ETV Bharat / bharat

ਫਰਾਂਸ ਦੌਰੇ 'ਤੇ ਗਏ ਪੀਐੱਮ ਨੂੰ ਦਿੱਲੀ ਦੇ ਹੜ੍ਹ ਦੀ ਚਿੰਤਾ, ਐੱਲਜੀ ਨੂੰ ਲਾਇਆ ਫੋਨ ਤੇ ਸਾਰੇ ਪ੍ਰਬੰਧਾਂ ਦੀ ਲਈ ਜਾਣਕਾਰੀ, ਪੜ੍ਹੋ ਦਿੱਲੀ ਦੇ ਹਾਲਾਤ...

author img

By

Published : Jul 14, 2023, 4:15 PM IST

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਇਨ੍ਹਾਂ ਦਿਨਾਂ ਵਿੱਚ ਫਰਾਂਸ ਦੌਰਾ ਚੱਲ ਰਿਹਾ ਹੈ ਪਰ ਉਨ੍ਹਾਂ ਨੇ ਦਿੱਲੀ ਦੇ ਉਪ ਰਾਜਪਾਲ ਵੀਕੇ ਸਕਸੈਨਾ ਨੂੰ ਫੋਨ ਕਰਕੇ ਦਿੱਲੀ ਵਿੱਚ ਹੜ੍ਹਾਂ ਦੀ ਮੌਜੂਦਾ ਸਥਿਤੀ ਅਤੇ ਨੁਕਸਾਨ ਤੋਂ ਬਚਾਅ ਲਈ ਪ੍ਰਬੰਧਾਂ ਬਾਰੇ ਜਾਣਕਾਰੀ ਹਾਸਿਲ ਕੀਤੀ ਹੈ। ਐਲਜੀ ਸਕਸੈਨਾ ਵੱਲੋਂ ਬਕਾਇਦਾ ਇਸ ਸਬੰਧੀ ਟਵੀਟ ਕੀਤਾ ਗਿਆ ਹੈ।
PM Modi called LG Saxena from France and discussed about flood situation in Delhi
ਫਰਾਂਸ ਦੌਰੇ 'ਤੇ ਗਏ ਪੀਐੱਮ ਨੂੰ ਦਿੱਲੀ ਦੇ ਹੜ੍ਹ ਦੀ ਚਿੰਤਾ, ਐੱਲਜੀ ਨੂੰ ਲਾਇਆ ਫੋਨ ਤੇ ਸਾਰੇ ਪ੍ਰਬੰਧਾਂ ਦੀ ਲਈ ਜਾਣਕਾਰੀ, ਪੜ੍ਹੋ ਦਿੱਲੀ ਦੇ ਹਾਲਾਤ...

ਨਵੀਂ ਦਿੱਲੀ : ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਫਰਾਂਸ ਦੌਰੇ ਉੱਤੇ ਹਨ ਪਰ ਉਨ੍ਹਾਂ ਨੂੰ ਦਿੱਲੀ ਦੀ ਚਿੰਤਾ ਖਾ ਰਹੀ ਹੈ। ਦਰਅਸਲ ਦਿੱਲੀ 'ਚ ਹੜ੍ਹਾਂ ਤੋਂ ਵੀ ਖਤਰਨਾਕ ਹਾਲਾਤ ਬਣੇ ਹੋਏ ਹਨ। ਇਹੀ ਮੋਦੀ ਦੀ ਚਿੰਤਾ ਦਾ ਕਾਰਣ ਹੈ। ਉਨ੍ਹਾਂ ਵੱਲੋਂ ਬਕਾਇਦਾ ਦਿੱਲੀ ਦੇ ਐੱਲਜੀ ਨੂੰ ਫੋਨ ਕਰਕੇ ਸਾਰੀ ਸਥਿਤੀ ਦੀ ਜਾਣਕਾਰੀ ਲਈ ਗਈ ਹੈ। ਦਿੱਲੀ ਦੇ ਉਪ ਰਾਜਪਾਲ ਵਿਨੇ ਕੁਮਾਰ ਸਕਸੈਨਾ ਨੇ ਇਸ ਸਬੰਧੀ ਇਕ ਟਵੀਟ ਕੀਤਾ ਹੈ ਕਿ ਲੰਘੀ ਰਾਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਫਰਾਂਸ ਤੋਂ ਉਨ੍ਹਾਂ ਨਾਲ ਫੋਨ 'ਤੇ ਗੱਲ ਕੀਤੀ ਤੇ ਦਿੱਲੀ ਨੂੰ ਲੈ ਕੇ ਚਿੰਤਾ ਜਾਹਿਰ ਕੀਤੀ ਹੈ। ਇਸ ਸਬੰਧੀ ਉਨ੍ਹਾਂ ਇਕ ਟਵੀਟ ਵੀ ਕੀਤਾ ਹੈ।

