ETV Bharat / bharat

Monsoon Session 2023: ਆਖਿਰੀ ਸਮੇਂ 'ਤੇ ਭਾਸ਼ਣ ਦੇਣ ਤੋਂ ਪਿੱਛੇ ਕਿਉਂ ਹਟੇ ਰਾਹੁਲ ਗਾਂਧੀ? ਪ੍ਰਹਿਲਾਦ ਜੋਸ਼ੀ ਦੇ ਸਵਾਲ 'ਤੇ ਲੋਕ ਸਭਾ 'ਚ ਤਿੱਖੀ ਬਹਿਸ

author img

By

Published : Aug 8, 2023, 2:09 PM IST

Updated : Aug 8, 2023, 2:26 PM IST

ਲੋਕ ਸਭਾ 'ਚ ਅੱਜ ਬੇਭਰੋਸਗੀ ਮਤੇ ਉੱਤੇ ਬਹਿਸ ਸ਼ੁਰੂ ਹੋ ਗਈ ਹੈ। ਕਾਰਵਾਈ ਦੀ ਸ਼ੁਰੂਆਤ ਵਿੱਚ ਹੀ ਕੇਂਦਰੀ ਮੰਤਰੀ ਪ੍ਰਹਿਲਾਦ ਜੋਸ਼ੀ ਨੇ ਰਾਹੁਲ ਗਾਂਧੀ ਦੇ ਆਖਰੀ ਸਮੇਂ ਵਿੱਚ ਭਾਸ਼ਣ ਨਾ ਦੇਣ ਦੇ ਫੈਸਲੇ ਉੱਤੇ ਸਵਾਲ ਉਠਾਏ। ਇਸ ਸਬੰਧੀ ਸੰਸਦ ਮੈਂਬਰ ਗੌਰਵ ਗੋਗੋਈ ਵੱਲੋਂ ਦਿੱਤੇ ਗਏ ਜਵਾਬ ਕਾਰਨ ਮਾਹੌਲ ਗਰਮ ਹੋ ਗਿਆ। ਪ੍ਰਹਿਲਾਦ ਜੋਸ਼ੀ ਦੇ ਨਾਲ-ਨਾਲ ਸੰਸਦ ਮੈਂਬਰ ਅਮਿਤ ਸ਼ਾਹ ਵੀ ਭੜਕ ਗਏ।

Monsoon Session
Monsoon Session

ਕੇਂਦਰੀ ਮੰਤਰੀ ਪ੍ਰਹਿਲਾਦ ਜੋਸ਼ੀ ਦੇ ਸਵਾਲ 'ਤੇ ਤਿੱਖੀ ਬਹਿਸ

ਨਵੀਂ ਦਿੱਲੀ: ਲੋਕ ਸਭਾ ਦੇ ਅੰਦਰ ਵਿਰੋਧੀ ਧਿਰ ਦੇ ਬੇਭਰੋਸਗੀ ਮਤੇ 'ਤੇ ਬਹਿਸ ਸ਼ੁਰੂ ਹੋ ਗਈ ਹੈ। ਹਾਲਾਂਕਿ ਬਹਿਸ ਸ਼ੁਰੂ ਹੋਣ ਤੋਂ ਪਹਿਲਾਂ ਹੀ ਕੇਂਦਰੀ ਮੰਤਰੀ ਪ੍ਰਹਿਲਾਦ ਜੋਸ਼ੀ ਨੇ ਰਾਹੁਲ ਗਾਂਧੀ ਦੇ ਆਖਰੀ ਸਮੇਂ 'ਤੇ ਭਾਸ਼ਣ ਨਾ ਦੇਣ ਦੇ ਫੈਸਲੇ 'ਤੇ ਸਵਾਲ ਉਠਾਏ। ਜਿਸ ਤੋਂ ਬਾਅਦ ਸਦਨ ਦੇ ਅੰਦਰ ਕਾਂਗਰਸ ਦੇ ਸੰਸਦ ਮੈਂਬਰ ਗੌਰਵ ਗੋਗੋਈ ਅਤੇ ਪ੍ਰਹਿਲਾਦ ਜੋਸ਼ੀ ਵਿਚਾਲੇ ਤਿੱਖੀ ਬਹਿਸ ਹੋਈ।

