ETV Bharat / bharat

ਅਮਰੀਕਾ 'ਚ ਰਾਹੁਲ ਦੇ 6 ਵੱਡੇ ਬਿਆਨ- ਕਿਹਾ ਨਵਾਂ ਸੰਸਦ ਭਵਨ, ਏਜੰਸੀਆਂ ਦੀ ਦੁਰਵਰਤੋਂ, ਭਾਰਤ ਜੋੜੋ ਯਾਤਰਾ

author img

By

Published : May 31, 2023, 3:57 PM IST

6 big statements of Rahul in America
ਅਮਰੀਕਾ 'ਚ ਰਾਹੁਲ ਦੇ 6 ਵੱਡੇ ਬਿਆਨ- ਕਿਹਾ ਨਵਾਂ ਸੰਸਦ ਭਵਨ, ਏਜੰਸੀਆਂ ਦੀ ਦੁਰਵਰਤੋਂ, ਭਾਰਤ ਜੋੜੋ ਯਾਤਰਾ

ਸੈਨ ਫਰਾਂਸਿਸਕੋ ਵਿੱਚ ਕਾਂਗਰਸ ਦੇ ਸੀਨੀਅਰ ਆਗੂ ਰਾਹੁਲ ਗਾਂਧੀ ਵਲੋਂ ਭਾਰਤੀਆਂ ਦੇ ਨਾਂ ਕਈ ਸੰਦੇਸ਼ ਜਾਰੀ ਕੀਤੀੇ ਗਏ ਹਨ। ਉਨ੍ਹਾਂ ਦੇ ਛੇ ਅਹਿਮ ਬਿਆਨ ਚਰਚਾ ਦਾ ਵਿਸ਼ਾ ਬਣੇ ਹੋਏ ਹਨ।

ਚੰਡੀਗੜ੍ਹ (ਡੈਸਕ) : ਕਾਂਗਰਸ ਦੇ ਸੀਨੀਅਰ ਆਗੂ ਰਾਹੁਲ ਗਾਂਧੀ ਸਾਨ ਫਰਾਂਸਿਸਕੋ ਦੇ ਦੌਰੇ ਉੱਤੇ ਹਨ। ਇਸ ਦੌਰਾਨ ਉਨ੍ਹਾਂ ਵਲੋਂ ਕਈ ਮੁੱਦਿਆਂ ਉੱਤੇ ਖੁੱਲ੍ਹ ਕੇ ਵਿਚਾਰ ਰੱਖੇ ਗਏ ਹਨ। ਰਾਹੁਲ ਗਾਂਧੀ ਵਲੋਂ ਇਨ੍ਹਾਂ ਮੁੱਦਿਆਂ ਬਾਰੇ ਗੱਲਬਾਤ ਕਰਦਿਆਂ ਕਈ ਵਾਰ ਕੇਂਦਰ ਦੀ ਮੋਦੀ ਸਰਕਾਰ ਉੱਤੇ ਤੰਜ ਕੱਸੇ ਗਏ ਹਨ। ਰਾਹੁਲ ਗਾਂਧੀ ਵਲੋਂ ਛੇ ਅਜਿਹੇ ਵਿਸ਼ਿਆਂ ਉੱਤੇ ਬਿਆਨ ਦਿੱਤੇ ਗਏ ਹਨ, ਜੋ ਚਰਚਾ ਦਾ ਵਿਸ਼ਾ ਬਣੇ ਹੋਏ ਹਨ।

