ETV Bharat / city

ਸਿੰਘੂ ਘਟਨਾ ਨੂੰ ਲੈਕੇ ਉੱਪ ਮੁੱਖ ਮੰਤਰੀ ਰੰਧਾਵਾ ਦਾ ਵੱਡਾ ਬਿਆਨ

author img

By

Published : Oct 19, 2021, 6:34 PM IST

ਸਿੰਘੂ ਘਟਨਾ ਨੂੰ ਲੈਕੇ ਉੱਪ ਮੁੱਖ ਮੰਤਰੀ ਰੰਧਾਵਾ ਦਾ ਵੱਡਾ ਬਿਆਨ
ਸਿੰਘੂ ਘਟਨਾ ਨੂੰ ਲੈਕੇ ਉੱਪ ਮੁੱਖ ਮੰਤਰੀ ਰੰਧਾਵਾ ਦਾ ਵੱਡਾ ਬਿਆਨ

ਪੰਜਾਬ ਦੇ ਉੱਪ ਮੁੱਖ ਮੰਤਰੀ ਸੁਖਜਿੰਦਰ ਰੰਧਾਵਾ (Sukhjinder Singh Randhawa) ਨੇ ਸਿੰਘੂ ਕਤਲਕਾਂਡ ਪਿੱਛੇ ਗਹਿਰੀ ਸਾਜ਼ਿਸ਼ ਹੋਣ ਦਾ ਸ਼ੱਕ ਜਤਾਇਆ ਹੈ। ਉਨ੍ਹਾਂ ਇਸ ਮਾਮਲੇ ਦੇ ਵਿੱਚ ਸੂਬਾ ਵਾਸੀਆਂ ਨੂੰ ਭਰੋਸਾ ਦਿੰਦਿਆਂ ਕਿਹਾ ਕਿ ਸਰਕਾਰ ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰੇਗੀ ਤੇ ਮੁੱਖ ਦੋਸ਼ੀਆਂ ਨੂੰ ਬੇਨਕਾਬ ਕਰੇਗੀ।

ਚੰਡੀਗੜ੍ਹ: ਪੰਜਾਬ ਦੇ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ (Sukhjinder Singh Randhawa) ਨੇ ਕਿਹਾ ਕਿ ਸਿੰਘੂ ਕਤਲਕਾਂਡ ਕਿਸਾਨਾਂ ਦੇ ਸੰਘਰਸ਼ ਨੂੰ ਢਾਹ ਲਾਉਣ ਦੀ ਇੱਕ ਡੂੰਘੀ ਸਾਜ਼ਿਸ਼ ਜਾਪਦੀ ਹੈ। ਤਰਨਤਾਰਨ ਦੇ ਇੱਕ ਅਨੁਸੂਚਿਤ ਜਾਤੀ ਨਾਲ ਸਬੰਧਿਤ ਮਜ਼ਦੂਰ ਦੇ ਕਤਲ ਦੀ ਮੌਜੂਦਾ ਘਟਨਾ ਅਤੇ ਮੀਡੀਆ ਵਿੱਚ ਹੋਏ ਤਾਜ਼ਾ ਖੁਲਾਸਿਆਂ ਦਾ ਜ਼ਿਕਰ ਕਰਦਿਆਂ ਉਪ ਮੁੱਖ ਮੰਤਰੀ, ਜਿੰਨ੍ਹਾਂ ਕੋਲ ਗ੍ਰਹਿ ਵਿਭਾਗ ਹੈ, ਨੇ ਪੂਰਨ ਨਿਆਂ ਦਾ ਵਾਅਦਾ ਕਰਦਿਆਂ ਕਿਹਾ ਕਿ ਸਰਕਾਰ ਮਾਮਲੇ ਦੀ ਡੂੰਘਾਈ ਤੱਕ ਪਹੁੰਚੇਗੀ ਅਤੇ ਇਸ ਘਟਨਾ ਦੇ ਅਸਲ ਸਾਜ਼ਿਸ਼ਕਰਤਾਵਾਂ ਨੂੰ ਬੇਨਕਾਬ ਕਰੇਗੀ।

