ETV Bharat / bharat

ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਜੰਤਰ ਮੰਤਰ 'ਤੇ ਗਰਜੇ ਕੇਜਰੀਵਾਲ, ਸਰਕਾਰ ਨੂੰ ਪਾਈਆਂ ਲਾਹਣਤਾਂ

author img

By

Published : Oct 12, 2020, 5:08 PM IST

Updated : Oct 12, 2020, 5:39 PM IST

ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਆਮ ਆਦਮੀ ਪਾਰਟੀ ਵੱਲੋਂ ਅੱਜ ਦਿੱਲੀ ਦੇ ਜੰਤਰ-ਮੰਤਰ ਮੈਦਾਨ ਵਿੱਚ ਧਰਨਾ ਦਿੱਤਾ ਗਿਆ। ਇਸ ਧਰਨੇ ਨੂੰ ਆਮ ਆਦਮੀ ਪਾਰਟੀ ਦੇ ਮੁਖੀ ਅਰਵਿੰਦ ਕੇਜਰੀਵਾਲ ਨੇ ਵੀ ਸੰਬੋਧਨ ਕੀਤਾ।

ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਜੰਤਰ ਮੰਤਰ 'ਤੇ ਗਰਜੇ ਕੇਜਰੀਵਾਲ, ਸਰਕਾਰ ਨੂੰ ਪਾਈਆਂ ਲਾਹਣਤਾਂ
ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਜੰਤਰ ਮੰਤਰ 'ਤੇ ਗਰਜੇ ਕੇਜਰੀਵਾਲ, ਸਰਕਾਰ ਨੂੰ ਪਾਈਆਂ ਲਾਹਣਤਾਂ

ਨਵੀਂ ਦਿੱਲੀ: ਆਮ ਆਦਮੀ ਪਾਰਟੀ (ਆਪ) ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਤੋਂ ਮੰਗ ਕੀਤੀ ਹੈ ਕਿ ਖੇਤੀਬਾੜੀ ਨਾਲ ਸੰਬੰਧਿਤ ਕਿਸਾਨਾਂ ਉੱਤੇ ਧੱਕੇਸ਼ਾਹੀ ਨਾਲ ਥੋਪੇ ਗਏ ਤਿੰਨੋਂ ਕਾਲੇ ਕਾਨੂੰਨ ਵਾਪਸ ਲਏ ਜਾਣ ਅਤੇ ਘੱਟੋ-ਘੱਟ ਸਮਰਥਨ ਮੁੱਲ ਨੂੰ ਕਾਨੂੰਨੀ ਦਾਇਰੇ 'ਚ ਲਿਆ ਕੇ ਕਿਸਾਨਾਂ ਦੀਆਂ ਸਾਰੀਆਂ ਫ਼ਸਲਾਂ ਐਮਐਸਪੀ 'ਤੇ ਖ਼ਰੀਦੇ ਜਾਣ ਦੀ ਗਰੰਟੀ ਦਿੱਤੀ ਜਾਵੇ।

ਵੇਖੋ ਵੀਡੀਓ।

ਅਰਵਿੰਦ ਕੇਜਰੀਵਾਲ ਸੋਮਵਾਰ ਨੂੰ ਦਿੱਲੀ ਦੇ ਜੰਤਰ-ਮੰਤਰ ਉੱਤੇ ਆਮ ਆਦਮੀ ਪਾਰਟੀ ਵੱਲੋਂ ਖੇਤੀ ਵਿਰੋਧੀ ਕਾਲੇ ਕਾਨੂੰਨਾਂ ਦੇ ਵਿਰੋਧ 'ਚ ਆਯੋਜਿਤ ਕੀਤੇ ਧਰਨੇ ਪ੍ਰਦਰਸ਼ਨ ਨੂੰ ਸੰਬੋਧਨ ਕਰ ਰਹੇ ਸਨ। ਇਸ ਸੰਕੇਤਕ ਪਰੰਤੂ ਪ੍ਰਭਾਵਸ਼ਾਲੀ ਰੋਸ ਧਰਨੇ ਦੌਰਾਨ ਤਿੰਨੋਂ ਕਾਲੇ ਕਾਨੂੰਨਾਂ ਦੀਆਂ ਕਾਪੀਆਂ ਸਾੜ ਕੇ ਪੰਜਾਬ ਅਤੇ ਦਿੱਲੀ ਦੀ ਲੀਡਰਸ਼ਿਪ ਅਤੇ ਵਲੰਟੀਅਰਾਂ ਨੇ ਮੋਦੀ-ਕੈਪਟਨ ਅਤੇ ਬਾਦਲਾਂ ਵਿਰੁੱਧ ਨਾਅਰੇਬਾਜ਼ੀ ਕਰਦਿਆਂ ਸੰਸਦ ਭਵਨ ਵੱਲ ਕੂਚ ਕੀਤਾ ਤਾਂ ਬੈਰੀਕੇਡਜ਼ (ਨਾਕੇ) 'ਤੇ ਭਾਰੀ ਗਿਣਤੀ 'ਚ ਤੈਨਾਤ ਦਿੱਲੀ ਪੁਲਿਸ ਨੇ ਰੋਕ ਲਿਆ। ਤਕੜੀ ਖਿੱਚੋਤਾਣ ਦੌਰਾਨ 'ਆਪ' ਪੰਜਾਬ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ, ਪੰਜਾਬ ਮਾਮਲਿਆਂ ਦੇ ਇੰਚਾਰਜ ਜਰਨੈਲ ਸਿੰਘ (ਐਮ.ਐਲ.ਏ) ਸਮੇਤ ਹੋਰ ਪਾਰਟੀ ਆਗੂ ਅਤੇ ਵਲੰਟੀਅਰ ਬੈਰੀਕੇਡਜ਼ 'ਤੇ ਚੜ ਗਏ। ਜਿਸ ਉਪਰੰਤ ਭਗਵੰਤ ਮਾਨ, ਹਰਪਾਲ ਸਿੰਘ ਚੀਮਾ, ਜਰਨੈਲ ਸਿੰਘ ਸਮੇਤ ਕਰੀਬ 200 ਆਗੂਆਂ ਅਤੇ ਵਲੰਟੀਅਰਾਂ ਨੂੰ ਦਿੱਲੀ ਪੁਲਿਸ ਨੇ ਨੇੜਲੇ ਮੰਦਰ ਮਾਰਗ ਥਾਣੇ ਵਿੱਚ ਲੈ ਗਈ। ਜਿੱਥੇ ਉਨ੍ਹਾਂ ਨੂੰ ਕਰੀਬ 2 ਘੰਟੇ ਹਿਰਾਸਤ ਵਿੱਚ ਰੱਖ ਕੇ ਰਿਹਾਅ ਕਰ ਦਿੱਤਾ ਗਿਆ।


