ETV Bharat / state

ਫੇਸਬੁੱਕ ਲਾਈਵ ਰਾਹੀਂ ਮੁੱਖ ਚੋਣ ਅਧਿਕਾਰੀ ਨੇ ਪੰਜਾਬ ਦੇ ਲੋਕਾਂ ਨਾਲ ਕੀਤਾ ਰਾਬਤਾ ਕਾਇਮ, ਵੋਟ ਪ੍ਰਕਿਰਿਆ ਵਧੀਆ ਬਣਾਉਣ ਲਈ ਮੰਗੇ ਸੁਝਾਅ - Contact with the voters of Punjab

author img

By ETV Bharat Punjabi Team

Published : May 17, 2024, 3:22 PM IST

ਦੂਜੇ ਫੇਸਬੁਕ ਲਾਈਵ ਪ੍ਰੋਗਰਾਮ ਤਹਿਤ ਪੰਜਾਬ ਦੇ ਮੁੱਖ ਚੋਣ ਅਧਿਕਾਰੀ ਨੇ ਸੂਬਾ ਵਾਸੀਆਂ ਨਾਲ ਗੱਲਬਾਤ ਕੀਤੀ ਅਤੇ ਸੁਝਾਅ ਲਏ। ਇਸ ਦੌਰਾਨ ਉਨ੍ਹਾਂ ਆਮ ਲੋਕਾਂ ਨਾਲ ਚੋਣਾਂ ਸਬੰਧੀ ਹੋਰ ਛੋਟੀ-ਵੱਡੀ ਜਾਣਕਾਰੀ ਵੀ ਸਾਂਝੀ ਕੀਤੀ।

Chief Electoral Officer interacted with the people
ਫੇਸਬੁੱਕ ਲਾਈਵ ਰਾਹੀਂ ਮੁੱਖ ਚੋਣ ਅਧਿਕਾਰੀ ਨੇ ਪੰਜਾਬ ਦੇ ਲੋਕਾਂ ਨਾਲ ਕੀਤਾ ਰਾਬਤਾ ਕਾਇਮ (press not)

ਚੰਡੀਗੜ੍ਹ: ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸਿਬਿਨ ਸੀ ਨੇ ਅੱਜ 'ਟਾਕ ਟੂ ਯੂਅਰ ਸੀ.ਈ.ਓ. ਪੰਜਾਬ' ਦੇ ਬੈਨਰ ਹੇਠ ਕਰਵਾਏ ਗਏ ਦੂਜੇ ਫੇਸਬੁੱਕ ਲਾਈਵ ਸੈਸ਼ਨ ਦੌਰਾਨ ਗੱਲ ਕਰਦਿਆਂ ਪੰਜਾਬ ਦੇ ਵਸਨੀਕਾਂ ਨੂੰ ਸਲਾਹ ਦਿੱਤੀ ਕਿ ਸੂਬੇ ਵਿੱਚ ਲੋਕ ਸਭਾ ਚੋਣਾਂ-2024 ਲਈ ਆਦਰਸ਼ ਚੋਣ ਜ਼ਾਬਤਾ ਲਾਗੂ ਹੋਣ ਦੇ ਮੱਦੇਨਜ਼ਰ ਜੇ ਕੋਈ ਵੀ ਵਿਅਕਤੀ ਆਪਣੇ ਸਫ਼ਰ ਦੌਰਾਨ 50,000 ਰੁਪਏ ਜਾਂ ਇਸ ਤੋਂ ਵੱਧ ਦੀ ਨਕਦੀ ਲੈ ਕੇ ਜਾ ਰਿਹਾ ਹੈ ਤਾਂ ਉਹ ਸਬੂਤ ਵਜੋਂ ਆਪਣੇ ਨਾਲ ਢੁਕਵੇਂ ਦਸਤਾਵੇਜ਼ ਜਿਵੇਂ ਬੈਂਕ ਦੀ ਰਸੀਦ ਆਦਿ ਜ਼ਰੂਰ ਰੱਖੇ। ਇਸਦੇ ਨਾਲ ਹੀ ਵਪਾਰੀਆਂ ਨੂੰ ਅਜਿਹੇ ਮਾਮਲੇ ਵਿੱਚ ਆਪਣੇ ਕੋਲ ਰਸੀਦ ਬੁੱਕ ਜਾਂ ਕੋਈ ਢੁਕਵਾਂ ਦਸਤਾਵੇਜ ਰੱਖਣ ਦੀ ਸਲਾਹ ਦਿੱਤੀ ਗਈ ਹੈ।

