ETV Bharat / state

NRI ਨੇ ਕੋਠੀ ਦੀ ਛੱਤ ਉੱਤੇ ਬਣਵਾਇਆ 'ਸਟੈਚੂ ਆਫ ਲਿਬਰਟੀ', ਹੁਣ ਸਟੈਚੂ ਬਣਿਆ ਪਿੰਡ ਦੀ ਪਛਾਣ

author img

By ETV Bharat Punjabi Team

Published : Mar 14, 2024, 11:58 AM IST

Statue Of Liberty In Jalandhar: ਪੰਜਾਬ ਦੇ ਦੁਆਬਾ ਖੇਤਰ ਨੂੰ ਐਨਆਰਆਈ ਬੈਲਟ ਵਜੋਂ ਜਾਣਿਆ ਜਾਂਦਾ ਹੈ, ਜਿਨ੍ਹਾਂ ਦੇ ਘਰ ਵੇਖਣਯੋਗ ਹੁੰਦੇ ਹਨ। ਐਨਆਰਆਈ ਆਪਣੇ ਘਰਾਂ ਨੂੰ ਵੱਖਰੀ ਹੀ ਪਛਾਣ ਦੇ ਦਿੰਦੇ ਹਨ ਜਿਸ ਨੂੰ ਸਾਰਾ ਪਿੰਡ ਖੜ-ਖੜ ਕੇ ਦੇਖਦਾ ਹੈ। ਅਜਿਹਾ ਹੀ ਕੁਝ ਇਕ ਹੋਰ ਐਨਆਰਆਈ ਵਲੋਂ ਕੀਤਾ ਗਿਆ ਜਿਸ ਨੇ ਸਟੈਚੂ ਆਫ ਲਿਬਰਟੀ ਹੀ ਘਰ ਦੀ ਪਛਾਣ ਬਣਾ ਦਿੱਤੀ।

Statue Of Liberty In Jalandhar
Statue Of Liberty In Jalandhar

NRI ਨੇ ਕੋਠੀ ਦੀ ਛੱਤ ਉੱਤੇ ਬਣਵਾਇਆ 'ਸਟੈਚੂ ਆਫ ਲਿਬਰਟੀ'

ਜਲੰਧਰ: ਇੱਕ ਸਮਾਂ ਸੀ ਜੱਦ ਪੰਜਾਬ ਦੇ ਪਿੰਡਾਂ ਵਿੱਚ ਘਰਾਂ ਦੀ ਛੱਤ ਉੱਪਰ ਫੁੱਟਬਾਲ, ਹਵਾਈ ਜਹਾਜ਼ ਵਾਲੀਆਂ ਪਾਣੀ ਦੀਆਂ ਟੈਂਕੀਆਂ ਆਮ ਦਿਖਾਈ ਦਿੰਦੀਆਂ ਸੀ ਜਿਸ ਨਾਲ ਉਸ ਘਰ ਦੀ ਇੱਕ ਅਲੱਗ ਪਛਾਣ ਬਣ ਜਾਂਦੀ ਸੀ, ਪਰ ਹੁਣ ਇਹ ਪਛਾਣ ਸਿਰਫ ਪਾਣੀ ਦੀਆਂ ਟੈਂਕੀਆਂ ਤੱਕ ਹੀ ਸੀਮਿਤ ਨਹੀਂ ਹੈ। ਹੁਣ ਲੋਕ ਆਪਣੇ ਘਰਾਂ ਦੀ ਛੱਤ ਉੱਪਰ ਅਲੱਗ ਅਲੱਗ ਸਟੈਚੂ ਬਣਵਾਕੇ ਆਪਣੇ ਘਰਾਂ ਦੀ ਵੱਖਰੀ ਪਛਾਣ ਬਣਾ ਰਹੇ ਹਨ।