ਦਿੱਲੀ ਆਫ਼ਤ ਪ੍ਰਬੰਧਨ ਅਥਾਰਟੀ ਦੀ ਇੱਕ ਮੀਟਿੰਗ : ਇਸ ਸਬੰਧੀ ਦੱਸਦਿਆਂ ਐੱਲਜੀ ਸਕਸੈਨਾ ਨੇ ਆਪਣੇ ਟਵੀਟ ਵਿੱਚ ਲਿਖਿਆ ਹੈ ਕਿ ਦਿੱਲੀ ਵਿੱਚ ਪਾਣੀ ਭਰਨ ਅਤੇ ਹੜ੍ਹਾਂ ਵਰਗੇ ਹਾਲਾਤ ਪੈਦਾ ਹੋਣ ਤੋਂ ਬਾਅਦ ਇਸ ਸਥਿਤੀ ਨਾਲ ਨਿਪਟਣ ਦੀ ਸਾਰੀ ਜਾਣਕਾਰੀ ਪ੍ਰਧਾਨ ਮੰਤਰੀ ਨੂੰ ਦਿੱਤੀ ਗਈ ਹੈ। ਉਨ੍ਹਾਂ ਕੇਂਦਰ ਸਰਕਾਰ ਤੋਂ ਇਸ ਸਬੰਧੀ ਹਰ ਸੰਭਵ ਮਦਦ ਲੈ ਕੇ ਦਿੱਲੀ ਦੇ ਹਿੱਤ ਵਿੱਚ ਯੋਗ ਕਦਮ ਚੁੱਕਣ ਦੇ ਨਿਰਦੇਸ਼ ਵੀ ਜਾਰੀ ਕੀਤੇ ਹਨ। ਇਹੀ ਨਹੀਂ, ਦਿੱਲੀ ਆਫ਼ਤ ਪ੍ਰਬੰਧਨ ਅਥਾਰਟੀ ਦੀ ਇੱਕ ਮੀਟਿੰਗ ਉਪ ਰਾਜਪਾਲ ਦੀ ਪ੍ਰਧਾਨਗੀ ਹੇਠ ਕੀਤੀ ਗਈ ਹੈ। ਇਸ ਮੀਟਿੰਗ ਵਿੱਚ ਟ੍ਰੈਫਿਕ ਜਾਮ ਆਦਿ ਦੀਆਂ ਸਮੱਸਿਆਵਾਂ ਦੇ ਮੱਦੇਨਜ਼ਰ ਅਹਿਮ ਫੈਸਲੇ ਕੀਤੇ ਗਏ ਹਨ।

