ETV Bharat / state

ਲੁਧਿਆਣਾ ਭਾਰਤ ਨਗਰ ਚੌਂਕ ਦੇ ਡਿਜ਼ਾਇਨ ਨੂੰ ਲੈ ਕੇ ਹੋ ਰਹੇ ਵਿਵਾਦ ਨੂੰ ਸੁਲਝਾਉਣ ਪਹੁੰਚੇ ਪੰਜਾਬ ਟਰੈਫਿਕ ਐਡਵਾਈਜ਼ਰ, ਕਿਹਾ ਲੋਕਾਂ ਨੂੰ ਮਿਲੇਗੀ ਵੱਡੀ ਰਾਹਤ

author img

By ETV Bharat Punjabi Team

Published : Feb 7, 2024, 7:13 AM IST

ਲੁਧਿਆਣਾ ਭਾਰਤ ਨਗਰ ਚੌਂਕ ਦੇ ਬਣਨ ਨੂੰ ਲੈਕੇ ਹੋਏ ਵਿਵਾਦ ਨੂੰ ਸਲਝਾਉਣ ਲਈ ਮਾਹਿਰਾਂ ਦੀ ਟੀਮ ਮੌਕੇ 'ਤੇ ਪਹੁੰਚੀ ਹੈ। ਜਿਸ ਸਬੰਧੀ ਉਨ੍ਹਾਂ ਦਾ ਕਹਿਣਾ ਕਿ ਇਸ ਚੌਂਕ ਦੇ ਬਣਨ ਨਾਲ ਲੋਕਾਂ ਨੂੰ ਵੱਡੀ ਰਾਹਤ ਮਿਲੇਗੀ।