ਨਵੇਂ ਸੰਸਦ ਉੱਤੇ ਬੋਲੇ ਰਾਹੁਲ ਗਾਂਧੀ : ਰਾਹੁਲ ਗਾਂਧੀ ਨੇ ਦੇਸ਼ ਦੇ ਨਵੇਂ ਸੰਸਦ ਭਵਨ ਬਾਰੇ ਗੱਲ ਕਰਦਿਆਂ ਕਿਹਾ ਕਿ ਇਹ ਦਰਅਸਲ ਦੇਸ਼ ਦੇ ਹੋਰ ਮੁੱਦਿਆਂ ਤੋਂ ਲੋਕਾਂ ਦਾ ਧਿਆਨ ਭਟਕਾਉਣ ਦਾ ਮੋਦੀ ਵਲੋਂ ਕੰਮ ਕੀਤਾ ਗਿਆ ਹੈ। ਭਾਰਤੀ ਜਨਤਾ ਪਾਰਟੀ ਦੇਸ਼ ਦੀ ਮਹਿੰਗਾਈ, ਬੇਰੁਜਗਾਰੀ ਅਤੇ ਹੋਰ ਮੁੱਦਿਆਂ ਬਾਰੇ ਗੱਲ ਨਹੀਂ ਕਰਨਾ ਚਾਹੁੰਦੀ। ਹਾਲਾਂਕਿ ਰਾਹੁਲ ਗਾਂਧੀ ਨੇ ਅਸਿੱਧੇ ਤੌਰ ਉੱਤੇ ਇਹ ਕਿਹਾ ਹੈ ਕਿ ਦੇਸ਼ ਕਿਨ੍ਹਾਂ ਸਮੱਸਿਆਂਵਾਂ ਨਾਲ ਘਿਰਿਆ ਹੋਇਆ ਹੈ, ਪਰ ਸਰਕਾਰ ਕਿਵੇਂ ਲੋਕਾਂ ਦਾ ਧਿਆਨ ਹਟਾ ਕੇ ਕੰਮ ਕਰ ਰਹੀ ਹੈ।

ਮੁਸਲਮਾਨਾਂ ਉੱਤੇ ਹੋ ਰਿਹਾ ਅੱਤਿਆਰ : ਰਾਹੁਲ ਗਾਂਧੀ ਨੇ ਕਿਹਾ ਕਿ ਦੇਸ਼ ਵਿੱਚ ਮੁਸਲਮਾਨ ਭਾਈਚਾਰਾ ਸੁਰੱਖਿਅਤ ਮਹਿਸੂਸ ਨਹੀਂ ਕਰ ਰਿਹਾ ਹੈ। ਹਾਲਾਤ ਇਹ ਹਨ ਕਿ ਸਿੱਖ, ਦਲਿਤ ਤੇ ਆਦਿਵਾਸੀ ਸਾਰੇ ਵਰਗਾਂ ਲਈ ਇਕੋ ਜਿਹਾ ਮਾਹੌਲ ਬਣਾਇਆ ਜਾ ਰਿਹਾ ਹੈ। ਰਾਹੁਲ ਗਾਂਧੀ ਨੇ ਕਿਹਾ ਪਰ ਅਸੀਂ ਲੋਕਾਂ ਵਿੱਚ ਪਿਆਰ ਪੈਦਾ ਕਰਨ ਲਈ ਸਾਰੇ ਕਾਰਜ ਅਰੰਭ ਰਹੇ ਹਾਂ। ਨਫਰਤ ਦੇ ਬਾਜਾਰ ਵਿੱਚ ਪਿਆਰ ਦੀ ਦੁਕਾਨ ਖੋਲ੍ਹੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਜੋ ਵੀ ਇਨ੍ਹਾਂ ਵਰਗਾਂ ਨਾਲ ਧੱਕਾ ਹੋ ਰਿਹਾ ਹੈ ਅਸੀਂ ਉਸਦੇ ਖਿਲਾਫ ਲੜਾਂਗੇ।

ਔਰਤਾਂ ਬਾਰੇ ਬੋਲੇ ਰਾਹੁਲ : ਰਾਹੁਲ ਗਾਂਧੀ ਨੇ ਕਿਹਾ ਕਿ ਕਾਂਗਰਸ ਪਾਰਟੀ ਮਹਿਲਾਵਾਂ ਲਈ ਰਾਖਵੇਂਕਰਨ ਬਿੱਲ ਲੈ ਕੇ ਆਉਣਾ ਚਾਹੁੰਦੀ ਸੀ ਪਰ ਸਾਡੇ ਕਈ ਸਹਿਯੋਗੀਆਂ ਨੇ ਇਸਦਾ ਵਿਰੋਧ ਕੀਤਾ ਹੈ, ਜਿਸ ਕਾਰਨ ਅਜਿਹਾ ਨਹੀਂ ਕੀਤਾ ਜਾ ਸਕਿਆ। ਪਰ ਜਦੋਂ ਸਰਕਾਰ ਆਈ ਇਸ ਉੱਤੇ ਜਰੂਰ ਕੰਮ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਔਰਤਾਂ ਨੂੰ ਰੁਜਗਾਰ ਤੇ ਹੋਰ ਥਾਵਾਂ ਉੱਤੇ ਮੌਕੇ ਮਿਲਣਗੇ ਤਾਂ ਹੀ ਉਹ ਸੁਰੱਖਿਅਤ ਮਹਿਸੂਸ ਕਰਨਗੀਆਂ।

