ETV Bharat / state

BKU ਏਕਤਾ ਉਗਰਾਹਾਂ ਦੀ ਸੂਬਾ ਕਮੇਟੀ ਮੀਟਿੰਗ ਵਿੱਚ ਦਿੱਲੀ ਜਾਣ ਦਾ ਤਿਆਰੀ, ਬਣਾਈ ਇਹ ਰਣਨੀਤੀ

author img

By ETV Bharat Punjabi Team

Published : Mar 7, 2024, 8:24 PM IST

ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵਲੋਂ ਅੱਜ ਬਰਨਾਲਾ 'ਚ ਸੂਬਾ ਪੱਧਰੀ ਮੀਟਿੰਗ ਕੀਤੀ ਗਈ, ਜਿਸ 'ਚ ਭਲਕੇ ਮਨਾਏ ਜਾਣ ਵਾਲੇ ਔਰਤ ਦਿਵਸ ਨੂੰ ਲੈਕੇ ਤਿਆਰੀਆਂ ਜਾਇਜ਼ਾ ਲਿਆ ਹੈ ਅਤੇ ਨਾਲ ਹੀ 14 ਮਾਰਚ ਨੂੰ ਦਿੱਲੀ ਚਲੋ ਪ੍ਰੋਗਰਾਮ ਦੀ ਤਿਆਰੀਆਂ ਸਬੰਧੀ ਰਣਨੀਤੀ ਤੈਅ ਕੀਤੀ ਗਈ।

ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ
ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ

ਜੋਗਿੰਦਰ ਸਿੰਘ ਉਗਰਾਹਾਂ ਜਾਣਕਾਰੀ ਦਿੰਦੇ ਹੋਏ

ਬਰਨਾਲਾ: ਕਿਸਾਨ ਆਪਣੀਆਂ ਮੰਗਾਂ ਨੂੰ ਲੈਕੇ ਦਿੱਲੀ ਜਾਣ ਲਈ ਵਜਿੱਦ ਹਨ। ਇਸ ਵਿਚਾਲੇ ਬਰਨਾਲਾ ਦੇ ਪਿੰਡ ਚੀਮਾ ਵਿਖੇ ਭਾਰਤੀ ਕਿਸਾਨ ਯੂਨੀਅਨ (ਏਕਤਾ-ਉਗਰਾਹਾਂ) ਦੀ ਸੂਬਾ ਕਮੇਟੀ ਮੀਟਿੰਗ ਜੋਗਿੰਦਰ ਸਿੰਘ ਉਗਰਾਹਾਂ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿੱਚ ਭਲਕੇ 8 ਮਾਰਚ ਨੂੰ ਬਰਨਾਲਾ ਦਾਣਾ ਮੰਡੀ ਵਿਖੇ ਮਨਾਏ ਜਾ ਰਹੇ ਔਰਤ ਦਿਵਸ ਮੌਕੇ ਹਜ਼ਾਰਾਂ ਦੀ ਤਾਦਾਦ ਵਿੱਚ ਔਰਤਾਂ ਦਾ ਇਕੱਠ ਕਰਨ ਦੇ ਠੋਸ ਜਾਇਜੇ ਸਾਂਝੇ ਕੀਤੇ ਗਏ।

ਔਰਤ ਦਿਵਸ ਦੀ ਕੌਮਾਂਤਰੀ ਮਹੱਤਤਾ: ਇਹ ਜਾਣਕਾਰੀ ਦਿੰਦੇ ਹੋਏ ਜਥੇਬੰਦੀ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਦੱਸਿਆ ਕਿ 14 ਮਾਰਚ ਨੂੰ ਦਿੱਲੀ ਚੱਲੋ ਪ੍ਰੋਗਰਾਮ ਦੀਆਂ ਤਿਆਰੀਆਂ ਲਈ ਪਿੰਡ-ਪਿੰਡ ਮੀਟਿੰਗਾਂ, ਰੈਲੀਆਂ, ਝੰਡਾ ਮਾਰਚਾਂ ਅਤੇ ਨੁੱਕੜ ਨਾਟਕਾਂ ਦਾ ਤਾਂਤਾ ਬੰਨ੍ਹਣ ਦਾ ਫ਼ੈਸਲਾ ਵੀ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਮੀਟਿੰਗ ਦੇ ਸਰਬਸੰਮਤੀ ਨਾਲ ਪਾਏ ਮੱਤੇ ਅਨੁਸਾਰ ਸਾਮਰਾਜ ਪੱਖੀ ਲੁਟੇਰੇ ਹਾਕਮਾਂ ਵਿਰੁੱਧ ਲੜੇ ਗਏ ਜਾਨ-ਹੂਲਵੇਂ ਘੋਲ਼ਾਂ ਵਿੱਚ ਔਰਤਾਂ ਦਾ ਉੱਭਰਵਾਂ ਆਪਾ-ਵਾਰੂ ਰੋਲ ਔਰਤ ਦਿਵਸ ਦੀ ਕੌਮਾਂਤਰੀ ਮਹੱਤਤਾ ਨੂੰ ਉਜਾਗਰ ਕਰਦਾ ਹੈ। ਇਸ ਰੋਲ ਨੂੰ ਉਚਿਆਉਣ ਅਤੇ ਬੁਲੰਦੀਆਂ ਵੱਲ ਲਿਜਾਣ ਲਈ ਹੀ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਗਹਿਗੱਚ ਰੁਝੇਵਿਆਂ ਦੇ ਬਾਵਜੂਦ ਇਹ ਦਿਹਾੜਾ ਜੋਸ਼-ਓ-ਖਰੋਸ਼ ਨਾਲ ਮਨਾਇਆ ਜਾਵੇਗਾ।

