ETV Bharat / state

1984 ਸਿੱਖ ਕਤਲੇਆਮ ਪੀੜਤ ਪੁੱਜੇ ਸ੍ਰੀ ਅਕਾਲ ਤਖ਼ਤ ਸਾਹਿਬ, ਪੰਜਾਬ ਵਾਸੀਆਂ ਨੂੰ ਚੋਣਾਂ 'ਚ ਕਾਂਗਰਸ ਦਾ ਬਾਈਕਾਟ ਕਰਨ ਦੀ ਅਪੀਲ - victims of 1984 appealed

author img

By ETV Bharat Punjabi Team

Published : May 24, 2024, 4:05 PM IST

Victims of 1984 : ਅੰਮ੍ਰਿਤਸਰ ਵਿੱਚ 1984 ਸਿੱਖ ਕਤਲੇਆਮ ਪੀੜਤ ਵੈਲਫ਼ੇਅਰ ਸੁਸਾਇਟੀ ਦੇ ਆਗੂ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਪਹੁੰਚੇ। ਇਸ ਮੌਕੇ ਉਨ੍ਹਾਂ ਪੰਜਾਬ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਨਿਹੱਥੇ ਸਿੱਖਾਂ ਦੀ ਕਾਤਿਲ ਕਾਂਗਰਸ ਪਾਰਟੀ ਨੂੰ ਵੋਟਾਂ ਨਾ ਪਾਉਣ ਅਤੇ ਇਨ੍ਹਾਂ ਦੀਆਂ ਜ਼ਮਾਨਤਾਂ ਜ਼ਬਤ ਕਰਵਾਉਣ।

BOYCOTT CONGRESS IN THE ELECTIONS
1984 ਸਿੱਖ ਕਤਲੇਆਮ ਪੀੜਤ ਪੁੱਜੇ ਸ੍ਰੀ ਅਕਾਲ ਤਖ਼ਤ ਸਾਹਿਬ (ਅੰਮ੍ਰਿਤਸਰ ਰਿਪੋਟਰ)

ਕਾਂਗਰਸ ਦੇ ਬਾਈਕਾਟ ਦੀ ਅਪੀਲ (ਅੰਮ੍ਰਿਤਸਰ ਰਿਪੋਟਰ)

ਅੰਮ੍ਰਿਤਸਰ: 1984 ਸਿੱਖ ਕਤਲੇਆਮ ਪੀੜਤ ਵੈਲਫ਼ੇਅਰ ਸੁਸਾਇਟੀ ਦੇ ਪ੍ਰਧਾਨ ਸੁਰਜੀਤ ਸਿੰਘ ਅਤੇ ਇਸਤਰੀ ਵਿੰਗ ਦੀ ਪ੍ਰਧਾਨ ਬੀਬੀ ਗੁਰਦੀਪ ਕੌਰ ਨੇ 1 ਜੂਨ ਨੂੰ ਹੋਣ ਵਾਲੀਆਂ ਲੋਕ ਸਭਾ ਚੋਣਾਂ ਵਿੱਚ ਵੋਟਾਂ ਪਾਉਣ ਤੋਂ ਪਹਿਲਾਂ ਸਿੱਖਾਂ ਨੂੰ ਜੂਨ 1984 ਦੇ ਸ੍ਰੀ ਅਕਾਲ ਤਖ਼ਤ ਸਾਹਿਬ ‘ਤੇ ਭਾਰਤ ਸਰਕਾਰ ਵਲੋਂ ਕੀਤੇ ਫੌਜੀ ਹਮਲੇ ਅਤੇ ਨਵੰਬਰ 1984 ਦੇ ਸਿੱਖ ਕਤਲੇਆਮ ਵਿਚ ਬੇਰਹਿਮੀ ਦੇ ਨਾਲ ਸ਼ਹੀਦ ਕੀਤੇ ਗਏ ਹਜ਼ਾਰਾਂ ਬੇਦੋਸ਼ ਅਤੇ ਨਿਹੱਥੇ ਸਿੱਖਾਂ ਨੂੰ ਧਿਆਨ ਵਿਚ ਰੱਖਦਿਆਂ ਕਾਂਗਰਸ ਪਾਰਟੀ ਨੂੰ ਵੋਟਾਂ ਨਾ ਪਾਉਣ ਦੀ ਅਪੀਲ ਕੀਤੀ ਹੈ।