ਭਾਰਤ ਵਿੱਚ ਰਾਜਨੀਤੀ ਸੌਖੀ ਨਹੀਂ : ਕਾਂਗਰਸ ਦੇ ਸੀਨੀਅਰ ਆਗੂ ਰਾਹੁਲ ਗਾਂਧੀ ਨੇ ਕਿਹਾ ਭਾਰਤ ਵਿੱਚ ਹੁਣ ਰਾਜਨੀਤੀ ਕਰਨਾ ਸੌੌਖਾ ਕੰਮ ਨਹੀਂ ਰਹਿ ਗਿਆ ਹੈ। ਹਾਲਾਤ ਇਹ ਬਣੇ ਹੋਏ ਹਨ ਕਿ ਰਾਜਨੀਤੀ ਲਈ ਲੋੜੀਂਦੇ ਸਾਧਨਾਂ ਦੀ ਮੰਗ ਉੱਤੇ ਭਾਜਪਾ ਅਤੇ ਆਰ.ਐਸ.ਐਸ. ਦੇ ਲੋਕ ਧਮਕੀ ਤੱਕ ਦਿੰਦੇ ਹਨ। ਇਹੀ ਕਾਰਨ ਸੀ ਕਿ ਅਸੀਂ ਭਾਰਤ ਜੋੜੋ ਯਾਤਰਾ ਅਰੰਭੀ ਸੀ।

ਮੋਦੀ ਉੱਤੇ ਤੰਜ : ਰਾਹੁਲ ਗਾਂਧੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਇਹ ਵਹਿਮ ਹੈ ਕਿ ਕੋਈ ਵਿਅਕਤੀ ਇਹ ਸੋਚੇ ਕਿ ਉਹ ਸਾਰੀਆਂ ਗੱਲਾਂ ਜਾਣਦਾ ਹੈ। ਇਹ ਬਿਮਾਰੀ ਨਾਲੋਂ ਘੱਟ ਨਹੀਂ ਹੈ। ਉਨ੍ਹਾਂ ਬਿਨਾਂ ਨਾਂ ਲਏ ਕਿਹਾ ਕਿ ਭਾਰਤ ਵਿੱਚ ਵੀ ਕਈ ਲੋਕ ਆਪਣੇ ਆਪ ਨੂੰ ਅਜਿਹੇ ਵਹਿਮ ਵਿੱਚ ਪਾਲ ਰਹੇ ਹਨ ਕਿ ਉਹ ਰੱਬ ਹੋ ਗਏ ਹਨ। ਇਹ ਉਹ ਲੋਕ ਹਨ ਜੋ ਆਪਣੇ ਆਪ ਨੂੰ ਹੀ ਸਾਰਾ ਕੁੱਝ ਮੰਨ ਰਹੇ ਹਨ।

'ਭਾਰਤ ਜੋੜੋ ਯਾਤਰਾ' ਰੋਕਣ ਦੀ ਕੋਸ਼ਿਸ਼ : ਰਾਹੁਲ ਗਾਂਧੀ ਨੇ ਕਿਹਾ ਕਿ ਬੇਸ਼ੱਕ ਅਸੀਂ ਸਾਰੇ ਦੇਸ਼ ਨੂੰ ਇਕ ਸੂਤਰ ਵਿੱਚ ਪਿਰੋਣ ਲਈ ਭਾਰਤ ਜੋੜੋ ਯਾਤਰਾ ਛੇੜੀ ਸੀ ਪਰ ਇਸਨੂੰ ਵੀ ਰੋਕਣ ਦੀ ਕੋਸ਼ਿਸ਼ ਕੀਤੀ ਗਈ ਹੈ। ਪਰ ਲੋਕਾਂ ਦੀ ਮਦਦ ਨਾਲ ਇਹ ਨੇਪਰੇ ਚੜ੍ਹ ਸਕੀ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.