ਉਪਕਰਨ ਨੂੰ ਲੈ ਕੇ ਜਾਣ ਦੀ ਸਖ਼ਤ ਮਨਾਹੀ: ਸੈਸ਼ਨ ਦੌਰਾਨ ਵੋਟਰਾਂ ਦੇ ਵੱਖ-ਵੱਖ ਸਵਾਲਾਂ ਦਾ ਜਵਾਬ ਦਿੰਦਿਆਂ ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਚੋਣ ਜ਼ਾਬਤੇ ਦੀ ਕਿਸੇ ਵੀ ਤਰ੍ਹਾਂ ਦੀ ਉਲੰਘਣਾ ਦੀ ਰਿਪੋਰਟ ਲਈ ਸੀ-ਵਿਜੀਲ ਐਪ, ਟੋਲ-ਫ੍ਰੀ ਨੰਬਰ 1950 ਅਤੇ ਭਾਰਤੀ ਚੋਣ ਕਮਿਸ਼ਨ ਦੇ ਕੌਮੀ ਸ਼ਿਕਾਇਤ ਸੇਵਾ ਪੋਰਟਲ (ਐਨ.ਜੀ.ਪੀ.ਐਸ.) ਦੀ ਵਰਤੋਂ ਜ਼ਰੂਰ ਕਰਨ ਤਾਂ ਜੋ ਨਿਰਪੱਖ ਅਤੇ ਸ਼ਾਂਤਮਈ ਚੋਣਾਂ ਯਕੀਨੀ ਬਣਾਈਆਂ ਜਾ ਸਕਣ। ਪੋਲਿੰਗ ਬੂਥਾਂ 'ਤੇ ਮੋਬਾਈਲ ਲੈ ਕੇ ਜਾਣ ਬਾਰੇ ਪੁੱਛੇ ਸਵਾਲ ਦੇ ਜਵਾਬ ਵਿੱਚ ਮੁੱਖ ਚੋਣ ਅਧਿਕਾਰੀ ਨੇ ਕਿਹਾ ਕਿ ਭਾਰਤੀ ਚੋਣ ਕਮਿਸ਼ਨ ਵੱਲੋਂ ਚੋਣਾਂ ਵਾਲੇ ਦਿਨ ਪੋਲਿੰਗ ਬੂਥਾਂ ਦੇ ਅੰਦਰ ਮੋਬਾਈਲ ਫ਼ੋਨ ਜਾਂ ਅਜਿਹੇ ਹੋਰ ਕਿਸੇ ਵੀ ਤਰ੍ਹਾਂ ਦੇ ਉਪਕਰਨ ਨੂੰ ਲੈ ਕੇ ਜਾਣ ਦੀ ਸਖ਼ਤ ਮਨਾਹੀ ਹੈ।

ਸਿਆਸੀ ਪਾਰਟੀਆਂ ਵੱਲੋਂ ਕੀਤੇ ਜਾ ਰਹੇ ਪ੍ਰਚਾਰ ਬਾਰੇ ਇੱਕ ਹੋਰ ਸਵਾਲ ਦਾ ਜਵਾਬ ਦਿੰਦਿਆਂ ਸਿਬਿਨ ਸੀ ਨੇ ਦੱਸਿਆ ਕਿ ਸੂਬੇ ਵਿੱਚ ਆਦਰਸ਼ ਚੋਣ ਜ਼ਬਤਾ ਲਾਗੂ ਹੋਣ ਤੱਕ ਫਲੈਕਸ ਬੋਰਡ ਅਤੇ ਹੋਰਡਿੰਗ, ਜ਼ਿਲ੍ਹਾ ਚੋਣ ਅਧਿਕਾਰੀਆਂ ਜਾਂ ਦਫ਼ਤਰ ਮੁੱਖ ਚੋਣ ਅਫ਼ਸਰ ਦੀ ਮਨਜ਼ੂਰੀ ਤੋਂ ਬਾਅਦ ਸਿਰਫ਼ ਨਿਰਧਾਰਤ ਸਥਾਨਾਂ 'ਤੇ ਹੀ ਲਗਾਏ ਜਾ ਸਕਦੇ ਹਨ ।