ਦਿੱਲੀ ਦੇ ਸਕੂਲ ਕਾਲਜ ਬੰਦ : ਜ਼ਿਕਰਯੋਗ ਹੈ ਕਿ ਦਿੱਲੀ ਪ੍ਰਸ਼ਾਸਨ ਨੇ ਸਾਰੇ ਸਕੂਲ-ਕਾਲਜ ਬੰਦ ਰੱਖਣ ਦੇ ਹੁਕਮ ਦਿੱਤੇ ਹਨ ਅਤੇ ਇਸਦੇ ਨਾਲ ਹੀ ਦਿੱਲੀ 'ਚ ਦੂਜੇ ਸੂਬਿਆਂ ਤੋਂ ਆਉਣ ਵਾਲੀਆਂ ਭਾਰੀਆਂ ਗੱਡੀਆਂ ਦੀ ਐਂਟਰੀ ਨੂੰ ਵੀ ਬੰਦ ਕਰ ਦਿੱਤਾ ਹੈ। ਇਸ ਤੋਂ ਇਲਾਵਾ ਸਰਕਾਰੀ ਦਫ਼ਤਰਾਂ ਵਿੱਚ ਵੀ ਘਰ ਤੋਂ ਕੰਮ ਕਰਨ ਦੇ ਹੁਕਮ ਹਨ। ਰਾਜਪਾਲ ਵੱਲੋਂ ਖੁਦ ਸਾਰੀ ਸਥਿਤੀ ਦੇਖੀ ਜਾ ਰਹੀ ਹੈ।

ਕੇਜਰੀਵਾਲ ਨੇ ਲਿਖੀ ਗ੍ਰਹਿ ਮੰਤਰੀ ਨੂੰ ਚਿੱਠੀ: ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਇਸ ਸਬੰਧੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਇੱਕ ਚਿੱਠੀ ਵੀ ਲਿਖੀ ਹੈ। ਇਸ ਵਿੱਚ ਕੁਝ ਹਫ਼ਤਿਆਂ ਬਾਅਦ ਜੀ-20 ਸਿਖਰ ਸੰਮੇਲਨ ਹੋਣ ਬਾਰੇ ਵੀ ਜਿਕਰ ਹੈ। ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਗ੍ਰਹਿ ਮੰਤਰੀ ਨੂੰ ਹਥਨੀ ਕੁੰਡ ਬੈਰਾਜ ਤੋਂ ਸੀਮਤ ਦਰ 'ਤੇ ਪਾਣੀ ਛੱਡੇ ਜਾਣ ਦੀ ਬੇਨਤੀ ਵੀ ਕੀਤੀ ਹੈ। ਜਿਕਰਯੋਗ ਹੈ ਕਿ ਦਿੱਲੀ ਵਿੱਚ ਯਮੁਨਾ ਦੇ ਪਾਣੀ ਦਾ ਪੱਧਰ ਵੀਰਵਾਰ ਦੁਪਹਿਰ ਤੋਂ 208.60 ਮੀਟਰ ਦੇ ਕਰੀਬ ਬਣਿਆ ਹੋਇਆ ਹੈ। ਇਸ ਲਈ ਐੱਨਡੀਆਰਐੱਫ ਦੀਆਂ ਕੋਈ 12 ਟੀਮਾਂ ਹੜ੍ਹ ਪੀੜਤਾਂ ਦੀ ਮਦਦ ਲਈ ਜੁਟੀਆਂ ਹੋਈਆਂ ਹਨ। ਦਿੱਲੀ ਦੇ ਕਸ਼ਮੀਰੀ ਗੇਟ, ਲਾਲ ਕਿਲਾ, ਰਾਜ ਘਾਟ ਅਤੇ ਆਈਟੀਓ ਆਦਿ ਸਮੇਤ ਪ੍ਰਮੁੱਖ ਥਾਵਾਂ 'ਤੇ ਪਾਣੀ ਭਰਨ ਨਾਲ ਲੋਕ ਪਰੇਸ਼ਾਨ ਹੋ ਰਹੇ ਹਨ।

ETV Bharat Logo

Copyright © 2024 Ushodaya Enterprises Pvt. Ltd., All Rights Reserved.