ਕਿਸਾਨ ਮਾਰੂ ਕਾਨੂੰਨਾਂ ਨਾਲ ਕੋਈ ਸਮਝੌਤਾ ਨਹੀਂ

ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਖੇਤੀ ਨੂੰ ਕਿਸਾਨਾਂ ਤੋਂ ਖੋਹ ਕੇ ਕਾਰਪੋਰੇਟ ਕੰਪਨੀਆਂ ਹਵਾਲੇ ਕਰਨ ਦੀ ਨੀਤੀ ਅਤੇ ਬਦਨੀਤੀ ਨਾਲ ਥੋਪੇ ਜਾ ਰਹੇ ਇਨ੍ਹਾਂ ਮਾਰੂ ਕਾਨੂੰਨਾਂ ਨਾਲ ਕੋਈ ਸਮਝੌਤਾ ਨਹੀਂ ਹੋਵੇਗਾ, ਇਸ ਲੜਾਈ 'ਚ ਆਮ ਆਦਮੀ ਪਾਰਟੀ ਕਿਸਾਨਾਂ ਨਾਲ ਡਟ ਕੇ ਖੜੀ ਹੈ।

ਦੇਸ਼ ਨੂੰ ਅਨਾਜ ਪੱਖੋਂ ਪੰਜਾਬ ਦੇ ਕਿਸਾਨਾਂ ਨੇ ਕੀਤਾ ਸੀ ਆਤਮ-ਨਿਰਭਰ

ਕੇਜਰੀਵਾਲ ਨੇ ਕਿਹਾ ਕਿ ਆਜ਼ਾਦੀ ਤੋਂ ਬਾਅਦ ਜਦ ਦੇਸ ਅਨਾਜ ਦੀ ਕਮੀ ਨਾਲ ਜੂਝ ਰਿਹਾ ਸੀ ਤਾਂ ਉਸ ਸਮੇਂ ਕਾਰਪੋਰੇਟ ਕੰਪਨੀਆਂ ਨੇ ਨਹੀਂ ਸਗੋਂ ਪੰਜਾਬ ਦੇ ਕਿਸਾਨਾਂ ਨੇ ਹੱਡ ਭੰਨਵੀਂ ਮਿਹਨਤ ਕਰਕੇ ਦੇਸ਼ ਨੂੰ ਅਨਾਜ ਪੱਖੋਂ ਆਤਮ-ਨਿਰਭਰ ਕੀਤਾ ਸੀ।



