ETV Bharat / state

ਦੋਰਾਹਾ 'ਚ 58 ਲੱਖ ਦਾ ਗਬਨ, ਹਾਈਕੋਰਟ ਨੇ ਦੋਸ਼ੀਆਂ ਖਿਲਾਫ FIR ਦਰਜ ਕਰਨ ਦੇ ਦਿੱਤੇ ਹੁਕਮ - In case of renting community hall

author img

By ETV Bharat Punjabi Team

Published : Apr 9, 2024, 9:59 AM IST

Misappropriation of 58 lakhs in Doraha, the High Court ordered to file an FIR against the accused
ਦੋਰਾਹਾ 'ਚ 58 ਲੱਖ ਦਾ ਗਬਨ, ਹਾਈਕੋਰਟ ਨੇ ਦੋਸ਼ੀਆਂ ਖਿਲਾਫ FIR ਦਰਜ ਕਰਨ ਦੇ ਦਿੱਤੇ ਹੁਕਮ

ਲੰਮੇ ਸਮੇਂ ਤੋਂ ਦੋਰਾਹਾ 'ਚ ਨਗਰ ਕੌਂਸਲ ਦੇ ਕਮਿਊਨਿਟੀ ਹਾਲ ਦੇ ਗਬਨ ਮਾਮਲੇ ਨੂੰ ਲੈਕੇ ਹਾਈਕੋਰਟ ਨੇ ਅਹਿਮ ਫੈਸਲਾ ਸੁਣਾਇਆ ਹੈ । ਇਸ ਮਾਮਲੇ 'ਚ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਮੁਲਜ਼ਮਾਂ ਖ਼ਿਲਾਫ਼ ਐਫਆਈਆਰ ਦਰਜ ਕਰਨ ਦੇ ਹੁਕਮ ਦਿੱਤੇ ਹਨ।

ਲੁਧਿਆਣਾ: ਦੋਰਾਹਾ 'ਚ ਨਗਰ ਕੌਂਸਲ ਦੇ ਕਮਿਊਨਿਟੀ ਹਾਲ ਨੂੰ ਗਲਤ ਤਰੀਕੇ ਨਾਲ ਕਿਰਾਏ 'ਤੇ ਦੇਣ ਅਤੇ 58 ਲੱਖ ਰੁਪਏ ਗਬਨ ਕਰਨ ਦੇ ਮਾਮਲੇ 'ਚ ਨਵਾਂ ਮੋੜ ਆਇਆ ਹੈ। ਇਸ ਮਾਮਲੇ ਵਿੱਚ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਮੁਲਜ਼ਮਾਂ ਖ਼ਿਲਾਫ਼ ਐਫਆਈਆਰ ਦਰਜ ਕਰਨ ਦੇ ਹੁਕਮ ਦਿੱਤੇ ਹਨ। ਪਾਇਲ ਤੋਂ ‘ਆਪ’ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਨੇ ਇਸ ਗਬਨ ਮਾਮਲੇ ਵਿੱਚ ਕਾਂਗਰਸ ਦੇ ਸਾਬਕਾ ਵਿਧਾਇਕ ਲਖਵੀਰ ਸਿੰਘ ਲੱਖਾ ਅਤੇ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਬੰਤ ਸਿੰਘ ਦਬੁਰਜੀ ’ਤੇ ਗੰਭੀਰ ਦੋਸ਼ ਲਾਏ ਹਨ।

ਕਮਿਊਨਿਟੀ ਹਾਲ ਦੀਆਂ ਟੂਟੀਆਂ ਵੀ ਨਹੀਂ ਛੱਡੀਆਂ: ਵਿਧਾਇਕ ਗਿਆਸਪੁਰਾ ਨੇ ਦੱਸਿਆ ਕਿ ਦੋਰਾਹਾ ਨਗਰ ਕੌਂਸਲ ਵੱਲੋਂ ਸਰਕਾਰ ਦੇ ਕਰੋੜਾਂ ਰੁਪਏ ਦੀ ਲਾਗਤ ਨਾਲ ਕਮਿਊਨਿਟੀ ਹਾਲ ਬਣਾਇਆ ਗਿਆ ਸੀ, ਜਿਸਦਾ ਮਕਸਦ ਇੱਥੇ ਗਰੀਬ ਲੋਕਾਂ ਦੇ ਸਮਾਗਮ ਬਹੁਤ ਘੱਟ ਖਰਚੇ ’ਤੇ ਕਰਵਾਉਣਾ ਸੀ। ਪਰ ਕਾਂਗਰਸ ਦੇ ਰਾਜ ਦੌਰਾਨ ਨਗਰ ਕੌਂਸਲ ਦੇ ਪ੍ਰਧਾਨ ਬੰਤ ਸਿੰਘ ਦਬੁਰਜੀ ਨੇ ਪਹਿਲਾਂ ਇਸਨੂੰ ਤਿੰਨ ਸਾਲ ਲਈ ਆਪਣੇ ਰਿਸ਼ਤੇਦਾਰ ਨੂੰ ਕਿਰਾਏ ’ਤੇ ਦਿੱਤਾ ਸੀ। ਫਿਰ ਇਹ ਗਲਤ ਤਰੀਕੇ ਨਾਲ ਪਟਿਆਲਾ ਦੇ ਅਮਰਜੀਤ ਸਿੰਘ ਨੂੰ ਕਿਰਾਏ 'ਤੇ ਦੇ ਦਿੱਤਾ ਗਿਆ। ਅਮਰਜੀਤ ਸਿੰਘ ਦਾ ਕੋਈ ਦਸਤਾਵੇਜ਼ ਨਹੀਂ ਲਿਆ ਗਿਆ ਅਤੇ ਕਮਿਊਨਿਟੀ ਹਾਲ ਦਾ ਤਿੰਨ ਸਾਲਾਂ ਦਾ ਕਿਰਾਇਆ ਵੀ ਨਹੀਂ ਲਿਆ ਗਿਆ। ਇਸ ਮਾਮਲੇ ਵਿੱਚ 58 ਲੱਖ ਰੁਪਏ ਦਾ ਗਬਨ ਸਾਮਣੇ ਆਇਆ ਹੈ। ਕਮਿਊਨਿਟੀ ਹਾਲ ਦਾ ਸਾਰਾ ਸਮਾਨ ਲੈ ਗਏ, ਇੱਥੋਂ ਤੱਕ ਕਿ ਟੂਟੀਆਂ ਵੀ ਨਹੀਂ ਛੱਡੀਆਂ।