ਸਟੈਚੂ ਬਣਾਉਣ ਉੱਤੇ ਆਇਆ ਕਰੀਬ 3 ਲੱਖ ਦਾ ਖ਼ਰਚ : ਇਹ ਸਟੈਚੂ ਆਫ ਲਿਬਰਟੀ ਜਲੰਧਰ ਵਿਖੇ ਨਕੋਦਰ ਇਲਾਕੇ ਦੇ ਪਿੰਡ ਬਾਜੂਹਾਂ ਖੁਰਦ ਵਿਖ਼ੇ ਇੱਕ ਐਨਆਰਆਈ ਵੱਲੋਂ ਬਣਵਾਇਆ ਗਿਆ ਹੈ। ਇਸ ਸਟੈਚੂ ਨੂੰ ਐਨਆਰਆਈ ਨੇ ਆਪਣੀ ਦੋ ਮੰਜਿਲਾ ਕੋਠੀ ਉੱਪਰ ਬਣਵਾਇਆ ਹੈ। ਦਲਬੀਰ ਸਿੰਘ ਨਾਮ ਦਾ ਇਹ ਐਨਆਰਆਈ ਪਹਿਲਾਂ ਅਮਰੀਕਾ ਵਿੱਚ ਰਹਿੰਦਾ ਸੀ ਅਤੇ ਹੁਣ ਉਹ ਕੈਨੇਡਾ ਵਿੱਚ ਰਹਿੰਦਾ ਹੈ।

ਪਿੰਡ ਵਿੱਚ ਐਨਆਰਆਈ ਦਲਬੀਰ ਸਿੰਘ ਦੇ ਪਿਤਾ ਸੰਤੋਖ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ ਬੇਟਾ ਵਿਦੇਸ਼ ਵਿੱਚ ਰਹਿੰਦਾ ਹੈ। ਉਸ ਨੂੰ ਸ਼ੌਂਕ ਹੈ ਕਿ ਪਿੰਡ ਵਿੱਚ ਉਸ ਦੀ ਆਪਣੀ ਇੱਕ ਅਲੱਗ ਪਛਾਣ ਬਣੇ। ਇਸ ਲਈ ਲਈ ਉਸ ਨੇ ਸਟੈਚੂ ਆਫ ਲਿਬਰਟੀ ਨੂੰ ਆਪਣੀ ਕੋਠੀ ਦੀ ਛੱਤ ਉੱਤੇ ਬਣਾਉਣ ਦਾ ਫ਼ੈਸਲਾ ਕੀਤਾ। ਉਨ੍ਹਾਂ ਮੁਤਾਬਕ ਇਸ ਤਰ੍ਹਾਂ ਦਾ ਸਟੈਚੂ ਆਫ ਲਿਬਰਟੀ ਹੈ, ਜੇ ਤਕ ਪੰਜਾਬ ਵਿੱਚ ਨਹੀਂ ਬਣਿਆ। ਉਨ੍ਹਾਂ ਦੱਸਿਆ ਕਿ ਇਸ ਦੀ ਉਚਾਈ ਕਰੀਬ 20 ਫੁੱਟ ਹੈ ਅਤੇ ਇਸ ਨੂੰ ਬਣਾਉਣ ਵਿੱਚ ਕਰੀਬ 3 ਲੱਖ ਰੁਪਏ ਦਾ ਖ਼ਰਚ (NRI House In Jalandhar) ਆਇਆ ਹੈ।