ਸਿੱਖਾਂ ਦਾ ਕੀਤਾ ਘਾਣ: ਅੱਜ ਸ੍ਰੀ ਦਰਬਾਰ ਸਾਹਿਬ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਮੱਥਾ ਟੇਕਣ ਤੋਂ ਬਾਅਦ ਇਕ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ 1984 ਸਿੱਖ ਕਤਲੇਆਮ ਪੀੜਤ ਵੈਲਫ਼ੇਅਰ ਸੁਸਾਇਟੀ ਦੇ ਆਗੂਆਂ ਨੇ ਕਿਹਾ ਕਿ 1 ਜੂਨ 1984 ਨੂੰ ਪੰਜਾਬ ਵਿਚ ਕਰਫਿਊ ਲਗਾ ਕੇ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਅਤੇ ਪੰਜਾਬ ਵਿਚਲੇ 37 ਹੋਰ ਗੁਰਦੁਆਰਾ ਸਾਹਿਬਾਨ ਵਿਖੇ ਫੌਜ ਚਾੜ੍ਹ ਕੇ ਹਮਲਾ ਕੀਤਾ ਗਿਆ ਸੀ, ਜਿਸ ਦੌਰਾਨ ਜਿੱਥੇ ਸਿੱਖਾਂ ਦੇ ਮੀਰੀ-ਪੀਰੀ ਦੇ ਪਾਵਨ ਤਖ਼ਤ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਇਮਾਰਤ ਨੂੰ ਤੋਪਾਂ, ਟੈਂਕਾਂ ਦੇ ਗੋਲਿਆਂ ਨਾਲ ਨਿਸ਼ਾਨਾ ਬਣਾਇਆ ਗਿਆ ਅਤੇ ਰੂਹਾਨੀਅਤ ਦੇ ਕੇਂਦਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਉੱਤੇ ਵੀ ਗੋਲੀਆਂ ਚਲਾਈਆਂ ਗਈਆਂ।

ਤੀਜਾ ਘੱਲੂਘਾਰਾ ਕਾਂਗਰਸ ਸਰਕਾਰ ਦੀ ਦੇਣ: ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਵਿੱਚ ਗੋਲੀਆਂ ਮਾਰੀਆਂ ਗਈਆਂ, ਉੱਥੇ ਹੀ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਗੁਰਪੁਰਬ ਮਨਾਉਣ ਵਾਸਤੇ ਆਈਆਂ ਹੋਈਆਂ ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤਾਂ ਵਿਚ ਸਿੰਘਾਂ-ਸਿੰਘਣੀਆਂ, ਬਜ਼ੁਰਗਾਂ ਅਤੇ ਬੱਚਿਆਂ ਨੂੰ ਬੇਰਹਿਮੀ ਦੇ ਨਾਲ ਗੋਲੀਆਂ ਮਾਰ ਕੇ ਅਤੇ ਤਸੀਹੇ ਦੇ ਕੇ ਸ਼ਹੀਦ ਕੀਤਾ ਗਿਆ। ਸਿੱਖਾਂ ਉੱਤੇ ਮੁਗਲ ਕਾਲ ਤੋਂ ਬਾਅਦ ਵਰਤਿਆ ਇਹ ਤੀਜਾ ਘੱਲੂਘਾਰਾ ਕਾਂਗਰਸ ਸਰਕਾਰ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਵਲੋਂ ਸਿੱਖ ਕੌਮ ਨੂੰ ਖ਼ਤਮ ਕਰਨ ਲਈ ਕਰਵਾਇਆ ਗਿਆ ਸੀ।