ਲੁਧਿਆਣਾ ਭਾਰਤ ਨਗਰ ਚੌਂਕ
ਲੁਧਿਆਣਾ ਭਾਰਤ ਨਗਰ ਚੌਂਕ

ਟਰੈਫਿਕ ਐਡਵਾਈਜ਼ਰ ਅਤੇ ਪੁਲਿਸ ਅਧਿਕਾਰੀ ਮਾਮਲੇ ਦੀ ਜਾਣਕਾਰੀ ਦਿੰਦੇ ਹੋਏ

ਲੁਧਿਆਣਾ: ਸ਼ਹਿਰ ਦੇ ਫਿਰੋਜ਼ਪੁਰ ਰੋਡ 'ਤੇ ਕਰੋੜਾਂ ਰੁਪਏ ਦੀ ਲਾਗਤ ਦੇ ਨਾਲ ਫਲਾਈ ਓਵਰ ਤਿਆਰ ਕੀਤਾ ਗਿਆ ਹੈ। ਜਿਸ ਦਾ ਭਾਰਤ ਨਗਰ ਚੌਂਕ ਤੋਂ ਲੁਧਿਆਣਾ ਦੇ ਬੱਸ ਸਟੈਂਡ ਤੱਕ ਦਾ ਲਿੰਕ ਹਾਲੇ ਚਾਲੂ ਨਹੀਂ ਹੋ ਸਕਿਆ ਹੈ ।ਜਿਸ ਦਾ ਕੰਮ ਚੱਲ ਰਿਹਾ ਹੈ ਪਰ ਭਾਰਤ ਨਗਰ ਚੌਂਕ ਨੂੰ ਬੀਤੇ ਦਿਨੀ ਆਮ ਲੋਕਾਂ ਦੀ ਆਵਾਜਾਈ ਲਈ ਖੋਲ੍ਹ ਦਿੱਤਾ ਗਿਆ ਸੀ। ਸ਼ਹਿਰ ਦਾ ਮੁੱਖ ਚੌਂਕ ਹੋਣ ਕਰਕੇ ਉੱਥੇ ਵੱਡਾ ਚੌਂਕ ਬਣਾਇਆ ਜਾ ਰਿਹਾ ਹੈ, ਜਿਸ ਨੂੰ ਲੈ ਕੇ ਵਿਵਾਦ ਵੀ ਸ਼ੁਰੂ ਹੋ ਚੁੱਕਾ ਹੈ। ਲਗਾਤਾਰ ਕੁਝ ਸਮਾਜ ਸੇਵੀਆਂ ਅਤੇ ਟ੍ਰੈਫਿਕ ਮਾਹਿਰਾਂ ਨੇ ਕਿਹਾ ਹੈ ਕਿ ਇੰਨਾ ਵੱਡਾ ਚੌਂਕ ਬਣਾਉਣ ਦੀ ਲੋੜ ਨਹੀਂ ਸੀ। ਇਸ ਨਾਲ ਟਰੈਫਿਕ ਦੇ ਵਿੱਚ ਵਿਘਨ ਪਵੇਗਾ, ਸਗੋਂ ਚੌਂਕ ਛੋਟਾ ਬਣਾ ਕੇ ਸੜਕਾਂ ਨੂੰ ਹੋਰ ਜਿਆਦਾ ਖੁੱਲ੍ਹੀਆਂ ਕਰਨ ਦੀ ਲੋੜ ਸੀ ਤਾਂ ਜੋ ਟਰੈਫਿਕ ਦੀਆਂ ਬਰੇਕਾਂ ਨਾ ਲੱਗੇ। ਲੁਧਿਆਣਾ ਦਾ ਭਾਰਤ ਚੌਂਕ ਮੁੱਖ ਚੌਂਕ ਹੈ, ਇਸ ਨੂੰ ਲੈ ਕੇ ਅੱਜ ਪੰਜਾਬ ਟਰੈਫਿਕ ਐਡਵਾਈਜ਼ਰ ਤੇ ਨਾਲ ਨੈਸ਼ਨਲ ਹਾਈਵੇ ਅਥਾਰਟੀ ਦੀਆਂ ਟੀਮਾਂ ਅਤੇ ਲੁਧਿਆਣਾ ਟ੍ਰੈਫਿਕ ਪੁਲਿਸ ਵੱਲੋਂ ਮੌਕੇ ਦਾ ਜਾਇਜ਼ਾ ਲਿਆ ਗਿਆ।

ਮਟਕਾ ਚੌਂਕ ਦੀ ਤਰ੍ਹਾਂ ਬਣੇਗਾ ਵੱਡਾ ਚੌਂਕ: ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਪੰਜਾਬ ਦੇ ਟਰੈਫਿਕ ਐਡਵਾਈਜ਼ਰ ਨਵਦੀਪ ਨੇ ਕਿਹਾ ਕਿ ਚੰਡੀਗੜ੍ਹ ਦਾ ਮਟਕਾ ਚੌਂਕ ਪੂਰੇ ਚੰਡੀਗੜ੍ਹ ਦੀ ਖਿੱਚ ਦਾ ਕੇਂਦਰ ਹੈ। ਉਹਨਾਂ ਕਿਹਾ ਕਿ ਭਾਰਤ ਨਗਰ ਚੌਂਕ ਲੁਧਿਆਣਾ ਦਾ ਮੁੱਖ ਚੌਂਕ ਹੈ, ਇਸ ਨੂੰ ਚੰਡੀਗੜ੍ਹ ਵਰਗਾ ਖੂਬਸੂਰਤ ਬਣਾਇਆ ਜਾ ਰਿਹਾ ਹੈ। ਉਹਨਾਂ ਕਿਹਾ ਕਿ ਮਟਕਾ ਚੌਂਕ ਤੋਂ ਰੋਜਾਨਾ ਇਕ ਲੱਖ ਤੋਂ ਡੇਢ ਲੱਖ ਗੱਡੀ ਲੰਘਦੀ ਹੈ, ਜਦੋਂ ਕਿ ਅਸੀਂ ਸਰਵੇ ਕੀਤਾ ਹੈ ਕਿ ਲੁਧਿਆਣਾ ਦੇ ਭਾਰਤ ਨਗਰ ਚੌਂਕ ਚੋਂ 60 ਤੋਂ 70 ਹਜ਼ਾਰ ਗੱਡੀ ਲੰਘਦੀ ਹੈ। ਇਸ ਕਰਕੇ ਕਿਸੇ ਕਿਸਮ ਦੀ ਕੋਈ ਸਮੱਸਿਆ ਨਹੀਂ ਆਵੇਗੀ।