ਸੰਤੋਖ ਦੇ ਦੋਵੇਂ ਪੁੱਤਰ ਵਿਦੇਸ਼ ਸੈਟਲ: ਸੰਤੋਖ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਆਪਣੇ ਪੁੱਤਰ ਉੱਤੇ ਮਾਣ ਹੈ ਕਿ ਉਹ ਵਿਦੇਸ਼ ਵਿੱਚ ਰਹਿ ਕੇ ਵੀ ਆਪਣਾ ਪਿਛੋਕੜ ਨਹੀਂ ਭੁੱਲਿਆ, ਸਗੋਂ ਅਮਰੀਕਾ ਦੀ ਪਛਾਣ ਸਟੈਚੂ ਆਫ ਲਿਬਰਟੀ ਨੂੰ ਆਪਣੀ ਕੋਠੀ ਦੀ ਛੱਤ ਉੱਤੇ ਬਣਵਾ ਕੇ ਆਪਣੇ ਪਿੰਡ ਦੀ ਪੂਰੇ ਇਲਾਕੇ ਵਿੱਚ ਇਕ ਅਲੱਗ ਪਹਿਚਾਣ ਬਣਾਈ ਹੈ। ਉਨ੍ਹਾਂ ਮੁਤਾਬਕ, ਇਹ ਸਟੈਚੂ ਆਫ ਲਿਬਰਟੀ ਪਿੰਡ ਦੇ ਬਾਹਰ ਤੋਂ ਹੀ ਦਿਖਾਈ ਦਿੰਦਾ ਹੈ। ਹਾਲਾਂਕਿ, ਇਹ ਸਟੈਚੂ ਪਿੰਡ ਦੇ ਬਿਲਕੁਲ ਵਿਚਕਾਰ ਬਣਿਆ ਹੈ, ਪਰ ਇਸ ਦੇ ਬਾਵਜੂਦ ਇਸ ਨੂੰ ਕਈ ਕਿਲੋਮੀਟਰ ਤੋਂ ਦੇਖਿਆ ਜਾ ਸਕਦਾ ਹੈ। ਉਨ੍ਹਾਂ ਦੱਸਿਆ ਕਿ ਇੱਕ ਬੇਟਾ ਆਸਟ੍ਰੇਲੀਆ ਵਿੱਚ ਰਹਿੰਦਾ ਹੈ ਅਤੇ ਦੂਜਾ ਬੇਟਾ ਕੈਨੇਡਾ ਵਿੱਚ ਰਹਿੰਦਾ ਹੈ। ਦੋਨਾਂ ਵੱਲੋਂ ਸਲਾਹ ਕਰਕੇ ਇਹ ਸਟੈਚੂ ਬਣਵਾਇਆ ਗਿਆ ਹੈ।

ਪਿੰਡ ਦੇ ਲੋਕ ਵੀ ਇਸ ਗੱਲ ਦਾ ਮਾਣ ਮਹਿਸੂਸ ਕਰਦੇ ਹਨ ਕਿ ਪਿੰਡ ਵਿੱਚੋਂ ਵਿਦੇਸ਼ ਗਏ ਇਕ ਵਿਅਕਤੀ ਨੇ ਕੁਝ ਐਸਾ ਕੀਤਾ ਹੈ ਜਿਸ ਨਾਲ ਪੂਰੇ ਪਿੰਡ ਦੀ ਇਕ ਅਲੱਗ ਪਛਾਣ ਬਣ ਗਈ ਹੈ। ਉਨ੍ਹਾਂ ਮੁਤਾਬਕ ਹੁਣ ਪਿੰਡ ਵਿੱਚ ਕਿਸੇ ਨੇ ਆਉਣਾ ਹੋਵੇ ਤਾਂ ਇੰਨਾ ਕਹਿਣਾ ਬਹੁਤ ਜਾਣਦਾ ਹੈ ਕਿ ਉਸ ਪਿੰਡ ਵਿੱਚ ਆ ਜਾਓ, ਜਿੱਥੇ ਸਟੈਚੂ ਆਫ ਲਿਬਰਟੀ ਬਣਿਆ ਹੋਇਆ ਹੈ।