ਪੋਲਿੰਗ ਬੂਥਾਂ ਵੱਲ ਵਿਸ਼ੇਸ਼ ਧਿਆਨ: ਮੁੱਖ ਚੋਣ ਅਧਿਕਾਰੀ ਨੇ ਅੱਗੇ ਕਿਹਾ ਕਿ ਕੋਈ ਵੀ ਸਿਆਸੀ ਪਾਰਟੀ ਜਾਂ ਉਮੀਦਵਾਰ ਧਰਮ ਦੇ ਨਾਮ 'ਤੇ ਵੋਟਾਂ ਨਹੀਂ ਮੰਗ ਸਕਦਾ ਕਿਉਂਕਿ ਇਹ ਆਦਰਸ਼ ਚੋਣ ਜ਼ਾਬਦੇ ਦੀ ਉਲੰਘਣਾ ਹੈ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸੀ-ਵਿਜੀਲ ਐਪ ਰਾਹੀਂ ਅਜਿਹੀਆਂ ਉਲੰਘਣਾਵਾਂ ਬਾਰੇ ਤੁਰੰਤ ਰਿਪੋਰਟ ਕਰਨ ਅਤੇ ਭਰੋਸਾ ਦਿਵਾਇਆ ਕਿ ਸਬੰਧਤ ਦਫਤਰ ਵੱਲੋਂ 100 ਮਿੰਟਾਂ ਦੇ ਅੰਦਰ-ਅੰਦਰ ਉਲੰਘਣਾ ਕਰਨ ਵਾਲਿਆਂ ਵਿਰੁੱਧ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਇਸ ਦੌਰਾਨ ਇੱਕ ਯੂਜ਼ਰ ਵੱਲੋਂ ਮਹਿਲਾ ਸਟਾਫ ਦੀ ਘਰ ਦੇ ਨੇੜੇ ਤਾਇਨਾਤੀ ਲਈ ਮੁੱਖ ਚੋਣ ਅਧਿਕਾਰੀ ਦਾ ਧੰਨਵਾਦ ਵੀ ਕੀਤਾ ਗਿਆ। ਸਿਬਿਨ ਸੀ ਨੇ ਕਿਹਾ ਕਿ ਚੋਣ ਕਮਿਸ਼ਨ ਦੀਆਂ ਹਦਾਇਤਾਂ ਦੀ ਪਾਲਣਾ ਕਰਦਿਆਂ ਇਸ ਵਾਰ ਮਹਿਲਾ ਸਟਾਫ਼ ਦੀ ਤਾਇਨਾਤੀ ਉਨ੍ਹਾਂ ਦੇ ਘਰ ਦੇ ਨੇੜੇ ਸਥਿਤ ਪੋਲਿੰਗ ਬੂਥਾਂ 'ਤੇ ਕਰਨ ਵੱਲ ਵਿਸ਼ੇਸ਼ ਧਿਆਨ ਦਿੱਤਾ ਗਿਆ ਹੈ।