ਪ੍ਰੈੱਸ ਕਾਨਫਰੰਸ ਦੌਰਾਨ ‘1984 ਸਿੱਖ ਕਤਲੇਆਮ ਪੀੜਤ ਵੈਲਫ਼ੇਅਰ ਸੁਸਾਇਟੀ’ ਦੇ ਪ੍ਰਧਾਨ ਸੁਰਜੀਤ ਸਿੰਘ ਅਤੇ ਇਸਤਰੀ ਵਿੰਗ ਦੀ ਪ੍ਰਧਾਨ ਬੀਬੀ ਗੁਰਦੀਪ ਕੌਰ ਨੇ ਅੱਗੇ ਕਿਹਾ ਕਿ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ ਰਾਜੀਵ ਗਾਂਧੀ ਵੱਲੋਂ ਦਿੱਲੀ, ਕਾਨਪੁਰ, ਬੋਕਾਰੋ ਅਤੇ ਭਾਰਤ ਦੇ ਵੱਖ-ਵੱਖ ਸੂਬਿਆਂ ਵਿਚ ਤਕਰੀਬਨ 10,000 ਸਿੱਖਾਂ ਦਾ ਕਤਲੇਆਮ ਕਰਵਾਇਆ ਗਿਆ, ਜਾਇਦਾਦਾਂ ਸਾੜੀਆਂ ਅਤੇ ਲੁੱਟੀਆਂ ਗਈਆਂ। ਧੀਆਂ, ਭੈਣਾਂ, ਮਾਵਾਂ ਨੂੰ ਬੇਪੱਤ ਕੀਤਾ ਗਿਆ। ਦਿੱਲੀ ਅਤੇ ਦੂਜੇ ਸੂਬਿਆਂ ਵਿਚ ਗੁਰਧਾਮਾਂ ਨੂੰ ਅੱਗਾਂ ਲਗਾਈਆਂ ਗਈਆਂ ਅਤੇ ਸੈਂਕੜੇ ਗੁਰੂ-ਘਰਾਂ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਪਾਵਨ ਬੀੜਾਂ ਨੂੰ ਵੀ ਅਗਨਭੇਟ ਕੀਤਾ ਗਿਆ।


ਦੋਸ਼ੀਆਂ ਨੂੰ ਸਜ਼ਾਵਾਂ ਨਹੀਂ ਮਿਲੀਆਂ: ਉਨ੍ਹਾਂ ਕਿਹਾ ਕਿ ਅੱਜ ਪੂਰੇ 40 ਸਾਲ ਹੋਣ ਦੇ ਬਾਵਜੂਦ ਸਿੱਖ ਕਤਲੇਆਮ ਦੇ ਦੋਸ਼ੀਆਂ ਨੂੰ ਸਜ਼ਾਵਾਂ ਨਹੀਂ ਮਿਲੀਆਂ। 1984 ਦੇ ਕਤਲੇਆਮ ਦੇ ਪੰਜਾਬ ਵਿਚ ਰਹਿੰਦੇ ਹਜ਼ਾਰਾਂ ਦੀ ਗਿਣਤੀ ਵਿਚ ਪੀੜਤ ਪਰਿਵਾਰਾਂ ਵਲੋਂ ਅੱਜ ਅਕਾਲ ਤਖ਼ਤ ਸਾਹਿਬ ‘ਤੇ ਪਹੁੰਚ ਕੇ 1984 ਦੇ ਘੱਲੂਘਾਰੇ ਦੌਰਾਨ ਸ਼ਹੀਦ ਹੋਏ ਸਿੰਘਾਂ-ਸਿੰਘਣੀਆਂ ਲਈ ਅਰਦਾਸ ਕੀਤੀ ਗਈ ਅਤੇ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਨੂੰ ਅਪੀਲ ਕੀਤੀ ਗਈ ਕਿ ਪੰਜਾਬ ਵਿੱਚ ਲੋਕ ਸਭਾ ਚੋਣਾਂ ਵਿਚ ਕਾਂਗਰਸ ਦੇ ਉਮੀਦਵਾਰਾਂ ਦਾ ਬਾਈਕਾਟ ਕੀਤਾ ਜਾਵੇ ਅਤੇ 1 ਜੂਨ ਨੂੰ ਵੋਟ ਪਾਉਣ ਤੋਂ ਪਹਿਲਾਂ ਕਾਂਗਰਸ ਸਰਕਾਰ ਵਲੋਂ ਫੌਜ ਰਾਹੀਂ ਢਾਹੇ ਗਏ ਸ੍ਰੀ ਅਕਾਲ ਤਖ਼ਤ ਸਾਹਿਬ ਵੱਲ ਜ਼ਰੂਰ ਧਿਆਨ ਰੱਖਿਆ ਜਾਵੇ।


ETV Bharat Logo

Copyright © 2024 Ushodaya Enterprises Pvt. Ltd., All Rights Reserved.