ਪੂਰੇ ਜਲੰਧਰ ਵਿੱਚ ਇਕਲੌਤ ਸਟੈਚੂ: ਦੂਜੇ ਪਾਸੇ, ਇਸ ਸਟੈਚੂ ਨੂੰ ਬਣਾਉਣ ਵਾਲੇ ਕਾਰੀਗਰ ਬਲਵਿੰਦਰ ਕੌਲ ਦਾ ਕਹਿਣਾ ਹੈ ਕਿ ਉਨ੍ਹਾਂ ਵੱਲੋਂ ਵੰਨ-ਸੁਵੰਨੀਆਂ ਪਾਣੀ ਦੀਆਂ ਟੈਂਕੀਆਂ ਬਣਾਉਣ ਦਾ ਕੰਮ ਸਾਲ 1998 ਵਿੱਚ ਸ਼ੁਰੂ ਕੀਤਾ ਗਿਆ ਸੀ ਅਤੇ ਹੁਣ ਤੱਕ ਉਹ ਕਿੰਨੀਆਂ ਇਸ ਤਰ੍ਹਾਂ ਦੀਆਂ ਟੈਂਕੀਆਂ ਅਤੇ ਸਟੈਚੂ ਬਣਾ ਚੁੱਕੇ ਹਨ ਇਸ ਦੀ ਕੋਈ ਗਿਣਤੀ ਨਹੀਂ ਹੈ। ਉਨ੍ਹਾਂ ਮੁਤਾਬਕ ਬਜੂਆ ਖੁਰਦ ਦੇ ਐਨਆਰਆਈ ਵੱਲੋਂ ਆਪਣੀ ਕੋਠੀ ਉੱਪਰ ਸਟੈਚੂ ਆਫ ਲਿਬਰਟੀ ਬਣਾਉਣ ਦਾ ਆਰਡਰ ਦਿੱਤਾ ਗਿਆ। ਇਸ ਤੋਂ ਬਾਅਦ ਕਰੀਬ ਤਿੰਨ ਮਹੀਨਿਆਂ ਵਿੱਚ ਇਸ ਸਟੈਚੂ ਨੂੰ ਤਿਆਰ ਕਰਕੇ ਕੋਠੀ ਦੀ ਛੱਤ ਉੱਪਰ ਫਿੱਟ ਕੀਤਾ ਗਿਆ।

ਬਲਵਿੰਦਰ ਨੇ ਦੱਸਿਆ ਕਿ ਇਹ ਸਟੈਚੂ ਦੀ ਕਰੀਬ 20 ਫੁੱਟ ਉੱਚਾ ਹੈ ਅਤੇ ਇਸ ਨੂੰ ਬਣਾਉਣ ਵਿੱਚ ਕਰੀਬ ਤਿੰਨ ਲੱਖ ਰੁਪਏ ਦਾ ਖ਼ਰਚ ਆਇਆ ਹੈ। ਇਸ ਤਰ੍ਹਾਂ ਦਾ ਸਟੈਚੂ ਜਲੰਧਰ ਵਿੱਚ ਕਿਤੇ ਹੋਰ ਕੋਈ ਨਹੀਂ ਹੈ। ਫਿਲਹਾਲ ਇਸਦਾ ਸਿਰਫ ਰੰਗ ਦਾ ਕੰਮ ਬਾਕੀ ਹੈ, ਜੋ ਜਲਦ ਹੀ ਪੂਰਾ ਹੋ ਜਾਵੇਗਾ।

ਇਕ ਗੱਲ ਸਾਰੀ ਦੁਨੀਆਂ ਜਾਣਦੀ ਹੈ ਕਿ ਪੰਜਾਬੀ ਦੁਨੀਆ ਵਿੱਚ ਕਿਤੇ ਵੀ ਰਹਿੰਦੇ ਹੋਣ ਆਪਣੇ ਸ਼ੌਂਕ ਪੂਰੇ ਕਰਨ ਲਈ ਕੁੱਝ ਵੀ ਕਰ ਸਕਦੇ ਹਨ। ਆਮ ਤੌਰ ਉੱਤੇ ਕਈ ਕਈ ਸਾਲ ਵਿਦੇਸ਼ਾਂ ਵਿੱਚ ਰਹਿਣ ਤੋਂ ਬਾਅਦ ਵੀ ਇਹ ਐਨਆਰਆਈ ਆਪਣੇ ਪਿਛੋਕੜ ਨੂੰ ਨਹੀਂ ਭੁਲਦੇ। ਖਾਸਕਾਰ ਆਪਣੇ ਪਿੰਡਾਂ ਵਿੱਚ ਆਪਣੇ ਘਰ ਦੀ ਅਲੱਗ ਪਹਿਚਾਣ ਲਈ ਘਰਾਂ ਦੀ ਛੱਤ ਉੱਪਰ ਵੱਖ ਵੱਖ ਸਟੈਚੂ ਬਣਵਾ ਕੇ ਨਾ ਸਿਰਫ ਆਪਣੇ ਘਰ, ਬਲਕਿ ਪੂਰੇ ਪਿੰਡ ਦੀ ਇੱਕ ਵੱਖਰੀ ਪਛਾਣ ਬਣਾਉਣਾ ਇਨ੍ਹਾਂ ਦਾ ਖਾਸ ਸ਼ੌਕ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.