ਨਿਹੰਗ ਆਗੂਆਂ ਵਿੱਚੋਂ ਇੱਕ ਨਿਹੰਗ ਆਗੂ ਦੇ ਭਾਰਤ ਸਰਕਾਰ (Government of India), ਖ਼ਾਸ ਕਰਕੇ ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ (Narinder Singh Tomar) ਨਾਲ ਸਬੰਧ ਹੋਣ ਬਾਰੇ ਹਾਲ ਹੀ ਵਿੱਚ ਹੋਏ ਖੁਲਾਸਿਆਂ ਦੇ ਮੱਦੇਨਜ਼ਰ, ਉਨ੍ਹਾਂ ਕਿਹਾ ਕਿ ਇਸ ਹੱਤਿਆਕਾਂਡ ਨੇ ਹੁਣ ਬਿਲਕੁਲ ਵੱਖਰਾ ਮੋੜ ਲੈ ਲਿਆ ਹੈ। ਉਹੀ ਨਿਹੰਗ ਆਗੂ ਹੁਣ ਲਖਬੀਰ ਸਿੰਘ ਦੀ ਹੱਤਿਆ ਦੇ ਮੁੱਖ ਦੋਸ਼ੀ ਨੂੰ ਬਚਾਉਣ ਦੀਆਂ ਕੋਸ਼ਿਸ਼ਾਂ ਕਰ ਰਹੇ ਹਨ।

ਉਪ ਮੁੱਖ ਮੰਤਰੀ ਨੇ ਕਿਹਾ ਕਿ ਅਨੁਸੂਚਿਤ ਜਾਤੀ ਪਰਿਵਾਰ ਨਾਲ ਸਬੰਧਤ ਲਖਬੀਰ ਸਿੰਘ ਪਿੰਡ ਚੀਮਾ ਕਲਾਂ ਦਾ ਰਹਿਣ ਵਾਲਾ ਸੀ ਅਤੇ ਬਹੁਤ ਗਰੀਬ ਸੀ। ਉਨ੍ਹਾਂ ਅੱਗੇ ਕਿਹਾ ਕਿ ਸਾਨੂੰ ਇਹ ਪਤਾ ਲਗਾਉਣ ਦੀ ਜ਼ਰੂਰਤ ਹੈ ਕਿ ਉਸਨੂੰ ਸਿੰਘੂ ਸਰਹੱਦ 'ਤੇ ਕੌਣ ਲੈ ਕੇ ਗਿਆ ਸੀ ਅਤੇ ਕਿਸਨੇ ਦਿੱਲੀ ਤੱਕ ਉਸਦੀ ਯਾਤਰਾ ਦਾ ਖ਼ਰਚ ਕੀਤਾ ਸੀ ਕਿਉਂਕਿ ਉਸ ਕੋਲ ਆਪਣੀ ਰੋਟੀ ਲਈ ਵੀ ਪੈਸੇ ਨਹੀਂ ਸਨ। ਉਨ੍ਹਾਂ ਨੇ ਸਥਾਨਕ ਪ੍ਰਸ਼ਾਸਨ ਨੂੰ ਉਨ੍ਹਾਂ ਕਾਰਨਾਂ ਦੀ ਜਾਂਚ ਕਰਨ ਦੀ ਹਦਾਇਤ ਕੀਤੀ ਜਿਨ੍ਹਾਂ ਕਾਰਨਾਂ ਕਰਕੇ ਲਖਵੀਰ ਚੀਮਾ ਕਲਾਂ ਪਿੰਡ ਤੋਂ ਸਿੰਘੂ ਬਾਰਡਰ ਗਿਆ ਸੀ।