ਕੇਂਦਰੀ ਮੰਤਰੀ ਜੋਸ਼ੀ ਨੇ ਚੁੱਕੇ ਸਵਾਲ: ਕੇਂਦਰੀ ਮੰਤਰੀ ਜੋਸ਼ੀ ਨੇ ਗੌਰਵ ਗੋਗੋਈ ਦੁਆਰਾ ਭਾਸ਼ਣ ਦੀ ਸ਼ੁਰੂਆਤ ਕਰਨ 'ਤੇ ਸਦਨ 'ਚ ਖੜੇ ਹੋ ਕੇ ਇਹ ਕਿਹਾ ਕਿ ਉਨ੍ਹਾਂ ਨੂੰ ਇਹ ਜਾਣਕਾਰੀ ਮਿਲੀ ਸੀ ਕਿ ਕਾਂਗਰਸ ਵਲੋਂ ਲੋਕ ਸਭਾ ਨੂੰ ਇਹ ਸੂਚਨਾ ਦਿੱਤੀ ਗਈ ਸੀ ਕਿ ਬੇਭਰੋਸਗੀ ਮਤੇ 'ਤੇ ਚਰਚਾ ਦੀ ਸ਼ੁਰੂਆਤ ਗੌਰਵ ਗੋਗੋਈ ਦੀ ਥਾਂ ਰਾਹੁਲ ਗਾਂਧੀ ਕਰਨਗੇ ਪਰ ਅਜਿਹਾ ਕੀ ਹੋ ਗਿਆ ਕਿ ਅੰਤਿਮ ਸਮੇਂ 'ਚ ਰਾਹੁਲ ਗਾਂਧੀ ਭਾਸ਼ਣ ਦੇਣ ਤੋਂ ਪਿੱਛੇ ਹਟ ਗਏ ਅਤੇ ਹੁਣ ਗੌਰਵ ਗੋਗੋਈ ਹੀ ਬੋਲ ਰਹੇ ਹਨ।

ਕੇਂਦਰੀ ਮੰਤਰੀ ਦੇ ਸਵਾਲ 'ਤੇ ਮੋੜਵਾਂ ਜਵਾਬ: ਲੋਕ ਸਭਾ 'ਚ ਸੋਨੀਆ ਗਾਂਧੀ ਅਤੇ ਰਾਹੁਲ ਗਾਂਧੀ ਦੀ ਮੌਜੂਦਗੀ 'ਚ ਜਿਵੇਂ ਹੀ ਜੋਸ਼ੀ ਨੇ ਇਹ ਗੱਲ ਕਹੀ ਤਾਂ ਗੌਰਵ ਗੋਗੋਈ ਨੇ ਸਪੀਕਰ ਦੇ ਦਫਤਰ ਦੀ ਗੁਪਤਤਾ ਅਤੇ ਕੇਂਦਰੀ ਮੰਤਰੀ ਨੂੰ ਮਿਲੀ ਜਾਣਕਾਰੀ ਦੇ ਸਰੋਤ 'ਤੇ ਸਿੱਧੇ ਸਵਾਲ ਖੜ੍ਹੇ ਕਰਦੇ ਹੋਏ ਕਿਹਾ ਕਿ ਸਪੀਕਰ ਦੇ ਚੈਂਬਰ 'ਚ ਕੀ ਕੁਝ ਹੁੰਦਾ ਹੈ। ਕੀ ਇਸ ਨੂੰ ਜਨਤਕ ਕਰਨਾ ਸਹੀ ਹੈ ਕਿਉਂਕਿ ਉਨ੍ਹਾਂ ਨੇ ਕਦੇ ਇਹ ਜਨਤਕ ਨਹੀਂ ਕੀਤਾ ਕਿ ਸਪੀਕਰ ਦੇ ਚੈਂਬਰ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੀ ਕੀ ਕਿਹਾ ਹੈ।