ਸਾਲਾਨਾ ਇਥੇ 100 ਤੋਂ ਵੱਧ ਲੋਕਾਂ ਦੀ ਹੁੰਦੀ ਮੌਤ: ਇਸ ਦੇ ਨਾਲ ਹੀ ਟਰੈਫਿਕ ਐਡਵਾਈਜ਼ਰ ਨਵਦੀਪ ਨੇ ਕਿਹਾ ਕਿ ਅੱਜ ਨੈਸ਼ਨਲ ਹਾਈਵੇ ਅਥਾਰਟੀ ਦੇ ਨਾਲ ਵੀ ਉਹਨਾਂ ਦੀ ਮੀਟਿੰਗ ਹੋਈ ਹੈ ਅਤੇ ਟਰੈਫਿਕ ਪੁਲਿਸ ਲੁਧਿਆਣਾ ਵੀ ਮੌਕੇ 'ਤੇ ਮੌਜੂਦ ਹੈ ਅਤੇ ਜੋ ਕੁਝ ਕਮੀਆਂ ਪੇਸ਼ੀਆਂ ਸਨ, ਉਹਨਾਂ ਨੂੰ ਦੂਰ ਕਰਨ ਲਈ ਸਿਫਾਰਿਸ਼ਾਂ ਕਰ ਦਿੱਤੀਆਂ ਗਈਆਂ ਹਨ। ਇਸ ਤੋਂ ਇਲਾਵਾ ਉਹਨਾਂ ਕਿਹਾ ਕਿ ਲੁਧਿਆਣਾ ਦੇ ਵਿੱਚ ਸਲਾਨਾ 100 ਤੋਂ ਵੱਧ ਸਾਈਕਲ 'ਤੇ ਜਾਣ ਵਾਲੇ ਅਤੇ ਪੈਦਲ ਜਾਣ ਵਾਲਿਆਂ ਦੀ ਮੌਤ ਹੋ ਜਾਂਦੀ ਹੈ। ਉਹਨਾਂ ਕਿਹਾ ਕਿ ਇਸ ਚੌਂਕ ਦੇ ਬਣਨ ਦੇ ਨਾਲ ਉਹ ਆਸਾਨੀ ਨਾਲ ਇੱਥੋਂ ਲੰਘ ਸਕਣਗੇ। ਲੋਕਾਂ ਦੇ ਚੱਲਣ ਲਈ ਫੁੱਟਪਾਥ ਹੋਵੇਗਾ ਅਤੇ ਨਾਲ ਹੀ ਸਾਈਕਲ ਵਾਲਿਆਂ ਨੂੰ ਗੱਡੀਆਂ ਵਾਲੇ ਟੱਕਰ ਨਹੀਂ ਮਾਰ ਸਕਣਗੇ। ਉਹਨਾਂ ਕਿਹਾ ਕਿ ਇਸ ਨੂੰ ਹੋਰ ਬਿਹਤਰ ਬਣਾਇਆ ਜਾ ਰਿਹਾ ਹੈ, ਇਸ ਨਾਲ ਟਰੈਫਿਕ ਦੀ ਸਮੱਸਿਆ ਤੋਂ ਵੀ ਲੁਧਿਆਣਾ ਵਾਸੀਆਂ ਨੂੰ ਨਿਜਾਤ ਮਿਲੇਗੀ।

