿਆਗ ਹਨ। ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਆਪਣੇ ਹੱਥੀ ਬਾਬਾ ਬੁੱਢਾ ਜੀ ਦਾ ਅੰਤਿਮ ਸੰਸਕਾਰ ਕੀਤਾ ਸੀ। ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਸਤਾਰਾਂ ਦਿਨ ਨਗਰ ਰਾਮਦਾਸ ਵਿਖੇ ਰਹਿ ਕੇ ਬਾਬਾ ਬੁੱਢਾ ਸਾਹਿਬ ਜੀ ਦੀਆਂ ਅੰਤਿਮ ਰਸਮਾਂ ਪੂਰੀਆਂ ਕੀਤੀਆਂ ਸਨ। ਹੁਣ ਇਹ ਅਸਥਾਨ ਗੁਰਦੁਆਰਾ ਤੱਪ ਅਸਥਾਨ ਬਾਬਾ ਬੁੱਢਾ ਸਾਹਿਬ ਜੀ ਸੁਸ਼ੋਭਿਤ ਹੈ। ਬਾਬਾ ਬੁੱਢਾ ਜੀ ਨੇ 125 ਸਾਲ ਦੀ ਉਮਰ ਵਿੱਚੋ 113 ਸਾਲ ਸਿੱਖੀ ਅਤੇ ਸਿੱਖ ਧਰਮ ਲਈ ਸੇਵਾ ਨਿਭਾਈ।

ਇਹ ਵੀ ਪੜ੍ਹੋ : ਪੰਜਾਬ 'ਚ ਖੁਦਕੁਸ਼ੀਆਂ ਕਰਨ ਵਾਲੇ ਕਿਸਾਨਾਂ ਦੇ ਪਰਿਵਾਰਾਂ ਲਈ ਸਮੇਂ ਦੀਆਂ ਸਰਕਾਰਾਂ ਨੇ ਕੀ ਕੀਤਾ?

ETV Bharat Logo

Copyright © 2024 Ushodaya Enterprises Pvt. Ltd., All Rights Reserved.