14 ਮਾਰਚ ਨੂੰ ਦਿੱਲੀ ਚੱਲੋ ਪ੍ਰੋਗਰਾਮ: ਉਨ੍ਹਾਂ ਕਿਹਾ ਕਿ ਇਸ ਵਾਰ ਇਹ ਦਿਹਾੜਾ ਕਿਸਾਨਾਂ ਉੱਤੇ ਕਹਿਰ ਢਾਹ ਰਹੀ ਕੇਂਦਰ ਦੀ ਮੋਦੀ ਭਾਜਪਾ ਸਰਕਾਰ ਵਿਰੁੱਧ ਸੰਯੁਕਤ ਕਿਸਾਨ ਮੋਰਚੇ ਦੁਆਰਾ 14 ਮਾਰਚ ਨੂੰ ਦਿੱਲੀ ਚੱਲੋ ਪ੍ਰੋਗਰਾਮ ਦੀਆਂ ਲਾਮਬੰਦੀਆਂ ਨੂੰ ਜਰ੍ਹਬਾਂ ਦੇਣ ਵਾਲਾ ਵੀ ਸਾਬਤ ਹੋਵੇਗਾ। ਕਿਸਾਨ ਆਗੂਆਂ ਵੱਲੋਂ ਪੰਜਾਬ ਭਰ ਦੀਆਂ ਮਿਹਨਤਕਸ਼ ਜੁਝਾਰੂ ਕਿਸਾਨ, ਮਜ਼ਦੂਰ, ਮੁਲਾਜ਼ਮ, ਵਿਦਿਆਰਥੀ ਤੇ ਹੋਰ ਕਿਰਤੀ ਔਰਤਾਂ ਨੂੰ ਇਸ ਪ੍ਰੋਗਰਾਮ ਵਿੱਚ ਪਰਵਾਰਾਂ ਸਮੇਤ ਵਹੀਰਾਂ ਘੱਤ ਕੇ ਪੁੱਜਣ ਦਾ ਸੱਦਾ ਦਿੱਤਾ ਗਿਆ ਹੈ। ਇਸ ਮੀਟਿੰਗ ਵੱਲੋਂ 5 ਮਾਰਚ ਦੇ ਜ਼ਿਲ੍ਹਾ ਪੱਧਰੇ ਰੋਸ ਮਾਰਚਾਂ ਵਿੱਚ ਜਥੇਬੰਦੀ ਦੇ ਪ੍ਰਭਾਵ ਹੇਠਲੇ ਕਿਸਾਨਾਂ ਮਜ਼ਦੂਰਾਂ ਦੀ ਭਰਵੀਂ ਸ਼ਮੂਲੀਅਤ ਉੱਤੇ ਤਸੱਲੀ ਜ਼ਾਹਰ ਕੀਤੀ ਗਈ।

ਮੀਟਿੰਗ ਵਿੱਚ ਸ਼ਾਮਲ ਹੋਰ ਮੁੱਖ ਆਗੂ: ਝੰਡਾ ਸਿੰਘ ਜੇਠੂਕੇ ਸ਼ਿੰਗਾਰਾ ਸਿੰਘ ਮਾਨ ਰੂਪ ਸਿੰਘ ਛੰਨਾਂ ਜਗਤਾਰ ਸਿੰਘ ਕਾਲਾਝਾੜ ਹਰਦੀਪ ਸਿੰਘ ਟੱਲੇਵਾਲ ਹਰਿੰਦਰ ਕੌਰ ਬਿੰਦੂ ਕਮਲਜੀਤ ਕੌਰ ਬਰਨਾਲਾ ਅਤੇ 15 ਜ਼ਿਲਿਆਂ ਦੇ ਪ੍ਰਧਾਨ ਜਨਰਲ ਸਕੱਤਰ ਤੇ ਔਰਤ ਆਗੂ।

ETV Bharat Logo

Copyright © 2024 Ushodaya Enterprises Pvt. Ltd., All Rights Reserved.