ਸਖ਼ਤ ਕਾਰਵਾਈ ਯਕੀਨੀ: ਸਰਕਾਰੀ ਕਰਮਚਾਰੀਆਂ ਵੱਲੋਂ ਕਿਸੇ ਰਾਜਨੀਤਿਕ ਪਾਰਟੀ ਜਾਂ ਆਗੂ ਲਈ ਪ੍ਰਚਾਰ ਸਬੰਧੀ ਪੁੱਛੇ ਗਏ ਸਵਾਲ ਦੇ ਜਵਾਬ ਵਿੱਚ ਮੁੱਖ ਚੋਣ ਅਧਿਕਾਰੀ ਨੇ ਸਪੱਸ਼ਟ ਸ਼ਬਦਾਂ ਵਿੱਚ ਕਿਹਾ ਕਿ ਕੋਈ ਵੀ ਸਰਕਾਰੀ ਕਰਮਚਾਰੀ ਰਾਜਨੀਤਿਕ ਪਾਰਟੀਆਂ ਲਈ ਪ੍ਰਚਾਰ ਨਹੀਂ ਕਰ ਸਕਦਾ ਅਤੇ ਅਜਿਹਾ ਕੋਈ ਵੀ ਮਾਮਲਾ ਸਾਹਮਣੇ ਆਉਣ 'ਤੇ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਐਫ.ਆਈ.ਆਰ. ਦਰਜ ਕਰਕੇ ਸਖ਼ਤ ਕਾਰਵਾਈ ਯਕੀਨੀ ਬਣਾਈ ਜਾਵੇਗੀ।

1 ਜੂਨ ਨੂੰ ਵੋਟਿੰਗ: ਸਿਬਿਨ ਸੀ ਨੇ ਕਿਹਾ ਕਿ ਗਰਮੀ ਤੋਂ ਰਾਹਤ ਲਈ ਪੋਲਿੰਗ ਸਟੇਸ਼ਨਾਂ 'ਤੇ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ ਤਾਂ ਜੋ ਕੋਈ ਵੀ ਵੋਟਰ ਗਰਮੀ ਕਰਕੇ ਆਪਣੀ ਵੋਟ ਦੇ ਅਧਿਕਾਰੀ ਤੋਂ ਵਾਂਝਾ ਨਾ ਰਹੇ। ਉਨ੍ਹਾਂ ਦੱਸਿਆ ਪੋਲਿੰਗ ਸਟੇਸ਼ਨਾਂ 'ਤੇ ਵਾਟਰ ਕੂਲਰ, ਪੱਖੇ, ਬੈਠਣ ਲਈ ਢੁਕਵੀਂ ਥਾਂ ਅਤੇ ਸ਼ੈੱਡਾਂ ਦਾ ਢੁੱਕਵਾਂ ਪ੍ਰਬੰਧ ਕੀਤਾ ਗਿਆ ਹੈ ਤਾਂ ਜੋ ਵੋਟਰਾਂ ਨੂੰ ਕੋਈ ਦਿੱਕਤ ਦਰਪੇਸ਼ ਨਾ ਆਵੇ। ਮੁੱਖ ਚੋਣ ਅਧਿਕਾਰੀ ਨੇ ਦੱਸਿਆ ਕਿ ਸੂਬੇ ਵਿੱਚ ਕੁੱਲ 2.14 ਕਰੋੜ ਰਜਿਸਟਰਡ ਵੋਟਰ ਹਨ, ਜਿਨ੍ਹਾਂ ਵਿੱਚ 85 ਸਾਲ ਤੋਂ ਵੱਧ ਉਮਰ ਦੇ 1.89 ਲੱਖ ਵੋਟਰ, 1,614 ਪ੍ਰਵਾਸੀ ਭਾਰਤੀ, 1.58 ਲੱਖ ਦਿਵਿਆਂਗ ਵੋਟਰ ਅਤੇ 5.38 ਲੱਖ ਨਵੇਂ ਵੋਟਰ ਹਨ, ਜੋ 1 ਜੂਨ ਨੂੰ ਸੂਬੇ ਭਰ ਦੇ 24,451 ਪੋਲਿੰਗ ਸਟੇਸ਼ਨਾਂ 'ਤੇ ਆਪਣੀ ਵੋਟ ਪਾਉਣਗੇ।

ETV Bharat Logo

Copyright © 2024 Ushodaya Enterprises Pvt. Ltd., All Rights Reserved.