ਕਾਂਗਰਸ ਅਤੇ ਬਾਦਲ ਕਰ ਰਹੇ ਨਾਟਕ

ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਕਾਂਗਰਸ ਅਤੇ ਬਾਦਲ ਅੱਜ ਇਨ੍ਹਾਂ ਬਿੱਲਾਂ ਦੇ ਵਿਰੋਧ ਕਰਨ ਦੇ ਨਾਟਕ ਕਰ ਰਹੇ ਹਨ, ਪਰੰਤੂ ਭਾਜਪਾ ਨੇ ਇਹ ਬਿਲ ਬਣਾਉਣ ਲਈ ਜੋ ਕਮੇਟੀ ਗਠਿਤ ਕੀਤੀ ਸੀ ਉਸ 'ਚ ਕਾਂਗਰਸ ਦੇ ਨੇਤਾਵਾਂ (ਮੁੱਖ ਮੰਤਰੀ ਅਮਰਿੰਦਰ ਸਿੰਘ ਅਤੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ) ਨੇ ਸਹਿਮਤੀ ਦਿੱਤੀ ਸੀ ਅਤੇ ਜਦ ਮੋਦੀ ਕੈਬਨਿਟ ਨੇ ਇਨ੍ਹਾਂ ਆਰਡੀਨੈਂਸਾਂ ਨੂੰ ਪਾਸ ਕੀਤਾ ਤਾਂ ਉਸ ਸਮੇਂ ਹਰਸਿਮਰਤ ਕੌਰ ਬਾਦਲ ਨੇ ਦਸਤਖ਼ਤ ਕਰਕੇ ਇਨ੍ਹਾਂ ਬਿੱਲਾਂ ਨੂੰ ਪਾਸ ਕਰਾਇਆ ਸੀ। ਹੁਣ ਵਿਰੋਧ ਦੀਆਂ ਨੋਟੰਕੀਆਂ ਕਰਕੇ ਇਹ ਕਿਸ ਨੂੰ ਬੇਵਕੂਫ਼ ਬਣਾ ਰਹੇ ਹਨ?

ਇਸ ਮੌਕੇ ਭਗਵੰਤ ਮਾਨ ਨੇ ਕਿਹਾ ਕਿ ਆਮ ਆਦਮੀ ਪਾਰਟੀ ਇਨ੍ਹਾਂ ਕਾਲੇ ਕਾਨੂੰਨਾਂ ਦਾ ਪਹਿਲੇ ਦਿਨ ਤੋਂ ਹੀ ਵਿਰੋਧੀ ਕਰਦੀ ਆ ਰਹੀ ਹੈ। ਇਨ੍ਹਾਂ ਮਾਰੂ ਕਾਨੂੰਨਾਂ ਨੂੰ ਕਿਸੇ ਵੀ ਸੂਰਤ 'ਚ ਪ੍ਰਵਾਨ ਨਹੀਂ ਕੀਤਾ ਜਾ ਸਕਦਾ। ਇਹ ਸਿਰਫ਼ ਕਿਸਾਨ ਹੀ ਨਹੀਂ ਸਗੋਂ ਲੋਕ ਵਿਰੋਧੀ, ਪੰਜਾਬ ਵਿਰੋਧੀ ਅਤੇ ਦੇਸ਼ ਵਿਰੋਧੀ ਕਾਨੂੰਨ ਹਨ, ਜਿੰਨਾ ਨੂੰ ਤਾਨਾਸ਼ਾਹੀ ਤਰੀਕੇ ਨਾਲ ਥੋਪਿਆ ਜਾ ਰਿਹਾ ਹੈ। ਇਸ ਕਰਕੇ ਪਾਰਟੀ ਕਿਸਾਨੀ ਸੰਘਰਸ਼ ਨਾਲ ਚਟਾਨ ਵਾਂਗ ਖੜੀ ਹੈ। 'ਅਸੀਂ ਬਾਦਲਾਂ ਜਾਂ ਕਾਂਗਰਸੀਆਂ ਵੱਲੋਂ ਬਰਾਬਰ ਪ੍ਰੋਗਰਾਮ ਕਰਕੇ ਕਿਸਾਨਾਂ ਦੇ ਸੰਘਰਸ਼ ਨੂੰ ਤਾਰਪੀਡੋ ਕਰਨ ਦੀਆਂ ਕੋਸ਼ਿਸ਼ਾਂ ਦੇ ਸਖ਼ਤ ਵਿਰੁੱਧ ਹਾਂ। ਸੂਬਾ ਪ੍ਰਧਾਨ ਹੋਣ ਦੇ ਨਾਤੇ ਸਾਰੇ 'ਆਪ' ਵਿਧਾਇਕਾਂ, ਆਗੂਆਂ ਅਤੇ ਵਲੰਟੀਅਰਾਂ ਨੂੰ ਨਿਰਦੇਸ਼ ਹਨ ਕਿ 'ਆਪ' ਵੱਲੋਂ ਨਹੀਂ ਸਗੋਂ ਕਿਸਾਨਾਂ-ਮਜਦੂਰਾਂ-ਆੜਤੀਆਂ-ਟਰਾਂਸਪੋਰਟਰਾਂ ਦੇ ਪੁੱਤ ਧੀ ਜਾਂ ਭਾਈ-ਭਤੀਜੇ ਬਣ ਕੇ ਕਿਸਾਨਾਂ ਦੇ ਸੰਘਰਸ਼ ਨੂੰ ਹੋਰ ਮਜ਼ਬੂਤ ਕਰੋ।''

Last Updated : Oct 12, 2020, 5:39 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.