ਕਾਂਗਰਸੀ ਆਪਣੇ ਹੀ ਜਾਲ ਵਿੱਚ ਫਸ ਗਏ : ਗਿਆਸਪੁਰਾ ਨੇ ਦੱਸਿਆ ਕਿ ਵਿਧਾਇਕ ਬਣਨ ਤੋਂ ਬਾਅਦ ਜਦੋਂ ਇਹ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਆਇਆ ਤਾਂ ਨਗਰ ਕੌਂਸਲ ਵਿੱਚ ਆਮ ਆਦਮੀ ਪਾਰਟੀ ਦੇ ਕੌਂਸਲਰਾਂ ਨੇ ਮਤਾ ਪਾਸ ਕਰਕੇ ਐਸਐਸਪੀ ਖੰਨਾ ਨੂੰ ਸ਼ਿਕਾਇਤ ਕੀਤੀ ਸੀ। ਇਸ ਵਿੱਚ ਕਿਸੇ ਦਾ ਨਾਂ ਨਹੀਂ ਸੀ। ਪਰ ਨਗਰ ਕੌਂਸਲ ਦੋਰਾਹਾ ਦੇ ਸਾਬਕਾ ਪ੍ਰਧਾਨ ਬੰਤ ਸਿੰਘ ਦੋਬੁਰਜੀ ਨੇ ਖੁਦ ਹਾਈਕੋਰਟ ਪਹੁੰਚ ਕੇ ਪਟੀਸ਼ਨ ਦਾਇਰ ਕੀਤੀ। ਇਸ ਪਟੀਸ਼ਨ ਦੀ ਸੁਣਵਾਈ ਕਰਦਿਆਂ ਹਾਈਕੋਰਟ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਨੂੰ ਸਹੀ ਕਰਾਰ ਦਿੰਦਿਆਂ ਜਾਂਚ ਅੱਗੇ ਵਧਾਉਣ ਅਤੇ ਮੁਲਜ਼ਮਾਂ ਖ਼ਿਲਾਫ਼ ਐਫਆਈਆਰ ਦਰਜ ਕਰਨ ਦੇ ਹੁਕਮ ਦਿੱਤੇ ਹਨ।


ਸੱਚ ਦੀ ਜਿੱਤ ਹੋਈ, ਹੁਣ ਦੋਸ਼ੀ ਜਾਣਗੇ ਜੇਲ੍ਹ: ਵਿਧਾਇਕ ਗਿਆਸਪੁਰਾ ਨੇ ਕਿਹਾ ਕਿ ਅਦਾਲਤੀ ਲੜਾਈ ਵਿੱਚ ਸੱਚ ਦੀ ਜਿੱਤ ਹੋਈ ਹੈ। ਇਸ ਤੋਂ ਬਾਅਦ ਐਸਐਸਪੀ ਖੰਨਾ ਨੂੰ ਸ਼ਿਕਾਇਤ ਕਰਕੇ ਮੁੜ ਜਾਂਚ ਦੀ ਮੰਗ ਕੀਤੀ ਜਾਵੇਗੀ। ਵਿਧਾਇਕ ਨੇ ਕਿਹਾ ਕਿ ਇਸ ਗਬਨ ਮਾਮਲੇ ਵਿੱਚ ਸਾਬਕਾ ਵਿਧਾਇਕ ਖਿਲਾਫ ਵੀ ਕਾਰਵਾਈ ਦੀ ਮੰਗ ਕਰਨਗੇ। ਨਗਰ ਕੌਂਸਲ ਦੋਰਾਹਾ ਦੇ ਮੌਜੂਦਾ ਪ੍ਰਧਾਨ ਸੁਦਰਸ਼ਨ ਕੁਮਾਰ ਪੱਪੂ ਨੇ ਦੱਸਿਆ ਕਿ ਕਰੋੜਾਂ ਰੁਪਏ ਦੀ ਇਮਾਰਤ ਖੰਡਰ ਬਣ ਚੁੱਕੀ ਹੈ। ਇਹ ਸਭ ਕਾਂਗਰਸ ਦੀ ਬਦੌਲਤ ਹੈ। ਗਬਨ ਕਰਨ ਵਾਲਿਆਂ ਨੂੰ ਹੁਣ ਜੇਲ੍ਹ ਜਾਣਾ ਪਵੇਗਾ। ਉਹ ਹਾਈ ਕੋਰਟ ਦੇ ਫੈਸਲੇ ਦਾ ਸਵਾਗਤ ਕਰਦੇ ਹਨ।

ETV Bharat Logo

Copyright © 2024 Ushodaya Enterprises Pvt. Ltd., All Rights Reserved.