ਹਾਲ ਹੀ ਵਿੱਚ ਸਾਹਮਣੇ ਆਈਆਂ ਤਾਜ਼ਾ ਤਸਵੀਰਾਂ ਦੇ ਮੱਦੇਨਜ਼ਰ ਰੰਧਾਵਾ ਨੇ ਕਿਹਾ ਕਿ ਨਿਹੰਗ ਆਗੂ ਨੂੰ ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਨਾਲ ਆਪਣੀ ਮੁਲਾਕਾਤ ਦਾ ਕਾਰਨ ਦੱਸਣ ਦੀ ਜ਼ਰੂਰਤ ਹੋਵੇਗੀ ਅਤੇ ਇਹ ਵੀ ਦੱਸਣਾ ਹੋਵੇਗਾ ਕਿ ਕੀ ਉਨ੍ਹਾਂ ਨੂੰ ਤਿੰਨ ਕਾਲੇ ਖੇਤੀ ਕਾਨੂੰਨ ਵਿਰੁੱਧ ਮੁਹਿੰਮ ਦੀ ਅਗਵਾਈ ਕਰ ਰਹੇ ਕਿਸਾਨ ਯੂਨੀਅਨਾਂ ਵੱਲੋਂ ਅਜਿਹਾ ਕਰਨ ਦਾ ਆਦੇਸ਼ ਦਿੱਤਾ ਗਿਆ ਸੀ।

ਉਪ ਮੁੱਖ ਮੰਤਰੀ ਨੇ ਕਿਹਾ ਕਿ ਨਿਹੰਗ ਆਗੂਆਂ ਵੱਲੋਂ ਸਿੰਘੂ ਬਾਰਡਰ 'ਤੇ ਡੇਰੇ ਅਤੇ ਧਰਨੇ ਵਾਲੇ ਸਥਾਨ ਦੀ ਮਹੱਤਤਾ ਨੂੰ ਵੇਖਦਿਆਂ ਨਿਹੰਗ ਆਗੂਆਂ ਲਈ ਕਿਸਾਨ ਯੂਨੀਅਨਾਂ ਨੂੰ ਸੂਚਿਤ ਕਰਨਾ ਅਤੇ ਕੇਂਦਰੀ ਮੰਤਰੀ ਨਾਲ ਉਨ੍ਹਾਂ ਦੀਆਂ ਮੀਟਿੰਗਾਂ ਬਾਰੇ ਅਪਡੇਟ ਦੇਣਾ ਲਾਜ਼ਮੀ ਸੀ। ਉਨ੍ਹਾਂ ਕਿਹਾ ਕਿ ਇਸ ਨਾਲ ਲੋਕਾਂ ਦੇ ਮਨਾਂ ਵਿੱਚ ਸ਼ੰਕੇ ਅਤੇ ਸ਼ੱਕ ਪੈਦਾ ਹੋਏ ਹਨ ਜਿੰਨ੍ਹਾਂ ਨੂੰ ਦੂਰ ਕਰਨ ਦੀ ਜ਼ਰੂਰਤ ਹੈ ਅਤੇ ਪੰਜਾਬ ਸਰਕਾਰ (Government of Punjab) ਸਾਜ਼ਿਸ਼ ਦੀ ਜੜ੍ਹ ਤੱਕ ਪਹੁੰਚਣ ਅਤੇ ਦੋਸ਼ੀਆਂ ਨੂੰ ਬੇਨਕਾਬ ਕਰਨ ਅਤੇ ਸਜ਼ਾ ਦੇਣ ਲਈ ਹਰ ਸੰਭਵ ਯਤਨ ਕਰੇਗੀ।

ਇਹ ਵੀ ਪੜ੍ਹੋ:ਨਵਜੋਤ ਸਿੰਘ ਸਿੱਧੂ ਨੇ ਲਖੀਮਪੁਰ ਖੀਰੀ ਨੂੰ ਲੈ ਕੇ ਵੀਡੀਓ ਕੀਤੀ ਸਾਂਝੀ

ETV Bharat Logo

Copyright © 2024 Ushodaya Enterprises Pvt. Ltd., All Rights Reserved.