ਸਪੀਕਰ ਓਮ ਬਿਰਲਾ ਦੀ ਕਾਂਗਰਸ ਨੂੰ ਨਸੀਹਤ: ਕਾਂਗਰਸੀ ਸੰਸਦ ਮੈਂਬਰ ਦੇ ਇਸ ਬਿਆਨ ਦਾ ਵਿਰੋਧ ਕਰਦੇ ਹੋਏ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਖੜ੍ਹੇ ਹੋ ਕੇ ਕਿਹਾ ਕਿ ਕਾਂਗਰਸੀ ਸੰਸਦ ਮੈਂਬਰ ਗੰਭੀਰ ਦੋਸ਼ ਲਗਾ ਰਹੇ ਹਨ। ਪ੍ਰਧਾਨ ਮੰਤਰੀ ਦਾ ਨਾਂ ਲੈ ਕੇ ਉਨ੍ਹਾਂ ਨੂੰ ਸਦਨ 'ਚ ਸਭ ਕੁਝ ਦੱਸਣਾ ਚਾਹੀਦਾ ਹੈ। ਲੋਕ ਸਭਾ ਦੇ ਸਪੀਕਰ ਓਮ ਬਿਰਲਾ ਨੇ ਵੀ ਗੌਰਵ ਗੋਗੋਈ ਨੂੰ ਸਲਾਹ ਦਿੱਤੀ ਕਿ ਉਨ੍ਹਾਂ ਦਾ ਚੈਂਬਰ ਵੀ ਸਦਨ ਹੈ ਅਤੇ ਕੋਈ ਵੀ ਮੈਂਬਰ ਕਦੇ ਵੀ ਅਜਿਹੀ ਟਿੱਪਣੀ ਨਾ ਕਰੇ ਜਿਸ ਵਿੱਚ ਕੋਈ ਤੱਥ ਨਾ ਹੋਵੇ।

ਬੇਤੁਕੇ ਇਲਜ਼ਾਮ ਨਾ ਲਾਵੇ ਕਾਂਗਰਸ: ਉਨ੍ਹਾਂ ਗੌਰਵ ਗੋਗੋਈ ਨੂੰ ਸਦਨ ਦੀ ਮਰਿਆਦਾ ਅਤੇ ਪਰੰਪਰਾ ਅਨੁਸਾਰ ਬੋਲਣ ਦੀ ਹਦਾਇਤ ਕੀਤੀ। ਦੂਜੇ ਪਾਸੇ ਕਾਂਗਰਸੀ ਸੰਸਦ ਮੈਂਬਰ ਦੇ ਦੋਸ਼ਾਂ ਦਾ ਜਵਾਬ ਦਿੰਦਿਆਂ ਕੇਂਦਰੀ ਮੰਤਰੀ ਪ੍ਰਹਿਲਾਦ ਜੋਸ਼ੀ ਨੇ ਕਿਹਾ ਕਿ ਰਾਹੁਲ ਗਾਂਧੀ ਦੇ ਭਾਸ਼ਣ ਬਾਰੇ ਉਨ੍ਹਾਂ ਨੇ ਜੋ ਕਿਹਾ ਸੀ ਉਹ ਜਨਤਕ ਖੇਤਰ ਵਿੱਚ ਹੈ, ਉਹ ਮੀਡੀਆ ਨੂੰ ਵੀ ਦੱਸ ਚੁੱਕੇ ਹਨ ਅਤੇ ਹੁਣ ਇਸ ਤਰ੍ਹਾਂ ਸਦਨ ਵਿੱਚ ਬੇਤੁਕੇ ਦੋਸ਼ ਲਾਉਣ ਦੀ ਲੋੜ ਨਹੀਂ ਹੈ।

ਆਖਰੀ ਸਮੇਂ 'ਚ ਬਦਲਿਆ ਫੈਸਲਾ: ਦੱਸ ਦਈਏ ਕਿ ਰਾਹੁਲ ਗਾਂਧੀ ਦੀ ਸੰਸਦ ਮੈਂਬਰਸ਼ਿਪ ਬਹਾਲ ਹੋਣ ਤੋਂ ਬਾਅਦ ਕਾਂਗਰਸ ਨੇ ਫੈਸਲਾ ਕੀਤਾ ਸੀ ਕਿ ਗੌਰਵ ਗੋਗੋਈ ਦੀ ਥਾਂ ਰਾਹੁਲ ਗਾਂਧੀ ਲੋਕ ਸਭਾ 'ਚ ਬੇਭਰੋਸਗੀ ਮਤੇ 'ਤੇ ਚਰਚਾ ਸ਼ੁਰੂ ਕਰਨਗੇ, ਪਰ ਆਖਰੀ ਸਮੇਂ 'ਤੇ ਆਪਣੀ ਰਣਨੀਤੀ ਬਦਲਦੇ ਹੋਏ ਕਾਂਗਰਸ ਨੇ ਇਹ ਤੈਅ ਕੀਤਾ ਕਿ ਗੌਰਵ ਗੋਗੋਈ ਵਲੋਂ ਹੀ ਚਰਚਾ ਸ਼ੁਰੂ ਕੀਤੀ ਜਾਵੇਗੀ। (ਆਈਏਐਨਐਸ)

Last Updated :Aug 8, 2023, 2:26 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.