ਟਰੈਫਿਕ ਮਾਹਿਰਾਂ ਦੀਆਂ ਟੀਮਾਂ ਨੇ ਲਿਆ ਜਾਇਜ਼ਾ: ਇਸ ਸਬੰਧੀ ਲੁਧਿਆਣਾ ਦੀ ਟਰੈਫਿਕ ਇੰਚਾਰਜ ਏਡੀਸੀਪੀ ਗੁਰਪ੍ਰੀਤ ਕੌਰ ਪੂਰੇਵਾਲ ਨੇ ਕਿਹਾ ਹੈ ਕਿ ਇਸ ਚੌਂਕ ਦੇ ਵਿੱਚ ਕੁਝ ਕਮੀਆਂ ਨੂੰ ਲੈ ਕੇ ਸਾਡੇ ਕੋਲ ਸੁਝਾਅ ਆਏ ਸਨ, ਜਿਸ ਸਬੰਧੀ ਅੱਜ ਟਰੈਫਿਕ ਮਾਹਿਰਾਂ ਦੀਆਂ ਟੀਮਾਂ ਦੇ ਨਾਲ ਨੈਸ਼ਨਲ ਹਾਈਵੇ ਅਥਾਰਟੀ ਅਤੇ ਨਾਲ ਹੀ ਸਾਡੀਆਂ ਟੀਮਾਂ ਪਹੁੰਚੀਆਂ ਹਨ। ਉਹਨਾਂ ਕਿਹਾ ਕਿ ਲੋਕਾਂ ਨੇ ਕਿਹਾ ਹੈ ਕਿ ਚੌਂਕ ਜਿਆਦਾ ਵੱਡਾ ਬਣਾਇਆ ਜਾ ਰਿਹਾ ਹੈ, ਜਿਸ ਨੂੰ ਸੜਕਾਂ ਛੋਟੀਆਂ ਹੋ ਗਈਆਂ ਹਨ ਅਤੇ ਟਰੈਫਿਕ ਜਾਮ ਸ਼ੁਰੂ ਹੋ ਗਿਆ ਹੈ। ਉਹਨਾਂ ਕਿਹਾ ਕਿ ਟਰੈਫਿਕ ਮਾਹਿਰ ਇਸ ਨੂੰ ਕੁਝ ਹੋਰ ਐਂਗਲ ਦੇ ਨਾਲ ਦੇਖਦੇ ਹਨ।

ਟਰੈਫਿਕ ਸੁਚਾਰੂ ਢੰਗ ਨਾਲ ਚੱਲਣਾ ਮੁੱਖ ਮਕਸਦ : ਏਡੀਸੀਪੀ ਗੁਰਪ੍ਰੀਤ ਕੌਰ ਪੂਰੇਵਾਲ ਨੇ ਕਿਹਾ ਕਿ ਉਹ ਤਕਨੀਕੀ ਤੌਰ 'ਤੇ ਇਸਦੀ ਜਾਂਚ ਕਰ ਰਹੇ ਹਨ। ਉਹਨਾਂ ਕਿਹਾ ਕਿ ਜੋ ਕੁਝ ਕਮੀਆਂ ਪੇਸ਼ੀਆਂ ਹਨ, ਉਹਨਾਂ ਨੂੰ ਦਰੁਸਤ ਕੀਤਾ ਜਾ ਰਿਹਾ ਤਾਂ ਜੋ ਕਿਸੇ ਨੂੰ ਕਿਸੇ ਦੀ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ। ਉਹਨਾਂ ਕਿਹਾ ਕਿ ਟਰੈਫਿਕ ਸੁਚਾਰੂ ਢੰਗ ਨਾਲ ਚੱਲਣਾ ਸਾਡਾ ਮੁੱਖ ਮਕਸਦ ਹੈ। ਉਹਨਾਂ ਕਿਹਾ ਕਿ ਲੁਧਿਆਣਾ ਦੇ ਸਭ ਤੋਂ ਜਿਆਦਾ ਟਰੈਫਿਕ ਰਹਿਣ ਵਾਲੇ ਚੌਂਕਾਂ ਵਿੱਚੋਂ ਇੱਕ ਹੈ, ਇਸ ਕਰਕੇ ਇਸ ਦੀ ਬੇਹਤਰੀ ਲਈ ਲਗਾਤਾਰ ਤਕਨੀਕੀ ਸਕੀਮਾਂ ਅਤੇ ਟਰੈਫਿਕ ਪੁਲਿਸ ਦੇ ਨਾਲ ਨੈਸ਼ਨਲ ਹਾਈਵੇ ਅਥਾਰਟੀ ਵੀ ਕੰਮ ਕਰ ਰਹੀ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.